ਸਿੱਖ ਰਹਿਤ ਮਰਯਾਦਾ ਦੀ ਪਰਮਾਣਿਕਤਾ (ਭਾਗ ੨)
ਸਰਵਜੀਤ ਸਿੰਘ ਸੈਕਰਾਮੈਂਟੋ
ਡੇਰੇਦਾਰਾਂ ਵੱਲੋਂ, “ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ” ਜਥੇਬੰਦੀ ਦੇ ਨਾਮ ਹੇਠ, ਅਪ੍ਰੈਲ 1994 ਈ: ਵਿੱਚ ਆਪਣੀ ਵੱਖਰੀ ਮਰਯਾਦਾ ਬਣਾ ਲਈ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਸਿੱਖ ਦੀ ਤਾਰੀਫ਼ ਨੂੰ ਹੀ ਦੋ ਭਾਗਾਂ ਵਿੱਚ ਵੰਡ ਦਿੱਤਾ ਹੈ ਇਕ ਸਹਜਿਧਾਰੀ ਅਤੇ ਦੂਜੇ ਅਮ੍ਰਿਤਧਾਰੀ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਮਰਯਾਦਾ ਵਿੱਚ ਨਾਮ ਬਾਣੀ ਦਾ ਅਭਿਆਸ ਸਿਰਲੇਖ ਹੇਠ ਦਰਜ, “ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ” ਦੀ ਥਾਂ, “ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ (ਮੂਲ ਮੰਤ੍ਰ)
“ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਅਤੇ (ਗੁਰਮੰਤ੍ਰ ) ਵਾਹਿਗੁਰੂ ਦਾ ਜਾਪ ਕਰੇ”।
ਨਿਤਨੇਮ ਦੀਆਂ ਬਾਣੀਆਂ ਵਿਚ ਚੌਪਈ “ਹਮਰੀ ਕਰੋ ਹਾਥ ਦੇ ਰੱਛਾ ਤੋਂ ਤੀਰ ਸੱਤੁਦ੍ਰਵ ਗ੍ਰੰਥ ਸੁਧਾਰਾ” ਤਾਈਂ ਅਤੇ ਸੰਪੂਰਨ ਅਨੰਦ ਸਾਹਿਬ ਸ਼ਾਮਿਲ ਕੀਤਾ ਹੈ। (ਪੰਨਾ 3) ਕੀਰਤਨ ਸਿਰਲੇਖ ਹੇਠ, “ਕੇਵਲ ਗੁਰਬਾਣੀ” ਤੋਂ ਬਦਲ ਕੇ “ਕੇਵਲ ਗੁਰਬਾਣੀ (ਆਦਿ ਤੇ ਦਸਮ)” ਕਰ ਦਿੱਤਾ ਗਿਆ ਹੈ। (ਪੰਨਾ 10) ਅਖੰਡ ਪਾਠ ਦੇਅਰੰਭ ਵੇਲੇ ਕੁੰਭ ਨਾਰੀਅਲ ਆਦਿ ਰੱਖਣ, ਮੱਧ ਦਾ ਭੋਗ 705 ਅੰਕ ਤੇ ਪਾਉਣ ਅਤੇ ਪਾਠ ਦਾ ਭੋਗ ਰਾਗਮਾਲਾ ਪੜ੍ਹ ਕੇ ਪਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਕੜਾਹ ਪ੍ਰਸ਼ਾਦ, ਨਾਵੇਂਮਹਲੇ ਦੇ ਸਲੋਕ ਅਰੰਭ ਹੋਣ ਤੋਂ ਪਹਿਲਾ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਣਾ ਚਾਹੀਦਾ ਹੈ ਅਤੇ ਜਦੋਂ ਅਰਦਾਸੀਆ “ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗ ਹਰਿ ਰਾਇ” ਪੜ੍ਹੇ ਉਸੇ ਵੇਲੇ ਹੀ ਕਿਰਪਾਨ ਭੇਟ ਕੀਤੀ ਜਾਵੇ। (ਪੰਨਾ 13) ਇਹ ਅਤੇ ਅਜੇਹੀਆਂ ਹੋਰ ਅਣਗਿਣਤ ਮਨਮੱਤਾਂ ਦਰਜ ਕੀਤੀਆਂ ਹੋਈਆਂ ਹਨ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਅਖੌਤੀ ਸੰਤ ਸਮਾਜ ਵੱਲੋਂ 1994 ਈ: ਵਿੱਚ ਬਣਾਈ ਗਈ ਮਰਯਾਦਾ ਪੰਥ ਦੇ ਫੈਸਲੇ ਖਿਲਾਫ਼ ਬਗਾਵਤ ਕਿਉਂ ਨਹੀਂ ਸਮਝੀ ਗਈ?
