ਗੁਰਮਤਿ ਅਨੁਸਾਰ ਕਰਮਾਂ ਦਾ ਫਲ
ਵਿਰਦੀ ਸਾਹਿਬ ਆਪਣੇ ਵਿਚਾਰ ਵਿਸਥਾਰ ਵਿੱਚ ਦੇਣ ਲਈ ਬਹੁਤ-ਬਹੁਤ ਧੰਨਵਾਦ।ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕੁਦਰਤ ਦੇ ਇਸ ਪਸਾਰੇ ਵਿੱਚ ਬੜਾ ਕੁਝ ਬੇਅੰਤ ਤੇ ਅਦਭੁੱਤ ਛੁਪਿਆ ਪਿਆ ਹੈ।ਜਿਸਨੂੰ ਸਾਇੰਸਦਾਨਾਂ ਨੇ ਸਿਰਫ ਥੋੜਾ ਜਿਹਾ ਲੱਭਿਆ ਹੀ ਹੈ, ਕੁਝ ਨਵਾਂ ਨਹੀਂ ਬਣਾਇਆ।ਇਹ ਪਹਿਲਾਂ ਹੀ ਬਣਿਆ ਪਿਆ ਸੀ।ਬੇਸ਼ਕ ਸਾਇੰਸ ਨੇ ਕੁਦਰਤ ਦੇ ਨਿਯਮਾਂ ਨੂੰ ਲੱਭ ਕੇ ਟੈਕਨਾਲੋਜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ।ਪਰ ਬੇਅੰਤ ਤਰ੍ਹਾਂ ਦੀ ਬਨਸਪਤੀ ਵਿੱਚ ਇੱਕ ਵੀ ਨਵਾਂ ਬੀਜ ਮਨੁੱਖ ਅਜੇ ਤੱਕ ਪੈਦਾ ਨਹੀਂ ਕਰ ਸਕਿਆ।ਇਸੇ ਤਰ੍ਹਾਂ ਪਸੂਆਂ, ਪੰਛੀਆਂ ਦੀਆਂ ਲੱਖਾਂ ਕਿਸਮਾਂ ਵਰਗਾ ਕੋਈ ਜੀਵ-ਜੰਤੂ ਮਨੁੱਖ ਪੈਦਾ ਕਰਨ ਦੇ ਅਸਮਰਥ ਹੈ।ਜੋ ਕੁਝ ਹੈ, ਸਭ ਕਰੋੜਾਂ ਅਰਬਾਂ ਸਾਲਾਂ ਤੋਂ ਪਹਿਲਾਂ ਬਣੇ, ਬੱਝਵੇਂ ਨਿਯਮਾਂ ਵਿੱਚ ਨਿਰੰਤਰ ਚੱਲ ਰਿਹਾ ਹੈ।ਮਨੁੱਖੀ ਸਰੀਰ ਬਾਰੇ ਖੋਜਾਂ ਵਿੱਚ ਸਿeੰਸਦਾਨ ਅੱਜ ਕਰੋੜਾਂ ਸਾਲਾਂ ਬਾਅਦ ਡੀ ਐਨ ਏ ਤੱਕ ਪਹੁੰਚਾ ਹੈ, ਜਦ ਕਿ ਡੀ ਐਨ ਏ ਸਿਸਟਮ ਤਾਂ ਮਨੁੱਖੀ ਹੋਂਦ ਤੋਂ ਹੀ ਸਰੀਰ ਵਿੱਚ ਕਰੋੜਾਂ ਸਾਲਾਂ ਤੋਂ ਸੀ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਮਨੁੱਖ ਨੂੰ ਆਸਤਿਕ ਜਾਂ ਨਾਸਤਿਕ ਬਣ ਕੇ ਆਪਣੀ ਖੋਜ ਬੰਦ ਨਹੀਂ ਕਰਨੀ ਚਾਹੀਦੀ।