-: ਸਰੀਰਕ ਮੌਤ ਤੋਂ ਬਾਅਦ :-
ਸਵਾਲ- “ਕੀ ਇਨਸਾਨ ਦੀ ਸਰੀਰਕ-ਮੌਤ ਹੋਣ ਦੇ
ਨਾਲ ਸਾਰੀ ਖੇਡ ਖਤਮ ਹੋ ਜਾਂਦੀ ਹੈ ??
ਜੇ ਹਾਂ..... ਤਾਂ ਕਿਵੇਂ ?
ਜੇ ਨਹੀਂ ... ਤਾਂ ਕਿਉਂ ਨਹੀਂ ?”
ਜਵਾਬ- ਮੌਤ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਜਨਮ ਬਾਰੇ ਥੋੜ੍ਹੀ ਵਿਚਾਰ ਕਰਨੀ ਜਰੂਰੀ ਹੈ।ਜਨਮ ਕੀ ਹੈ-
ਓਪਰੀ ਨਜ਼ਰੇ ਲੱਗਦਾ ਹੈ ਕਿ ਮਾਤਾ ਪਿਤਾ ਦੇ ਮੇਲ ਤੋਂ ਕੁਝ ਭੌਤਿਕ/ ਰਸਾਇਣਕ ਕਿਰਿਆਵਾਂ ਦੁਆਰਾ ਜੀਵ/ਮਨੁਖ ਦਾ ਜਨਮ ਹੋ ਗਿਆ।ਪਰ ਇਸ ਤਰ੍ਹਾਂ ਨਹੀਂ ਹੈ।ਭੌਤਿਕ ਕਿਰਿਆਵਾਂ ਦੁਆਰਾ ਤਾਂ ਮਨੁੱਖ ਦਾ ਭੌਤਿਕ ਸਰੀਰ ਹੀ ਬਣਦਾ ਹੈ।ਪਰ ਮਨੁੱਖ, ਨਿਰਾ ਸਰੀਰ ਹੀ ਨਹੀਂ ਹੈ।ਭੌਤਿਕ ਸਰੀਰ ਤੋਂ ਇਲਾਵਾ ਨੌਨ ਫਿਜ਼ੀਕਲ ਵੀ ਇਸ ਦੇ ਨਾਲ ਕਈ ਕੁਝ ਜੁੜਿਆ ਹੋਇਆ ਹੈ।ਬਲਕਿ ਇਹ ਕਹਿਣਾ ਜਿਆਦਾ ਉਚਿਤ ਹੋਵੇਗਾ ਕਿ, ਭੌਤਿਕ ਸੰਸਾਰ ਵਿੱਚ ਵਿਚਰਨ ਦੇ ਸਾਧਨ ਵਜੋਂ, ਜੀਵ ਨੂੰ ਅਕਾਰ ਰਹਿਤ (/ਨੌਨ ਫਿਜ਼ੀਕਲ) ਇਹ ਭੌਤਿਕ ਸਰੀਰ, ਮਿਲਿਆ ਹੈ।ਜੀਵ/ ਮਨੁੱਖ ਦੇ ਨਾਲ ਕਈ ਹੋਰ ਨੌਨ ਫਿਜ਼ੀਕਲ ਪਹਿਲੂ ਜੁੜੇ ਹੋਏ ਹਨ, ਜਿਵੇਂ--
ਜੀਵ, ਆਤਮਾ ਜਾਂ ਜੀਵਾਤਮਾ== ਇਹ ਜੀਵ/ਮਨੁਖ ਦਾ ਖੁਦ ਦਾ ਆਪਾ ਹੈ।ਜੀਵ ਉਸ ਪ੍ਰਭੂ ਦੀ ਹੀ ਅੰਸ਼ ਹੈ ਅਤੇ ਉਸ ਦੀ ਅੰਸ਼ ਹੋਣ ਕਰਕੇ ਇਸ ਦੇ ਸਾਰੇ ਗੁਣ ਵੀ ਪ੍ਰਭੂ ਵਾਲੇ ਹੀ ਹਨ-
ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥
ਨਾ ਇਹੁ ਬੂਢਾ ਨਾ ਇਹੁ ਬਾਲਾ ॥ ਨਾ ਇਸੁ ਦੂਖੁ ਨਹੀ ਜਮ ਜਾਲਾ ॥
ਨਾ ਇਹੁ ਬਿਨਸੈ ਨਾ ਇਹੁ ਜਾਇ ॥ ਆਦਿ ਜੁਗਾਦੀ ਰਹਿਆ ਸਮਾਇ ॥੧॥
