ਸਿੱਖ ਪੰਥ ਦੀ ਤ੍ਰਾਸਦੀ, ਸਿੱਖਾਂ ਦੀਆਂ ਹਜ਼ਾਰਾਂ ਸੰਸਥਾਵਾਂ ਅਤੇ ਹਰ ਸੰਸਥਾ ਪੰਥ ਤੋਂ ਉੱਪਰ !
ਅੱਜ ਸਿੱਖ ਪੰਥ ਵਿਚ ਹਜ਼ਾਰਾਂ ਸੰਸਥਾਵਾਂ ਹਨ, ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਸੰਸਥਾਵਾਂ ਦੇ ਬਲ ਤੇ, ਪੰਥ ਹਰ ਪੱਖੋਂ ਮਜ਼ਬੂਤ ਹੋ ਕੇ ਉਭਰਦਾ, ਪਰ ਹੋ ਇਸ ਤੋਂ ਉਲਟ ਰਿਹਾ ਹੈ, ਪੰਥ ਹਰ ਪਲ ਰਸਾਤਲ ਵੱਲ ਜਾ ਰਿਹਾ ਹੈ ।
ਕਿਉਂ ?
1. ਪੰਥ ਵਿਚ ਕੋਈ ਵੀ ਅਜਿਹੀ ਸੰਸਥਾ ਨਹੀਂ ਹੈ, ਜੋ ਸਿੱਖਾਂ ਨੂੰ ਆਰਥਿਕ ਪੱਖੋਂ, ਆਤਮ ਨਿਰਭਰ ਕਰਨ ਲਈ ਯਤਨਸ਼ੀਲ ਹੋਵੇ, ਬਹੁਤ ਸਾਰੀਆਂ ਸੰਸਥਾਵਾਂ ਇਸ ਆੜ ਵਿਚ ਸਿੱਖਾਂ ਨੂੰ ਲੁੱਟਣ ਦਾ ਕੰਮ ਜ਼ਰੂਰ ਕਰ ਰਹੀਆਂ ਹਨ ।
2. ਕੋਈ ਸੰਸਥਾ ਅਜਿਹੀ ਨਹੀਂ ਹੈ, ਜੋ ਸਿੱਖਾਂ ਨੂੰ ਵਿਦਿਆ ਪੱਖੋਂ ਸਮੇ ਦਾ ਹਾਣੀ ਬਨਾਉਣ ਲਈ ਕੰਮ ਕਰ ਰਹੀ ਹੋਵੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਅਜਿਹੀਆਂ ਹਨ (ਉਂਗਲੀਆਂ ਤੇ ਗਿਣਨ ਜੋਗੀਆਂ ਨੂੰ ਛੱਡ ਕੇ) ਜੋ ਇਸ ਆੜ ਵਿਚ ਲੁੱਟ ਦਾ ਕਾਰੋਬਾਰ ਚਲਾ ਰਹੀਆਂ ਹਨ । ਪਿਛਲੇ 50 ਸਾਲਾਂ ਵਿਚ ਇਨ੍ਹਾਂ ਸੰਸਥਾਵਾਂ ਤੋਂ ਪੜ੍ਹਿਆ ਕੋਈ ਬੱਚਾ ਅਜਿਹਾ ਨਹੀਂ ਨਿਕਲਿਆ, ਜਿਸ ਨੇ ਦੁਨੀਆ ਪੱਧਰ ਤੇ, ਜਾਂ ਦੇਸ਼ ਪੱਧਰ ਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੋਵੇ।
3. ਇਵੇਂ ਹੀ ਕੋਈ ਸੰਸਥਾ ਅਜਿਹੀ ਨਹੀਂ, ਜੋ ਤਕਨੀਕੀ ਪੱਧਰ ਤੇ ਸਿੱਖ ਬੱਚਿਆ ਦੇ ਸਵੈ-ਨਿਰਭਰ ਹੋਣ ਲਈ ਕੋਈ ਸਕੀਮ ਚਲਾ ਰਹੀ ਹੋਵੇ, ਜਿਸ ਨਾਲ ਸਿੱਖ ਬੱਚਿਆਂ ਵਿਚੋਂ ਬੇ-ਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਸਕੇ।
4. ਖੇਡਾਂ ਦੇ ਮੈਦਾਨ ਵਿਚ ਸਿੱਖ ਬੱਚਿਆ ਨੂੰ ਦੇਸ਼ ਪੱਧਰ ਤੇ ਅਤੇ ਦੁਨੀਆ ਪੱਧਰ ਤੇ ਸਿੱਖਾਂ ਦਾ ਨਾਮ ਰੌਸ਼ਨ ਕਰਨ ਲਈ ਯੋਗ ਅਗਵਾਈ ਦੇਣ ਵਾਲੀ ਵੀ ਕੋਈ ਸੰਸਥ ਨਹੀਂ ਹੈ, ਜਿਸ ਕਾਰਨ ਯੋਗਤਾ ਹੁੰਦੇ ਹੋਏ ਵੀ ਸਿੱਖ ਬੱਚੇ ਇਸ ਖੇਤਰ ਵਿਚ ਵੀ ਪੱਛੜ ਰਹੇ ਹਨ।
5. ਕੋਈ ਸੰਸਥਾ ਅਜਿਹੀ ਨਹੀਂ ਹੈ, ਜੋ ਯੋਗ ਸਿੱਖ ਇਤਿਹਾਸਕਾਰਾਂ ਕੋਲੋਂ, ਵਿਗਾੜਿਆ ਹੋਇਆ ਸਿੱਖੀ ਦਾ ਇਤਿਹਾਸ, ਸੋਧ ਕੇ ਲਿਖਵਾਉਣ ਲਈ ਯਤਨਸ਼ੀਲ ਹੋਵੇ, ਤਾਂ ਜੋ ਸਿੱਖੀ ਦਾ ਸਹੀ ਰੂਪ ਦੁਨੀਆਂ ਸਾਮ੍ਹਣੇ ਲਿਆਂਦਾ ਜਾ ਸਕੇ। ਇਤਿਹਾਸ ਨੂੰ ਵਿਗਾੜ ਕੇ ਲਿਖਵਾਉਣ ਵਾਲੀਆਂ ਬਹੁਤ ਹਨ, ਸ਼੍ਰੋਮਣੀ ਕਮੇਟੀ ਸਮੇਤ ।
6. ਪੰਜਾਬੀ ਦੀ ਹਾਲਤ ਦਿਨ-ਬ-ਦਿਨ ਯਤੀਮਾਂ ਵਾਲੀ ਹੁੰਦੀ ਜਾ ਰਹੀ ਹੈ, ਪੰਜਾਬ ਵਿਚ, ਜਿੱਥੇ ਸਰਕਾਰੀ ਬੋਲੀ ਅਤੇ ਮਾਂ-ਬੋਲੀ ਪੰਜਾਬੀ ਹੈ, ਓਥੇ ਵੀ ਬਹੁਤ ਸਾਰੇ ਸਕੂਲ, ਪੰਜਾਬੀ ਪੜ੍ਹਾਉਣ ਤੋਂ ਆਕੀ ਹੋਏ ਬੈਠੇ ਹਨ, ਸਰਕਾਰ ਨੇ ਪਿਛਲੇ 50 ਸਾਲਾਂ ਵਿਚ ਅਜਿਹੇ ਕਿਸੇ ਸਕੂਲ ਤੇ ਕੋਈ ਐਕਸ਼ਨ ਨਹੀਂ ਲਿਆ, ਨਾ ਹੀ ਕੋਈ ਸੰਸਥਾ ਅਜਿਹੀ ਹੈ, ਜਿਹੜੀ ਪੰਜਾਬੀ ਦੇ ਵਿਕਾਸ ਲਈ, ਕੋਈ ਉਪਰਾਲਾ ਕਰ ਰਹੀ ਹੋਵੇ।
7. ਕੋਈ ਸੰਸਥਾ ਅਜਿਹੀ ਨਹੀਂ, ਜਿਸ ਨੂੰ ਚਿੰਤਾ ਹੋਵੇ ਕਿ, ਜੇਕਰ ਸਿੱਖਾਂ ਨਾਲ 84 ਵਰਗੀ ਘਟਨਾ ਮੁੜ ਵਾਪਰ ਗਈ ਤਾਂ ਸਿੱਖਾਂ ਦੇ ਬਚਣ ਲਈ ਕੀ ਇੰਤਜ਼ਾਮ ਹੋਣੇ ਚਾਹੀਦੇ ਹਨ ? ਨਾ ਹੀ ਕਿਸੇ ਸੰਸਥਾ ਨੂੰ ਇਹ ਅਹਿਸਾਸ ਹੈ ਕਿ ਪੰਜਾਬ ਵਿਚ ਵਿਗੜ ਰਹੇ ਹਾਲਾਤ ਕਾਰਨ, ਖਾਨਾ-ਜੰਗੀ ਵਲ ਨੂੰ ਵਧ ਰਹੇ ਕਦਮਾਂ ਨੂੰ ਕਿਵੇਂ ਰੋਕਣਾ ਹੈ ? ਹਰ ਸੰਸਥਾ ਨੂੰ ਫਿਕਰ ਹੈ ਤਾਂ ਇਹ ਕਿ, ਸਾਡੇ ਹੱਥ ਵਿਚ ਵੱਧ ਤੋਂ ਵੱਧ ਤਾਕਤ ਹੋਣੀ ਚਾਹੀਦੀ ਹੈ, ਤਾਂ ਜੌ ਸਾਡੀ ਸੰਸਥਾਂ ਮਾਰ ਖਾਣ ਵਾਲਿਆਂ ਵਿਚ ਨਾ ਹੋ ਕੇ ਮਾਰਨ ਵਾਲਿਆਂ ਵਿਚ ਹੋਵੇ।
ਇਵੇਂ ਦੁਨਿਆਵੀ ਪੱਖੋਂ, ਸਿੱਖਾਂ ਦਾ ਹਰ ਪਿੜ ਵੇਹਲਾ ਪਿਆ ਹੈ।
ਤਕਰੀਬਨ ਸਾਰੀਆਂ ਸੰਸਥਾਵਾਂ ਇਕ ਪੱਖ ਦੇ ਦੁਆਲੇ ਹੀ ਹੋਈਆਂ ਪਈਆਂ ਹਨ, ਅਤੇ ਉਹ ਹੈ “ਧਾਰਮਕ-ਪੱਖ” ਜਿਸ ਦੇ ਵਿਕਾਸ ਲਈ ਹਜ਼ਾਰਾਂ ਸੰਸਥਾਵਾਂ ਆਪਣਾ ਨਾਮ ਦਰਜ ਕਰਵਾਈ ਬੈਠੀਆਂ ਹਨ, ਅਤੇ ਹਰ ਪੱਲ ਨਵੀਆਂ ਆਪਣਾ ਨਾਮ ਦਰਜ ਕਰਵਾ ਰਹੀਆਂ ਹਨ। ਇਨ੍ਹਾਂ ਵਿਚੋਂ ਹਰ ਸੰਸਥਾ ਦਾ ਆਪਣਾ ਸਿਧਾਂਤ ਹੈ, ਆਪਣੀਆਂ ਰਹਿਤਾਂ ਹਨ, ਆਪਣੀਆਂ ਕੁਰਹਿਤਾਂ ਹਨ, ਜੋ ਇਕ ਦੂਸਰੇ ਨਾਲ ਮੇਲ ਨਹੀਂ ਖਾਂਦੀਆਂ। ਹਰ ਸੰਸਥਾ ਦਾ ਇਕੋ ਟੀਚਾ ਹੈ ਕਿ ਉਸ ਦੇ ਪਰਚਾਰਕਾਂ ਦਾ ਨਾਮ ਵੱਧ ਤੋਂ ਵੱਧ ਮੀਡੀਏ ਤੇ ਆਵੇ, ਵੱਧ ਤੋਂ ਵੱਧ ਆਮਦਨ ਹੋਵੇ, ਬਹੁਤੀਆਂ ਸੰਸਥਾਵਾਂ ਦਾ ਤਾਂ ਕਾਰੋਬਾਰ ਹੀ ਟੀ.ਵੀ. ਰਾਹੀਂ ਚੱਲ ਰਿਹਾ ਹੈ।
ਇਹ ਸੰਸਥਾਵਾਂ ਕਦੀ ਵੀ ਇਕ ਥਾਂ ਇਕੱਠੀਆਂ ਹੋ ਕੇ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (646) ਤੇ ਗੱਲ ਨਹੀਂ ਕਰਨ ਵਾਲੀਆਂ, ਕਿਸੇ ਇਕ ਟੀਚੇ ਤੇ ਇਕੱਠੀਆਂ ਨਹੀਂ ਹੋਣ ਵਾਲੀਆਂ । ਇਨ੍ਹਾਂ ਸਭਨਾ ਦਾ ਇਕ ਟੀਚਾ ਜ਼ਰੂਰ ਸਾਂਝਾ ਹੈ ਕਿ, ਸਾਡੀ ਸੰਸਥਾ ਦਾ ਵਿਧਾਨ, ਸਭ ਤੋਂ ਉੱਤਮ ਹੈ, ਉਸ ਅਨੁਸਾਰ ਹੀ ਸਾਰੇ ਪੰਥ ਨੂੰ ਚੱਲਣਾ ਚਾਹੀਦਾ ਹੈ । ਇਵੇਂ ਇਹ ਸੰਸਥਾਵਾਂ ਪੰਥ ਨੂੰ ਹਜ਼ਾਰਾਂ ਹਿੱਸਿਆਂ ਵਿਚ ਵੰਡੀ ਬੈਠੀਆਂ ਹਨ। ਹਰ ਗੁਰਦਵਾਰੇ ਵਿਚ ਦੇਵੀ-ਦੇਵਤਿਆਂ ਤੇ ਅਧਾਰਤ ਮਿਥਿਹਾਸ, ਗੁਰਬਿਲਾਸ ਪਾ:6, ਗੁਰਬਿਲਾਸ ਪਾ: 10. ਭਾਈ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼, ਬਚਿੱਤ੍ਰ-ਨਾਟਕ (ਹਾਲ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ) ਆਦਿ ਦਾ ਮਿਲ-ਗੋਭਾ ਪਰਚਾਰਿਆ ਜਾਂਦਾ ਹੈ। ਸੰਗਤ ਨੂੰ ਜੋੜੀ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਜ਼ਰੂਰ ਲਈ ਜਾਂਦੀ ਹੈ, ਪਰ ਉਸ ਦਾ ਸਿਧਾਂਤਕ ਪਰਚਾਰ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ। ਅਜਿਹੀ ਹਾਲਤ ਵਿਚ ਸਿੱਖੀ ਕਿਵੇਂ ਬਚ ਸਕਦੀ ਹੈ ?
