ਮਾਨਤਾ ਪ੍ਰਾਪਤ ਭਾਰਤੀ ਅੱਤਵਾਦੀਆਂ ਨੇ ਆਮ ਇਨਸਾਨ (ਅਫਜ਼ਲ ਗੁਰੂ)ਨੂੰ ਅੱਤਵਾਦੀ ਬਣਾ ਕੇ ਫਾਂਸੀ ’ਤੇ ਟੰਗਿਆ
13 ਦਸੰਬਰ 2001 ਵਿੱਚ ਕੁੱਝ ਹਥਿਆਰਬੰਦ ਅੱਤਵਾਦੀਆਂ ਨੇ ਭਾਰਤੀ ਸੰਸਦ ਤੇ ਹਮਲਾ ਕਰ ਦਿੱਤਾ ਸੀ। ਜਿਸ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ । ਜਿਸਨੇ ਵੀ ਇਹ ਜੁਰਮ ਕੀਤਾ, ਉਹ ਭਾਵੇਂ ਅੱਤਵਾਦੀਆਂ ਨੇ ਕੀਤਾ ਹੋਵੇ ਜਾਂ ਭਾਰਤੀ ਏਜੰਸੀਆਂ ਨੇ ਕੀਤਾ ਹੋਵੇ ਉਹ ਬਹੁਤ ਮਾੜਾ ਹੋਇਆ। ਬੇਚਾਰੇ ਬੇਦੋਸ਼ੇ ਲੋਕ ਮਾਰੇ ਗਏ। ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਕਹੇ ਜਾਂਦੇ ਇਸ ਪਾਰਲੀਮੈਂਟ ਹਾਊਸ ’ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ ’ਤੇ ਹੀ ਮਾਰੇ ਗਏ ਸਨ। ਪਰ ਭਾਰਤੀ ਪੁਲਿਸ ਨੇ ਆਪਣਾ ਤਾਣਾ-ਬਾਣਾ ਬੁਣਦਿਆਂ ਇਸ ਹਮਲੇ ਦੇ ਦੋਸ਼ ਵਿੱਚ ਕੁੱਝ ਮੁਸਲਮਾਨਾਂ ਨੂੰ ਫੜ ਕੇ ਹਮਲੇ ਦੀ ਸਾਜਿਸ਼ ਦੇ ਦੋਸ਼ ਉਨ੍ਹਾਂ ਦੇ ਸਿਰ ਮੜ੍ਹ ਦਿੱਤੇ।
ਉਨ੍ਹਾਂ ਵਿੱਚੋਂ ਮੁਹੰਮਦ ਅਫਜ਼ਲ ਨੂੰ ਇਸ ਹਮਲੇ ਦੀ ਸਾਜਿਸ਼ ਦਾ ਦੋਸ਼ੀ ਬਣਾ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਜਿਸਨੂੰ 9 ਫਰਵਰੀ 2013 ਨੂੰ ਸਵੇਰੇ 8 ਵਜੇ ਫਾਂਸੀ ’ਤੇ ਲਟਕਾ ਦਿੱਤਾ ਗਿਆ। ਬੇਗੁਨਾਹਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਜਰੂਰ ਹੋਣੀ ਚਾਹੀਦੀ ਹੈ। ਇਸ ਗੱਲ ਤੋਂ ਕੋਈ ਵੀ ਮੁਨੱਕਰ ਨਹੀਂ ਹੁੰਦਾ। ਪਰ ਵੋਟ ਦੀ ਰਾਜਨੀਤੀ ਨੂੰ ਮੁੱਖ ਰੱਖਦਿਆਂ ਵੱਧ ਗਿਣਤੀ ਲੋਕਾਂ ਦੀ ਵਾਹ-ਵਾਹ ਖੱਟਣ ਲਈ ਘੱਟ ਗਿਣਤੀਆਂ ਦੇ ਬੇਦੋਸ਼ੇ ਲੋਕਾਂ ਨੂੰ ਦੋਸ਼ੀ ਬਣਾ ਕੇ ਫਾਂਸੀ ’ਤੇ ਟੰਗਣਾ ਵੀ ਬਹੁਤ ਵੱਡਾ ਜੁਰਮ ਹੈ, ਇਸਨੂੰ ਵੀ ਠੀਕ ਨਹੀਂ ਕਿਹਾ ਜਾ ਸਕਦਾ।
ਭਾਰਤੀ ਲੋਕਤੰਤਰ ਦੇ ਮੰਦਰ ’ਤੇ ਹਮਲਾ ਕਰਨ ਵਾਲੇ ਸਾਰੇ ਹਮਲਾਵਰ ਮੌਕੇ ’ਤੇ ਹੀ ਮਾਰੇ ਗਏ ਸਨ। ਫਿਰ ਵੀ ਇਸ ਦੇਸ਼ ਦੇ ਵਿੱਚ ਇੱਕ ਮੁਸਲਮਾਨ ਨੂੰ ਫਾਂਸੀ ’ਤੇ ਟੰਗ ਕੇ ਭਾਰਤੀ ਤਾੜੀਆਂ ਮਾਰ ਰਹੇ ਹਨ ਤੇ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ। ਜੂਨ 1984 ਵਿੱਚ ਸਿੱਖ ਕੌਮ ਦੇ ਸਭ ਤੋਂ ਵੱਡੇ ਮੰਦਰ ਉੱਤੇ ਭਾਰਤੀ ਫੌਜ ਨੇ ਅੱਤਵਾਦੀ ਬਣ ਕੇ ਹਮਲਾ ਕਰਕੇ ਹਜਾਰਾਂ ਬੇਦੋਸ਼ਿਆਂ ਦਾ ਕਤਲ ਕੀਤਾ। ਉਨ੍ਹਾਂ ਨੂੰ ਫਾਂਸੀ ਕਿਉਂ ਨਹੀਂ? ਜੇ ਭਾਰਤੀ ਹਾਕਮ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦੋਸ਼ੀ ਮੰਨ ਕੇ ਇਸ ਹਮਲੇ ਨੂੰ ਸਹੀ ਠਹਿਰਾਉਂਦੇ ਹਨ ਤਾਂ ਕੀ ਭਿੰਡਰਾਂਵਾਲੇ ਸਮੇਤ ਉਸਦੇ ਕੁੱਝ ਸਾਥੀਆਂ ਨੂੰ ਮਾਰਨ ਜਾਂ ਫੜਨ ਲਈ ਸਿੱਖ ਕੌਮ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਨੂੰ ਢਹਿ ਢੇਰੀ ਕਰਨਾ, ਹਜਾਰਾਂ ਬੇਦੋਸ਼ਿਆਂ ਦਾ ਕਤਲ ਕਰਨਾ ਅਤੇ ਸਿੱਖ ਕੌਮ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਅੱਗ ਲਾ ਕੇ ਸਾੜ ਦੇਣਾ ਕੀ ਜੁਰਮ ਨਹੀਂ ਸੀ? ਅਜਿਹੇ ਸਰਕਾਰੀ ਅੱਤਵਾਦੀਆਂ ਨੂੰ ਫਾਂਸੀ ਕੌਣ ਦੇਵੇ?
ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਕਈ ਹੋਰ ਥਾਵਾਂ ’ਤੇ ਸ਼ਰੇਆਮ ਸਿੱਖਾਂ ਦੀਆਂ ਜਾਇਦਾਦਾਂ, ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਹਜਾਰਾਂ ਦੀ ਗਿਣਤੀ ਵਿੱਚ ਬੇਦੋਸ਼ੇ ਸਿੱਖਾਂ ਨੂੰ ਕਤਲ ਕੀਤਾ ਗਿਆ, ਅੱਜ ਤੱਕ ਦੋਸ਼ੀਆਂ ਦੀ ਪਹਿਚਾਣ ਨਹੀਂ ਹੋ ਸਕੀ, ਸਜਾ ਮਿਲਣੀ ਤਾਂ ਦੂਰ ਦੀ ਗੱਲ ਹੈ। ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ ਦੀ ਸ਼ਨਾਖਤ ਕਰਨ ਦੀ ਥਾਂ ਬੇਦੋਸ਼ਿਆਂ ਦੇ ਕਾਤਲਾਂ ਅਤੇ ਅਣਪਛਾਤੇ ਕਹਿ ਕੇ ਸਾੜੇ ਗਏ ਸਿੱਖ ਨੌਜਵਾਨਾਂ ਦੀ ਪਹਿਚਾਣ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਵਰਗਿਆਂ ਦਾ ਵੀ ਕਤਲ ਕਰ ਦਿੱਤਾ ਗਿਆ। ਦਸੰਬਰ 1992 ਵਿੱਚ ਮੁਸਲਮਾਨਾਂ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ ਗਿਆ। ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਨਹੀਂ।
ਮਾਰਚ 2000 ਵਿੱਚ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਖੇ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਹਾਲੇ ਤੱਕ ਕਾਤਲਾਂ ਦੀ ਪਹਿਚਾਣ ਨਹੀਂ ਹੋ ਸਕੀ। ਫਰਵਰੀ-ਮਾਰਚ 2002 ਵਿੱਚ ਗੁਜਰਾਤ ਵਿੱਚ ਸੈਂਕੜੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਉਨ੍ਹਾਂ ਦੇ ਘਰ-ਘਾਟ ਸਾੜੇ ਗਏ। ਇਸ ਦੋਸ਼ ਵਿੱਚ ਕਿੰਨੇ ਦੋਸ਼ੀਆਂ ਨੂੰ ਫਾਂਸੀ ਹੋਈ? ਦੁੱਖ ਦੀ ਗੱਲ ਇਹ ਹੈ ਕਿ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ ਦਾ ਦਿਨ ਦਿਹਾੜੇ ਸ਼ਰੇਆਮ ਕਤਲ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਨਹੀਂ ਹੁੰਦੀ। ਪਰ ਇਸ ਦੇਸ਼ ਵਿੱਚ ਕੋਈ ਕਿਸੇ ਵੀ ਕਿਸਮ ਦੀ ਘਟਨਾ ਵਾਪਰ ਜਾਵੇ ਜਿਸਦਾ ਕੋਈ ਠੋਸ ਸਬੂਤ ਵੀ ਨਾ ਹੋਵੇ, ਉਸਦੇ ਦੋਸ਼ ਵਿੱਚ ਸਿੱਖਾਂ ਜਾਂ ਮੁਸਲਮਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਫਾਂਸੀ ਤੇ ਜਰੂਰ ਟੰਗ ਦਿੱਤਾ ਜਾਂਦਾ ਹੈ। ਜਿਸਦਾ ਕੋਈ ਮਰਦਾ ਹੈ ਉਸਨੂੰ ਰੋਸ ਤਾਂ ਹੁੰਦਾ ਹੀ ਹੈ।
ਪਰ ਭਾਰਤੀ ਬਹੁ ਗਿਣਤੀ ਦੇ ਲੋਕ ਤਾਂ ਭਾਈਚਾਰਕ ਸਾਂਝ ਅਨੁਸਾਰ ਉਸਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਥਾਂ ਉਲਟਾ ਘੱਟ ਗਿਣਤੀਆਂ ਦੇ ਹੋਏ ਕਤਲੇਆਮ ਜਾਂ ਮੌਤ ’ਤੇ ਜਿੱਥੇ ਆਪ ਲੱਡੂ ਵੰਡਦੇ ਹਨ, ਉੱਥੇ ਘੱਟ ਗਿਣਤੀਆਂ ਦੇ ਰੋਸ ਦਾ ਵੀ ਡੱਟ ਕੇ ਵਿਰੋਧ ਕਰਦੇ ਹਨ। ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੁੱਧ 28-3-2012 ਨੂੰ ਰੋਸ ਕਰਦੇ ਸਿੱਖਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ। ਫਿਰ ਇਸ ਵਿਰੋਧ ਦਾ ਰੋਸ ਕਰਦੇ ਸਿੱਖਾਂ ਦਾ ਅਗਲੇ ਦਿਨ ਵੀ ਵਿਰੋਧ ਕੀਤਾ ਗਿਆ। ਜਿਸ ਵਿੱਚ ਪੰਜਾਬ ਪੁਲਿਸ ਨੇ ਇੱਕ ਸਿੱਖ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਸਜ਼ਾ ਮਿਲੀ? ਹੁਣ ਦਿੱਲੀ ਵਿੱਚ ਮੁਸਲਮਾਨ ਨੌਜਵਾਨ ਅਫਜ਼ਲ ਗੁਰੂ ਦੀ ਮੌਤ ’ਤੇ ਰੋਸ ਪ੍ਰਗਟਾ ਰਹੇ ਸਨ ਤਾਂ ਬਜਰੰਗ ਦਲ ਨੇ ਫਿਰ ਉਨ੍ਹਾਂ ਦਾ ਡੱਟ ਕੇ ਵਿਰੋਧ ਕੀਤਾ। ਕਸ਼ਮੀਰ ਵਿੱਚ ਵੀ ਰੋਸ ਪ੍ਰਦਰਸ਼ਨ ਕਰਦੇ ਮੁਸਲਮਾਨਾਂ ਨੂੰ ਕੁੱਟਿਆ ਗਿਆ ਅਤੇ ਭਾਰਤੀ ਹਿੰਦੂ ਅਫਜ਼ਲ ਗੁਰੂ ਦੀ ਮੌਤ ’ਤੇ ਖੁਸ਼ੀ ਵਿੱਚ ਲੱਡੂ ਵੰਡ ਰਹੇ ਹਨ ।