ਨਾ ਇਸੁ ਉਸਨੁ ਨਹੀ ਇਸੁ ਸੀਤੁ ॥ ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
ਨਾ ਇਸੁ ਹਰਖੁ ਨਹੀ ਇਸੁ ਸੋਗੁ ॥ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥
ਨਾ ਇਸੁ ਬਾਪੁ ਨਹੀ ਇਸੁ ਮਾਇਆ ॥ ਇਹੁ ਅਪਰੰਪਰੁ ਹੋਤਾ ਆਇਆ ॥
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ ਘਟ ਘਟ ਅੰਤਰਿ ਸਦ ਹੀ ਜਾਗੈ ॥੩॥
ਤੀਨਿ ਗੁਣਾ ਇਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ
ਅਛਲ ਅਛੇਦ ਅਭੇਦ ਦਇਆਲ ॥ ਦੀਨ ਦਇਆਲ ਸਦਾ ਕਿਰਪਾਲ ॥
ਤਾ ਕੀ ਗਤਿ ਮਿਤਿ ਕਛੂ ਨ ਪਾਇ ॥ ਨਾਨਕ ਤਾ ਕੈ ਬਲਿ ਬਲਿ ਜਾਇ ॥4 ॥ 19 ॥ 21 ॥ ਪੰਨਾ 868}
{ਨੋਟ:- ਪ੍ਰਾਤਮਾ= ਜੀਵਾਤਮਾ ਅਤੇ ਪਰਾਤਮਾ= ਪਰ+ਆਤਮਾ, ਪਰਾਈ ਆਤਮਾ ਅਰਥਾਤ ਦੂਸਰੇ ਦੀ ਆਤਮਾ “ਆਤਮਾ ਪਰਾਤਮਾ ਏਕੋ ਕਰੈ ॥ (661)”}
ਮਨੁੱਖ ਮੌਜੂਦਾ ਸਮੇਂ ਜਿਸ ਹਾਲਤ ਵਿੱਚ ਹੈ, ਇਹ ਪ੍ਰਭੂ ਦੀ ਅੰਸ਼ ਹੋਣ ਦੇ ਬਾਵਜੂਦ ਵੀ ਪ੍ਰਭੂ ਨਹੀਂ ਹੈ।ਪ੍ਰਭੂ ਅਥਾਹ ਸਾਗਰ ਸਮਾਨ ਹੈ ਅਤੇ ਜੀਵ ਇਕ ਛੋਟੀ ਜਿਹੀ ਪਾਣੀ ਦੀ ਬੂੰਦ ਸਮਾਨ ਹੈ।ਪ੍ਰਭੂ ਸੂਰਜ ਅਤੇ ਜੀਵ ਇੱਕ ਨਿਕੀ ਜਿਹੀ ਕਿਰਣ ਸਮਾਨ ਹੈ।ਮਨੁੱਖ ਨੂੰ ਪ੍ਰਭੂ ਤੋਂ ਵੱਖ ਕਰਨ ਵਾਲੀ ਸਭ ਤੋਂ ਪਹਿਲੀ ਚੀਜ ਹੈ ਇਸ ਦੀ ਹਉਮੈ (ਹਉਮੈ= ਪ੍ਰਭੂ ਤੋਂ ਆਪਣੀ ਵੱਖ ਹਸਤੀ ਸਮਝਣਾ) ਦੂਸਰੀ ਚੀਜ ਹੈ ‘ਮਨ’।ਮਨ ਜਿਸ ਰੂਪ ਵਿੱਚ ਪ੍ਰਭੂ ਤੋਂ ਆਇਆ ਹੈ, ਜੇ ਉਸੇ ਜੋਤਿ ਸਰੂਪ ਹਾਲਤ ਵਿੱਚ ਹੀ ਰਹਿੰਦਾ ਹੈ ਤਾਂ ਇਸ ਦੀ ਪ੍ਰਭੂ ਤੋਂ ਕੋਈ ਵਿੱਥ ਨਹੀਂ।ਪਰ ਦੁਨਿਆਵੀ ਪਦਾਰਥਾਂ ਦੇ ਲੋਭ, ਲਾਲਚ ਵਿੱਚ ਫਸ ਕੇ ਇਹ ਪ੍ਰਭੂ ਅਤੇ ਆਪਣੇ ਵਿੱਚ ਪਤਲੇ ਜਿਹੇ ਭੁਲੇਖੇ ਦੇ ਪੜਦੇ ਨੂੰ ਕਰੜੀ ਕੰਧ ਬਣਾ ਲੈਂਦਾ ਹੈ ਅਤੇ ਉਸ ਤੋਂ ਦੂਰੀ ਬਣਾ ਲੈਂਦਾ ਹੈ।
