ਵਰਜੀਨੀਆਂ ਦੇ ਪੰਜ ਪਿਆਰਿਆਂ ਨੂੰ ਮੁਹਲਤ ਦੇਣ ਵਾਲ਼ਿਓ ਭਰਾਵੋ ! ਕੁੱਝ ਸੋਚੋ !!!
-: ਪ੍ਰੋ. ਕਸ਼ਮੀਰਾ ਸਿੰਘ USA
ਸੱਚਮੁੱਚ ਹੀ ਤੁਸੀਂ ਸਿੱਖ ਵੀਰੋ! ਆਪਣੇ ਆਪ ਨੂੰ ਉਨ੍ਹਾਂ ਬ੍ਰਾਹਮਣਵਾਦੀ ਸਿੱਖਾਂ ਦੀ ਸ਼੍ਰੇਣੀ ਵਿੱਚ ਹੀ ਖੜ੍ਹਾ ਕਰ ਲਿਆ, ਜਿਨ੍ਹਾਂ ਸਿੱਖਾਂ ਨੇ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੂੰ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਸਿੱਧ ਕੀਤਾ ਹੋਇਆ ਹੈ। ਇਹ ਪੁਰਾਤਨ ਲਿਖਾਰੀ ਆਪ ਜੈਸੇ ਸਿੱਖ ਹੀ ਸਨ। ਇਨ੍ਹਾਂ ਵਿੱਚ ਕੁਇਰ ਸਿੰਘ ਕਰਤਾ ਗੁਰ ਬਿਲਾਸ ਪਾਤਿਸ਼ਾਹੀ ਦਸਵੀਂ, ਗਿਆਨੀ ਗਿਆਨ ਸਿੰਘ ਕਰਤਾ ਪੰਥ ਪ੍ਰਕਾਸ਼, ਸੁਮੇਰ ਸਿੰਘ ਕਰਤਾ ਗੁਰ ਬਿਲਾਸ ਪਾਤਿਸ਼ਾਹੀ ਦਸਵੀਂ, ਸੰਤੋਖ ਸਿੰਘ ਕਰਤਾ ਸੂਰਜ ਪ੍ਰਕਾਸ਼ ਆਦਿਕ ਚੋਟੀ ਦੇ ਸਿੱਖ ਸ਼ਾਮਲ ਸਨ। ਇਹ ਗ੍ਰੰਥ ਅਜੇ ਵੀ ਪੜ੍ਹੇ ਜਾ ਰਹੇ ਹਨ। ਪਰ ਲੱਗਦਾ ਹੈ ਕਿ ਆਪ ਜੀ ਦਾ ਧਿਆਨ ਇੱਸ ਪਾਸੇ ਵਲ ਨਹੀਂ ਗਿਆ। ਇਹ ਬ੍ਰਾਮਹਮਣਵਾਦੀ ਚਾਲਾਂ ਸਨ ਜਿਸ ਨਾਲ਼ ਸਿੱਖੀ ਨੂੰ ਮਿਲ਼ਗੋਭਾ ਬਣਾਇਆ ਜਾ ਚੁੱਕਾ ਹੈ। ਕੀ ਤੁਸੀਂ ਇਨ੍ਹਾਂ ਗ੍ਰੰਥਾਂ ਦੇ ਲਿਖਾਰੀਆਂ ਵਿਰੁੱਧ ਕਦੇ ਆਵਾਜ਼ ਬੁਲੰਦ ਕੀਤੀ ਹੈ ਕਿ ਇਨ੍ਹਾਂ ਦੇ ਲਿਖੇ ਗ੍ਰੰਥਾਂ ਨੂੰ ਸਿੱਖੀ ਵਿੱਚੋਂ ਖਾਰਜ ਕੀਤਾ ਜਾਵੇ?
ਵਰਜੀਨੀਆਂ ਦੇ ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਮਰਯਾਦਾ ਬਦਲੀ ਨਹੀਂ, ਸਗੋਂ ਗ਼ਲਤ ਵਿਧੀ ਨੂੰ ਸੱਚੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲ਼ੀ ਵਿਧੀ ਵਿੱਚ ਸੱਚਾ ਰੂਪ ਦਿੱਤਾ ਹੈ। ਸਿੱਖਾਂ ਵਿੱਚ ਨਿੱਤ ਨੇਮ ਅਤੇ ਅੰਮ੍ਰਿਤ ਰਾਹੀਂ ਪ੍ਰਵੇਸ਼ ਕੀਤੇ ਜਾ ਰਹੇ ਖ਼ੂਨ ਪੀਣੇ ਦੁਰਗਾ ਅਤੇ ਮਹਾਂਕਾਲ਼ ਹੀ ਬਾਹਰ ਕੱਢੇ ਹਨ। ਅੰਮ੍ਰਿਤ ਦੀ ਪ੍ਰਚੱਲਤ ਵਿਧੀ ਦਸਵੇਂ ਗੁਰੂ ਜੀ ਨੇ ਨਹੀਂ ਬਣਾਈ।
ਇਹ ਨਕਲੀ ਵਿਧੀ ਸ਼੍ਰੋ. ਕਮੇਟੀ ਨੇ ਸੰਨ 1945 ਵਿੱਚ ਰਹਿਤ ਮਰਯਾਦਾ ਬਣਾਕੇ ਬ੍ਰਾਹਮਣਵਾਦੀ ਪ੍ਰਭਾਵ ਹੇਠ ਚਲਾਈ ਸੀ। ਇਸ ਕਮੇਟੀ ਨੇ ਪੰਜਵੇਂ ਗੁਰੂ ਜੀ ਦਾ ਬਣਾਇਆ ਸਿੱਖ ਨਿੱਤ-ਨੇਮ ਵੀ ਧੋਖੇ ਨਾਲ਼ ਸੰਨ 1945 ਵਿੱਚ ਬ੍ਰਾਹਣਵਾਦੀ ਪ੍ਰਭਾਵ ਹੇਠ ਹੀ ਬਦਲਿਆ ਸੀ। ਦਸਵੇਂ ਗੁਰੂ ਜੀ ਨੇ ਜੇ ਜਾਪੁ, ਚੌਪਈ, ਸਵੱਯੇ ਆਦਿਕ ਦੇਵੀ ਦੇਵਤਿਆਂ - ਦੁਰਗਾ ਅਤੇ ਮਹਾਂਕਾਲ਼, ਦੀਆਂ ਰਚਨਾਵਾਂ ਨੂੰ ਮਾਨਤਾ ਦਿੱਤੀ ਹੁੰਦੀ, ਤਾਂ ਇਹ ਉਨ੍ਹਾਂ ਵਲੋਂ ਦਮਦਮੀ ਬੀੜ ਤਿਆਰ ਕਰਨ ਸਮੇਂ ਦਰਜ ਕਰਵਾ ਦਿੱਤੀਆਂ ਜਾਣੀਆਂ ਸਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਣੀਆਂ ਸਨ।
ਦਸਵੇਂ ਗੁਰੂ ਜੀ ਨੇ ਆਪਣੇ ਪਿਤਾ ਜੀ ਦੀ ਦੀ ਬਾਣੀ ਦਮਦਮੀ ਬੀੜ ਤਿਆਰ ਕਰਨ ਆਪ ਦਰਜ ਕਰਵਾਈ ਸੀ। ਜੇ ਉਨ੍ਹਾਂ ਦੀ ਆਪਣੀ ਬਾਣੀ ਵੀ ਹੁੰਦੀ ਉਹ ਵੀ ਓਸੇ ਸਮੇਂ ਹੀ ਦਰਜ ਹੋ ਜਾਣੀ ਸੀ। ਜਦੋਂ ਜਾਪੁ, ਚੌਪਈ ਸਵੱਯੇ ਆਦਿਕ ਰਚਨਾਵਾਂ (ਜੇ ਮੰਨ ਲਈਏ ਕਿ ਇਹ ਉਦੋਂ ਸਨ) ਗੁਰੂ ਜੀ ਨੇ ਆਪ ਹੀ ਪ੍ਰਵਾਨ ਨਹੀਂ ਕੀਤੀਆਂ ਤਾਂ ਸ਼੍ਰੋ. ਕਮੇਟੀ ਨੂੰ ਕੀ ਹੱਕ ਸੀ, ਕਿ ਉਹ ਇਨ੍ਹਾਂ ਕੱਚੀਆਂ ਰਚਨਾਵਾਂ ਨੂੰ ਸਿੱਖਾਂ ਦੇ ਨਿੱਤ-ਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਸ਼ਾਮਲ ਕਰਦੀ? ਸਿੱਖੋ ਇਹ ਤਾਂ ਬ੍ਰਾਹਮਣਵਾਦੀ ਸੋਚ ਵਾਲ਼ਾ ਏਜੰਡਾ ਸੀ, ਜੋ ਸਿੱਖੀ ਨੂੰ ਬ੍ਰਾਹਮਣਵਾਦ ਨਾਲ਼ ਮਿਲ਼ਗੋਭਾ ਕਰਨ ਅਤੇ ਸਿੱਖਾਂ ਵਿੱਚ ਭਰਾ-ਮਾਰੂ ਜੰਗ ਦੇ ਬੀਜ ਬੀਜਣ ਲਈ ਸਿੱਖਾਂ ਤੋਂ ਹੀ ਇਸ ਨੂੰ ਸਿੱਖੀ ਪ੍ਰਚਾਰ ਵਿੱਚ ਪੁਆਾਇਆ ਗਿਆ ਸੀ ਤਾਂ ਜੋ ਲੰਬਾ ਸਮਾਂ ਕਿਸੇ ਨੂੰ ਸ਼ੱਕ ਨਾ ਪਵੇ।ਭਰਾਵੋ! ਤੁਸੀਂ ਦਸਵੇਂ ਪਾਤਿਸ਼ਾਹ ਵਲੋਂ ਗੁਰੂ ਥਾਪੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕੁੱਝ ਡਰ ਭਉ ਮੰਨੋ? ਤੁਸੀਂ ਤਾਂ ਸੱਚੇ ਗੁਰੂ, ਜਿਸ ਨੂੰ ਤੁਸੀਂ ਮੱਥਾ ਟੇਕਦੇ ਹੋ, ਦੀਆਂ ਪੜ੍ਹੀਆਂ ਬਾਣੀਆਂ ਦੀ ਹੀ ਨਿੰਦਿਆ ਕਰਨ ਤੇ ਤੁੱਲ ਗਏ ਹੋ ਤੇ ਝੂਠੇ ਸ਼ਰੀਕ ਗੁਰੂ ਦੀਆਂ ਕੱਚੀਆਂ ਅਪ੍ਰਵਾਨਤ ਰਚਨਾਵਾਂ ਦੇ ਹੱਕ ਵਿੱਚ ਭਰਾ-ਮਾਰੂ ਜੰਗ ਵਿੱਚ ਕੁੱਦਣ ਲਈ ਤੁਰ ਪਏ ਹੋ।
ਸੋਚੋ! ਸੱਚਾ ਗੁਰੂ ਦਸਵੇਂ ਪਾਤਿਸ਼ਾਹ ਜੀ ਦਾ ਥਾਪਿਆ ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਹੈ, ਕਿ ਅੰਗ੍ਰੇਜ਼ਾਂ ਅਤੇ ਬ੍ਰਾਹਮਣਵਾਦੀਆਂ ਦਾ ਬਣਾਇਆ ਸੰਨ 1897 ਵਾਲ਼ਾ ਦਸਮ ਗ੍ਰੰਥ? ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ, ਤਾਂ ਇਸੇ ਗੁਰੂ ਦੀਆਂ ਬਾਣੀਆਂ ਹੀ ਗੁਰੂ ਦਾ ਦਰਜਾ ਰੱਖਦੀਆਂ ਹਨ ਕਿਸੇ ਹੋਰ ਗ੍ਰੰਥ ਦੀਆਂ ਨਹੀਂ, ਜੋ ਕਿਸੇ ਗੁਰੂ ਜੀ ਨੇ ਆਪ ਨਹੀਂ ਬਣਾਇਆ। ਜੇ ਤੁਸੀਂ ਬ੍ਰਾਹਮਣਵਾਦੀ ਸਿੱਖ ਕਵੀਆਂ ਦੀ ਨਕਲ ਕਰਕੇ ਦਸਵੇਂ ਗੁਰੂ ਜੀ ਨੂੰ ਦੁਰਗਾ ਮਾਈ ਦੇ ਪੁਜਾਰੀ ਹੀ ਸਾਬਤ ਕਰਨਾ ਹੈ ਤਾਂ ਤੁਹਾਡਾ ਅਤੇ ਬ੍ਰਾਹਮਣਵਾਦੀ ਸਿੱਖ ਲਿਖਾਰੀਆਂ ਦਾ ਕੀ ਅੰਤਰ ਹੋਇਆ? ਜੇ ਤੁਸੀਂ ਕਦੇ ਦਸਮ ਗ੍ਰੰਥ ਨੂੰ ਖੋਲ਼੍ਹ ਕੇ ਇਸ ਦੇ ਅਰਥ ਆਪ ਨਹੀਂ ਪੜ੍ਹ ਸਕੇ ਤਾਂ ਖੋਜੀ ਵਿਦਵਾਨਾਂ ਦੇ ਕੀਤੇ ਅਰਥ ਹੀ ਪੜ੍ਹ ਲਓ। ਬਿਨਾਂ ਅਰਥ ਪੜ੍ਹੇ ਤੁਸੀਂ ਇਸ ਗ੍ਰੰਥ ਦੀਆਂ ਰਚਨਾਵਾਂ ਨੂੰ ਮਾਨਤਾ ਦੇ ਰਹੇ ਹੋ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਨਿਰਾਦਰੀ ਤੇ ਬੇਅਦਵੀ ਹੈ। ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਹੇ ਹੱਕ ਵਿੱਚ ਨਹੀਂ ਤੁਰੇ ਤਾਂ ਮੰਨ ਲਿਆ ਜਾਵੇਗਾ ਕਿ ਤੁਸੀਂ ਵੀ ਸਿੱਖੀ ਨੂੰ ਬ੍ਰਾਹਮਣਵਾਦ/ ਸਨਾਤਨਵਾਦ/ਬਿੱਪਰਵਾਦ, ਮਨੂਵਾਦ ਦੀ ਝੋਲ਼ੀ ਵਿੱਚ ਪਾਉਣ ਦੇ ਭਾਈਵਾਲ ਬਣ ਰਹੇ ਹੋ।
ਸ਼੍ਰੀ ਗੁਰੂ ਗ੍ਰੰਥ ਸਾਹਬ ਸੱਚੇ ਪਾਤਿਸ਼ਾਹ ਜੀ ਦੀ ਬਾਣੀ ਦੀ ਨਿੰਦਿਆ ਦੇ ਦੋਸ਼ ਵਿੱਚ ਤੁਸੀਂ ਗੁਰੂ ਵਲੋਂ ਕਦੇ ਬਖ਼ਸ਼ੇ ਨਹੀਂ ਜਾਉਗੇ। ਜਾਪੁ ਚੌਪਈ, ਸਵੱਯੇ ਆਦਿ ਗੁਰੂ ਜੀ ਦੀ ਬਾਣੀ ਨਹੀਂ ਹੈ, ਕਿਉਂਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਤੇ ਇੱਸ ਉੱਤੇ ‘ਨਾਨਕ’ ਮੁਹਰ ਵੀ ਨਹੀਂ। ਗੁਰੂ ਕ੍ਰਿਤ ਬਾਣੀ ਦੀ ਪਛਾਣ ਸਿੱਖਣੀ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖੋ। ਪਛਾਣ ਹੈ- ਬਾਣੀ ਵਿੱਚ ‘ਨਾਨਕ’ ਮੁਹਰ ਛਾਪ ਹੋਵੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਵਿੱਚ ਦਰਜ ਹੋਵੇ। ਦਸੇ ਪਾਤਿਸ਼ਾਹੀਆਂ ‘ਨਾਨਕ’ ਜੋਤਿ ਸਨ।
ਸੱਚੇ ਮਾਰਗ ਉੱਤੇ ਚੱਲਣ ਵਾਲ਼ਿਆਂ ਦੀ ਜਹਾਨ ਉਸਤਤਿ ਕਰਦਾ ਹੈ, ਤੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਮਾਰਗ ਦੀਆਂ ਸੱਚੀਆਂ ਬਾਣੀਆਂ ਪੜ੍ਹਨ ਵਾਲ਼ਿਆਂ ਨੂੰ ਸਬਕ ਸਿਖਾਉਣ ਦੀਆਂ ਕੂੜੀਆਂ ਗੱਲਾਂ ਪਏ ਕਰਦੇ ਹੋ। ਸਿੱਖਾਂ ਦਾ ਗੁਰੂ ਗਿਆਨ ਹੈ ਤੇ ਸਿੱਖ ਆਪ ਹਨੇਰੇ ਵਿੱਚ ਹਨ। ਇਹ ਅਸਚਰਜ ਬਾਤ ਹੈ। ਸਿੱਖਾਂ ਦਾ ਅਗਿਆਨ ਅਤੇ ਅੰਧੇਰ ਗੁਰੂ ਦੇ ਗਿਆਨ ਦੇ ਸੁਰਮੇ ਨਾਲ਼ ਨਾਸ਼ ਹੋ ਜਾਣਾ ਚਾਹੀਦਾ ਸੀ ਤੇ ਚਾਨਣ ਹੋ ਜਾਣਾ ਚਾਹੀਦਾ ਸੀ, ਕਿ ਇੱਕੋ ਇੱਕ ਗੁਰੂ ਹੈ ਤੇ ਉਹ ਹੈ ਦਸਵੇਂ ਪਾਤਿਸ਼ਾਹ ਜੀ ਦਾ ਥਾਪਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਫ਼ਸੋਸ! ਅਜਿਹਾ ਜਾਪਦਾ ਨਹੀਂ। ਸੱਚੀ ਬਾਣੀ ਆਖਦੀ ਹੈ-
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥1॥ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾਂ 293)
ਹੇ ਗੁਰੂ ਜੀ! ਰਹਿਮਤ ਕਰੋ ਜੀ, ਸਿੱਖਾਂ ਵਿੱਚ ਬਾਣੀ ਦੀ ਸੂਝ-ਬੂਝ ਪ੍ਰਾਪਤ ਕਰਨ ਲਈ ਸੱਚੀ ਰੁਚੀ ਬਖ਼ਸ਼ੋ ਅਤੇ ਆਪਣੀ ਬਾਣੀ ਦੇ ਗਿਆਨ ਨਾਲ਼ ਸਿੱਖਾਂ ਨੂੰ ਸੱਚੀ ਅਤੇ ਕੱਚੀ ਬਾਣੀ ਦੀ ਪਛਾਣ ਕਰਨ ਲਈ ਬਿਬੇਕ ਦਾਨ ਦੀ ਵਰਤੋਂ ਕਰਨੀ ਸਿਖਾਓ ਜੀ! ਭਰਾ-ਮਾਰੂ ਜੰਗ ਤੋਂ ਸਿੱਖ ਬਚਣ। ਗੁਰੂ ਰਾਖਾ।
ਕਸ਼ਮੀਰਾ ਸਿੰਘ (ਪ੍ਰੋ.) U.S.A.
ਵਰਜੀਨੀਆਂ ਦੇ ਪੰਜ ਪਿਆਰਿਆਂ ਨੂੰ ਮੁਹਲਤ ਦੇਣ ਵਾਲ਼ਿਓ ਭਰਾਵੋ ! ਕੁੱਝ ਸੋਚੋ !!!
Page Visitors: 2767