ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ ‘ਮੁਸ਼ਟੰਡੇ ਲੋਕ-ਲੁਭਾਊ ਕੰਮਾਂ ਵੱਲ ਕਿਉਂ ਮੁੜੀ’ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਫ਼ਤ ਵਾਈ ਫਾਈ ਸੇਵਾ ਦੇਣ ਦੀ ਜਿਤਨੀ ਨਖੇਦੀ ਕੀਤੀ ਜਾਵੇ ਉਤਨੀ ਘੱਟ ਹੈ। ਇਸ ਨਿਰਨੇ ਨੇ ਸਾਬਤ ਕਰ ਦਿੱਤਾ ਹੈ ਕਿ ਗੁਰਦੁਆਰਾ ਪ੍ਰਬੰਧ ਪੂਰੀ ਤਰ੍ਹਾਂ "ਗੁਰਮਤਿ, ਸਿੱਖ ਸੰਕਲਪ, ਸਿਧਾਂਤ ਅਤੇ ਧਰਮਸਾਲ ਦੀ ਭਾਈ ਲਾਲੋ ਵਾਲੀ ਗੁਰੂ ਨਾਨਕ ਦੀ ਨਾਨਕਸ਼ਾਹੀ ਪਹੁੰਚ, ਸੋਚ ਅਤੇ ਮਰਿਆਦਾ ਤੋਂ" ਥਿੜਕਾ ਕੇ ਮਹੰਤ ਨਰੈਣੂ ਅਤੇ ਸਰਬਰਾਹ ਅਰੂੜ ਸਿੰਹੁ ਵਾਲੀ ਪੱਧਤੀ ਤੇ ਖੁੱਲਮ ਖੁੱਲਾ ਜਰਵਾਣਾ ਬਣ ਚੱਲ ਪਿਆ ਹੈ।
"ਸੰਤਾ ਸੇਤੀ ਰੰਗੁ ਨ ਲਾਏ ॥ ਸਾਕਤ ਸੰਗਿ ਵਿਕਰਮ ਕਮਾਏ ॥
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥3॥”ਅੰਗ 105
ਵਾਈ ਫਾਈ ਨਾਲੋਂ ਹੋਰ ਸ਼ਰਧਾਲੂਆਂ ਲਈ ਜਿਹੜੇ ਜ਼ਰੂਰੀ ਮੁੱਖ ਅਤੇ ਪਹਿਲ ਆਧਾਰਤ ਕੰਮ ਕਰਨੇ ਬਣਦੇ ਹਨ ਆਓ ਉਨ੍ਹਾਂ ਤੇ ਨਜ਼ਰ ਮਾਰੀਏ ਤੇ ਪ੍ਰਬੰਧਕਾਂ ਨੂੰ ਵਾਈ ਫਾਈ ਸੇਵਾ ਵਾਪਸ ਲੈਣ ਤੇ ਇਹ ਹੇਠਲੇ ਕੰਮ ਕਰਨ ਲਈ ਮਜਬੂਰ ਕਰੀਏ।
ਸਿੱਖ ਸੰਗਤਾਂ ਨੂੰ ਮੁਫ਼ਤ ਵਾਈ ਫਾਈ ਮੁਹੱਈਆ ਕਰਵਾਉਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੇ ਯਾਤਰੂਆਂ ਲਈ ਦਿਨ ਵਿਚ ਚਾਰ ਵਾਰੀ "ਸਿੱਖ ਧਰਮ ਦੀਆਂ ਮੁੱਢਲੀਆਂ ਸਿੱਖਿਆਵਾਂ ਅਤੇ ਬਿਪਰਵਾਦੀ ਕਰਮ ਕਾਂਡੀ ਭਰਮ ਭੁਲੇਖਿਆਂ ਤੋਂ ਮੁਕਤ ਕਰਵਾਉਣ ਵਾਲੀਆਂ ਵਿਸ਼ੇਸ਼ ਤੌਰ ਤੇ ਤਿਆਰ ਫ਼ਿਲਮਾਂ" ਦਿਖਾਉਣੀਆਂ ਚਾਹੀਦੀਆਂ ਹਨ। ਇਨ੍ਹਾਂ ਦੇ ਨਿਰਮਾਣ ਲਈ ਕੰਮ ਕਰਨਾ ਚਾਹੀਦਾ ਹੈ ਤੇ ਇਹ ਕੰਪੇਟੇਟਿਵ ਆਧਾਰ ਤੇ ਪ੍ਰਵਾਨਿਤ ਸਕਰਿਪਟ ਰਾਹੀਂ ਤਿਆਰ ਕਰਵਾਉਣੀਆਂ ਚਾਹੀਦੀਆਂ ਹਨ।
ਦੂਜਾ ਕੰਮ ਹਰ ਸਰਾਂ ਵਿਚ ਰੁਕਣ ਵਾਲੇ ਨੂੰ ਚਾਬੀ ਦੇਣ ਤੋਂ ਪਹਿਲਾਂ ਸਮੇਤ ਸਭ ਜੀਅ ਸਰਾਂ ਵਿਚ ਹੀ ਗੁਰਮਤਿ ਕਲਾਸ ਘਟੋਂ ਘੱਟ ਇੱਕ ਘੰਟੇ ਦੀ ਪੂਰਾ ਦਿਨ ਚਾਲੂ ਰੱਖਣੀ ਚਾਹੀਦੀ ਹੈ। ਤੇ ਚਾਬੀ ਗੁਰਮਤਿ ਕਲਾਸ ਅਟੈਂਡ ਕਰਨ ਵਾਲਿਆਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ।
ਤੀਜਾ ਕੰਮ ਸਿੱਖੀ, ਗੁਰਮਤਿ, ਸਿੱਖ ਇਤਿਹਾਸ, ਸਿਧਾਂਤ, ਸੰਕਲਪ ਅਤੇ ਲੋੜ ਉੱਪਰ ਹਰ ਭਾਸ਼ਾ ਵਿਚ 4-4 ਸਫ਼ਿਆਂ ਦੇ ਟਰੈਕਟ ਛਪਵਾ ਕੇ ਕਮਰਿਆਂ ਅੰਦਰ ਰੱਖੇ ਜਾਣੇ ਚਾਹੀਦੇ ਹਨ ਜਾਂ ਚਾਬੀ ਦੇਣ ਵਕਤ ਮੁਸਾਫ਼ਰਾਂ/ ਯਾਤਰੂਆਂ ਦੀ ਭਾਸ਼ਾ ਅਨੁਸਾਰ ਉਨ੍ਹਾਂ ਨੂੰ ਹੱਥੀ ਫੜਾਏ ਅਤੇ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।
ਚਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਰਾਜ ਨੇਤਾਵਾਂ ਵੱਲੋਂ ਤਾਲਾ ਲਾ ਕੇ ਰੱਖੇ ਕਮਰੇ ਖ਼ਾਲੀ ਕਰਵਾਉਣੇ ਚਾਹੀਦੇ ਹਨ ਤੇ ਕਮਰੇ ਪਾਰਦਰਸ਼ੀ ਪੱਧਤੀ ਤੇ "ਗੁਰਦੁਆਰੇ" ਦੇ ਅਸਲ ਸੰਕਲਪ ਅਨੁਸਾਰ ਮੁਫ਼ਤ ਵਿਚ ਅਲਾਟ ਹੋਣੇ ਚਾਹੀਦੇ ਹਨ। ਏ ਸੀ ਅਤੇ ਏਅਰ ਕੂਲ ਕਮਰੇ ਬੰਦ ਹੋਣੇ ਚਾਹੀਦੇ ਹਨ ਤੇ ਕਮਰਾ ਸਿਰਫ਼ ਇੱਕ ਰਾਤ ਲਈ ਹੀ ਅਲਾਟ ਹੋਣਾ ਚਾਹੀਦਾ ਹੈ। ਹਵਾਈ ਜਹਾਜ਼ਾਂ, ਮਹਿੰਗੀਆਂ ਲਗਜ਼ਰੀ ਕਾਰਾਂ ਅਤੇ ਏਸੀ ਬੱਸਾਂ-ਰੇਲ ਗੱਡੀਆਂ ਦਾ ਕਿਰਾਇਆ ਦੇ ਕੇ ਆ ਸਕਦੇ ਹਨ ਉਹ ਹੋਟਲਾਂ ਵਿਚ ਕਮਰੇ ਵੀ ਲੈ ਸਕਦੇ ਹਨ। ਗੁਰਦੁਆਰਾ ਨਿਥਾਵਿਆਂ, ਗ਼ਰੀਬਾਂ ਅਤੇ ਲੋੜ ਵੰਦ ਸ਼ਰਧਾਲੂਆਂ ਅਤੇ ਗੁਰੂ ਦੇ ਦਰਸ਼ਨ ਕਰਨ ਵਾਲਿਆਂ ਲਈ ਰਿਹਾਇਸ਼ ਦਾ ਪ੍ਰਬੰਧ ਕਰਦਾ ਹੈ। ਧਨਾਢਾਂ ਅਤੇ ਧੰਨੇ ਸੇਠਾਂ ਤੇ ਮਲਕ ਭਾਗੋਆਂ ਅਤੇ ਇਨ੍ਹਾਂ ਦੀ ਪ੍ਰਤੀਨਿਧਤਾ ਕਰਨ ਵਾਲਿਆਂ ਲਈ ਸੁੱਖ ਸੁਵਿਧਾਵਾਂ ਦੇਣ ਦਾ ਮਾਰਗ ਨਹੀਂ ਹੈ। ਇਹ ਭਾਈ ਲਾਲੋ ਦਾ ਹੈ ਤੇ ਇਸ ਨੂੰ ਭਾਈ ਲਾਲੋ ਲਈ ਹੀ ਸੁਰੱਖਿਅਤ ਰੱਖਣ ਦੀ ਕਿਰਪਾ ਕਰੋ। ਮਲਕ ਭਾਗੋਆਂ ਹਿਤਕਾਰੀ ਪ੍ਰਬੰਧਕੀ ਮਿਜ਼ਾਜ, ਮਨੋਬਿਰਤੀ, ਪਹੁੰਚ ਅਤੇ ਸੋਚ ਨੇ ਹੀ ਸਿੱਖੀ ਦੀ ਗੱਤ ਗਾਲ ਦਿੱਤੀ ਹੈ।ਜਿਨ੍ਹੀਂ ਛੇਤੀ ਸਿੱਖ ਸਮਝ ਲੈਣਗੇ ਉਤਨੀ ਛੇਤੀ ਸਿੱਖੀ ਦਾ ਭਵਿੱਖ ਗੁਰਮਤਿ ਅਨੁਸਾਰ ਚੜ੍ਹਦਿਆਂ ਕਲਾਂ ਵਾਲਾ ਨਿਰਮਿਤ ਕਰ ਲੈਣਗੇ।
ਪੰਜਵਾਂ ਕੰਮ ਅਜਿਹੇ ਹੀ ਪ੍ਰਬੰਧ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹਰ ਇੱਕ ਗੁਰਦੁਆਰਾ ਸਾਹਿਬ ਅਤੇ ਚੱਲ ਰਹੇ ਹਸਪਤਾਲਾਂ ਅੰਦਰ ਵੀ ਕਰਨ ਦੀ ਸਖ਼ਤ ਲੋੜ ਹੈ।
ਛੇਵਾਂ ਕੰਮ ਅਜਿਹੀਆਂ ਮੁਫ਼ਤ ਕਲਾਸਾਂ ਹਰ ਖ਼ਾਲਸਾ ਸਕੂਲ, ਕਾਲਜ ਅਤੇ ਵਿੱਦਿਅਕ ਸੰਸਥਾਵਾਂ ਤੇ ਹੋਰ ਉਨ੍ਹਾਂ ਸੰਸਥਾਵਾਂ ਵਿਚ ਕਰਨ ਦੀ ਸਖ਼ਤ ਲੋੜ ਹੈ ਜਿਹੜੀਆਂ ਗੁਰੂ ਘਰ ਦੀ ਗੋਲਕ ਰਾਹੀਂ ਲਾਭ ਹਾਸਲ ਕਰ ਰਹੀਆਂ ਹਨ।
ਉਮੀਦ ਕੀਤੀ ਜਾਂਦੀ ਸੀ ਕਿ ਲੱਖਾਂ ਰੁਪਏ ਤਨਖ਼ਾਹ ਲੈਣ ਵਾਲਾ ਨਵਾਂ ਸਕੱਤਰ ਕੋਈ ਹਾਂਦਰੂ ਤਬਦੀਲੀਆਂ ਦਾ ਰਾਹ ਪੱਧਰਾ ਕਰੇਗਾ ਪਰ ਉਹ ਤਾਂ ਜਥੇਦਾਰਾਂ ਤੋਂ ਵੀ ਵੱਡਾ ਗੋਲਕ ਜੱਫ਼ੇਦਾਰ ਸਾਬਤ ਹੋ ਰਿਹਾ ਹੈ । ਇਸ ਨੇ ਲੋੜੋਂ ਵੱਧ ਨਿਰਾਸ਼ਾ ਅਤੇ ਅਨਮਤੀਆਂ ਪਣ ਸਿੱਖੀ ਦੀ ਝੋਲੀ ਵਿਚ ਪਾਇਆ ਹੈ, ਜੋ ਜਥੇਦਾਰ ਅਵਤਾਰ ਸਿੰਘ ਮੱਕੜ, ਅਕਾਲੀ ਦਲ ਅਤੇ ਆਪਣੀ ਚੋਣ ਨੂੰ ਨਾ ਪੂਰਾ ਕਰ ਸਕਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਸਿੱਧੇ ਤੌਰ ਤੇ ਕਸੂਰਵਾਰ ਹਨ। ਭਾਈ ਗੁਰਦਾਸ ਜੀ ਨੇ ਅਜਿਹਾਂ ਲਈ ਹੀ ਲਿਖਤ ਕੀਤਾ ਹੈ :
