ਢੱਡਰੀਆਂਵਾਲਿਆਂ ਉੱਤੇ ਹੋਏ ਘਿਨਾਉਣੇ ਹਲੇ ਤੋਂ ਬਾਅਦ ਸਿੱਖ ਮਾਨਸਿਕਤਾ ਕਿੱਥੇ ਖੜੀ ਹੈ….!
ਛਬੀਲ ਦੀ ਆੜ ਵਿੱਚ 17 ਮਈ ਨੂੰ ਬਾਬੇ ਧੁੰਮੇ ਦੇ ਬੰਦਿਆਂ ਵੱਲੋਂ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਉੱਤੇ ਮਾਰੂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਗੁਰੂ ਕੇ ਕੀਰਤਨੀਏ ਭਾਈ ਭੁਪਿੰਦਰ ਸਿੰਘ ਦੀ ਜਾਨ ਦੀ ਬਾਜ਼ੀ ਲੱਗ ਗਈ ਅਤੇ ਬਾਬਾ ਰਣਜੀਤ ਸਿੰਘ ਸਮੇਤ ਬਾਕੀ ਦੇ ਸਿੰਘ ਗੁਰੂ ਦੀ ਨਦਰਿ ਸਦਕਾ, ਇਸ ਵਹਿਸ਼ੀ ਹਮਲੇ ਵਿੱਚ ਬੜੇ ਔਖੇ ਹੀ ਆਪਣੀ ਜਾਨ ਬਚਾਉਣ ਵਿੱਚ ਸਫਲ ਹੋਏ। ਬੇਸ਼ੱਕ ਬਾਬੇ ਧੁੰਮੇਂ ਨੇ ਇਸ ਹਮਲੇ ਵਿੱਚ ਪਹਿਲਾਂ ਤਾਂ ਚੁੱਪੀ ਧਾਰਕੇ, ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦਾ ਅਸਫਲ ਯਤਨ ਕੀਤਾ, ਪਰ ਹਮਲਾਵਰ ਦੀ ਸ਼ਨਾਖਤ ਅਤੇ ਗੱਡੀਆਂ ਦੀ ਨਿਸ਼ਾਨਦੇਹੀ ਹੋਣ ਤੇ ਪੈੜ ਸਿੱਧੀ ਬਾਬੇ ਧੁੰਮੇਂ ਦੀ ਸਰਦਲ ਤੱਕ ਚਲੀ ਗਈ ਸੀ। ਅਖੀਰ ਆਪਣੇ ਸਿਆਸੀ ਪ੍ਰਭੂਆਂ ਨਾਲ ਡੂੰਘੀ ਵਿਚਾਰ ਕਰਕੇ ਆਪਣੀ ਚੁੱਪ ਤੋੜਦਿਆਂ ਬਾਬੇ ਧੁੰਮੇਂ ਨੇ ਬੜੇ ਦਾਦਾਗਿਰੀ ਅੰਦਾਜ਼ ਵਿੱਚ ਇਸ ਹਮਲੇ ਦੀ ਅਸਿੱਧੀ ਜਿੰਮੇਵਾਰੀ ਕਬੂਲਦਿਆਂ, ਇਸ ਹਮਲੇ ਨੂੰ ਕਿਸੇ ਸੰਸਥਾ ਦੀ ਕੀਤੀ ਗਈ ਬੇਲੋੜੀ ਆਲੋਚਨਾ ਜਾਂ ਬਦਨਾਮੀ ਨਾਲ ਜੋੜਣ ਦਾ ਯਤਨ ਕੀਤਾ ਗਿਆ, ਕਦੇ ਇਸ ਨੂੰ ਖੰਡੇ ਬਾਟੇ ਦੀ ਪਾਹੁਲ ਦੇਣ ਸਮੇਂ ਪੜ੍ਹੀਆਂ ਜਾਂਦੀਆਂ ਬਾਣੀਆਂ ਦੀ ਵਿਰੋਧਤਾ ਨਾਲ ਜੋੜਣ ਦੀ ਸਾਜਿਸ਼ ਕੀਤੀ ਗਈ ਤਾਂ ਕਿ ਸਿੱਖ ਪੰਥ ਵਿੱਚ ਭੰਬਲਭੂਸਾ ਖੜ੍ਹਾ ਹੋ ਜਾਵੇ। ਬਾਬੇ ਧੁੰਮੇਂ ਦੇ ਹਾਕਮ ਯਾਰਾਂ ਨੇ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਤੋਂ ਇੱਕ ਆਦੇਸ਼ ਕਰਵਾਇਆ ਅਤੇ ਫਿਰ ਬਾਬੇ ਧੁੰਮੇਂ ਦਾ ਭਾਰ ਘਟਾਉਣ ਲਈ ਅਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਰਕਾਰ ਅਤੇ ਸਿੱਖ ਪਾਰਲੀਮੈਂਟ ਵੀ ਬਾਬੇ ਧੁੰਮੇਂ ਦੇ ਨਾਲ ਖੜ੍ਹੀ ਹੈ, ਸ਼੍ਰੋਮਣੀ ਕਮੇਟੀ ਨੂੰ ਸਮਝੌਤਾ ਕਰਵਾਉਣ ਦਾ ਜਿੰਮਾਂ ਵੀ ਸੌਂਪਿਆ।
ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਅਤੇ ਹਕੂਮਤੀ ਅਕਾਲੀ ਦਲ ਦੇ ਮੁਖੀ ਨੇ ਬੇਸ਼ਕ ਪਰਮੇਸ਼ਰਦਵਾਰ ਜਾ ਕੇ ਬਾਬਾ ਢੱਡਰੀਆਂਵਾਲਿਆਂ ਕੋਲ ਵੀ ਮਗਰਮੱਛ ਦੇ ਅੱਥਰੂ ਕੇਰੇ, ਲੇਕਿਨ ਅੰਦਰੋਂ ਹਮਦਰਦੀ ਉਸ ਪਾਸੇ ਹੀ ਰਹੀ, ਜਿਥੇ ਨਾਗਪੁਰੀ ਸੋਚ ਦਾ ਇਸ਼ਾਰਾ ਸੀ। ਪੰਜਾਬ ਵਿੱਚ ਹਜ਼ਾਰਾਂ ਗੱਭਰੂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਇਸ ਕਰਕੇ ਮਾਰੇ ਗਏ ਕਿ ਉਹਨਾਂ ਕੋਲ ਕੋਈ ਹਥਿਆਰਬੰਦ ਬੰਦਾ ( ਖਾੜਕੂ) ਕੁੱਝ ਪਲ ਵਾਸਤੇ ਆਰਾਮ ਕਰ ਗਿਆ ਸੀ ਜਾਂ ਫਿਰ ਡਰਦੇ ਮਾਰੇ ਉਸ ਨੂੰ ਅੰਨ ਪਾਣੀ ਛਕਾਉਣ ਪਿਆ ਸੀ, ਪਰ ਇੱਥੇ ਪ੍ਰੈਸ ਕਾਨਫਰੰਸ ਕਰਕੇ ਬਾਬਾ ਧੁੰਮਾਂ ਸ਼ਰੇਆਮ ਕਬੂਲ ਰਿਹਾ ਹੈ ਕਿ ਹਮਲਾ ਕਰਨ ਵਾਲੇ ਸਾਡੇ ਵਿਦਿਆਰਥੀ ਸਨ ਅਤੇ ਗੱਡੀਆਂ ਵੀ ਸਾਡੀਆਂ ਸਨ, ਫਿਰ ਉਸ ਤੋਂ ਮਾੜੀ ਗੱਲ ਕਿ ਭਾਈ ਭੁਪਿੰਦਰ ਸਿੰਘ ਵਰਗੇ ਬੇਗੁਨਾਹ ਸਿੰਘ ਦੇ ਕਾਤਲਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ, ਹੋਰ ਹੋਰ ਤਾਂ ਬਾਬੇ ਧੁੰਮੇਂ ਨੇ ਕਿਸੇ ਕਾਨੂੰਨ ਜਾਂ ਮਰਿਯਾਦਾ ਜਾਂ ਆਪਣੇ ਰੁਤਬੇ ਦੀ ਪ੍ਰਵਾਹ ਨਾ ਕਰਦਿਆਂ, ਮੀਡਿਆ ਸਾਹਮਣੇ ਬੜੇ ਸਾਫ਼ ਲਫਜਾਂ ਵਿੱਚ ਬਿਆਨ ਕੀਤਾ ਹੈ ਕਿ ਅਜਿਹੇ ਹਮਲੇ ਭਵਿੱਖ ਵਿੱਚ ਵੀ ਹੁੰਦੇ ਰਹਿਣਗੇ, ਲੇਕਿਨ ਪੰਜਾਬ ਸਰਕਾਰ, ਪ੍ਰਸਾਸ਼ਨ, ਪੁਲਿਸ ਨੇ ਕੋਈ ਨੋਟਿਸ ਨਹੀਂ ਲਿਆ ਅਤੇ ਬਾਬੇ ਧੁੰਮੇਂ ਦੀ ਅੱਜ ਤੱਕ ਗ੍ਰਿਫਤਾਰੀ ਤਾਂ ਦੂਰ ਦੀ ਗੱਲ ਕਿਸੇ ਤਰਾਂ ਦੀ ਨਹੀਂ ਕੀਤੀ ਇਸ ਤੋਂ ਵੀ ਮੰਦਭਾਗੀ ਗੱਲ ਕਿ ਜੇ ਯੋਗਸਵਾਮੀ ਰਾਮਦੇਵ ਉੱਤੇ ਥੋੜਾ ਜਿਹਾ ਪੁਲਿਸ ਦੀ ਵਧੀਕੀ ਦਾ ਮਾਮਲਾ ਸਾਹਮਣੇ ਆਇਆ ਤਾਂ ਅਦਾਲਤ ਨੇ ਸੁਮੋਟੋ ਨੋਟਿਸ ਲੈ ਲਿਆ, ਪਰ ਇੱਥੇ ਇੱਕ ਸਿੱਖ ਪ੍ਰਚਾਰਕ ਉੱਤੇ ਮਾਰੂ ਹਮਲਾ ਹੋਇਆ ਹੈ, ਇੱਕ ਸਾਥੀ ਮਾਰਿਆ ਗਿਆ ਅਤੇ ਹਮਲੇ ਦੀ ਜਿੰਮੇਵਾਰੀ ਵੀ ਕਬੂਲੀ ਗਈ ਹੈ, ਸਰਕਾਰ ਦੀ ਨੀਤੀ ਵੀ ਨੰਗੀ ਹੋ ਚੁੱਕੀ ਹੈ, ਲੇਕਿਨ ਕਿਸੇ ਅਦਾਲਤ ਨੇ ਸੁਮੋਟੋ ਨੋਟਿਸ ਨਹੀਂ ਲਿਆ।
ਖੈਰ ਹੁਣ ਦੁਨੀਆ ਭਰ ਦੇ ਸਿੱਖਾਂ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਹੋਰ ਫਿਰਕਿਆਂ ਦੇ ਲੋਕਾਂ ਨੂੰ ਵੀ ਅਸਲੀਅਤ ਦਾ ਪਤਾ ਹੈ ਕਿ ਇਸ ਹਮਲੇ ਪਿੱਛੇ ਕੀਹ ਕੀਹ ਛੁਪਿਆ ਹੋਇਆ ਹੈ। ਸਰਕਾਰ ਨਿਆਂ ਦੇਣ ਵਿੱਚ ਦੇਰੀ ਕਰੇ ਜਾਂ ਨਾ ਹੀ ਦੇਵੇ, ਪਰ ਕਰਤਾਰ ਜਰੂਰ ਨਿਆਂ ਕਰਦਾ ਹੈ। ਉਸ ਕਾਦਰ ਦੀ ਬਣਾਈ ਲੋਕਾਈ ਵੀ ਮਨੋਂ ਫੈਸਲਾ ਕਰ ਲੈਂਦੀ ਹੈ, ਬਾਬਾ ਢੱਡਰੀਆਂਵਾਲਿਆਂ ਉੱਤੇ ਹੋਇਆ ਹਮਲਾ ਸਿਰਫ ਬਾਬਾ ਢੱਡਰੀਆਂਵਾਲਿਆਂ ਨੂੰ ਮਾਰ ਮੁਕਾਉਣ ਤੱਕ ਸੀਮਤ ਨਹੀਂ ਸੀ, ਸਗੋਂ ਇਸ ਵਿੱਚ ਹੋਰ ਬੜੇ ਜਮਾਤੀ ਮਕਸਦ ਛੁਪੇ ਹਨ, ਜਿਸ ਨੂੰ ਸਿੱਖਾਂ ਦੀ ਬਹੁਗਿਣਤੀ ਨੇ ਬਾਖੂਬੀ ਸਮਝ ਲਿਆ ਹੈ ਅਤੇ ਸਿੱਖਾਂ ਨੇ ਸੋਚ ਤੋਂ ਕੰਮ ਲੈਣਾ ਵੀ ਅਰੰਭਿਆ ਹੈ, ਜਿਸ ਕਰਕੇ ਹੁਣ ਸਿੱਖ ਮਾਨਸਿਕਤਾ ਨੇ ਕੁੱਝ ਕਰਵਟ ਬਦਲੀ ਹੈ, ਜਿਸਨੂੰ ਬਰੀਕੀ ਨਾਲ ਵੇਖਣ ਦੀ ਲੋੜ ਹੈ।