ਜਦੋਂ ਅਕਾਲ ਤਖਤ ’ਤੇ ਹਮਲਾ ਹੋਇਆ ਸੀ, ਇਨ੍ਹਾਂ ਨੇ ਉਦੋਂ ਵੀ ਲੱਡੂ ਵੰਡੇ ਸਨ। ਇਨ੍ਹਾਂ ਦਾ ਇਹੀ ਵਡੱਪਣ ਹੈ, ਕਿ ਜਦੋਂ ਘੱਟ ਗਿਣਤੀਆਂ ’ਤੇ ਜੁਲਮ ਹੁੰਦੇ ਹਨ ਤਾਂ ਇਹ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦੀ ਥਾਂ ਜਿੱਥੇ ਉਨ੍ਹਾਂ ਨੂੰ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕਰਨ ਦਿੰਦੇ, ਉੱਥੇ ਉਨ੍ਹਾਂ ਨੂੰ ਚਿੜਾਉਣ ਲਈ ਉਨ੍ਹਾਂ ਦੀ ਗਮੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹਨ। ਭਾਰਤੀ ਹਿੰਦੂਆਂ ਨੇ ਜੋਗਾ ਵਿਖੇ ਹੋ ਰਹੀ ਗਊ ਹੱਤਿਆ ਦੇ ਵਿਰੋਧ ਵਿੱਚ ਰੋਸ ਮਾਰਚ ਕੀਤੇ ਅਤੇ ਬੰਦ ਦਾ ਸੱਦਾ ਦਿੱਤਾ ਤਾਂ ਕਿਸੇ ਨੇ ਇਹਨਾਂ ਦਾ ਵਿਰੋਧ ਨਹੀਂ ਕੀਤਾ। ਸ਼ਿਵ ਸੈਨਾ ਮੁਖੀ ਬਾਲ ਠਾਕਰੇ 17 ਨਵੰਬਰ 2012 ਨੂੰ ਮਰ ਗਿਆ ਸੀ, ਜਿਸਦੇ ਸੋਗ ਵਿੱਚ ਸ਼ਿਵ ਸੈਨਾ ਨੇ ਮੁੰਬਈ ਨੂੰ ਬੰਦ ਕਰਵਾ ਦਿੱਤਾ ।
ਕਿਸੇ ਨੇ ਇਸਦਾ ਵਿਰੋਧ ਨਹੀਂ ਕੀਤਾ। ਇੱਕ ਲੜਕੀ ਨੇ ਫੇਸਬੁੱਕ ਤੇ ਇੱਕ ਸੰਖੇਪ ਜਿਹੀ ਟਿੱਪਣੀ ਕਰ ਦਿੱਤੀ ਕਿ ਅਜਿਹੇ ਬੰਦੇ ਰੋਜ ਹੀ ਪੈਦਾ ਹੁੰਦੇ ਤੇ ਮਰਦੇ ਹਨ ਫਿਰ ਸ਼ਹਿਰ ਬੰਦ ਕਰਨ ਦਾ ਕੀ ਮਤਲਬ। ਇੱਕ ਹੋਰ ਲੜਕੀ ਨੇ ਇਸ ਟਿੱਪਣੀ ਨੂੰ ਠੀਕ ਕਹਿ ਦਿੱਤਾ ਸੀ। ਇਹਨਾਂ ਦੋਹਾਂ ਲੜਕੀਆਂ ਤੇ ਪਰਚੇ ਦਰਜ ਕਰਵਾ ਦਿੱਤੇ ਗਏ। ਬੱਸ ਇੱਕ ਹੀ ਗੱਲ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਜੋ ਮਰਜੀ ਸਲੂਕ ਹੋਵੇ, ਵੱਧ ਗਿਣਤੀ ਲੋਕ ਲੁੱਟ-ਖੋਹ, ਕਤਲ ਆਦਿ ਜੋ ਮਰਜੀ ਕਰਨ, ਘੱਟ ਗਿਣਤੀ ਸਿੱਖ ਤੇ ਮੁਸਲਮਾਨ ਉਸਨੂੰ ਬਰਦਾਸ਼ਤ ਕਰਦੇ ਰਹਿਣ। ਜੇ ਘੱਟ ਗਿਣਤੀ ਦੇ ਲੋਕ ਰੋਸ ਮਾਰਚ, ਧਰਨੇ ਜਾਂ ਮੁਜਾਹਰੇ ਕਰਨ ਉਹ ਫਿਰ ਵੀ ਦੇਸ਼ ਧਰੋਹੀ ਅਤੇ ਉਨ੍ਹਾਂ ਦਾ ਪੁਲਿਸ ਦੀਆਂ ਡਾਂਗਾਂ ਤੇ ਗੋਲੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ਜੇ ਬੇਇਨਸਾਫੀਆਂ ਦੇ ਸਤਾਏ ਕੁੱਝ ਨੌਜਵਾਨ ਗੁੱਸੇ ਵਿੱਚ ਆਕੇ ਹਥਿਆਰ ਚੁੱਕ ਲੈਣ ਤਾਂ ਪੂਰੀ ਕੌਮ ਨੂੰ ਅੱਤਵਾਦੀ ਆਖ ਕੇ ਬਦਨਾਮ ਕੀਤਾ ਜਾਂਦਾ ਹੈ।
