ਕੈਟੇਗਰੀ

ਤੁਹਾਡੀ ਰਾਇ



ਜਸਵੰਤ ਸਿੰਘ ਅਜੀਤ
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਦਲ ਦੀ ਜਿੱਤ
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਦਲ ਦੀ ਜਿੱਤ
Page Visitors: 2836

 ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਦਲ ਦੀ ਜਿੱਤ       
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਪਹਿਲਾ ਦੌਰ ਸਮਾਪਤ ਹੋ ਚੁਕਾ ਹੈ, ਜਿਸ ਵਿੱਚ ਸਿੱਖ ਮਤਦਾਤਾਵਾਂ ਵਲੋਂ ਚੁਣੇ ਗਏ 46 ਮੈਂਬਰਾਂ ਵਿਚੋਂ 37 ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ 8 ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਨ, ਜਦਕਿ ਇੱਕ ਕੇਂਦ੍ਰੀ ਸਿੰਘ ਸਭਾ ਦਾ। ਦੂਸਰੇ ਦੌਰ ਵਿੱਚ ਜੋ ਪੰਜ ਮੈਂਬਰ ਕੋਆਪਟ ਕੀਤੇ ਜਾਣੇ ਹਨ, ਉਨ੍ਹਾਂ ਵਿੱਚੋਂ ਦੋ ਦੀ ਚੋਣ ਚੁਣੇ ਹੋਏ ਮੈਂਬਰਾਂ ਵਲੋਂ ਕੀਤੀ ਜਾਇਗੀ ਅਤੇ ਇੱਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਪ੍ਰਤੀਨਿਧੀ ਵਜੋਂ ਨਾਮਜ਼ਦ ਕੀਤਾ ਜਾਇਗਾ। ਇਹ ਤਿਨੋਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੀ ਹੋਣਗੇ, ਇਸ ਵਿੱਚ ਕੋਈ ਸ਼ਕ ਨਹੀਂ। ਇਨ੍ਹਾਂ ਤੋਂ ਬਿਨਾਂ ਰਜਿਸਟਰਡ ਸਿੰਘ ਸਭਾਵਾਂ ਦੇ ਜੋ ਦੋ ਪ੍ਰਤੀਨਿਧੀ ਲਾਟਰੀ ਰਾਹੀਂ ਕੋਆਪਟ ਕੀਤੇ ਜਾਣੇ ਹਨ, ਸੁਭਾਵਿਕ ਹੈ ਕਿ ਉਹ ਵੀ ਬਾਦਲ ਅਕਾਲੀ ਦਲ ਦੇ ਨਾਲ ਜਾਣ ਵਿੱਚ ਹੀ ਆਪਣਾ ਭਲਾ ਸਮਝਣਗੇ। ਇਨ੍ਹਾਂ ਤੋਂ ਇਲਾਵਾ ਚਾਰ ਤਖਤਾਂ, ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਦੇ ਜੱਥੇਦਾਰ, ਜਿਨ੍ਹਾਂ ਨੂੰ ਮਤਦਾਨ ਦਾ ਅਧਿਕਾਰ ਨਹੀਂ, ਕਮੇਟੀ ਵਿੱਚ ਨਾਮਜ਼ਦ ਕੀਤੇ ਜਾਣਗੇ। ਇਸਤਰ੍ਹਾਂ 55 ਮੈਂਬਰਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਮੁਕੰਮਲ ਹੋ ਜਾਇਗਾ। ਇਸ ਹਾਊਸ ਵਿੱਚ ਮਤਦਾਨ ਦਾ ਅਧਿਕਾਰ ਪ੍ਰਾਪਤ 51 ਮੈਨਬਰਾਂ ਵਿਚੋਂ 42 ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਪਣੇ ਹੋਣਗੇ, ਜੋ ਕਿ ਇਤਨਾ ਠੋਸ ਬਹੁਮਤ ਹੈ ਕਿ ਉਸਦੇ ਸਾਹਮਣੇ ਕਿਸੀ ਵੀ ਤਰ੍ਹਾਂ ਦੀ ਕੋਈ ਚੁਨੌਤੀ ਨਹੀਂ ਹੋਵੇਗੀ।    

ਇਸ ਸਥਿਤੀ ਨੂੰ ਬਣਾਈ ਰਖਣ ਲਈ ਜ਼ਰੂਰੀ ਹੈ, ਜਿਵੇਂ ਕਿ ਕੇਂਦ੍ਰੀ ਸਿੰਘ ਸਭਾ ਦੇ ਪ੍ਰਧਾਨ ਅਤੇ ਗੁਰਦੁਆਰਾ ਕਮੇਟੀ ਦੇ ਚੁਣੇ ਹੋਏ ਮੈਂਬਰ ਸ. ਤਰਵਿੰਦਰ ਸਿੰਘ ਮਰਵਾਹ ਨੇ ਕਿਹਾ ਹੈ ਕਿ ਨਵੀਂ ਕਮੇਟੀ ਦੇ ਮੁਖੀਆਂ ਨੂੰ ਪਿਛਲੀ ਕਮੇਟੀ ਦੀ ਅਲੋਚਨਾ ਕਰਨ ਦੀ ਬਜਾਏ ਰੁਕੇ ਹੋਏ ਸਾਰੇ ਵਿਕਾਸ ਕਾਰਜਾਂ ਨੂੰ ਪੂਰਿਆਂ ਕਰਨ ਅਤੇ ਵਿਦਿਅਕ ਸੰਸਥਾਵਾਂ ਵਿਚਲਾ ਵਿਦਿਅਕ ਪੱਧਰ ਉਚਿਆਣ ਵਲ ਧਿਅਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਇਸ ਗਲ ਦਾ ਵੀ ਧਿਆਨ ਰਖਣਾ ਹੋਵੇਗਾ ਕਿ ਜੇ ਇਤਨਾ ਜ਼ਿਆਦਾ ਠੋਸ ਬਹੁਮਤ ਪ੍ਰਾਪਤ ਹੋਵੇ, ਜਿਸਦੇ ਸਾਹਮਣੇ ਕੋਈ ਚੁਨੌਤੀ ਨਾ ਹੋਵੇ, ਤਾਂ ਸਹਿਜ ਵਿੱਚ ਹੀ ਕਈ ਅਜਿਹੀਆਂ ਗਲਤੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜੋ ਸੱਤਾਧਾਰੀਆਂ ਦਾ ਅਕਸ ਵਿਗਾੜਨ ਦਾ ਕਾਰਣ ਬਣ, ਮਤਦਾਤਾਵਾਂ ਤਕ ਇਹ ਸੁਨੇਹਾ ਪਹੁੰਚਾਣ ਲਗਦੀਆਂ ਹਨ ਕਿ ਉਨ੍ਹਾਂ ਭਰਮ-ਜਾਲ ਦਾ ਸ਼ਿਕਾਰ ਹੋ, ਬਦਲਾਉ ਦੇ ਹੱਕ ਵਿੱਚ ਜੋ ਫੈਸਲਾ ਦਿੱਤਾ ਹੈ, ਉਹ ਗਲਤ ਸਾਬਤ ਹੋ ਰਿਹਾ ਹੈ। ਸ਼ਾਇਦ ਇਸੇ ਸਥਿਤੀ ਦਾ ਮੁਲਾਂਕਣ ਕਰ, ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਅਤੇ ਜਨਰਲ ਸਕੱਤ੍ਰ ਸ. ਕੁਲਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿਤੀ ਹੈ ਕਿ ਉਨ੍ਹਾਂ ਨੂੰ ਆਪਣੀ ਇਸ ਜਿੱਤ ਦੇ ਪ੍ਰਭਾਵ ਨੂੰ ਬਣਾਈ ਰਖਣ ਲਈ, ਲੋਕਾਂ ਦਾ ਇਹ ਭਰਮ ਦੂਰ ਕਰਨਾ ਹੋਵੇਗਾ ਕਿ ਚੋਣਾਂ ਵਿੱਚ ਕੀਤੇ ਜਾਣ ਵਾਲੇ ਵਾਇਦੇ ਵੋਟਰਾਂ ਨੂੰ ਭਰਮਾ ਕੇ ਚੋਣਾਂ ਜਿਤਣ ਲਈ ਕੇਵਲ ‘ਚੋਣ ਲਾਲੀਪਾਪ’ ਹੀ ਹੁੰਦੇ ਹਨ, ਜਿਨ੍ਹਾਂ ਨੂੰ ਪੂਰਿਆਂ ਕਰਨਾ ਜ਼ਰੂਰੀ ਨਹੀਂ ਹੁੰਦਾ। ਉਨ੍ਹਾਂ ਨੂੰ ਕੀਤੇ ਵਾਇਦਿਆਂ ਨੂੰ ਪੂਰਿਆਂ ਕਰਨ ਲਈ ਪ੍ਰਭਾਵੀ ਰਣਨੀਤੀ ਬਨਾਣੀ ਹੋਵੇਗੀ ਅਤੇ ਉਸਦੇ ਆਧਾਰ ’ਤੇ ਵਾਇਦਿਆਂ ਨੂੰ ‘ਲਾਂਗ ਟਰਮ’ ਅਤੇ ‘ਸ਼ਾਰਟ ਟਰਮ’ ਦੇ ਹਿਸਿਆਂ ਵਿੱਚ ਵੰਡ, ਉਨ੍ਹਾਂ ਪੁਰ ਪੜਾਅ-ਦਰ-ਪੜਾਅ ਅਮਲ ਦੀ ਪ੍ਰਕ੍ਰਿਆ ਅਰੰਭ ਕਰਨੀ ਹੋਵੇਗੀ, ਨਾਲ ਹੀ ਹੋ ਰਹੇ ਕੰਮਾਂ ਦੀ ਮਾਸਕ ਸਮੀਖਿਆ ਕਰਨ ਦੀ ਜ਼ਿਮੇਂਦਾਰੀ ਵੀ ਉਨ੍ਹਾਂ ਨੂੰ ਆਪ ਸੰਭਾਲਣੀ ਹੋਵੇਗੀ। ਇਨ੍ਹਾਂ ਮੁਖੀਆਂ ਦਾ ਮੰਨਣਾ ਹੈ ਕਿ ਕਿਸੇ ਸਾਫ-ਸੁਥਰੀ ਛੱਬੀ ਵਾਲੇ ਨੂੰ ਹੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਅਨੁਸਾਰ ਗੁਰਦੁਆਰਾ ਕਮੇਟੀ ਲਈ ਚੁਣੇ ਗਏ ਦਲ ਦੇ ਮੈਂਬਰਾਂ ਵਿਚੋਂ ਇਸ ਅਹੁਦੇ ਲਈ ਜ. ਮਨਜੀਤ ਸਿੰਘ ਹੀ ਸਭ ਤੋਂ ਵੱਧ ਯੋਗ ਹਨ।
ਪ੍ਰਧਾਨਗੀ ਲਈ ਲਾਬੀ : ਦਿੱਲੀ ਗੁਰਦੁਆਰਾ ਚੋਣਾਂ ਦਾ ਪਹਿਲਾ ਪੜਾਅ ਪਾਰ ਕਰਦਿਆਂ ਹੀ, ਜਿਵੇਂ ਇਹ ਸਪਸ਼ਟ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਹੋਵੇਗਾ, ਦਲ ਦੇ ਅੰਦਰ ਹੀ ਪ੍ਰਧਾਨਗੀ ਦੇ ਅਹੁਦੇ ਲਈ ਲਾਬਿੰਗ ਸ਼ੁਰੂ ਹੋ ਗਈ। ਵਿਸ਼ਲੇਸ਼ਕਾਂ ਨੇ ਪ੍ਰਧਾਨਗੀ ਦੇ ਅਹੁਦੇ ਲਈ ਜ. ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਜ. ਅਵਤਾਰ ਸਿੰਘ ਹਿਤ ਅਤੇ ਜ. ਓਂਕਾਰ ਸਿੰਘ ਥਾਪਰ ਦੇ ਨਾਵਾਂ ਦੀ ਚਰਚਾ ਕਰਦਿਆਂ, ਇਹ ਦਾਅਵਾ ਵੀ ਕੀਤਾ ਕਿ ਜ. ਮਨਜੀਤ ਸਿੰਘ ਅਤੇ ਸ. ਮਨਜਿੰਦਰ ਸਿੰਘ ਸਿਰਸਾ ਹੀ ਸ. ਸੁਖਬੀਰ ਸਿੰਘ ਬਾਦਲ ਦੀ ‘ਗੁੱਡ ਬੁਕ’ ਵਿੱਚ ਹਨ, ਇਸ ਕਾਰਣ ਇਨ੍ਹਾਂ ਵਿਚੋਂ ਹੀ ਕੋਈ ਪ੍ਰਧਾਨ ਬਣ ਸਕਦਾ ਹੈ। ਇਹ ਦਾਅਵਾ ਕਰਨ ਵਾਲਿਆਂ ਨੇ ਇਸ ਦੌੜ ਵਿੱਚ ਜ. ਮਨਜੀਤ ਸਿੰਘ ਦੇ ਸਭ ਤੋਂ ਅਗੇ ਹੋਣ ਦਾ ਦਾਅਵਾ ਵੀ ਕੀਤਾ।
ਮਿਲੇ ਸੰਕੇਤਾਂ ਅਨੁਸਾਰ ਪ੍ਰਧਾਨਗੀ ਦੇ ਅਹੁਦੇ ਦੇ ਦਾਅਵੇਦਾਰਾਂ ਵਿੱਚ ਉਪਰੋਕਤ ਨਾਵਾਂ ਦੇ ਹੋਣ ਦੀ ਚਰਚਾ ਸ਼ੁਰੂ ਹੁੰਦਿਆਂ ਹੀ, ਉਨ੍ਹਾਂ ਵਿੱਚ ਆਪੋ-ਆਪਣੇ ਦਾਅਵੇ ਮਜ਼ਬੂਤ ਕਰਨ ਅਤੇ ਦੂਸਰਿਆਂ ਦੇ ਦਾਅਵੇ ਕਮਜ਼ੋਰ ਕਰਨ ਦੀ ਦੌੜ ਸ਼ੁਰੂ ਹੋ ਗਈ। ਦਸਿਆ ਗਿਆ ਹੈ ਕਿ ਇੱਕ-ਦੂਸਰੇ ਦੇ ਦਾਅਵੇ ਦੀ ਹਵਾ ਕਢਣ ਲਈ ਦੱਬੇ ਮੁਰਦੇ ਉਖਾੜੇ ਜਾ ਰਹੇ ਹਨ। ਜ. ਮਨਜੀਤ ਸਿੰਘ ਜੀਕੇ ਦੇ ਬਾਰੇ ਇਹ ਕਿਹਾ ਜਾਣ ਲਗਾ ਹੈ ਕਿ ਬੀਤੇ ਸਮੇਂ ਵਿੱਚ ਉਨ੍ਹਾਂ ਵਲੋਂ ਧੋਖਾ ਦਿੱਤੇ ਜਾਣ ਕਾਰਣ ਹੀ ਕਈ ਵਾਰ, ਘਟੋ-ਘਟ ਤਿੰਨ ਵਾਰ ਤਾਂ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ ਹਾਰ ਵਿੱਚ ਬਦਲ ਜਾਂਦੀ ਰਹੀ। ਇਸ ਕਾਰਣ ਉਨ੍ਹਾਂ ਪੁਰ ਫਿਰ ਤੋਂ ਭਰੋਸਾ ਕਰਨਾ, ਆਪਣੇ-ਆਪਨੂੰ ਧੋਖਾ ਦੇਣਾ ਹੋਵੇਗਾ। ਮਨਜਿੰਦਰ ਸਿੰਗ ਸਿਰਸਾ ਨੂੰ ‘ਜੂਨੀਅਰ’ ਕਹਿ, ਉਨ੍ਹਾਂ ਦੇ ਦਾਅਵੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਜ. ਅਵਤਾਰ ਸਿੰਘ ਹਿਤ ਅਤੇ ਜ. ਓਂਕਾਰ ਸਿੰਘ ਥਾਪਰ ਵਿਰੁਧ ਵੀ ਦੱਬੇ ਮੁਰਦੇ ਉਖਾੜੇ ਜਾ ਰਹੇ ਹਨ।
ਸ. ਸੁਖਬੀਰ ਸਿੰਘ ਬਾਦਲ ਦੇ ਦਿਲ ਵਿੱਚ ਕੀ ਹੈ? ਇਹ ਸਮਝਣਾ ਸਹਿਜ ਨਹੀਂ। ਕੋਈ ਨਹੀਂ ਜਾਣਦਾ ਕਿ ਉਹ ਚੁਣੇ ਹੋਏ ਮੈਂਬਰਾਂ ਵਿਚੋਂ ਹੀ ਕਿਸੇ ਦੇ ਸਿਰ ਪ੍ਰਧਾਨਗੀ ਦਾ ‘ਤਾਜ’ ਸਜਾਉਣਗੇ ਜਾਂ ਕਿਸੇ ਨਾਮਜ਼ਦ ਹੋਣ ਵਾਲੇ ਦੇ?  
ਇਹ ‘ਭੇਦ’ : ਜੋ ਕਈ ਸੁਆਲ ਖੜੇ ਕਰਦਾ ਹੈ : ਇਨ੍ਹੀਂ ਦਿਨੀਂ ਚੰਡੀਗੜ੍ਹ ਤੋਂ ਪ੍ਰਕਾਸ਼ਤ ਇਕ ਅੰਗ੍ਰੇਜ਼ੀ ਦੈਨਕ ਵਲੋਂ ਇਹ ‘ਭੇਤ’ ਖੋਲ੍ਹਿਆ ਗਿਆ ਦਸਿਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਉਨ੍ਹਾਂ 300-350 ਜਵਾਨਾਂ, ਜੋ ਦਿੱਲੀ ਵਿੱਚ ਬਾਦਲ ਅਕਾਲੀ ਦਲ ਦੇ ਦਿੱਲੀ ਵਿਚਲੇ ਅਗੂਆਂ ਦੇ ‘ਸਟੇਟਸ ਸਿੰਬਲ’ ਦੇ ਰੂਪ ਵਿੱਚ, ਉਨ੍ਹਾਂ ਦੀ ਸੁਰਖਿਆ ਪੁਰ ਤੈਨਾਤ ਸਨ, ਦਿੱਲੀ ਗੁਰਦੁਆਰਾ ਚੋਣਾਂ ਦੌਰਾਨ ‘ਮੁਸਤੈਦੀ ਭਰੀ’ ਜ਼ਿਮੇਂਦਾਰੀ ਨਿਭਾਂਦੇ ਰਹੇ। ਇਹ ਗਲ ਸੱਚ ਹੈ ਤਾਂ ਸੁਆਲ ਉਠਦਾ ਹੈ ਕਿ ਜੇ ਗੁਰਦੁਆਰਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਦੇ ਇਹ 300-350 ਬਾਵਰਦੀ ਜਵਾਨ ਦਿੱਲੀ ਵਿੱਚ ਤੈਨਾਤ ਹੋ ‘ਮੁਸਤੈਦੀ ਭਰੀ ਜ਼ਿਮੇਂਦਾਰੀ’ ਨਿਭਾਂਦੇ ਰਹੇ ਸਨ, ਤਾਂ ਸੰਭਵ ਹੈ ਕਿ ਸਾਦੇ ਕਪੜਿਆਂ ਵਿੱਚ ਇਨ੍ਹਾਂ ਤੋਂ ਕਿਤੇ ਵੱਧ ਹੀ ਜਵਾਨ ਤੈਨਾਤ ਰਹੇ ਹੋਣਗੇ। ਹੈਰਾਨੀ ਦੀ ਗਲ ਹੈ ਕਿ ਇੱਕ ਪ੍ਰਦੇਸ਼ ਦੀ ਪੁਲਿਸ ਦੇ ਇਤਨੇ ਜਵਾਨ ਦੇਸ਼ ਦੇ ਦੂਸਰੇ ਪ੍ਰਦੇਸ਼ ਅਤੇ ਉਹ ਵੀ ਦੇਸ਼ ਕੀ ਰਾਜਧਾਨੀ, ਦਿੱਲੀ ਵਿੱਚ ਲੰਬੇ ਸਮੇਂ ਤੋਂ ਤੈਨਾਤ ਚਲੇ ਆ ਰਹੇ ਹਨ। ਪ੍ਰੰਤੂ ਨਾ ਤਾਂ ਦਿੱਲੀ ਪ੍ਰਦੇਸ਼ ਦੀ ਸਰਕਾਰ ਨੇ ਹੀ ਅਤੇ ਨਾ ਹੀ ਕੇਂਦ੍ਰੀ ਗ੍ਰਹਿ ਵਿਭਾਗ ਨੇ ਅੱਜ ਤਕ ਇਸਦਾ ਕੋਈ ਨੋਟਿਸ ਲਿਆ।
ਅਕਾਲੀ ਮੁਖੀਆਂ ਦਾ ਗਿਆਨ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਮੁਖੀ ਨੇ ਮੰਗ ਕੀਤੀ ਹੈ ਕਿ ਦਿੱਲੀ ਦੀ ਮੁੱਖ ਮੰਤ੍ਰੀ ਸ਼ੀਲਾ ਦੀਕਸ਼ਿਤ ਨੂੰ ਸ੍ਰੀ ਅਕਾਲ ਤਖਤ ਪੁਰ ਹਾਜ਼ਰ ਹੋ ਮੁਾਅਫੀ ਮੰਗਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਸਰਨਾ-ਭਰਾਵਾਂ ਨਾਲ ਮਿਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ, ਜਦਕਿ ਸ੍ਰੀ ਅਕਾਲ ਤਖਤ ਤੋਂ ਇਹ ਪੁਰਬ 18 ਜਨਵਰੀ ਨੂੰ ਮਨਾਏ ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਸਿੱਖਾਂ ਦੀ ਪ੍ਰਤੀਨਿਧ ਹੋਣ ਦੀ ਇੱਕਲੌਤੀ ਦਾਅਵੇਦਾਰ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਇਤਨਾ ਤਾਂ ਪਤਾ ਹੋਣਾ ਹੀ ਚਾਹੀਦਾ ਹੈ ਕਿ ਸਿੱਖੀ ਦੀਆਂ ਮਾਨਤਾਵਾਂ ਅਨੁਸਾਰ ਅਕਾਲ ਤਖਤ ਪੁਰ ਉਨ੍ਹਾਂ ਨੂੰ ਹੀ ਬੁਲਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਵਿਰੁਧ ਹੀ ਉਥੋਂ ਧਾਰਮਕ ਮਾਨਤਾਵਾਂ ਅਨੁਸਾਰ ਕਾਰਵਾਈ ਹੋ ਸਕਦੀ ਹੈ, ਜੋ ਸਿੱਖ ਧਰਮ ਦਾ ਅਨੁਆਈ ਹੋਵੇ ਅਤੇ ਜਿਸਦੀ ਸਿੱਖੀ ਦੀਆਂ ਮਾਨਤਾਵਾਂ ਵਿੱਚ ਸ਼ਰਧਾ ਅਤੇ ਆਸਥਾ ਹੋਵੇ, ਕਿਸੇ ਹੋਰ ਦੇ ਵਿਰੁਧ ਨਹੀਂ।