ਮੌਜੂਦਾ ਸਿਸਟਮ ਵਿੱਚ ਆਸਤਿਕ ਧਰਮ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਮੰਨ ਕੇ ਰੱਬ ਦੀ ਹੋਂਦ ਨੂੰ ਮੰਨ ਰਿਹਾ ਹੈ, ਪਰ ਉਸਨੇ ਰੱਬ ਦੇ ਸੱਚ ਨੂੰ ਜਾਣਿਆ ਨਹੀਂ, ਜਿਸ ਤਰ੍ਹਾਂ ਉਨ੍ਹਾਂ ਗ੍ਰੰਥਾਂ ਦੇ ਰਚਣਹਾਰਿਆਂ ਨੇ ਜਾਣਿਆ ਸੀ ਤੇ ਸਾਡੇ ਨਾਲ ਆਪਣਾ ਅਨੁਭਵ ਸਾਂਝਾ ਕੀਤਾ ਸੀ, ਜਿਨ੍ਹਾਂ ਦੇ ਗ੍ਰੰਥ ਪੜ੍ਹ ਕੇ ਮਨੁੱਖ ਆਪਣੇ ਆਪ ਨੂੰ ਆਸਤਿਕ ਹੋਣ ਦਾ ਦਾਅਵਾ ਕਰਦਾ ਹੈ।ਅਸੀਂ ਸਿਰਫ ਉਨ੍ਹਾਂ ਗ੍ਰੰਥਾਂ ਦੇ ਪੂਜਾ-ਪਾਠ ਜਾਂ ਵਿਚਾਰਾਂ (ਅਰਥ) ਕਰਨ ਤੱਕ ਹੀ ਸੀਮਤ ਨਾ ਹੋ ਜਾਈਏ, ਆਪਣਾ ਅਨੁਭਵ ਜਾਂ ਖੋਜ ਕਰਕੇ ਉਸ ਸੱਚ ਨੂੰ ਜਾਣੀਏ, ਜਿਸਨੂੰ ਗੁਰੂਆਂ, ਸੰਤਾਂ ਨੇ ਜਾਣਿਆ ਸੀ।ਨਹੀਂ ਤਾਂ ਅਸੀਂ ਗ੍ਰੰਥਾਂ ਵਿੱਚ ਲਿਖੇ ਦੂਜਿਆਂ ਦੇ ਵਿਚਾਰਾਂ ਦਾ ਭਾਰ ਹੀ ਢੋਂਦੇ ਰਹਾਂਗੇ ਤੇ ਰੱਬ ਦੇ ਸੱਚ ਨੂੰ ਨਹੀਂ ਜਾਣ ਸਕਾਂਗੇ।ਇਸੇ ਤਰ੍ਹਾਂ ਦੂਜੇ ਪਾਸੇ ਨਾਸਤਿਕ ਵਿਚਾਰਧਾਰਾ ਵਾਲੇ ਵੀ ਵਿਦਵਾਨਾਂ ਜਾਂ ਵਿਗਿਆਨੀਆਂ ਦੀਆਂ ਕਿਤਾਬਾਂ ਨੂੰ ਸੱਚ ਮੰਨ ਕੇ ਇਹ ਸੋਚਦੇ ਹਨ ਕਿ ਰੱਬ ਨਹੀਂ ਹੈ।ਜਦਕਿ ਉਨ੍ਹਾਂ ਨੇ ਵੀ ਆਪ ਕੋਈ ਖੋਜ ਨਹੀਂ ਕੀਤੀ ਹੁੰਦੀ।ਅਜਿਹੇ ਨਾਸਤਿਕ ਵੀ ਆਸਤਿਕਾਂ ਵਰਗੇ ਸ਼ਰਧਾਵਾਨ ਤੇ ਅੰਧ ਵਿਸ਼ਵਾਸ਼ੀ ਹੀ ਹੁੰਦੇ ਹਨ।ਸਿਰਫ ਆਸਤਿਕਾਂ ਤੋਂ ਵੱਖਰੀ ਅਤੇ ਉਲਟ ਵਿਚਾਰਧਾਰਾ ਵਾਲੇ।ਉਨ੍ਹਾਂ ਨੂੰ ਸਮਝ ਨਹੀਂ ਹੈ ਕਿ ਸਾਇੰਸਦਾਨ ਤੇ ਰੱਬ ਦੀ ਖੋਜ ਕਰਦੇ ਹੀ ਨਹੀਂ, ਉਹ ਤੇ ਮੈਟਰ ਅਤੇ ਕੁਦਰਤ ਦੇ ਨਿਯਮਾਂ ਦੀ ਖੋਜ ਕਰਦੇ ਹਨ।