ਅੱਜ ਸਾਡੇ ਸਾਹਮਣੇ ਸਮੱਸਿਆ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 1945 ਈ; ਵਿੱਚ ਬਣਾਈ ਗਈ ਮਰਯਾਦਾ, ਜਿਸ ਨੂੰ ਪੰਥ ਪ੍ਰਵਾਣਤ ਕਿਹਾ ਜਾਂਦਾ ਹੈ, ਇਕ ਧਿਰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ 1994 ਈ: ਵਿੱਚ ਆਪਣੀ ਵੱਖਰੀ ਮਰਯਾਦਾ ਬਣਾ ਲਈ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ 22 ਸਾਲਾਂ ਵਿੱਚ ਅਕਾਲ ਤਖਤ ਵੱਲੋਂ ਕਦੇ ਵੀ ਉਨ੍ਹਾਂ ਖਿਲਾਫ਼ ਕਰਵਾਈ ਕਰਨ ਵਾਰੇ ਨਹੀਂ ਸੋਚਿਆ ਗਿਆ।
ਤੀਜੀ ਧਿਰ ਜੋ 1945 ਈ: ਵਿੱਚ ਬਣੀ ਮਰਯਾਦਾ `ਚ ਗੁਰਬਾਣੀ ਦੀ ਪਰਖ ਕਸਵੱਟੀ ਮੁਤਾਬਕ ਸੋਧ ਕਰਵਾਉਣ ਲਈ ਯਤਨ ਸ਼ੀਲ ਹੈ, ਦੇ ਖਿਲਾਫ਼ ਉਪ੍ਰੋਕਤ ਦੋਵੇਂ ਧਿਰਾਂ ਹੀ ਹੋ ਹੱਲਾ ਕਰਨ ਲਈ ਇਕੱਠੀਆਂ ਹੋ ਗਈਆਂ ਹਨ।
ਪਿਛਲੇ ਕਈ ਸਾਲਾਂ ਤੋਂ ਪੰਥ ਦਰਦੀਆਂ ਵੱਲੋਂ ਰਹਿਤ ਮਰਯਾਦਾ ਦੀਆਂ ਉਹ ਮੱਦਾਂ ਜੋ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ, ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਰਹੀ ਹੈ। ਜਿੰਮੇਵਾਰ ਧਿਰਾਂ ਨੂੰ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਥਾਂ-ਥਾਂ ਬਗਾਵਤੀ ਸੁਰਾਂ ਉਠ ਰਹੀਆਂ ਹਨ। ਕਿੰਨੀ ਹੈਰਾਨੀ ਦੀ ਗੱਲ ਕਿ ਉਹ ਧਿਰਾਂ, ਜੋ ਖ਼ੁਦ 1945 ਈ: ਵਿੱਚ ਬਣੀ ਮਰਯਾਦਾ ਨੂੰ ਨਹੀਂ ਮੰਨਦੀਆਂ, ਤੀਜੀ ਧਿਰ ਦੇ ਖਿਲਾਫ਼ ਸ਼ਿਕਾਇਤਾਂ ਅਕਾਲ ਤਖਤ ਦੇ ਮੁਖ ਸੇਵਾਦਾਰ ਨੂੰ ਕਰ ਰਹੀਆਂ ਹਨ। ਅੱਗੋਂ ਤਖ਼ਤਾਂ ਦੇ ਸੇਵਾਦਾਰਾਂ ਵਿੱਚ ਵੀ ਦੋ ਅਜੇਹੇ ਹਨ ਜੋ ਖ਼ੁਦ ਇਸ ਮਰਯਾਦਾ ਨੂੰ ਨਹੀਂ ਮੰਨਦੇ।
ਉਪ੍ਰੋਕਤ ਚਰਚਾ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਜਿਸ ਵੇਲੇ ਰਹਿਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਰੁਹ ਰੀਤ ਕਮੇਟੀ ਵਿਚ ਜਿਥੇ ਪੰਥ ਦਰਦੀ ਗੁਰਮਤਿ ਦੇ ਧਾਰਨੀ ਵਿਦਵਾਨ ਸ਼ਾਮਿਲ ਸਨ ਉਥੇ ਹੀ ਕੁਝ ਬਿਪਰਵਾਦੀ ਸੋਚ ਦੇ ਧਾਰਨੀ ਵੀ ਸ਼ਾਮਿਲ ਸਨ। ਹੋ ਸਕਦਾ ਹੈ ਕਿ ਇਸੇ ਕਾਰਨ ਹੀ ਸ਼੍ਰੋਮਣੀ ਕਮੇਟੀ ਨੇ ਰਹੁ ਰੀਤ ਕਮੇਟੀ `ਚ 4 ਮੈਂਬਰਾਂ ਦੀ ਛਾਂਟੀ ਕੀਤੀ ਹੋਵੇ। ਸਮਝੌਤਾ ਵਾਦੀ ਨੀਤੀ ਤਹਿਤ ਕੁਝ ਇਕ ਮੁੱਦਾਂ ਤੇ ਸਮਝੌਤਾ ਕਰਕੇ ਰਹਿਤ ਮਰਯਾਦਾ ਤਿਆਰ ਕਰਕੇ ਪ੍ਰਵਾਨ ਕੀਤੀ ਗਈ ਸੀ। ਨਹੀਂ ਤਾਂ 9 ਸਾਲ ਇਸ ਨੂੰ ਰੋਕੀ ਰੱਖਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਅੱਜ ਹਾਲਾਤ ਇਹ ਹਨ ਕਿ ਇਕ ਧਿਰ ਮਰਯਾਦਾ ਨੂੰ ਬਿਪਰਵਾਦ ਵੱਲ ਲੈ ਜਾਣਾਂ ਚਾਹੁੰਦੀ ਹੈ ਅਤੇ ਇਕ ਧਿਰ ਬਿਪਰਵਾਦ ਤੋਂ ਮੁਕੰਮਲ ਛੁਟਕਾਰਾ ਚਾਹੁੰਦੀ ਹੈ।
