ਢੱਡਰੀਆਂ ਵਾਲਿਆਂ ਤੇ ਹਮਲਾ:
ਸਰਕਾਰੀ ਸ਼ਹਿ ਤੇ ਧਾਰਮਿਕ ਅਤਿਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਪਛਾੜਨ ਦਾ ਸਮਾ ਆ ਗਿਆ ਹੈ
ਜੂਨ 84 ਤੋਂ ਬਾਅਦ ਪਹਿਲਾਂ ਕੇਂਦਰੀ ਸਰਕਾਰ ਦੀ ਤੇ ਹੁਣ ਸੰਘ-ਬਾਦਲ-ਭਾਜਪਾ ਸਮਰਥਕ ਬਣ ਚੁੱਕੀ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਹਰਨਾਮ ਸਿੰਘ ਧੁੰਮਾ ਦੇ ਕਥਿਤ ਤੋਰ ਤੇ ਆਪਣੇ ਪ੍ਰਚਾਰ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਬੋਲਣ ਤੋਂ ਬਾਅਦ ਲੁਧਿਆਣਾ ਵਿਖੇ ਕੀਤਾ ਗਿਆ ਜਾਨ ਲੇਵਾ ਹਮਲਾ ਅਤਿ ਨਿੰਦਨੀਐ, ਕਾਇਰਾਨਾ ਅਤੇ ਸਿੱਖੀ ਰਵਾਇਤਾਂ ਨੂੰ ਹੀ ਕਤਲ ਕਰ ਦੇਣਾ ਵਾਲਾ ਕਾਰਾ ਹੈ। ਇਸ ਵਿਚ ਭਾਈ ਭੁਪਿੰਦਰ ਸਿੰਘ ਖ਼ਾਸੀ ਕਲਾਂ ਸਮੇਤ ਉਨ੍ਹਾਂ ਦੇ ਇੱਕ ਸਮਰਥਕ ਦੀ ਗੋਲੀਆਂ ਮਾਰਨ ਕਾਰਨ ਮੌਤ ਹੋ ਚੁੱਕੀ ਹੈ। ਬਾਦਲ ਸਮਰਥਕਾਂ ਦੀ ਪੁਸ਼ਤ ਪਨਾਹੀ ਹੀ ਹਮੇਸ਼ਾ ਪੰਜਾਬ ਵਿਚ ਅਤਿਵਾਦ ਅਤੇ ਵੱਖਵਾਦ ਖੜ੍ਹਾ ਕਰਦੀ ਆ ਰਹੀ ਹੈ । ਇਹ ਵੀ ਉਸੇ ਦਾ ਹੀ ਇੱਕ ਅਗਲਾ ਪਹਿਲੂ ਹੈ। ਇਹ ਕਿਸ ਦੇ ਪੱਖ ਵਿਚ ਜਾਏਗਾ ਇਹ ਹੁਣ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਇਹੋ ਗੱਲ ਮੈਂ ਸਰਬੱਤ ਖ਼ਾਲਸਾ ਦੇ ਸਬੰਧ ਵਿਚ ਵੀ ਕਹੀ ਸੀ ਤੇ ਹੁਣ ਫੇਰ ਕਹਿ ਰਿਹਾ ਹਾਂ। ਸਿੱਖੋਂ ਸਾਵਧਾਨ ਹੋਵੋ...