ਰੱਬ ਉਨ੍ਹਾਂ ਦਾ ਵਿਸ਼ਾ ਹੀ ਨਹੀਂ ਹੈ।ਰੱਬ ਸਿਰਫ ਅਧਿਆਤਮਵਾਦੀਆਂ ਦੀ ਖੋਜ ਦਾ ਹੀ ਵਿਸ਼ਾ ਰਿਹਾ ਹੈ।ਇਸ ਲਈ ਇਕ ਪੱਖ ਇਹ ਵੀ ਸਮਝਣ ਵਾਲਾ ਹੈ ਕਿ ਜਿਸਨੇ ਮੈਟਰ ਜਾਂ ਲਾਅ ਆਫ ਨੇਚਰ ਦੀ ਖੋਜ ਕਰਨੀ ਹੈ, ਉਨ੍ਹਾਂ ਨੂੰ ਸਾਇੰਸਦਾਨਾਂ ਦੀਆਂ ਖੋਜਾਂ ਦਾ ਸਹਾਰਾ ਲੈਣਾ ਪਵੇਗਾ ਅਤੇ ਜਿਨ੍ਹਾਂ ਨੇ ਰੱਬ ਦੀ ਖੋਜ ਕਰਨੀ ਹੈ, ਉਨ੍ਹਾਂ ਨੂੰ ਸਾਇੰਸਦਾਨਾਂ ਦੀਆਂ ਨਹੀਂ, ਅਧਿਆਤਮਵਾਦੀ ਸੰਤਾਂ ਜਾਂ ਗੁਰੂਆਂ ਦੀ ਖੋਜ ਦਾ ਸਹਾਰਾ ਲੈਣਾ ਪਵੇਗਾ।ਪਰ ਇਹ ਬੜੀ ਵਿਡੰਬਨਾ ਹੈ ਕਿ ਸਾਇੰਸਵਾਦੀ ਖੋਜ ਤੇ ਮੈਟਰ ਦੀ ਕਰਦੇ ਹਨ ਤੇ ਰਿਜਲਟ, ਅਧਿਆਤਵਾਦੀਆਂ ਵਾਲੇ ਲੱਭਦੇ ਹਨ।ਉਹ ਉਸ ਰੱਬ ਨੂੰ ਕਦੇ ਨਹੀਂ ਜਾਣ ਸਕਣਗੇ, ਜਿਸ ਰੱਬ ਨੂੰ ਜੀਸਸ, ਮੁਹੰਮਦ, ਬੁੱਧ, ਕਬੀਰ, ਨਾਨਕ ਨੇ ਜਾਣਿਆ ਸੀ।ਉਸਦੀ ਖੋਜ ਦਾ ਤਰੀਕਾ ਵੱਖਰਾ ਹੈ।ਇਸੇ ਤਰ੍ਹਾਂ ਅਧਿਆਤਮਵਾਦੀ ਮੈਟਰ ਦੇ ਉਸ ਸੱਚ ਨੂੰ ਨਹੀਂ ਜਾਣ ਸਕਦੇ, ਜਿਸਨੂੰ ਸਾਇੰਸਦਾਨਾਂ ਨੇ ਆਪਣੀਆਂ ਖੋਜਾਂ ਰਾਹੀਂ ਜਾਣਿਆ ਸੀ।ਸਾਇੰਸ ਤੇ ਧਰਮ, ਦੋ ਬਿਲਕੁਲ ਵੱਖਰੇ ਵਿਸ਼ੇ ਹਨ।ਜੇ ਸਾਇੰਸ ਮੈਟਰ ਦੀ ਖੋਜ ਕਰਦੀ ਹੈ ਤਾਂ ਧਰਮ, ਮੈਟਰ ਵਿਚਲੀ ਚੇਤੰਨਤਾ ਦੀ ਖੋਜ ਹੈ। ਜੇ ਸਾਇੰਸ, ਆਕਾਰ ਦੀ ਖੋਜ ਹੈ, ਤਾਂ ਧਰਮ, ਨਿਰਾਕਾਰ ਦੀ ਖੋਜ ਹੈ। ਲੋੜ ਸਿਰਫ ਇਸ ਗੱਲ ਦੀ ਹੈ ਕਿ ਅਸੀਂ ਸਿਰਫ ਮੰਨਣ ਤੱਕ ਹੀ ਸੀਮਿਤ ਨਾ ਰਹੀਏ, ਉਹ ਮੰਨਣਾ, ਭਾਵੇਂ ਰੱਬ ਦੀ ਹੋਂਦ ਨੂੰ ਮੰਨਣਾ ਹੋਵੇ ਜਾਂ ਨਿਕਾਰਨਾ।