-: ਰੱਬ ਦੀ ਹੋਂਦ :-
ਹਰਚਰਨ ਸਿੰਘ ਪਰਹਾਰ ਜੀ! ਤੁਹਾਡਾ ਸਵਾਲ ਹੈ ਕਿ ਨਾਸਤਿਕਾਂ ਦੀ ਗਿਣਤੀ ਵਧ ਰਹੀ ਹੈ, ਇਹ ਚੰਗੀ ਗੱਲ ਹੈ ਜਾਂ ਮਾੜੀ?
ਜਵਾਬ- ਪਰਹਾਰ ਜੀ! ਇਸ ਵਿੱਚ ਕਿਸੇ ਦੂਸਰੇ ਲਈ ਚੰਗੀ ਜਾਂ ਮਾੜੀ ਕੋਈ ਗੱਲ ਨਹੀਂ ਹੈ। ਕੋਈ ਆਸਤਕ ਹੈ ਜਾਂ ਨਾਸਤਕ ਉਹ ਜੋ ਵੀ ਹੈ ਆਪਣੇ ਲਈ ਹੈ। ਕਿਸੇ ਦੂਸਰੇ ਨਾਲ ਇਸ ਦਾ ਕੋਈ ਸਰੋਕਾਰ ਨਹੀਂ। ਜੇ ਰੱਬ ਦੀ ਹੋਂਦ ਹੈ ਤਾਂ ਨਾਸਤਕਾਂ ਦੇ ਕਹੇ ਤੇ ਉਸ ਦੀ ਹੋਂਦ ਮਿਟ ਨਹੀਂ ਜਾਣੀ ਅਤੇ ਜੇ ਉਸ ਦੀ ਕੋਈ ਹੋਂਦ ਨਹੀਂ ਹੈ ਤਾਂ ਕਿਸੇ ਦੇ ਅੰਧ ਵਿਸ਼ਵਾਸ਼ ਨਾਲ ਉਸ ਦੀ ਹੋਂਦ ਕਾਇਮ ਨਹੀਂ ਹੋ ਜਾਣੀ।
ਪਰ ਹਰਚਰਨ ਸਿੰਘ ਜੀ! ਜੇ ਤੁਸੀਂ ਗੁਰਬਾਣੀ/ਗੁਰਮਤਿ ਪੜ੍ਹੀ ਹੁੰਦੀ ਤਾਂ ਤੁਸੀਂ ਇਹ ਪੋਸਟ ਏਨੇ ਫਖਰ ਨਾਲ ਸਾਂਝੀ ਨਹੀਂ ਸੀ ਕਰਨੀ। ਲੱਗਦਾ ਹੈ ਕਿ ਤੁਸੀਂ ਗੁਰਬਾਣੀ ਪੜ੍ਹੀ ਹੀ ਨਹੀਂ ।ਜਾਂ ਫੇਰ ਜੇ ਪੜ੍ਹੀ ਹੈ ਤਾਂ ਸਮਝੀ ਹੀ ਨਹੀਂ। ਧਰਮ ਦੇ ਨਾਂ ਤੇ ਦੁਨੀਆ ਤੇ ਹੁੰਦੇ ਅਨਮਨੁਖੀ ਵਰਤਾਰਿਆਂ ਨੂੰ ਦੇਖ ਕੇ ਹੀ ਆਪਣੀ ਸੋਚ ਦਾ ਝੁਕਾਵ ਨਾਸਤਿਕਤਾ ਵੱਲ ਕਰੀ ਬੈਠੇ ਹੋ। ਕਿਸੇ ਭੌਤਿਕ ਖਾਸ ਰੂਪ ਵਿੱਚ ਰੱਬ ਨੂੰ ਦੇਖਣ ਦਿਖਾਉਣ ਨੂੰ ਹੀ ਤੁਸੀਂ ਰੱਬ ਦੀ ਹੋਂਦ ਹੋਣੀ ਜਾਂ ਨਾ ਹੋਣੀ ਮਿਥੀ ਬੈਠੇ ਹੋ।
ਗੁਰਮਤਿ ਅਨੁਸਾਰ ਪਰਮਾਤਮਾ ਦਾ ਕੋਈ ਭੌਤਿਕ ਵਜੂਦ ਨਹੀਂ ਹੈ ਇਸ ਲਈ ਉਸ ਨੂੰ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ। ਜਿਸ ਤਰ੍ਹਾਂ ਹਵਾ ਨੂੰ ਦੇਖਿਆ ਨਹੀਂ ਜਾ ਸਕਦਾ ਪਰ ਉਸ ਦੀ ਮੌਜੂਦਗ਼ੀ ਦਾ ਅਹਿਸਾਸ ਕੀਤਾ ਜਾ ਸਕਦਾ ਹੈ, ਜਾਂ ਉਸ ਬਾਰੇ ਜਾਣਿਆ ਜਾ ਸਕਦਾ ਹੈ। ਉਸੇ ਤਰ੍ਹਾਂ ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਉਸਦੀ ਕਿਰਤ ‘ਕੁਦਰਤ’ ਵਿੱਚੋਂ ਉਸ ਦੀ ਸ਼ਿਨਾਖਤ ਕੀਤੀ ਜਾ ਸਕਦੀ ਹੈ ਅਤੇ ਉਸ ਦੀ ਹੋਂਦ ਬਾਰੇ ਜਾਣਿਆ ਜਾ ਸਕਦਾ ਹੈ-
“ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥
ਅਰਥਾਤ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ।” ਜਿਵੇਂ ਕੋਈ ਬਹੁਤ ਸੋਹਣੀ ਕਿਰਤ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ, ਇਸ ਨੂੰ ਬਨਾਉਣ ਵਾਲਾ ਕੋਈ ਉਚ ਕੋਟੀ ਦਾ ਕਾਰੀਗਰ ਹੋਵੇਗਾ। ਜੇ ਇਸੇ ਸੋਚ ਦੀਆਂ ਐਨਕਾਂ ਲਗਾ ਕੇ ਆਪਾਂ ਕੁਦਰਤ ਨੂੰ ਵੀ ਦੇਖਾਂਗੇ ਤਾਂ ਕੁਦਰਤ ਵੀ ਕਿਸੇ ਉਚ ਕੋਟੀ ਦੇ ਕਾਰੀਗਰ ਦੀ ਕਿਰਤ ਨਜ਼ਰ ਆਉਣ ਲੱਗ ਜਾਵੇਗੀ। ਬੱਸ ਉਸਨੂੰ ਦੇਖਣ ਲਈ ਸਾਨੂੰ ਉਹਨਾਂ ਅੱਖਾਂ ਦੀ ਲੋੜ ਹੈ ਜਿਹਨਾਂ ਅੱਖਾਂ ਨਾਲ ਉਹ ਦਿਸਦਾ ਹੈ।
ਉਸ ਦੀ ਹੋਂਦ ਦਾ ਸਭ ਤੋਂ ਵਡਾ ਸਬੂਤ ਇਹੀ ਹੈ ਕਿ ਵਿਗਿਆਨ ਕਹਿੰਦੀ ਹੈ, ਆਪਣੇ ਆਪ ਤੋਂ ਅਰਥਾਤ ‘ਕੁਝ ਵੀ ਨਹੀਂ ਤੋਂ’, ਕੁਝ ਹੋਂਦ ਵਿੱਚ ਨਹੀਂ ਆ ਸਕਦਾ। ਪਰ ਏਨਾ ਵਿਸ਼ਾਲ ਅਤੇ ਅੰਤ-ਹੀਨ ਬ੍ਰਹਮੰਡ ਆਪਾਂ ਪ੍ਰਤੱਖ ਦੇਖ ਸਕਦੇ ਹਾਂ। ਗੱਲ ਸਾਫ ਹੈ ਕਿ ਬ੍ਰਹਮੰਡ ਕਿਸੇ ਪਰਾ-ਭੌਤਿਕ ਤਰੀਕੇ ਨਾਲ ਹੋਂਦ ਵਿੱਚ ਆਇਆ ਹੈ। ਜਿਸ ਨੇ ਪਰਾ-ਭੌਤਿਕ ਤੋਂ ਭੌਤਿਕ ਬ੍ਰਹਮੰਡ ਹੋਂਦ ਵਿੱਚ ਲਿਆਂਦਾ ਉਸ ਕਾਰੀਗਰ ਨੂੰ ‘ਰੱਬ ਜਾਂ ਪਤਮਾਤਮਾ’ ਕਿਹਾ ਜਾਂਦਾ ਹੈ।
ਇਸ ਗੱਲ ਤੋਂ ਤਾਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ‘ਦੁਨੀਆਂ ਦੇ ਕਿਸੇ ਵੀ ਕੁਦਰਤੀ ਨਿਯਮ ਵਿੱਚ ਖੁਦ ਵਿੱਚ ਕੋਈ ਸਮਝ ਜਾਂ ਸੋਝੀ ਨਹੀਂ ਹੈ’। ਦੁਨੀਆਂ ਤੇ ਸਾਨੂੰ ਸਭ ਕੁਝ ਕੁਦਰਤ ਦੇ ਬੱਝਵੇਂ ਨਿਯਮਾਂ ਅਧੀਨ ਹੁੰਦਾ ਨਜ਼ਰ ਆ ਰਿਹਾ ਹੈ। ਲੱਗਦਾ ਹੈ ਇਸ ਵਿੱਚ ਰੱਬ (ਪਰਮਾਤਮਾ) ਵਰਗੀ ਕਿਸੇ ਸ਼ੈਅ ਦਾ ਕੀ ਕੰਮ। ਰੱਬ ਦੀ ਹੋਂਦ ਮੰਨਣਾ ਕੋਰਾ ਅੰਧ-ਵਿਸ਼ਵਾਸ਼ ਨਜ਼ਰ ਆਉਂਦਾ ਹੈ। ਪਰ ਜ਼ਰਾ ਉਹਨਾਂ ਅੱਖਾਂ ਨਾਲ ਕੁਦਰਤ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਜਿਹਨਾਂ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ-
“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥”
--ਦਸ ਦਿਨ ਪਾਣੀ ਕਿਤੇ ਖੜ੍ਹਾ ਰਹੇ ਤਾਂ ਇਸ ਵਿੱਚ ਬਦਬੋ ਭਰ ਜਾਂਦੀ ਹੈ ਪਰ ਹਜਾਰਾਂ, ਲੱਖਾਂ ਸਾਲਾਂ ਤੋਂ ਅਸੀਂ ਤਾਜਾ ਪਾਣੀ ਪੀਂਦੇ ਆ ਰਹੇ ਹਾਂ। ਟਨਾਂ ਦੇ ਹਿਸਾਬ ਨਾਲ ਸਮੁੰਦਰ ਤੋਂ ਭਾਫ ਬਣ ਕੇ ਪਾਣੀ ਉਪਰ ਉਡ ਜਾਂਦਾ ਹੈ। ਅਤੇ ਮੀਂਹ ਦੇ ਰੂਪ ਵਿੱਚ ਦੂਰ ਦੁਰਾਡੇ ਸਥਾਨਾਂ ਤੇ ਪਹੁੰਚ ਜਾਂਦਾ ਹੈ। ਪਹਾੜਾਂ ਤੇ ਬਰਫ ਦੇ ਰੂਪ ਵਿੱਚ ਇਕੱਠਾ ਹੋ ਕੇ ਨਦੀਆਂ, ਦਰਿਆਵਾਂ ਦੇ ਜਰੀਏ ਸਾਡੇ ਤੱਕ ਦੂਰ ਦੁਰਾਡੇ ਥਾਵਾਂ ਤੇ ਪਹੁੰਚ ਜਾਂਦਾ ਹੈ। ਤਸੱਵੁਰ ਕਰੋ ਕਿਤੇ ਪਹਾੜ ਤੇ ਉਚੇ ਥਾਂ ਤੇ ਇੱਕ ਬਾਲਟੀ ਪਾਣੀ ਦੀ ਪੁਚਾਉਣੀ ਹੋਵੇ ਤਾਂ ਕਿੰਨੀ ਮੁਸ਼ਕਿਲ ਹੋ ਜਾਂਦੀ ਹੈ। ਪਰ ਕੁਦਰਤ (ਕਾਦਰ ਦੀ ਕਾਰੀਗਰੀ) ਟਨਾਂ ਦੇ ਹਿਸਾਬ ਨਾਲ ਪਾਣੀ ਸਹਜੇ ਹੀ ਉਪਰ ਪਹਾੜਾਂ ਤੱਕ ਪਹੁੰਚ ਜਾਂਦਾ ਹੈ। ਇਹ ਸਾਰਾ ਕੰਮ ਹੁੰਦਾ ਤਾਂ ਕੁਦਰਤ ਦੇ ਬਝਵੇਂ ਨਿਯਮਾਂ ਅਧੀਨ ਹੀ ਹੈ। ਪਰ ਜੇ ਉਹਨਾਂ ‘ਬਿਅੰਨਿ ਅੱਖਾਂ’ ਨਾਲ ਦੇਖਾਂਗੇ ਤਾਂ ਕੁਦਰਤੀ ਨਿਯਮਾਂ ਦੇ ਪਿੱਛੇ ਵੀ ਕਰਤੇ ਦੀ ਸਾਡੇ ਲਈ ਮੁਹੱਈਆ ਕੀਤੀ ਗਈ ਅਦਭੁਤ ਦੇਣ ਨਜ਼ਰ ਆਵੇਗੀ। ਉਸ ਦੀ ਕੁਦਰਤ ਦੇ ਜ਼ਰੀਏ ਉਹ ਖੁਦ ਨਜ਼ਰ ਆ ਜਾਵੇਗਾ।
--ਜੀਵ ਸਾਹ ਲੈ ਕੇ ਦੂਸ਼ਿਤ ਹਵਾ ਬਾਹਰ ਕਢਦੇ ਹਨ। ਪਰ ਪੇੜ ਪੌਦੇ ਉਸ ਦੂਸ਼ਿਤ ਹਵਾ ਨੂੰ ਫੇਰ ਸਾਡੇ ਲਈ ਤਰੋ ਤਾਜਾ ਬਣਾ ਦਿੰਦੇ ਹਨ। ਇਹ ਹੈ ਤਾਂ ਸਭ ਕੁਦਰਤੀ ਨਿਯਮਾਂ ਅਧੀਨ ਹੀ, ਪਰ ਜੇ ‘ਬਿਅੰਨਿ ਅੱਖਾਂ’ ਨਾਲ ਦੇਖਾਂਗੇ ਤਾਂ ਕੁਦਰਤੀ ਨਿਯਮਾਂ ਦੇ ਪਿੱਛੇ ਕਰਤੇ ਦੁਆਰਾ ਸਾਡੇ ਲਈ ਮੁਹੱਈਆ ਕੀਤੀ ਗਈ ਵਡਮੁੱਲੀ ਦੇਣ ਨਜ਼ਰ ਆਵੇਗੀ।