ਜੇ 18 ਜਨਵਰੀ ਦੀ ਬਜਾਏ ਕਿਸੇ ਹੋਰ ਦਿਨ ਜਾਂ ਉਸਦੇ ਅਗੇ-ਪਿਛੇ ਕਿਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਾਨਾਇਆ ਜਾਣਾ, ਸਿੱਖੀ ਮਰਿਆਦਾ ਦੇ ਵਿਰੁਧ ਹੈ ਤਾਂ ਉਹ ਸਾਰੀਆਂ ਹੀ ਸੰਸਥਾਵਾਂ ‘ਦੋਸ਼ੀ’ ਹਨ, ਜੋ ਰਾਗੀ ਜਥਿਆਂ ਤੇ ਪ੍ਰਚਾਰਕਾਂ ਦੀ ਉਪਲਬਧਤਾ ਦੇ ਆਧਾਰ ’ਤੇ ਕਿਸੇ ਹੋਰ ਦਿਨ ਇਹ ਪੁਰਬ ਮਨਾਂਦੀਆਂ ਚਲੀਆਂ ਆ ਰਹੀਆਂ ਹਨ।
    ਚੰਗਾ ਹੋਵੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਗੁਰਪੁਰਬਾਂ ਦੇ ਨਾਂ ਤੇ ਵਰਤੇ ਜਾਂਦੇ ਚਲੇ ਆ ਰਹੇ ਅਕਾਲ ਤਖਤ ਦੇ ਚੈਪਟਰ ਨੂੰ ਬੰਦ ਕਰ ਦੇਣ, ਕਿਉਂਕਿ ਜੇ ਦਿੱਲੀ ਦੇ ਸਿੱਖਾਂ ਸਾਹਮਣੇ ਇਹ ਭੇਤ ਖੁਲ੍ਹ ਗਿਆ ਕਿ ਇਸ ਮੁੱਦੇ ਨੂੰ ਨਿਜੀ ਸੁਆਰਥ ਅਧੀਨ, ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸ. ਸਰਨਾ ਵਿਰੁਧ ਉਭਾਰ, ਉਨ੍ਹਾਂ ਦਾ ਸ਼ੋਸ਼ਣ ਕੀਤਾ ਗਿਆ ਹੈ, ਨਹੀਂ ਤਾਂ ਇਸ ਹਮਾਮ ਵਿੱਚ ਉਹ ਆਪ ਵੀ ਨੰਗੇ ਹਨ। ਤਾਂ ਉਨ੍ਹਾਂ ਨੂੰ ਆਪਣੇ ਫੈਸਲੇ ਪੁਰ ਪਛਤਾਵਾ ਹੋਣ ਲਗੇਗਾ।
    ...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਜਦੋਂ ਦਿੱਲੀ ਗੁਰਦੁਆਰਾ ਚੋਣਾਂ ਦੇ ਅੰਤਿਮ ਨਤੀਜੇ ਆ ਰਹੇ ਸਨ ਤਾਂ ਬਾਦਲ ਅਕਾਲੀ ਦਲ ਦਾ ਇੱਕ ਮੁਖੀ ਦਿੱਲੀ ਦੀ ਮੁੱਖ ਮੰਤ੍ਰੀ ਦੀ ਕੋਠੀ ਉਨ੍ਹਾਂ ਦਾ ਧੰਨਵਾਦ ਕਰਨ ਅਤੇ ਸਰਨਾ ਅਕਾਲੀ ਦਲ ਦਾ ਇੱਕ ਜੇਤੂ ਮੈਂਬਰ ਸ. ਸੁਖਬੀਰ ਸਿੰਘ ਬਾਦਲ ਦੀ ਕੋਠੀ ਉਨ੍ਹਾਂ ਨੂੰ ਵਧਾਈ ਦੇਣ ਪੁਜਾ ਹੋਇਆ ਸੀ।

-ਜਸਵੰਤ ਸਿੰਘ ‘ਅਜੀਤ’
    98689 17731 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.