ਇਕ ਧਿਰ ਅਜੇਹੀ ਹੈ ਜੋ ਸਤਿੱਥੀ ਨੂੰ ਜਿਉਂ ਦੀ ਤਿਉਂ ਰੱਖਣ ਵਿੱਚ ਹੀ ਭਲਾ ਸਮਝਦੀ ਹੈ।
ਇਸ ਵਰਤਾਰੇ ਨੂੰ ਸਮਝਣ ਲਈ ਇਕ ਉਦਾਹਰਣ; ਰਹੁ ਰੀਤ ਕਮੇਟੀ ਨੇ 1936 ਈ: ਵਿਚ ਫੈਸਲਾ ਕੀਤਾ ਕਿ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ। “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ”। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ) ਸਮਝੌਤਾ ਵਾਦੀ ਨੀਤੀ ਤਹਿਤ 1945 ਈ: ਵਿਚ ਫੈਸਲਾ ਹੋਇਆ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ”। ਅੱਜ ਇਕ ਧਿਰ ਆਪਣੀ ਮਰਯਾਦਾ ਵਿਚ ਲਿਖਦੀ ਹੈ ਕਿ ਪਾਠ ਦੇ ਭੋਗ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ, “ਪਾਠ ਦੇ ਭੋਗ ਵੇਲੇ ਰਾਗਮਾਲਾ ਤੋਂ ਉਪ੍ਰੰਤ ਸ੍ਰੀ ਜਪੁਜੀ ਸਾਹਿਬ ਜੀ ਦੀਆਂ ਪੰਜ ਪਉੜੀਆਂ ਤੇ ਸਲੋਕ ਪੜ੍ਹ ਕੇ ਅਰਦਾਸਾ ਕਰੇ”। ਜਦੋ ਕਿ ਦੂਜੀ ਧਿਰ ਦਾ ਮੰਨਣਾ ਹੈ ਕਿ ਜਦੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਰਾਗਮਾਲਾ ਕਵੀ ਆਲਮ ਦੇ ਕਿੱਸੇ “ਮਾਧਵ ਨਲ ਕਾਮ ਕੰਦਲਾ” `ਚ ਕੁਝ ਪੰਗਤੀਆਂ ਲੈ ਕੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀਆਂ ਸਨ ਤਾਂ ਬਾਣੀ ਦੇ ਪਾਵਨ ਉਪਦੇਸ਼
“ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ”
ਅਮਲ ਕਰਦੇ ਹੋਏ, ਸਮਝੌਤਾ ਵਾਦੀ ਨੀਤੀ ਅਧੀਨ ਕੀਤੇ ਗਏ ਉਸ ਫੈਸਲੇ ਤੇ ਕਿਉਂ ਨਾ ਮੁੜ ਵਿਚਾਰ ਕੀਤੀ ਜਾਵੇ?
ਪੰਥ ਦਰਦੀਓ; ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 1945 ਈ: ਵਿਚ ਬਣਾਈ ਮਰਯਾਦਾ ਬਾਰੇ ਕਈ ਪੱਖਾਂ ਤੋਂ ਮੁੜ ਵਿਚਾਰ ਕਰਨ ਦੀ ਲੋੜ ਹੈ। ਇਸ ਲਈ ਨਿਜ ਤੋਂ ਉਪਰ ਉਠ ਕੇ ਪੰਥਕ ਹਿੱਤਾਂ ਨੂੰ ਮੁਖ ਰੱਖਦੇ ਹੋਏ ਸੁਹਿਰਦ ਯਤਨ ਅਰੰਭ ਕਰਨੇ ਚਾਹੀਦੇ ਹਨ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਰਖ ਕਸਵੱਟੀ ਤੇ ਪੂਰੀ ਉਤਰਦੀ, ਪੰਥ ਪ੍ਰਵਾਣਤ ਰਹਿਤ ਮਰਯਾਦਾ ਤਿਆਰ ਕੀਤੀ ਜਾ ਸਕੇ।
ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ ਰਹਿਤ ਮਰਯਾਦਾ ਦੀ ਪਰਮਾਣਿਕਤਾ (ਭਾਗ ੨)
Page Visitors: 2673