ਵੱਧ ਗਿਣਤੀ ਜਿਵੇਂ ਮਰਜੀ ਦਿੱਲੀ ਗੁਜਰਾਤ ਜਾਂ ਹੋਰ ਸ਼ਹਿਰਾਂ ਵਿੱਚ ਘੱਟ ਗਿਣਤੀਆਂ ਦਾ ਕਤਲੇਆਮ ਕਰਨ, ਮਾਲੇਗਾਂਵ ਬੰਬ ਧਮਾਕੇ ਕਰਨ, ਸਮਝੌਤਾ ਐਕਸਪ੍ਰੈਸ ਵਿੱਚ ਬੰਬ ਧਮਾਕੇ ਕਰਨ, ਸ਼ਹਿਰ ਬੰਦ ਕਰਵਾਉਣ ਉਹ ਫਿਰ ਵੀ ਦੇਸ਼ ਭਗਤ। ਜੇ ਕੋਈ ਵਿਰੋਧੀ ਧਿਰ ਦਾ ਆਗੂ ਉਨ੍ਹਾਂ ਨੂੰ ਭਗਵੇਂ ਅੱਤਵਾਦੀ ਕਹਿ ਦੇਵੇ ਤਾਂ ਪੂਰਾ ਦੇਸ਼ ਹੱਲ ਜਾਂਦਾ ਹੈ। ਇਹ ਜਿਸਨੂੰ ਮਰਜੀ ਅੱਤਵਾਦੀ ਕਹਿਣ ਤਾਂ ਅਗਲਾ ਅੱਗੋਂ ਬੋਲ ਵੀ ਨਹੀਂ ਸਕਦਾ। ਇਸ ਲਈ ਅਫਜ਼ਲ ਗੁਰੂ ’ਤੇ ਕੀਤੇ ਤਸ਼ੱਦਦ ਦੀ ਅਤੇ ਉਸਦੀ ਜਿੰਦਗੀ ਬਾਰੇ ਜੋ ਕੁੱਝ ਮੈਨੂੰ ਪੜ੍ਹਣ ਨੂੰ ਮਿਲਿਆ ਹੈ ਉਸ ਅਨੁਸਾਰ ਤਾਂ ਮੈਂ ਇਹੀ ਕਹਿ ਸਕਦਾ ਹਾਂ ਕਿ ਮਾਨਤਾ ਪ੍ਰਾਪਤ ਭਾਰਤੀ ਅੱਤਵਾਦੀਆਂ ਨੇ ਇੱਕ ਆਮ ਇਨਸਾਨ (ਅਫਜ਼ਲ ਗੁਰੂ) ਨੂੰ ਅੱਤਵਾਦੀ ਬਣਾ ਕੇ ਫਾਂਸੀ ’ਤੇ ਟੰਗਿਆ ਹੈ। ਅਫਜ਼ਲ ਗੁਰੂ ਦੀ ਫਾਂਸੀ ਵੀ ਘੱਟ ਗਿਣਤੀਆਂ ਲਈ ਕੋਈ ਨਵੀਂ ਘਟਨਾ ਨਹੀਂ। ਭਾਰਤੀ ਘੱਟ ਗਿਣਤੀਆਂ ਲਈ ਤਾਂ ਇਹ ਕੁੱਝ ਰਾਖਵਾਂ ਹੀ ਹੈ। ਜੋ ਆਪਣੇ ਘੱਟ ਗਿਣਤੀ ਹੋਣ ਦੇ ਗੁਨਾਹ ਵਿੱਚ ਪ੍ਰਾਪਤ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਭਾਰਤ ਦੀਆਂ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਆਪਣਿਆਂ ਤੋਂ ਵੱਧ ਕੇ ਸ਼ਾਮਿਲ ਹੋਣਾ ਚਾਹੀਂਦਾ ਹੈ। ਕਿਉਂਕਿ ਭਾਰਤ ਵਿੱਚ ਘੱਟ ਗਿਣਤੀ ਹੋਣ ਦਾ ਦੁਖਾਂਤ ਦੋਹਾਂ ਕੌਮਾਂ ਦਾ ਸਾਂਝਾ ਹੈ।
ਹਰਲਾਜ ਸਿੰਘ ਬਹਾਦਰਪੁਰ