ਕਿਤੜੇ ਅੰਨੇ ਆਖੀਅਣ ਕੇਤੜੀਆਂ ਹੀ ਦਿਸਣ ਕਾਣੇ।
ਕੇਤੜੀਆਂ ਜੁਗੇ ਫਿਰਣ ਕਿਤੜੇ ਰਤੀਆਂ ਨੇ ਉਤਕਾਣੇ।
ਕਿਤੜੇ ਨਕਟੇ ਗੁਣਗੁਣੇ ਕਿਤੜੇ ਬੋਲੇ ਬਚੇ ਲਾਣੇ।
ਕੇਤੜਿਆਂ ਗਿਲੜ ਗਲੀਂ ਅੰਗ ਰਸਉਲੀ ਵੈਣ ਵਿਹਾਣੇ।
ਟੂੰਡੇ ਬਾਂਡੇ ਕੇਤੜੇ ਗੰਜੇ ਲੁੰਜੇ ਕੋੜੀ ਜਾਣੇ।
ਕਿਤੜੇ ਲੂਲੇ ਪਿੰਗੁਲੇ ਕਿਤੜੇ ਕੁਬੇ ਹੋਇ ਕੁੜਾਣੇ।
ਕਿਤੜੇ ਖੁਸਰੇ ਹੀਜੜੇ ਕੇਤੜਿਆਂ ਗੁੰਗੇ ਤੁਤਲਾਣੇ। ਗੁਰ ਪੂਰੇ ਆਵਣ ਜਾਣੇ ।18। (ਭਾਈ ਗੁਰਦਾਸ ਜੀ ਵਾਰ 8-18-8)
ਵਿਰੋਧੀ ਪੰਥਕ ਧਿਰਾਂ ਅਤੇ ਸਰਬੱਤ ਖ਼ਾਲਸਾ ਵਾਲਿਆਂ ਦੇ ਚੁਣੇ ਮੈਂਬਰਾਂ ਦੀ ਨਿਘਾਰੂ, ਮਾਰੂ, ਗੁਰਮਤਿਹੀਣੀ ਅਤੇ ਮਨਮਤਿ ਪਾਲ਼ੂ ਸੋਚ ਵੀ ਸਾਹਮਣੇ ਆ ਚੁੱਕੀ ਹੈ।
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ।
ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ।
ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ। ਆਪਣ ਹਥੀਂ ਆਪਣੀ ਜੜ ਆਪਿ ਉਪਟੈ ।1। ( ਭਾਈ ਗੁਰਦਾਸ ਜੀ ਵਾਰ 35-1-7)
ਹੁਣ ਸਿੱਖ ਸੰਗਤਾਂ ਨੂੰ ਡਟ ਕੇ ਫੋਕੀ ਸ਼ੁਹਰਤ ਵਾਲੇ ਕੀਤੇ ਜਾ ਰਹੇ ਮੁਸ਼ਟੰਡੇ ਕੰਮਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਮਤਿ ਵੱਲ ਮੋੜਾ ਲੈਣ ਲਈ ਮਜਬੂਰ ਕਰਨ ਹਿਤ ਸਾਹਮਣੇ ਆਉਣਾ ਚਾਹੀਦਾ ਹੈ।
ਕੀ ਸਿੱਖ ਸੰਗਤਾਂ ਤੋਂ ਹਾਂਦਰੂ ਕੰਮਾਂ ਲਈ ਆਸ ਰੱਖੀ ਜਾ ਸਕਦੀ ਹੈ ?
-ਅਤਿੰਦਰ ਪਾਲ ਸਿੰਘ ਖ਼ਾਲਸਤਾਨੀ,
ਸਾਬਕਾ ਐਮ.ਪੀ.
ਅਤਿੰਦਰ ਪਾਲ ਸਿੰਘ ਖਾਲਸਤਾਨੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੀ ਬਜਾਏ ‘ਮੁਸ਼ਟੰਡੇ ਲੋਕ-ਲੁਭਾਊ ਕੰਮਾਂ ਵੱਲ ਕਿਉਂ ਮੁੜੀ’ ?
Page Visitors: 2814