ਸਮਾਜ ਨੂੰ ਰਾਹ ਦਸੇਰਾ ਹੋ ਨਿਬੜੇ ਗੁਰਮਤਿ ਅਨੁਸਾਰੀ ਅਨੰਦ-ਕਾਰਜ
ਕਿਰਪਾਲ ਸਿੰਘ ਬਠਿੰਡਾ, ਮੋਬ: 9854480797
ਅਖੌਤੀ ਨੱਕ ਰੱਖਣ ਦੀ ਹੋੜ ਅਤੇ ਵੇਖਾ ਵੇਖੀ ਦੀ ਭੇਡ ਚਾਲ ਵਿੱਚ ਫਸ ਕੇ ਵਿੱਤੋਂ ਬਾਹਰੇ ਹੋ ਕੇ ਵਿਆਹਾਂ ਸ਼ਾਦੀਆਂ ’ਤੇ ਕੀਤੇ ਜਾ ਰਹੇ ਬੇਤਹਾਸ਼ਾ ਖਰਚੇ ਅਤੇ ਸੱਭਿਆਚਾਰ ਤੇ ਮਨੋਰੰਜਨ ਦੇ ਨਾਮ ’ਤੇ ਫੈਲਾਈ ਜਾ ਰਹੀ ਅਸਭਿਅਤਾ ਤੇ ਲੱਚਰਤਾ ਅੱਜ ਸਾਡੇ ਸਮਾਜ ਲਈ ਇਕ ਚੁਣੌਤੀ ਵਜੋਂ ਉੱਭਰ ਰਹੀ ਹੈ। ਸਿੱਟੇ ਵਜੋਂ ਪ੍ਰਵਾਰਕ ਪਵਿੱਤਰ ਰਿਸ਼ਤਿਆਂ ਵਿੱਚ ਤਨਾਅ ਤੇ ਤਲਾਕਾਂ ਦੀ ਵਧ ਰਹੀ ਗਿਣਤੀ ਆਦਿਕ ਸਮੱਸਿਆਵਾਂ ਤਾਂ ਸਾਹਮਣੇ ਆ ਹੀ ਰਹੀਆਂ ਹਨ ਪਰ ਇਸ ਤੋਂ ਅੱਗੇ ਕਰਜੇ ਦੀ ਮਾਰ ਹੇਠ ਆਏ ਗਰੀਬ ਕਿਸਾਨਾਂ ਦੀਆਂ ਵੱਧ ਰਹੀਆਂ ਖ਼ੁਦਕਸ਼ੀਆਂ ਤੇ ਭਰੂਣ ਹੱਤਿਆ ਵਰਗੀਆਂ ਸ਼ਰਮਨਾਕ ਘਟਨਾਵਾਂ ਦਾ ਮੁੱਖ ਕਾਰਣ ਵੀ ਕਿਤੇ ਨਾ ਕਿਤੇ ਜਾ ਕੇ ਵਿਆਹਾਂ ’ਤੇ ਕੀਤੇ ਜਾ ਰਹੇ ਬੇਤਹਾਸ਼ਾ ਖਰਚੇ ਹੀ ਹਨ; ਜਿਨ੍ਹਾਂ ਤੋਂ ਬਚਣ ਲਈ ਹਰ ਧਾਰਮਿਕ ਤੇ ਸਮਾਜਕ ਜਥੇਬੰਦੀ ਦਾ ਫਰਜ ਬਣਦਾ ਹੈ ਕਿ ਉਹ ਵਿਆਹ ਸ਼ਾਦੀਆਂ ਕਰਨ ਸਮੇਂ ਪਵਿੱਤਰ ਧਾਰਮਿਕ ਮਰਿਆਦਾਵਾਂ ਨਿਭਾਉਣ ਤੋਂ ਬਿਨਾਂ ਬਾਕੀ ਸਾਰੀਆਂ ਫਾਲਤੂ ਦੀਆਂ ਰਸਮਾਂ ਰਿਵਾਜਾਂ ਅਤੇ ਫਜੂਲ ਖਰਚੀ ਨੂੰ ਤਿਲਾਂਜਲੀ ਦੇਣ ਦਾ ਪ੍ਰਚਾਰ ਕਰਨ ਅਤੇ ਆਪਣੇ ਪ੍ਰਵਾਰਾਂ ਦੇ ਵਿਆਹ ਸਮਾਗਮ ਬਿਲਕੁਲ ਸਾਦੇ ਢੰਗ ਨਾਲ ਕਰਕੇ ਦੂਸਰਿਆਂ ਲਈ ਇੱਕ ਮਿਸਾਲ ਪੇਸ਼ ਕਰਨ।
ਮਿਸ਼ਨਰੀ ਕਾਲਜਾਂ ਨਾਲ ਜੁੜੇ ਇੱਕ ਸਾਧਾਰਨ ਕ੍ਰਿਤੀ ਸਿੱਖ ਭਾਈ ਮੇਜਰ ਸਿੰਘ ਨਿਵਾਸੀ ਬਾਬਾ ਦੀਪ ਸਿੰਘ ਨਗਰ, ਬਠਿੰਡਾ ਦੀਆਂ ਦੋ ਸਪੁਤਰੀਆਂ ਦੇ ਗੁਰਮਤਿ ਅਨੁਸਾਰੀ ਅਨੰਦ ਕਾਰਜ ਗੁਰਦੁਆਰਾ ਭਾਈ ਜਗਤਾ ਜੀ, ਬਠਿੰਡਾ ਵਿਖੇ ਪਿਛਲੀ 20 ਅਪ੍ਰੈਲ ਨੂੰ ਹੋਏ ਜੋ ਸਮਾਜ ਲਈ ਇੱਕ ਮਿਸਾਲ ਹੋ ਨਿਬੜੇ। ਪ੍ਰਵਾਰਕ ਨਿਰਵਾਹ ਲਈ ਆਪਣੀ ਕ੍ਰਿਤ ਕਰਦੇ ਹੋਏ ਭਾਈ ਮੇਜਰ ਸਿੰਘ ਹਰ ਸਾਲ ਆਪਣੇ ਮਹੱਲੇ ਦੇ ਗੁਰਦੁਆਰੇ ਵਿੱਚ ਬੱਚਿਆਂ ਨੂੰ ਗੁਰਮਤਿ ਵਿੱਦਿਆ ਦੇਣ ਲਈ ਸਮਾਂ ਕੱਢ ਕੇ ਕਲਾਸਾਂ ਲਾਉਂਦੇ ਹਨ ਤੇ ਬੱਚਿਆਂ ਨੂੰ ਹਰ ਸਾਲ ਸਿੱਖ ਮਿਸ਼ਨਰੀ ਕਾਲਜ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਦਾਖਲਾ ਲੈਣ ਲਈ ਪ੍ਰੇਰਣਾ ਦਿੰਦੇ ਹਨ ਅਤੇ ਪ੍ਰੀਖਿਆ ਵਿੱਚੋਂ ਸਫਲ ਹੋਏ ਬੱਚਿਆਂ ਨੂੰ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਯੋਗ ਇਨਾਮਾਂ ਨਾਲ ਸਨਮਾਨਤ ਕਰਵਾ ਕੇ ਬੱਚਿਆਂ ਨੂੰ ਉਤਸ਼ਾਹਤ ਕਰਦੇ ਰਹਿੰਦੇ ਹਨ। ਆਪਣੀਆਂ ਦੋਵੇਂ ਬੇਟੀਆਂ ਤੇ ਬੇਟੇ ਨੂੰ ਗੁਰਮਤਿ ਵਿੱਦਿਆ ਅਤੇ ਚੰਗੇ ਸੰਸਕਾਰ ਦੇਣ ਤੋਂ ਇਲਾਵਾ ਆਪਣੇ ਵਿੱਤ ਤੋਂ ਵੱਧ ਦੁਨਿਆਵੀ ਵਿਦਿਆ ਦੇਣ ਵਿੱਚ ਵੀ ਆਪਣੀ ਪੂਰੀ ਜਿੰਮੇਵਾਰੀ ਨਿਭਾਈ। ਦੋਵੇਂ ਲੜਕੀਆਂ ਵਿਆਹ ਦੇ ਯੋਗ ਹੋਣ ’ਤੇ ਪਿਤਾ ਵਾਲੀ ਜਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਲਈ ਵਰ ਚੁਣਨ ਸਮੇਂ ਜਾਤ ਗੋਤ ਨੂੰ ਪ੍ਰਮੁਖਤਾ ਦੇਣ ਦੀ ਵਜਾਏ ਕੇਵਲ ਯੋਗਤਾ ਤੇ ਗੁਰਮਤਿ ਵਿੱਚ ਪ੍ਰਪਕਤਾ ਵਰਗੇ ਗੁਣਾ ਦੇ ਅਧਾਰ ’ਤੇ ਚੋਣ ਕੀਤੀ। ਮਿਥੇ ਸਮੇਂ ’ਤੇ ਦੋਵੇਂ ਬਰਾਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ। ਦੋਵੇਂ ਲਾੜੇ ਗੁਰਮੁਖੀ ਬਾਣੇ ਵਿੱਚ ਦਰਸ਼ਨੀ ਸਿੰਘ ਜਾਪ ਰਹੇ ਸਨ। ਗੁਰਮਤਿ ਵਿੱਚ ਪ੍ਰਪੱਕ ਹੋਣ ਕਰਕੇ ਨਾ ਹੀ ਉਨ੍ਹਾਂ ਨੇ ਕੋਈ ਸਿਹਰਾ ਕਲਗੀ ਪਹਿਨੇ ਹੋਏ ਸਨ ਅਤੇ ਨਾ ਹੀ ਆਮ ਬਰਾਤਾਂ ਦੇ ਢੁਕਾਉ ਸਮੇਂ ਹੋਣ ਵਾਲੇ ਢੋਲ ਢਮੱਕੇ ਅਤੇ ਭੰਗੜੇ ਦਾ ਨਾਮੋ ਨਿਸ਼ਾਨ ਸੀ। ਮਿਲਣੀ ਦੇ ਨਾਮ ’ਤੇ ਕੰਬਲਾਂ ਅਤੇ ਮੁੰਦਰੀਆਂ ਲੈਣ ਦੇਣ ਵਾਲੀ ਫੋਕੀ ਸ਼ੋਹਰਤ ਵਾਲੀ ਵੀ ਕੋਈ ਰਸਮ ਨਹੀਂ ਹੋਈ। ਬਰਾਤ ਨੇ ਸਾਰੀ ਸੰਗਤ ਨਾਲ ਮਿਲ ਕੇ ਚਾਹ ਪਾਣੀ ਛਕਿਆ। ਉਪ੍ਰੰਤ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਇਲਾਹੀ ਬਾਣੀ ਦਾ ਕੀਰਤਨ ਹੋਇਆ। ਸਿੱਖ ਮਿਸ਼ਨਰੀ ਕਾਲਜ ਦੇ ਭਾਈ ਸੁਰਜੀਤ ਸਿੰਘ ਨੇ ਗੁਰੂ ਰਾਮਦਾਸ ਜੀ ਵੱਲੋਂ ਸੂਹੀ ਰਾਗੁ ਵਿੱਚ ਰਚੀਆਂ ਚਾਰ ਲਾਵਾਂ ਦੇ ਪਾਠ ਦੀ ਵਿਆਖਿਆ ਕਰਦਿਆਂ ਇਸ ਵਿੱਚ ਦਰਜ ਉਪਦੇਸ਼ਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣ ਦੀ ਪ੍ਰੇਰਣਾਂ ਦਿੱਤੀ। ਜਿੱਥੇ ਦੋਵੇਂ ਲਾੜੇ ਗੁਰਮੁਖੀ ਬਾਣੇ ਵਿੱਚ ਸਨ ਉਥੇ ਦੋਵੇਂ ਲੜਕੀਆਂ ਵੀ ਗੁਰਮੁਖੀ ਬਾਣੇ ਵਿੱਚ ਸੁਸ਼ੋਭਿਤ ਸਨ। ਕਿਸੇ ਤਰ੍ਹਾਂ ਬਨਾਉਟੀ ਮੇਕ-ਅੱਪ ਨਹੀਂ ਸੀ ਕੀਤੇ ਅਤੇ ਨਾ ਹੀ ਲਹਿੰਗਾ ਆਦਿਕ ਪਹਿਨਿਆਂ ਸੀ। ਵੱਡੀ ਬੇਟੀ ਬੀਬੀ ਗੁਰਜੀਤ ਕੌਰ ਦਾ ਅਨੰਦ ਕਾਰਜ ਕਾਕਾ ਹਰਪਾਲ ਸਿੰਘ ਸਪੁੱਤਰ ਸ: ਜੋਗਿੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਛੋਟੀ ਬੇਟੀ ਬੀਬੀ ਸੰਦੀਪ ਕੌਰ ਦਾ ਅਨੰਦ ਕਾਰਜ ਕਾਕਾ ਗੁਰਪ੍ਰੀਤ ਸਿੰਘ ਸਪੁੱਤਰ ਸ: ਸ਼ਵਿੰਦਰ ਸਿੰਘ ਵਾਸੀ ਕਰਤਾਰ ਕਲੌਨੀ, ਬਠਿੰਡਾ ਨਾਲ ਸਿੱਖ ਰਹਿਤ ਮਰਿਆਦਾ ਮੁਤਾਬਿਕ ਪੂਰਨ ਗੁਰ ਮਰਿਆਦਾ ਅਨੁਸਾਰ ਸੰਪੰਨ ਹੋਇਆ। ਗੁਰਦੁਆਰਾ ਬੰਗਲਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਅੰਗਰੇਜ ਸਿੰਘ ਜੋ ਵਿਸ਼ੇਸ਼ ਤੌਰ ’ਤੇ ਅਨੰਦਕਾਰਜ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਨੇ ਅਰਦਾਸ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਲੈਣ ਉਪ੍ਰੰਤ ਗੁਰਮਤਿ ਵੀਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਬਹੁਤ ਸਾਰੇ ਅਨੰਦਕਾਰਜ ਵੇਖੇ ਹਨ ਅਤੇ ਗੁਰੂਘਰ ਦੇ ਸੇਵਾਦਾਰ ਹੋਣ ਨਾਤੇ ਅਨੇਕਾਂ ਅਨੰਦਕਾਰਜਾਂ ਦੀ ਮਰਿਆਦਾ ਵੀ ਨਿਭਾਈ ਹੈ ਪਰ ਉਹ ਕਹਿ ਸਕਦੇ ਹਨ ਕਿ ਇਹ ਅਨੰਦਕਾਰਜ ਪਹਿਲੇ ਐਸੇ ਅਨੰਦ ਕਾਰਜ ਹਨ ਜਿਸ ਨੂੰ ਉਹ ਸਕਦੇ ਹਨ ਕਿ ਇਹ ਪੂਰਨ ਤੌਰ ’ਤੇ ਗੁਰਮਤਿ ਅਨੁਸਾਰੀ ਅਤੇ ਸਿੱਖ ਰਹਿਤ ਮਰਿਆਦਾ ਮੁਤਾਬਿਕ ਹੋਏ ਹਨ।
ਮਿਸ਼ਨਰੀ ਕਾਲਜ ਦੇ ਬਠਿੰਡਾ ਸਰਕਲ ਵੱਲੋਂ ਦੋਵੇਂ ਨਵ ਵਿਆਹੁਤਾ ਜੋੜਿਆਂ ਨੂੰ ਇੱਕ ਇੱਕ ਸੈੱਟ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਿਆ ਪੋਥੀਆਂ ਸ਼ਗਨ ਵਜੋਂ ਭੇਟ ਕਰਕੇ ਕ੍ਰਿਤ ਕਾਰ ਕਰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਆਪਣੇ ਸਹਿਜ ਪਾਠ ਜਾਰੀ ਰੱਖਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ।
ਅਨੰਦ ਕਾਰਜ ਦੀ ਸਮਾਪਤੀ ਉਪ੍ਰੰਤ ਭਾਈ ਹਰਦੀਪਕ ਸਿੰਘ ਦੀ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੌਹਰ ਵਿਖਾਏ। ਉਪ੍ਰੰਤ ਸਾਰੀ ਸੰਗਤ ਨੇ ਪੰਕਤਾਂ ਵਿੱਚ ਬੈਠ ਕੇ ਲੰਗਰ ਛਕਿਆ। ਇਸ ਤੋਂ ਇਲਾਵਾ ਮਨੋਰੰਜਨ ਦੇ ਨਾਮ ’ਤੇ ਕੋਈ ਗਾਉਣ ਵਜਾਉਣ ਜਾਂ ਆਰਕੈਸਟਰਾ ਅਤੇ ਇੱਥੋਂ ਤੱਕ ਕਿ ਔਰਤਾਂ ਵੱਲੋਂ ਗੀਤ ਸਿੱਠਣੀਆਂ ਜਾਂ ਹੋਰ ਕੋਈ ਅਖੌਤੀ ਰਸਮ ਵੀ ਨਹੀਂ ਹੋਈ। ਲੰਗਰ ਛਕਣ ਉਪ੍ਰੰਤ ਦੋਵਾਂ ਲੜਕੀਆਂ ਦੀਆਂ ਡੋਲੀਆਂ ਨੂੰ ਜੈਕਾਰਿਆਂ ਦੀ ਗੂੰਜ ਨਾਲ ਵਿਦਾ ਕੀਤਾ ਗਿਆ। ਭਾਈ ਮੇਜਰ ਸਿੰਘ ਵੱਲੋਂ ਪੰਜ-ਪੰਜ ਸੌ ਰੁਪਏ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਬਠਿੰਡਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਨੂੰ ਧਰਮ ਪ੍ਰਚਾਰ ਹਿੱਤ ਸਹਾਇਤਾ ਵਜੋ ਦਿੱਤੇ ਗਏ।
ਕਿਰਪਾਲ ਸਿੰਘ ਬਠਿੰਡਾ
ਸਮਾਜ ਨੂੰ ਰਾਹ ਦਸੇਰਾ ਹੋ ਨਿਬੜੇ ਗੁਰਮਤਿ ਅਨੁਸਾਰੀ ਅਨੰਦ-ਕਾਰਜ
Page Visitors: 2779