ਸਿੱਖੀ ਦੇ ਬਚਣ ਦਾ ਇਕੋ ਢੰਗ ਹੈ ਕਿ, ਅਸੀਂ ਮੁੜ ਓਥੋਂ ਹੀ ਸ਼ੁਰੂ ਕਰੀਏ, ਜਿੱਥੋਂ ਬਾਬਾ ਨਾਨਕ ਜੀ ਨੇ ਸਾਨੂੰ ਉਂਗਲੀ ਫੜ ਕੇ ਤੋਰਿਆ ਸੀ, ਯਾਨੀ ‘ ੴ ’ ਤੋਂ, ਪਹਿਲਾਂ ੴ ਨੂੰ ਸਮਝੀਏ, ਫਿਰ ਗੁਰਬਾਣੀ ਨੂੰ ਸਮਝੀਏ ਅਤੇ ਗੁਰਬਾਣੀ ਵਿਚ ਦਿੱਤੀ ਜੀਵਨ-ਜਾਂਚ ਅਪਨਾਈਏ। ਹਰ ਸੰਸਥਾ, ਹਰ ਡੇਰਾ, ਹਰ ਟਕਸਾਲ, ਹਰ ਗੁਰਦਵਾਰਾ, ਆਪਣੀਆਂ-ਆਪਣੀਆਂ ਸਿਖਿਆਵਾਂ ਦਾ ਤਿਆਗ ਕਰ ਕੇ ਨਿਰਵਿਵਾਦ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਪਰਚਾਰ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਧਾਨ ਅਨੁਸਾਰ ਹੀ ਜੀਵਨ ਢਾਲਣ ਦੀ ਪਰੇਰਨਾ ਕਰਨ । ਹਰ ਸੰਸਥਾ, ਹਰ ਡੇਰਾ, ਹਰ ਟਕਸਾਲ, ਹਰ ਸਿੰਘ ਸਭਾ, ਆਪਣੀ ਹਉਮੈ ਦਾ ਤਿਆਗ ਕਰ ਕੇ, ਇਕ ਪੰਥ ਦਾ ਅੰਗ ਬਣੇ। ਜੋ ਕਿ ਅੱਜ ਦੀ ਹਾਲਤ ਵਿਚ ਬਿਲਕੁਲ ਵੀ ਸੰਭਵ ਨਹੀਂ ਜਾਪਦਾ ।
ਫਿਰ ਸਿੱਖ ਆਪਣੀ ਮਿਹਨਤ ਦੇ ਦਸਵੰਧ ਨਾਲ ਅਜਿਹੇ ਮਰਖਣੇ ਸੰਢੇ ਕਿਉਂ ਪਾਲ ਰਹੇ ਹਨ ? ?
ਇਹ ਦਸਵੰਧ ਦੀ ਮਾਇਆ ਕਿਸੇ ਲੋੜਵੰਦ ਤੇ ਲਾ ਕੇ ਗੁਰੂ ਨਾਨਕ ਜੀ ਦੇ ਸਾਥੀਆਂ ਦਾ ਭਲਾ ਕਿਉਂ ਨਹੀਂ ਕਰਦੇ ? ? ਤਾਂ ਜੋ ਮੂਲ ਰੂਪ ਵਿਚ ਸਿੱਖੀ ਦਾ ਬੀਜ ਬਚਿਆ ਰਹੇ ।
ਨੋਟ:- ਜੇ ਕਿਸੇ ਵੀਰ/ਭੈਣ ਨੂੰ ਕੋਈ ਹੋਰ ਢੰਗ, ਪੰਥ ਦੇ ਸਿਧਾਂਤ ਨੂੰ ਬਚਾਉਣ ਦਾ ਸਮਝ ਆਉਂਦਾ ਹੈ ਤਾਂ ਉਹ ਜ਼ਰੂਰ ਸਾਂਝਾ ਕਰੇ। ਰੋਜ਼ਾਨਾ ਵਾਪਰਦੀਆਂ ਘਟਨਾਵਾਂ ਦੇ ਵਿਚਾਰ ਵਿਚ ਹੀ ਰੁੜ੍ਹੇ ਜਾਣਾ ਕੋਈ ਅਕਲਮੰਦੀ ਨਹੀਂ ਹੈ । ਇਨ੍ਹਾਂ ਹਾਲਾਤ ਦੀ ਭਿਆਨਕਤਾ ਨੂੰ ਸਮਝੋ ਅਤੇ ਉਨ੍ਹਾਂ ਤੇ ਚਰਚਾ ਮਾਤਰ ਕਰਨ ਦੀ ਥਾਂ, ਉਨ੍ਹਾ ਦਾ ਟਾਕਰਾ ਕਰਨ ਦੀ ਵਿਉਂਤ-ਬੰਦੀ ਕਰਨਾ ਹੀ ਅਕਲਮੰਦੀ ਹੈ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਸਿੱਖ ਪੰਥ ਦੀ ਤ੍ਰਾਸਦੀ, ਸਿੱਖਾਂ ਦੀਆਂ ਹਜ਼ਾਰਾਂ ਸੰਸਥਾਵਾਂ ਅਤੇ ਹਰ ਸੰਸਥਾ ਪੰਥ ਤੋਂ ਉੱਪਰ !
Page Visitors: 2807