--ਹਵਾ ਜਿਸ ਦੇ ਜ਼ਰੀਏ ਆਪਾਂ ਸਾਹ ਲੈਂਦੇ ਹਾਂ, ਵਿੱਚ ਮੌਜੂਦ ਗੈਸਾਂ ਦੀ ਮਾਤ੍ਰਾ ਕਿਸੇ ਕੁਦਰਤੀ ਨਿਯਮਾਂ ਅਧੀਨ ਹੀ ਹੋਵੇਗੀ ਪਰ ਜੇ ਇਹਨਾਂ ਦੀ ਮਾਤਰਾ ਵਿੱਚ ਥੋੜ੍ਹਾ ਜਿਹਾ ਵੀ ਘਾਟ-ਵਾਧ ਹੋ ਜਾਵੇ ਤਾਂ ਸਾਡੇ ਲਈ ਖਤਰੇ ਦੀ ਘੰਟੀ ਸਾਬਤ ਹੁੰਦਾ ਹੈ। ਮਿਸਾਲ ਦੇ ਤੌਰ ਤੇ ਹਵਾ ਵਿੱਚ ਕਾਰਬਨ ਡਾਈਓਕਸਾਈਡ ਦੀ ਮਾਤ੍ਰਾ ਸਿਰਫ .03% ਅਰਥਾਤ ਅੱਧੇ ਪਰਸੈਂਟ ਤੋਂ ਵੀ ਘੱਟ ਹੈ। ਜੇ ਇਸ ਦੀ ਮਿਕਦਾਰ ਵੱਧ ਜਾਵੇ ਤਾਂ ਸਾਡੀ ਸਿਹਤ ਲਈ ਨੁਕਸਾਨ-ਦੇਹ ਸਾਬਤ ਹੁੰਦੀ ਹੈ। ਪਰ ਜੇ ਹਵਾ ਵਿੱਚ ਇਸ ਦੀ ਮੌਜੂਦਗ਼ੀ ਏਨੀ ਵੀ ਨਾ ਹੋਵੇ ਜਿੰਨੀ ਹੈ, ਤਾਂ ਧਰਤੀ ਤੇ ਦਿਨ ਦਾ ਤਾਪਮਾਨ ਤਕਰੀਬਨ 100 ਡਿਗਰੀ ਸੈ: ਅਤੇ ਰਾਤ ਨੂੰ ਤਕਰੀਬਨ ਮਾਇਨਸ 156 ਡਿਗਰੀ ਸੈ: ਹੋਣਾ ਸੀ। ਜਿਸ ਕਰਕੇ ਜੀਵਨ ਨਾਮੁਮਕਿਨ ਹੋ ਸਕਦਾ ਹੈ। ਇਸ ਗੈਸ ਦੀ ਅਧਿਕਤਾ ਨਾਲ ਜੋ ਗਲੋਬਲ ਵਾਰਮਿੰਗ ਦੀਆਂ ਚੁਨੋਤੀਆਂ ਸਾਹਮਣੇ ਆ ਰਹੀਆਂ ਹਨ ਇਹ ਤਾਂ ਆਪਾਂ ਸਭ ਨੂੰ ਪਤਾ ਹੀ ਹੈ। ਹਵਾ ਵਿੱਚ ਗੈਸਾਂ ਦੀ ਮਿਕਦਾਰ ਜਿੰਨੀ ਸਾਡੇ ਜੀਵਨ ਲਈ ਜਰੂਰੀ ਹੈ, ਓਨੀ ਹੀ ਬਾਈ ਚਾਂਸ ਵੀ ਹੋ ਸਕਦੀ ਹੈ। ਪਰ ਜੇ ਇਸ ਤਰ੍ਹਾਂ ਦੀ ਕੋਈ ਇਕ-ਅੱਧ ਘਟਨਾ ਹੋਵੇ ਤਾਂ ਇਹ ਗੱਲ ਮੰਨੀਂ ਵੀ ਜਾ ਸਕਦੀ ਹੈ। ਪਰ ਜੇ ਕੁਦਰਤ ਵਿੱਚ ਅੰਤ-ਹੀਨ ਘਟਨਾਵਾਂ ਪਰਫੈਕਟ ਤਰੀਕੇ ਨਾਲ ਵਾਪਰ ਰਹੀਆਂ ਹੋਣ ਤਾਂ ਇਹਨਾਂ ਘਟਨਾਵਾਂ ਨੂੰ ਬਾਈ ਚਾਂਸ ਨਹੀਂ ਕਿਹਾ ਜਾ ਸਕਦਾ। ਜੇ ‘ਬਿਅੰਨਿ ਅੱਖਾਂ’ ਨਾਲ ਦੇਖਾਂਗੇ ਤਾਂ ਕੁਦਰਤ ਦੇ ਨਿਯਮਾਂ ਦੇ ਪਿੱਛੇ ਉਸ ਕਾਦਰ ਦੁਆਰਾ ਸਾਡੇ ਲਈ ਮੁਹੱਈਆ ਕੀਤੀ ਗਈ ਅਨਮੋਲ ਦੇਣ ਨਜ਼ਰ ਆਵੇਗੀ।
--ਓਜ਼ੋਨ ਗੈਸ ਜੇ ਹਵਾ ਵਿੱਚ ਹੋਵੇ ਜਿੱਥੇ ਅਸੀਂ ਸਾਹ ਲੈਂਦੇ ਹਾਂ ਤਾਂ ਇਹ ਸਾਡੇ ਜੀਵਨ ਲਈ ਖਤਰਨਾਕ ਹੈ। ਪਰ ਜੇ ਇਹੀ ਗੈਸ ਉਪਰਲੇ ਮੰਡਲਾਂ ਵਿੱਚ ਨਾ ਹੋਵੇ ਤਾਂ ਵੀ ਇਸ ਦੀ ਅਣਹੋਂਦ ਨਾਲ ਸਾਡੇ ਜੀਵਨ ਨੂੰ ਖਤਰਾ ਹੈ।
--ਜੀਵਾਂ ਦੇ ਸਰੀਰ ਦੀ ਅੰਦਰਲੀ ਬਾਹਰਲੀ ਬਣਤਰ ਦੇਖੋ ; ਦੰਦਾਂ-ਰੂਪੀ ਚੱਕੀ ਨਾਲ ਭੋਜਨ ਪੀਸਿਆ ਜਾ ਕੇ ਇਸ ਭੋਜਨ ਤੋਂ ਸਾਡੇ ਸਰੀਰ ਦੀਆਂ ਲੋੜਾਂ ਮੁਤਾਬਕ ਜਰੂਰੀ ਤੱਤ ਬਣਕੇ, ਸੰਬੰਧਤ ਅੰਗਾਂ ਤੱਕ ਆਪੇ ਪਹੁੰਚੀ ਜਾਣੇ, ਸਾਹ ਪਰਣਾਲੀ, ਖੂਨ ਬਨਾਉਣ ਵਾਲੀ ਪਰਣਾਲੀ, ਮਲ-ਮੂਤਰ ਦੇ ਜਰੀਏ ਅੰਦਰੋਂ ਸਰੀਰ ਦੇ ਸਾਫ ਹੋਣ ਦੀ ਪਰਣਾਲੀ, ਸਰੀਰ ਦਾ ਤਾਪਮਾਨ, ਬਲੱਡ ਪਰੈਸ਼ਰ ਅਤੇ ਹੋਰ ਬਹੁਤ ਕੁਝ ਨਿਅੰਤਰਣ ਵਿੱਚ ਰੱਖਣ ਵਾਲੀ ਪਰਣਾਲੀ, ਦਿਲ, ਕੰਪੀਊਟਰ ਵਰਗਾ ਦਿਮਾਗ਼, ਅੱਖਾਂ………… ਏਨੇ ਸਭ ਕਾਸੇ ਦੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ।
--ਆਪਾਂ ਹਰ ਪਲ ਬੇ-ਧਿਆਨੇ ਹੀ ਅੱਖਾਂ ਆਪਣੀਆਂ ਝਪਕਦੇ ਰਹਿੰਦੇ ਹਾਂ।ਅਸਲ ਵਿੱਚ ਹੁੰਦਾ ਇਹ ਹੈ ਕਿ ਅੱਖਾਂ ਦੇ ਅੰਦਰ ਉਪਰਲੇ ਪਾਸੇ ਤੋਂ ਪਾਣੀ ਟਪਕਦਾ ਰਹਿੰਦਾ ਹੈ, ਜੋ ਕਿ ਅਸਲ ਵਿੱਚ ਸਿਰਫ ਪਾਣੀ ਨਹੀਂ, ਇਸ ਵਿੱਚ ਸੂਖਮ ਜਰਮ ਮਾਰਨ ਦੀ ਸਮਰੱਥਾ ਹੁੰਦੀ ਹੈ। ਸੋ ਦਵਾਈ-ਯੁਕਤ ਇਹ ਪਾਣੀ ਅੱਖਾਂ ਵਿੱਚ ਉਪਰੋਂ ਟਪਕਦਾ ਰਹਿੰਦਾ ਹੈ ਅਤੇ ਸਾਡੀਆਂ ਅੱਖਾਂ ਝਪਕਣ ਨਾਲ ਇਸ ਤੇ ਵਾਇਪਰ (ਪੋਚਾ) ਫਿਰਦਾ ਰਹਿੰਦਾ ਹੈ। ਜਿਸ ਨਾਲ ਸਾਡੀਆਂ ਅੱਖਾਂ ਧੂੜ, ਘੱਟੇ ਅਤੇ ਜਰਮਜ਼ ਤੋਂ ਰਹਿਤ ਹੋ ਕੇ ਸਾਫ ਰਹਿੰਦੀਆਂ ਹਨ ਅਤੇ ਨਾਲ ਹੀ ਅੱਖਾਂ ਨੂੰ ਨਮੀਂ ਮਿਲਦੀ ਰਹਿੰਦੀ ਹੈ, ਜੋ ਕਿ ਅੱਖਾਂ ਲਈ ਬਹੁਤ ਜਰੂਰੀ ਹੈ।
ਹੋਰ ਦੇਖੋ- ਅਸੀਂ ਇੱਕ ਅੱਖ ਨਾਲ ਵੀ ਦੇਖ ਸਕਦੇ ਹਾਂ ਪਰ ਸਾਡੀਆਂ ਦੋ ਅੱਖਾਂ ਹੋਣ ਦਾ ਕਾਰਣ ਇਹ ਹੈ ਕਿ, ਜਦੋਂ ਅਸੀਂ ਕੋਈ ਚੀਜ਼ ਦੇਖਦੇ ਹਾਂ ਤਾਂ ਉਸ ਚੀਜ ਨੂੰ ਇਕ ਅੱਖ ਨੇ ਕਿੰਨੇ ਸਮੇਂ ਵਿੱਚ ਦੇਖਿਆ ਅਤੇ ਦੂਸਰੀ ਨੇ ਕਿੰਨੇ ਸਮੇਂ ਵਿੱਚ, ਅਤੇ ਸਾਡੀਆਂ ਅੱਖਾਂ ਦਾ ਆਪਸ ਵਿੱਚ ਦਾ ਫਾਸਲਾ, ਇਸ ਤਰ੍ਹਾਂ ਜੋ ਟਰਾਈਐਂਗਲ (ਤ੍ਰਿਕੋਣ) ਬਣਦਾ ਹੈ ਉਸ ਤ੍ਰਿਕੋਣ ਤੋਂ ਦਿਮਾਗ਼, ਟ੍ਰਿਗਨੋਮੈਟਰੀ ਦੇ ਫਾਰਮੁਲੇ ਨਾਲ ਕੈਲਕੁਲੇਸ਼ਨ ਕਰ ਕੇ ਹਿਸਾਬ ਲਗਾ ਕੇ ਦੱਸਦਾ ਹੈ ਕਿ ਦੇਖੀ ਗਈ ਚੀਜ਼ ਸਾਡੇ ਤੋਂ ਕਿੰਨੀ ਦੂਰੀ ਤੇ ਪਈ ਹੈ।ਕੁਦਰਤੀ ਨਿਯਮਾਂ ਵਿੱਚ ਕਿਸੇ ਕਿਸਮ ਦੀ ਸਮਝ ਨਹੀਂ ਹੁੰਦੀ। ਸੋਚਣ ਵਾਲੀ ਗੱਲ ਹੈ ਕਿ ਦਿਮਾਗ਼ ਵਿੱਚ ਇਸ ਤਰ੍ਹਾਂ ਦੇ ਟ੍ਰਿਗਨੋਮੈਟਰੀ ਵਰਗੇ ਫਾਰਮੁਲੇ ਕਿਵੇਂ ਫੀਡ ਹੋ ਗਏ? ਇਸੇ ਕਾਰਣ ਕਰਕੇ ਸਾਡੇ ਦੋ ਕੰਨ ਹਨ। ਜਿਸ ਸਥਾਨ ਤੋਂ ਕੋਈ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਦੀ ਹੈ, ਇਕ ਕੰਨ ਨੇ ਆਵਾਜ਼ ਕਿੰਨੇ ਸਮੇਂ ਵਿੱਚ ਸੁਣੀ ਅਤੇ ਦੂਸਰੇ ਨੇ ਕਿੰਨੇ ਸਮੇਂ ਵਿੱਚ, ਅਤੇ ਕੰਨਾਂ ਦਾ ਆਪਸ ਵਿੱਚ ਕਿੰਨਾ ਫਾਸਲਾ ਹੈ ਇਸ ਤਰ੍ਹਾਂ ਬਣੇ ਤ੍ਰਿਕੋਣ ਨਾਲ ਟ੍ਰਿਗਨੋਮੈਟਰੀ ਦੇ ਫਾਰਮੁਲੇ ਨਾਲ ਦਿਮਾਗ਼ ਹਿਸਾਬ ਲਗਾਂਦਾ ਹੈ ਕਿ ਆਵਾਜ਼ ਕਿਸ ਦਿਸ਼ਾ ਤੋਂ ਅਤੇ ਕਿੰਨੀਂ ਕੁ ਦੂਰੀ ਤੋਂ ਆਈ ਹੈ। ਜੇ ਇਹ ਹਿਸਾਬ ਕਿਤਾਬ ਨਾ ਹੁੰਦਾ ਤਾਂ ਪਤਾ ਹੀ ਨਹੀਂ ਸੀ ਲੱਗ ਸਕਣਾ ਕਿ ਆਵਾਜ਼ ਕਿਸ ਦਿਸ਼ਾ ਵੱਲੋਂ ਆਈ ਹੈ। ਇਹ ਕੁਦਰਤ ਦਾ ਕ੍ਰਿਸ਼ਮਾ ਹੈ ਅਤੇ ਕੁਦਰਤ ਦੇ ਕਿਸੇ ਨਿਯਮ ਵਿੱਚ ਖੁਦ ਵਿੱਚ ਕੋਈ ਸੋਝੀ ਨਹੀਂ। ਇਸ ਤੋਂ ਸਾਫ ਜਾਹਰ ਹੈ ਕਿ ਕੁਦਰਤ ਅਤੇ ਕੁਦਰਤ ਦੇ ਨਿਯਮਾਂ ਦੇ ਉਪਰ ਵੀ ਕੋਈ ਹੈ, ਜਿਹੜਾ ਇਹ ਸਭ ਡਿਜ਼ਾਇਨਿੰਗ ਕਰ ਰਿਹਾ ਹੈ।
ਗੂਗਲ ਤੇ ਸਰਚ ਕਰਕੇ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਦੀ ਚਾਰ ਕੁ ਸਾਲ ਦੀ ਉਮਰ ਵਿੱਚ ਕਿਸੇ ਕਾਰਣ ਨਿਗਾਹ ਚਲੀ ਗਈ। ਬਾਅਦ ਵਿੱਚ ਚਾਲੀ ਸਾਲ ਦੀ ਉਮਰ ਵਿੱਚ ਉਸ ਦੇ ਨਵੀਆਂ ਅੱਖਾਂ ਟ੍ਰਾਂਸਪਲਾਂਟ ਕਰ ਦਿੱਤੀਆਂ ਗਈਆਂ। ਪਰ ਉਸ ਦੀ ਨਿਗਾਹ ਆਉਣ ਨਾਲ ਉਸ ਦੀਆਂ ਮੁਸੀਬਤਾਂ ਘਟਣ ਦੀ ਬਜਾਏ ਹੋਰ ਏਨੀਆਂ ਵਧ ਗਈਆਂ ਕਿ ਉਸ ਨੂੰ ਖੁਦਕੁਸ਼ੀ ਕਰਨੀ ਪੈ ਗਈ। ਕਾਰਣ ਇਹ ਸੀ ਕਿ ਦੇਖਣ ਸੰਬੰਧੀ (ਟਰਿਗਨੋ ਮੈਟਰੀ ਆਦਿ ਵਰਗੇ ਫਾਰਮੁੱਲੇ) ਉਸ ਦੇ ਦਿਮਾਗ਼ ਨੇ ਚਾਰ ਸਾਲ ਦੀ ਉਮਰ ਵਿੱਚ ਜੋ ਕੁਝ ਗ੍ਰਿਹਣ ਕੀਤਾ ਸੀ, ਉਹ ਸਭ ਕੁਝ ਉਸ ਦੇ ਦਿਮਾਗ਼ ਵਿੱਚ ਹੁਣ ਨਾ ਰਿਹਾ। ਹੁਣ ਉਸ ਦੀਆਂ ਅੱਖਾਂ ਦੇਖਦੀਆਂ ਜਰੂਰ ਸਨ ਪਰ ਦੇਖੇ ਹੋਏ ਬਾਰੇ ਦਿਮਾਗ਼ ਕੁਝ ਵੀ ਦੱਸਣ ਤੋਂ ਅਸਮਰਥ ਸੀ। ਉਸ ਨੂੰ ਸਾਹਮਣੇ ਦਿਵਾਰ ਦੀ ਦੂਰੀ ਦਾ ਕੁਝ ਪਤਾ ਨਹੀਂ ਸੀ ਲੱਗਦਾ। ਉਚਾ-ਨੀਵਾਂ ਥਾਂ, ਉਪਰ-ਥੱਲੇ ਜਾਂਦੀਆਂ ਪੌੜੀਆਂ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗਦਾ। ਇਸ ਅਜੀਬ ਉਲਝਣ ਦੇ ਕਾਰਨ ਉਸ ਨੂੰ ਖੂਦਕੁਸ਼ੀ ਕਰਨੀ ਪੈ ਗਈ। ਸੋ ਸਾਡੀਆਂ ਅੱਖਾਂ ਸਿਰਫ ਕੈਮਰਾ ਹੀ ਨਹੀਂ ਬਲਕਿ ਹੋਰ ਵੀ ਬਹੁਤ ਕੁਝ ਇਹਨਾਂ ਦੇ ਨਾਲ ਜੁੜਿਆ ਹੈ, ਤਾਂ ਹੀ ਇਹ ਆਪਣਾ ਕੰਮ ਕਰਦੀਆਂ ਹਨ।
ਸੋਚਣ ਵਾਲੀ ਗੱਲ ਹੈ ਕਿ ਡਾਰਵਿਨ ਦੇ ਐਵੋਲੂਸ਼ਨ ਸਿਧਾਂਤ ਅਨੁਸਾਰ, ਬਿਨਾਂ ਅੱਖਾਂ ਵਾਲੇ ਜੀਵ ਨੇ ਖੁਦ ਤਾਂ ਕਦੇ ਸੋਚਿਆ ਨਹੀਂ ਹੋਵੇਗਾ ਕਿ (ਉਹ ਆਪਣੀਆਂ ਅੱਖਾਂ ਵਾਲੇ ਸਥਾਨ ਤੇ) ਕੁਝ ਖਾਸ ਹਰਕਤਾਂ, ਕੁਝ ਖਾਸ ਉਪਰਾਲੇ ਕਰੇ, ਜਿਸ ਨਾਲ ਆਉਣ ਵਾਲੇ ਹਜਾਰਾਂ ਜਾਂ ਲੱਖਾਂ ਸਾਲ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਦੇ ਅੱਖਾਂ ਉਗ ਆਉਣਗੀਆਂ। ਅਤੇ ਦੇਖਣ ਦੀ ਸਹੂਲਤ ਹੋ ਜਾਇਆ ਕਰੇਗੀ। ਇਹ ਵੀ ਯਾਦ ਰੱਖਣ ਦੀ ਜਰੂਰਤ ਹੈ ਕਿ ਜਦੋਂ ਤੋਂ ਅੱਖਾਂ ਵਾਲੇ ਜੀਵ ਧਰਤੀ ਤੇ ਆਏ ਹੋਣਗੇ, ਉਹਨਾਂ ਦੇ ਦਿਮਾਗ਼ ਨਾਲ ਕਨਕਸ਼ਨ ਸਮੇਤ ਹੀ ਅੱਖਾਂ ਉਗੀਆਂ ਹੋਣਗੀਆਂ।ਇਹ ਨਹੀਂ ਹੋ ਸਕਦਾ ਕਿ ਪਹਿਲਾਂ ਛੋਟੇ ਜਿਹੇ ਕਿਸੇ ਇਕ ਨੁਕਤੇ ਤੋਂ ਅੱਖਾਂ ਦੀ ਬਣਤਰ ਬਣਨੀ ਸ਼ੁਰੂ ਹੋ ਗਈ। ਫੇਰ ਹੌਲੀ ਹੌਲੀ ਹਜ਼ਾਰਾਂ ਜਾਂ ਲੱਖਾਂ ਸਾਲਾਂ ਵਿੱਚ ਅੱਖ ਦੇ ਸਾਰੇ ਹਿੱਸੇ ਬਣ ਕੇ ਤਿਆਰ ਹੋ ਗਏ। ਅਤੇ ਫੇਰ ਹੌਲੀ ਹੌਲੀ ਅੱਖਾਂ ਦਾ ਕਨੈਕਸ਼ਨ ਦਿਮਾਗ਼ ਨਾਲ ਜੁੜ ਗਿਆ। ਮੰਨ ਲਵੋ ਜੇ ਇਸ ਤਰ੍ਹਾਂ ਹੋਇਆ ਵੀ ਹੋਵੇਗਾ, ਤਾਂ ਵੀ ਜੀਵ ਨੇ ਖੁਦ ਆਪਣੇ ਦਿਮਾਗ਼ ਨਾਲ ਸੋਚਕੇ ਅੱਖ ਡਵੈਲਪ ਨਹੀਂ ਕੀਤੀ ਹੋਵੇਗੀ। ਕਿਉਂਕਿ ਐਵੋਲੂਸ਼ਨ ਸਿਧਾਂਤ ਅਨੁਸਾਰ ਵੀ ਇਸ ਪ੍ਰੋਸੈਸ ਨੂੰ ਹਜ਼ਾਰਾਂ-ਲੱਖਾਂ ਸਾਲ ਲਗਣੇ ਚਾਹੀਦੇ ਹਨ। ਅਤੇ ਹਜਾਰਾਂ-ਲੱਖਾਂ ਸਾਲ ਪਹਿਲਾਂ ਵਾਲੇ ਜੀਵਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਐਸਾ ਕੁਝ ਕੀਤਾ ਜਾਵੇ ਕਿ ਹਜਾਰਾਂ ਲੱਖਾਂ ਸਾਲਾਂ ਬਾਅਦ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਅੱਖਾਂ ਉਗ ਆਉਣ। ਇਹ ਲਾਜ਼ਮੀ, ਹਰ ਹਾਲਤ ਵਿੱਚ ਕੁਦਰਤ ਦਾ ਕ੍ਰਿਸ਼ਮਾ ਹੀ ਹੋ ਸਕਦਾ ਹੈ। ਅਤੇ ਕੁਦਰਤ ਦੇ ਕਿਸੇ ਨਿਯਮ ਵਿੱਚ ਕੋਈ ਸੋਝੀ ਨਹੀਂ ਹੁੰਦੀ ਕਿ ਕੁਦਰਤ ਨੇ ਸਚਿਆ ਹੋਵੇ ਕਿ ਜੀਵਾਂ ਦੇ ਅੱਖਾਂ ਉਗਾ ਦਿੱਤੀਆਂ ਜਾਣ। ਇਸ ਦਾ ਮਤਲਬ ਕੁਦਰਤੀ ਨਿਯਮਾਂ ਦੇ ਪਿੱਛੇ ਵੀ ਕਿਸੇ ਸੂਝਵਾਨ ਹਸਤੀ ਦੀ ਸੋਚ ਕੰਮ ਕਰ ਰਹੀ ਹੈ।
ਕੁਦਰਤ ਦੀਆਂ ਦੋ-ਚਾਰ ਗੱਲਾਂ ਤਾਂ ਮੰਨੀਆਂ ਵੀ ਜਾ ਸਕਦੀਆਂ ਹਨ ਕਿ ਬਾਈ ਚਾਂਸ ਪਰਫੈਕਟ ਹੋ ਗਈਆਂ। ਪਰ ਏਥੇ ਤਾਂ ਇਸ ਤਰ੍ਹਾਂ ਦੇ ਕ੍ਰਿਸ਼ਮਿਆਂ ਦੀ ਕੋਈ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਅਤੇ ਹਰ ਕ੍ਰਿਸ਼ਮਾ ਆਪਣੇ ਆਪ ਵਿੱਚ ਪਰਫੈਕਟ, ਮੁਕੰਮਲ ਅਤੇ ਹੈਰਾਨ ਕਰਨ ਵਾਲਾ ਹੈ। ਕੁਦਰਤ ਦੇ ਹਰ ਕ੍ਰਿਸ਼ਮੇ ਨੂੰ ‘ਬਾਈ ਚਾਂਸ ਹੋ ਗਿਆ’ ਨਹੀਂ ਕਿਹਾ ਜਾ ਸਕਦਾ। ਜਰੂਰ ਇਹਨਾਂ ਦੇ ਪਿੱਛੇ ਵੀ ਕੋਈ ਹਸਤੀ ਕੰਮ ਕਰ ਰਹੀ ਹੈ। ਜਿਸ ਨੂੰ ਪਦਾਰਥਵਾਦੀ ਸੋਚ ਨਾਲ ਨਹੀਂ ਬਲਕਿ ‘ਬਿਅੰਨਿ ਅੱਖਾਂ’ ਨਾਲ ਦੇਖਣ ਦੀ ਜਰੂਰਤ ਹੈ।
ਕੁਦਰਤ ਦੇ ਸਾਰੇ ਕ੍ਰਿਸ਼ਮੇ ਗਿਣਨ ਬੈਠੋ ਤਾਂ ਜਿੰਦਗੀਆਂ ਲੱਗ ਗਈਆਂ, ਲੱਗ ਰਹੀਆਂ ਹਨ ਅਤੇ ਲੱਗ ਜਾਣਗੀਆਂ ਪਰ ਕਾਰੀਗਰ ਦੀ ਕਾਰੀਗਰੀ ਦੇ ਕ੍ਰਿਸ਼ਮਿਆਂ ਦੀ ਕਦੇ ਥਾਹ ਨਹੀਂ ਪਾਈ ਜਾ ਸਕਦੀ।
ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਰੱਬ ਦੀ ਹੋਂਦ ਤੋਂ ਇਨਕਾਰੀ ਹੋਣਾ ਅਗਿਆਨਤਾ ਹੈ। ਉਸ ਦੀ ਹੋਂਦ ਨੂੰ ਮੰਨਣਾ ਕੋਰਾ ਅੰਧ-ਵਿਸ਼ਵਾਸ਼ ਨਹੀਂ। ਉਹ ਆਦਿ-ਜੁਗਾਦੀ ਸੱਚ ਹੈ। ਨਿਰਪੱਖ ਸੋਚਣੀ ਨਾਲ ਉਸ ਦੀ ਹੋਂਦ ਬਾਰੇ ਵਿਚਾਰ ਕੀਤਿਆਂ ਉਹ ਕੁਦਰਤ ਵਿੱਚ ਜ਼ਰੂਰ ਨਜ਼ਰ ਆਉਂਦਾ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਰੱਬ ਦੀ ਹੋਂਦ :-
Page Visitors: 3082