ਸ੍ਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚਲੀ ਗ੍ਰਹਿ ਮੰਤਰੀ ਦੀ ਪਦਵੀ ਅਧੀਨ ਸਿੱਖ ਧਰਮ ਅਜਿਹੀਆਂ ਕਦੇ ਨਾ ਪੂਰੀਆਂ ਕੀਤੀਆਂ ਜਾ ਸਕਣ ਵਾਲੀਆਂ ਮਾਰੂ ਕਾਰਵਾਈਆਂ ਦਾ ਸ਼ਿਕਾਰ ਬਣਾ ਲਿਆ ਗਿਆ ਹੈ ਜਿਸ ਦਾ ਅੰਦਾਜ਼ਾ ਹਾਲੇ ਸਿੱਖਾਂ ਨੂੰ ਵੀ ਆਮ ਕਰਕੇ ਹੋਰ ਦੋ ਦਹਾਕੇ ਬਾਅਦ ਹੀ ਸਮਝ ਆਵੇਗਾ। ਪਰ ਇੱਕ ਗੱਲ ਸਪਸ਼ਟ ਹੋ ਕੇ ਸਾਹਮਣੇ ਆ ਗਈ ਹੈ ਕਿ ਇਹ ਲੋਕ ਆਪਣੀਆਂ ਅਧਰਮੀ ਕਾਰਵਾਈਆਂ ਦੇ ਖ਼ਿਲਾਫ਼ ਵੀ ਧਰਮ ਪ੍ਰਚਾਰਕ ਲੋਕਾਂ ਦੀ ਵੀ ਜ਼ਬਾਨ ਅਤੇ ਆਵਾਜ਼ ਬੰਦ ਕਰਵਾਉਣਾ ਚਾਹੁੰਦੇ ਹਨ।
ਪੰਜਾਬ ਵਿਚਲੇ ਰਾਜ ਨੂੰ ਵੇਖ ਕੇ ਤਾਂ ਹੁਣ ਜੰਗਲ ਰਾਜ ਵੀ ਸ਼ਰਮਸਾਰ ਹੋਇਆ ਪਿਆ ਹੈ। ਨਿਰਪੱਖ ਸੱਚ ਕਹਿਣ ਵਾਲਿਆਂ ਲਈ ਹੁਣ ਪੰਜਾਬ ਵਿਚ ਸਿਵਾ ਮੌਤ ਤੋਂ ਹੋਰ ਕੁੱਝ ਵੀ ਨਹੀਂ ਬਚਿਆਂ ਹੈ। ਮੈਂ ਇਹੋ ਗੱਲ ਜਦੋਂ ਸੁਖਬੀਰ ਨੇ ਕਮਿਸ਼ਰੇਟ ਪ੍ਰਣਾਲੀ ਦਾ ਆਰੰਭ ਕੀਤਾ ਸੀ ਤੇ ਉਸ ਦਾ ਪੰਜਾਬ ਵਿਚ ਸਭ ਤੋਂ ਪਹਿਲਾਂ ਸ਼ਿਕਾਰ ਮੈਨੂੰ ਮੇਰੀ ਪਤਨੀ ਅਤੇ ਮੇਰੇ ਦਲ ਦੇ ਹੋਰ ਸੀਨੀਅਰ ਅਹੁਦੇਦਾਰਾਂ ਨੂੰ ਜਬਰੀ ਜਲੰਧਰ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ, ਉਸ ਵਕਤ ਪੰਜਾਬ ਦੇ ਲੋਕਾਂ ਨੂੰ ਕਹੀ ਸੀ। ਤੇ ਜਦੋਂ ਸਾਡੇ ਤੇ ਅਕਾਲੀ ਭਾਜਪਾ ਵਰਕਰਾਂ ਨੇ ਨੰਗਲ ਵਿਖੇ ਜਾਨਲੇਵਾ ਹਮਲਾ ਕਰ ਕੇ ਗੱਡੀ ਵਿਚ ਹੀ ਸਾੜ ਦੇਣ ਦਾ ਜਤਨ ਕੀਤਾ ਸੀ ਉਸ ਵਕਤ ਅਸੀਂ ਲੋਕਾਂ ਨੂੰ ਆਗਾਹ ਕੀਤਾ ਸੀ ਕਿ ਪੰਜਾਬ ਵਿਚ ਬਾਦਲ ਸਰਕਾਰ ਧਰਮ, ਬੋਲਣ, ਵਿਚਾਰ ਪ੍ਰਗਟਾਉਣ ਅਤੇ ਰਾਜਨੀਤਕ ਪ੍ਰਚਾਰ ਕਰਨ ਦੀ ਸੰਵਿਧਾਨਿਕ ਗਰੰਟੀ ਸ਼ੁਦਾ ਸੁਤੰਤਰਤਾ ਵੀ ਖੋਹਣ ਲੱਗ ਪਈ ਹੈ ਤਾਂ ਸਾਡਾ ਕਿਸੇ ਸਾਥ ਨਹੀਂ ਸੀ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਭਰਪੂਰ ਸ਼ਹਾਦਤ ਤੋਂ ਲੈ ਕੇ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹੋਏ ਹਮਲੇ ਤੱਕ ਦਾ ਇਹ ਸਮਾਂ ਇਸ ਤੱਥ ਦੀ ਪ੍ਰੋੜ੍ਹਤਾ ਹੀ ਕਰਦਾ ਹੈ ਕਿ ਪੰਜਾਬ ਵਿਚ ਧਰਮੀ ਸਿੱਖਾਂ ਦੇ ਸੰਵਿਧਾਨਿਕ ਹੱਲ ਅਤੇ ਧਰਮ ਹੁਣ ਸੁਰੱਖਿਅਤ ਨਹੀਂ ਹੈ ਤੇ ਇਸ ਨੂੰ ਸਭ ਤੋਂ ਵੱਧ ਖ਼ਤਰਾ ਸੱਤਾਧਾਰੀ ਧਿਰ ਅਤੇ ਉਸ ਦੇ ਪਤਲੇ ਗੈਂਗ ਧਾਰੀ ਧੜਿਆਂ ਤੋਂ ਹੀ ਹੈ। ਸ਼ਾਇਦ ਸਿੱਖ ਕਦੇ ਆਪਣੇ ਭਵਿੱਖ ਬਾਰੇ ਇੱਕ ਸੁਰ ਹੋ ਕੇ ਸੋਚਣ ਦੀ ਸਿਆਣਪ ਕਰ ਸਕਣ।
ਅਸੀਂ ਇਸ ਹਮਲੇ ਅਤੇ ਸ੍ਰੀ ਧੁੰਮਾਂ ਤੇ ਉਸ ਦੇ ਸਮਰਥਕਾਂ ਦੀ ਬਾਦਲ ਦੇ ਹੱਥ-ਠੋਕੇ ਬਣ ਕੇ ਪੰਜਾਬ ਵਿਚ ਬਾਦਲਕਿਆਂ ਵੱਲੋਂ ਫੈਲਾਈ ਜਾ ਰਹੀ ਅਜਿਹੀ ਅਰਾਜਕਤਾ ਦੀ ਘੋਰ ਨਿੰਦਾ ਕਰਦੇ ਹਾਂ ਤੇ ਲੋਕਾਂ ਤੋਂ ਇਸ ਨੂੰ ਠੱਲ੍ਹਣ ਦੀ ਮੰਗ ਕਰਦੇ ਹਾਂ। ਸਿੱਖਾਂ ਨੂੰ ਹੁਣ ਫ਼ੈਸਲਾ ਕਰਨਾ ਪੈਣਾ ਹੈ ਕਿ ਉਹ ਕਿਸ ਨਾਲ ਖੜਨਾ ਚਾਹੁੰਦੇ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ, ਕਰਵਾਉਣ ਵਾਲੀਆਂ ਸੱਤਾਧਾਰੀ ਧਿਰਾਂ ਅਤੇ ਉਨ੍ਹਾਂ ਨਾਲ ਰਲੀਆਂ ਤਾਕਤਾਂ ਨਾਲ ਜਾਂ ਅਖੌਤੀ ਉਨ੍ਹਾਂ ਪੰਥਕ ਤਾਕਤਾਂ ਨਾਲ ਜਿਹੜੀਆਂ ਅਖੌਤੀ ਸਰਬੱਤ ਖ਼ਾਲਸਾ ਦੇ ਨਾਮ ਤੇ ਕੌਮ ਦਾ ਸ਼ੋਸ਼ਣ ਸੱਤਾਧਾਰੀ ਧਿਰਾਂ ਅਤੇ ਸਰਕਾਰਾਂ ਦੀ ਸ਼ਹਿ ਅਤੇ ਏਜੰਡੇ ਅਨੁਸਾਰ ਕਰਦੀਆਂ ਹਨ ਉਨ੍ਹਾਂ ਨਾਲ ਜਾਂ ਨਿਰੋਲ ਖ਼ਾਲਸਾ ਪੰਥ ਨਾਲ ਜੋ ਕਿ ਅੱਜ ਆਪਣੇ ਸਭ ਤੋਂ ਗੰਭੀਰ ਸੰਗੀਨ ਅਤੇ ਤ੍ਰਾਸਦੀ ਭਰਪੂਰ ਸਮੇਂ ਵਿਚੋਂ ਚੁਰਾਹੇ ਤੇ ਕੁਰਾਹੇ ਪਿਆ ਇਕੱਲਾ ਸਿਸਕ ਰਿਹਾ ਹੈ।ਤੇ; ਉਡੀਕ ਰਿਹਾ ਹੈ ਕਿ ਕਦੇ ਤਾਂ ਜਜ਼ਬਾਤੀ ਸਿੱਖ ਸਮਝਣਗੇ ਕਿ ਅਸਲ ਪੰਥ ਦੇ ਭਲੇ ਵਿਚ ਕੀ ਹੈ ?!
ਅਤਿੰਦਰ ਪਾਲ ਸਿੰਘ , ਸਾਬਕਾ M.P.
ਅਤਿੰਦਰ ਪਾਲ ਸਿੰਘ ਖਾਲਸਤਾਨੀ
ਢੱਡਰੀਆਂ ਵਾਲਿਆਂ ਤੇ ਹਮਲਾ:
Page Visitors: 2986