ਮਨੁੱਖ ਦੇ ਨਾਲ ਜੁੜਿਆ ਇਕ ਹੋਰ ਨੌਨ ਫਿਜ਼ੀਕਲ ਪਹਿਲੂ ਹੈ- ਜੀਵਨ ਜੋਤਿ ਜਾਂ ਜੀਵਨ ਸੱਤਾ।ਜੀਵਨ ਤੋਂ ਬਿਨਾਂ ਸਰੀਰ ਜੜ੍ਹ ਵਸਤੂ ਹੈ, ਮਿੱਟੀ ਦੀ ਢੇਰੀ ਹੈ।
ਇਸ ਤੋਂ ਇਲਵਾ, ਹੋਰ ਨੌਨ ਫਿਜ਼ੀਕਲ ਹੈ, ਚੇਨਤ ਸੱਤਾ== ਜੋ ਕਿ ਮਨੁੱਖ ਦੇ ਅੰਦਰ ਬੁਧੀ ਜਾਂ ਸੋਝੀ ਹੈ।ਚੇਤਨ ਸੱਤਾ ਤੋਂ ਬਿਨਾ ਮਨੁੱਖ ਪੇੜ ਪੌਦਿਆਂ ਜਾਂ ਕੀੜੇ ਪਤੰਗਿਆਂ ਦੀ ਤਰ੍ਹਾਂ ਹੈ।ਜਿਹਨਾਂ ਵਿੱਚ ਜੀਵਨ ਤਾਂ ਹੈ ਪਰ ਮਨੁੱਖ ਦੀ ਤਰ੍ਹਾਂ ਬੁਧੀ ਜਾਂ ਸੋਝੀ ਨਹੀਂ ਹੈ।
ਮਨ== ਮਨ ਦਾ ਮਨੁੱਖੀ ਸਰੀਰ ਵਿੱਚ ਬਹੁਤ ਅਹਮ ਰੋਲ ਹੈ।ਇਸੇ ਦੇ ਜਰੀਏ ਮਨੁੱਖ; ਸੰਕਲਪ, ਵਿਕਲਪ, ਕੋਈ ਕੰਮ ਕਰਨ ਦਾ ਇਰਾਦਾ ਕਰਨਾ ਜਾਂ ਇਰਾਦਾ ਤਿਆਗਣਾ, ਇੱਜਤ, ਮਾਣ, ਸਨਮਾਨ, ਹਰਖ, ਸੋਗ ਆਦਿ ਮਹਿਸੂਸ ਕਰਦਾ ਹੈ।ਸਰੀਰ ਜੋ ਦੁਖ, ਸੁਖ ਮਹਿਸੂਸ ਕਰਦਾ ਹੈ, ਇਹ ਦੁਖ-ਸੁਖ ਹਨ ਤਾਂ ਸਰੀਰ ਨੂੰ ਹੀ ਪਰ ਹਨ ਮਨ ਦੇ ਜ਼ਰੀਏ ਅਤੇ ਮਨ ਦੇ ਹੀ ਕਾਰਣ।‘ਮਨ’ ਵਿੱਚ ਖੁਦ ਵਿੱਚ ਕੋਈ ਸੋਝੀ ਨਹੀਂ।ਮਨ ਇਕ ਸੰਸਕਾਰਾਂ ਦਾ ਸਮੂੰਹ ਹੈ।ਇਹ ਸਰੀਰਕ ਗਿਆਨ ਇੰਦਰਿਆਂ ਅਤੇ ਕਰਮ ਇੰਦਰਿਆਂ ਦੇ ਜਰੀਏ ਆਪਣਾ ਕੰਮ ਕਰਦਾ ਹੈ।