ਅਸੀਂ ਵੀ ਆਪਣੀ ਖੋਜ ਉਨ੍ਹਾਂ ਸੰਤਾਂ ਜਾਂ ਗੁਰੂਆਂ ਵਾਂਗ ਕਰੀਏ ਤੇ ਉਸ ਸੱਚ ਨੂੰ ਉਨ੍ਹਾਂ ਵਾਂਗ ਜਾਣੀਏ ਕਿ ਰੱਬ ਕੀ ਹੈ ਜਾਂ ਜੇ ਹੈ ਤਾਂ ਕਿਹੋ ਜਿਹਾ ਹੈ? ਜੇ ਸਿਰਫ ਮੰਨ ਕੇ ਆਸਤਿਕ ਬਣੇ ਰਹੇ ਤਾਂ ਅੰਧ ਵਿਸ਼ਵਾਸ਼ਾਂ ਦੀ ਪੰਡ ਹੀ ਢੋਂਦੇ ਹੋਵਾਂਗੇ?
ਹਰਚਰਨ ਸਿੰਘ ਪਰਹਾਰ
………………………………………….
ਹਰਚਰਨ ਸਿੰਘ ਪਰਹਾਰ ਜੀ! ਮੈਂ ਤੁਹਾਡੇ ਇਹਨਾਂ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ ਕਿ ਅੱਜ ਦੇ ਸਮੇਂ ਦੇ (ਸਾਰੇ ਤਾਂ ਨਹੀਂ,) ਜਿਆਦਾਤਰ ਆਸਤਕ ਰੱਬ ਦੀ ਹੋਂਦ ਨੂੰ ਸਿਰਫ ਇਸ ਲਈ ਮੰਨਦੇ ਹਨ ਕਿਉਂਕਿ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਉਸ ਦੀ ਹੋਂਦ ਬਾਰੇ ਲਿਖਿਆ ਹੈ।ਜਿਆਦਾਤਰ ਆਸਤਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਤੱਕ, ਜਾਂ ਇਸ ਵਿਸ਼ਵਾਸ਼ ਨਾਲ ਕਿ ਗਿਣਤੀ-ਮਿਣਤੀ ਦੇ ਪਾਠ ਕਿਤੇ ਖਾਤੇ ਵਿੱਚ ਜਮ੍ਹਾ ਹੋਈ ਜਾਂਦੇ ਹਨ, ਇਹਨਾਂ ਦਾ ਫਲ਼ ਅੱਗੇ ਜਾ ਕੇ ਮਿਲੇਗਾ, ਤੱਕ ਹੀ ਸੀਮਿਤ ਕਰ ਰੱਖਿਆ ਹੈ (ਨੋਟ:-ਕਈ ਸੱਜਣਾਂ ਨੂੰ ਮੇਰੀ ‘ਪਾਠ’ ਸੰਬੰਧੀ ਗੱਲ ਅਣ-ਸੁਖਾਵੀਂ ਲੱਗ ਸਕਦੀ ਹੈ, ਇਸ ਲਈ ਗੱਲ ਕਲੀਅਰ ਕਰ ਦਿਆਂ ਕਿ **ਮੇਰੀ ਸਮਝ ਮੁਤਾਬਕ**, ਕਿਸੇ ਪਾਠ ਦਾ ਫਲ਼ ਅੱਗੇ ਨਹੀਂ ਮਿਲਦਾ ਬਲਕਿ ਪਾਠ ਨੂੰ ਪੜ੍ਹਕੇ, ਸਮਝ ਕੇ ਉਸ ਮੁਤਾਬਕ ਜੀਵਨ ਜਿਉਣ ਦੀ ਕੋਸ਼ਿਸ਼ ਕਰੀਏ।ਪਾਠ/ ਗੁਰਬਾਣੀ ਵਿੱਚ ਦੱਸੇ ਮੁਤਾਬਕ ਜੀਵਨ ਬਸਰ ਕਰਨ ਦਾ ਹੀ ਫਲ਼ ਅੱਗੇ ਮਿਲਣਾ ਹੈ।ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਕਰਮਾਂ ਅਨੁਸਾਰ ਫਲ ਮਿਲਣ ਦੀ ਗੱਲ ਕਹੀ ਗਈ ਹੈ।ਕਿੰਨੇ ਪਾਠ ਕੀਤੇ ਹਨ, ਉਹਨਾਂ ਮੁਤਾਬਕ ਫਲ਼ ਮਿਲੇਗਾ, ਇਸ ਤਰ੍ਹਾਂ ਕਿਤੇ ਨਹੀਂ ਲਿਖਿਆ)।
ਤੁਸੀਂ ਜਿਹੜਾ ‘ਵਿਚਾਰਾਂ (ਅਰਥਾਂ)’ ਦੀ ਗੱਲ ਕੀਤੀ ਹੈ, ਮੈਂ ਤੁਹਾਡੇ ਉਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ।ਅਧਿਆਤਮ ਸੰਬੰਧੀ ਜੋ ਗੁਰਮਤਿ ਫਲੌਸਫੀ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।ਅਧਿਆਤਮ, ਵਿਗਿਆਨ ਦੀਆਂ ਖੋਜਾਂ ਦੀ ਤਰ੍ਹਾਂ ਨਹੀਂ ਹੈ ਕਿ ਨਿੱਤ ਨਵੀਆਂ ਖੋਜਾਂ ਹੋਣੀਆਂ ਹਨ।ਇਥੇ ਤੁਸੀਂ ਅਧਿਆਤਮ ਨੂੰ ਵੀ ਵਿਗਿਆਨਕ ਨਜ਼ਰੀਏ ਤੋਂ ਦੇਖਕੇ ਗ਼ਲਤੀ ਕਰ ਰਹੇ ਹੋ। ਗੁਰਬਾਣੀ ਵਿੱਚ ਅਧਿਆਤਮ ਬਾਰੇ ਸੰਪੂਰਨ ਅਤੇ ਮੁਕੰਮਲ ਫਲੌਸਫੀ ਲਿਖੀ ਹੋਈ ਹੈ।ਗੁਰਬਾਣੀ ਵਿੱਚ ਜੋ ਲਿਖਿਆ ਹੈ, ਸਿੱਖ ਨੇ ਉਸ ਨੂੰ ਸੋਚ, ਸਮਝ ਕੇ ਉਸ ਨੂੰ ਪੜ੍ਹਨਾ ਅਤੇ ਆਪਣੇ ਜੀਵਨ ਵਿੱਚ ਢਾਲਣਾ ਹੈ।‘ਆਪਣੇ ਅਨੁਭਵ ਅਤੇ ਦੂਜਿਆਂ ਦੇ ਵਿਚਾਰਾਂ ਦਾ ਭਾਰ ਢੋਣ’ ਵਾਲੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਨਹੀਂ।
ਜਸਬੀਰ ਸਿੰਘ ਵਿਰਦੀ
ਹਰਚਰਨ ਸਿੰਘ ਪਰਹਾਰ
ਗੁਰਮਤਿ ਅਨੁਸਾਰ ਕਰਮਾਂ ਦਾ ਫਲ
Page Visitors: 2887