ਦਿਮਾਗ਼ ਸਮੇਤ ਸਰੀਰਕ ਕਰਮ ਅਤੇ ਗਿਆਨ ਇੰਦਰਿਆਂ ਦੇ ਜਰੀਏ ਇਸ ਨੂੰ ਦੇਖ, ਸੁਣ .. ਸੁੰਘਕੇ ਜੋ ਜਾਣਕਾਰੀ ਹਾਸਲ ਹੁੰਦੀ ਹੈ ਜਾਂ ਆਪਣੇ ਆਪ ਤੋਂ ਹੀ ਜੋ ਵਿਚਾਰ ਉਤਪਨ ਹੁੰਦੇ ਹਨ, ਮਨ ਉਸ ਸੰਬੰਧੀ ਆਪਣੀ ਇੱਛਾ, ਸੰਕਲਪ, ਵਿਕਲਪ ਆਦਿ ਅਨੁਸਾਰ ਆਪਣਾ ਹੁਕਮ ਦਿਮਾਗ਼ ਨੂੰ ਪਹੁੰਚਾ ਦਿੰਦਾ ਹੈ ਅਤੇ ਦਿਮਾਗ਼ ਅੱਗੋਂ ਸਰੀਰਕ ਇੰਦਰਿਆਂ ਨੂੰ ਮਨ ਦੇ ਕਹੇ ਮੁਤਾਬਕ ਕੰਮ ਕਰਨ ਲਈ ਆਦੇਸ਼ ਦੇ ਦਿੰਦਾ ਹੈ।ਅਤੇ ਸਰੀਰਕ ਕਰਮ ਇੰਦਰੇ ਆਪਣੀ ਸਮਰੱਥਾ ਅਨੁਸਾਰ ਉਸ ਕੰਮ ਵਿੱਚ ਲੱਗ ਜਾਂਦੇ ਹਨ।
ਮੌਤ-- ਜੀਵਨ ਸਫਰ ਖਤਮ ਹੋਣ ਤੇ ਦਿਮਾਗ਼ ਸਮੇਤ ਭੌਤਿਕ ਸਰੀਰ ਨਸ਼ਟ ਹੋ ਜਾਂਦਾ ਹੈ ਜਾਂ ਕਰ ਦਿੱਤਾ ਜਾਂਦਾ ਹੈ।ਸਰੀਰ ਖਤਮ ਹੋਣ ਨਾਲ ਇਸ ਜਨਮ ਵਿੱਚ ਹੰਢਾਏ ਦੁਖ-ਸੁਖ, ਅਤੇ ਇਸ ਜਨਮ ਵਿਚਲੀਆਂ ਸਾਰੀਆਂ ਯਾਦਾਂ ਸਰੀਰ ਦੇ ਨਾਲ ਖਤਮ ਹੋ ਜਾਂਦੀਆਂ ਹਨ।ਜੀਵਨ-ਜੋਤਿ, ਚੇਤਨ-ਸੱਤਾ ਪ੍ਰਭੂ ਵਿੱਚ ਜਾ ਸਮਾਉਂਦੀ ਹੈ।ਚੰਗੇ-ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰਭਾਵ ਜੋ ਕਿ ਨਾਲ ਦੀ ਨਾਲ ਮਨ ਤੇ ਉਕਰਿਆ ਜਾਂਦਾ ਹੈ, ਮਨ ਉਤੇ ਉਕਰੇ ਉਹਨਾਂ ਸੰਸਕਾਰਾਂ ਦੇ ਪ੍ਰਭਾਵ ਸਮੇਤ ਜੀਵ ਪ੍ਰਭੂ ਦੀ ਹਜੂਰੀ ਵਿੱਚ ਜਾ ਪਹੁੰਚਦਾ ਹੈ।ਇਸ ਜੀਵਨ ਵਿੱਚ ਗੁਰਮੁਖਾਂ ਵਾਲਾ ਜੀਵਨ ਬਿਤਾਉਣ ਵਾਲਾ ਮਨੁੱਖ ਜੀਵਨ-ਸਫਰ ਖਤਮ ਹੋਣ ਤੇ ਪ੍ਰਭੂ ਦੇ ਹੁਕਮ ਨਾਲ ਉਸੇ ਵਿੱਚ ਸਮਾ ਜਾਂਦਾ ਹੈ ਅਤੇ ਮੁੜ ਜਨਮ ਮਰਨ ਦੇ ਗੇੜ ਵਿੱਚ ਪੈਣ ਤੋਂ ਛੁੱਟ ਜਾਂਦਾ ਹੈ।ਅਤੇ ਮਨਮੁਖਾਂ ਵਾਲਾ ਜੀਵਨ ਬਿਤਾਉਣ ਵਾਲਾ ਮਨੁੱਖ ਜੀਵਨ-ਸਫਰ ਖਤਮ ਹੋਣ ਤੇ ਪ੍ਰਭੂ ਦੇ ਹੁਕਮ ਵਿੱਚ ਅਨੇਕਾਂ ਜੂਨਾਂ ਵਿੱਚ ਭਟਕਦਾ ਅਤੇ ਦੁਖ ਸੁਖ ਭੋਗਦਾ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਸਰੀਰਕ ਮੌਤ ਤੋਂ ਬਾਅਦ :-
Page Visitors: 2699