ਬਾਬਾ ਢੱਡਰੀਆਂਵਾਲਿਆਂ ਉੱਤੇ ਹੋਏ ਇਸ ਹਮਲੇ ਵਿੱਚ ਬਾਬਾ ਢੱਡਰੀਆਂਵਾਲਿਆਂ ਨੂੰ ਅਜਿਹੇ ਤਰੀਕੇ ਮਾਰਨ ਦੀ ਯੋਜਨਾ ਸੀ ਕਿ ਇਹ ਇੱਕ ਅੰਨਾ ਕਤਲ ਬਣਕੇ ਰਹਿ ਜਾਵੇ ਅਤੇ ਪੰਜਾਬ ਹਾਕਮ ਫਿਰ ਇਸ ਹਮਲੇ ਦੀ ਆੜ ਵਿੱਚ ਕਿਸੇ ਨੂੰ ਵੀ ਡਰਾਕੇ ਉਸ ਦੀ ਫੂਕ ਕੱਢ ਸਕਦੇ ਸਨ ਕਿ ਹਾਲੇ ਆਹ ਕਤਲ ਦੀ ਮਿਸਲ ਮੁੰਹ ਅੱਡੀ ਖੜ੍ਹੀ ਹੈ, ਤੈਨੂੰ ਵੀ ਨਿਗਲ ਸਕਦੀ ਹੈ। ਇਸ ਕਰਕੇ ਤੂੰ ਆਪਣੀ ਜ਼ੁਬਾਨ ਬੰਦ ਰੱਖਦਿਆਂ ਸਾਡੇ ਪੈਰਾਂ ਉੱਤੇ ਪੈਰ ਰੱਖਦਾ ਕੋਹਲੂ ਦਾ ਬਲਦ ਬਣਕੇ ਤੁਰਿਆ ਚੱਲ, ਪਰ ਇਹ ਤਾਂ ਵਾਹਿਗੁਰੂ ਨੇ ਨਾ ਹੋਣ ਦਿੱਤਾ, ਹੁਣ ਸਰਕਾਰ ਹਮਲਾਵਰਾਂ ਨੂੰ ਖੁੱਲੇ ਛੱਡਕੇ ਅਤੇ ਉਹਨਾਂ ਦੇ ਮੂੰਹੋਂ ਅੰਗਿਆਰਾਂ ਵਰਗੇ ਬਿਆਨ ਦਿਵਾਕੇ, ਬਿਪਰਵਾਦੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਹੀ ਹੈ, ਕਿਉਂਕਿ ਪੰਜਾਬ ਦੇ ਹਾਕਮ ਇਸ ਵੇਲੇ ਬਿਪਰਵਾਦੀ ਤਾਕਤਾਂ ਦੇ ਹੈਡਕੁਆਟਰ ਤੋਂ ਮਿਲਦੀਆਂ ਹਦਾਇਤਾਂ ਅਨੁਸਾਰ ਚੱਲਦੇ ਹਨ, ਫਿਰ ਉਹਨਾਂ ਦੇ ਹੁਕਮ ਪਾਲਣੇ ਫਰਜ਼ ਵੀ ਬਣ ਜਾਂਦਾ ਹੈ।
ਪਰ ਸਿੱਖਾਂ ਦੀ ਜਖਮੀ ਮਾਨਸਿਕਤਾ ਨੇ ਇਸ ਵਾਰੀ ਆਪਣਾ ਵੱਖਰਾ ਹੀ ਪ੍ਰਭਾਵ ਦਿੱਤਾ ਹੈ। ਬਾਬਾ ਢੱਡਰੀਆਂਵਾਲਿਆਂ ਉੱਤੇ ਹੋਏ ਹਮਲੇ ਤੋਂ ਬਾਅਦ, ਇੱਕ ਵੱਡਾ ਸਮਾਗਮ ਜੂਨ 1984 ਦਾ ਘਲੂਘਾਰਾ ਆ ਗਿਆ ਸੀ, ਜਿਸ ਨੂੰ ਮਨਾਉਣ ਵਾਸਤੇ ਜਿੱਥੇ ਸਿੱਖ ਪੰਥ ਵਿੱਚ ਰੋਹ ਅਤੇ ਰੋਸ ਸੀ, ਨਾਲ ਨਾਲ ਇੱਕ ਵੱਖਰਾ ਉਤਸ਼ਾਹ ਵੀ ਵੇਖਣ ਨੂੰ ਮਿਲਦਾ ਹੈ। ਇਸ ਵਾਰੀ ਮੁੱਖ ਤੌਰ ਉੱਤੇ ਇਹ ਘਲੂਘਾਰਾ ਹਫਤਾ ਤਿੰਨ ਥਾਵਾਂ ਉੱਤੇ ਮਨਾਇਆ ਗਿਆ। ਮੁੱਖ ਸਮਾਗਮ ਜਿਹੜਾ ਪਿਛਲੇ ਸਮੇਂ ਤੋਂ ਹਰ ਵਰੇ ਅਕਾਲ ਤਖਤ ਸਾਹਿਬ ਉੱਤੇ ਹੀ ਹੁੰਦਾ ਹੈ ਅਤੇ ਸਰਕਾਰੀ ਸਰਪ੍ਰਸਤੀ ਹੇਠ ਵਿਚਰਦੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਇਸ ਦਿਨ ਉੱਤੇ ਆਪਣਾ ਕਬਜਾ ਤਾਂ ਰੱਖਣਾ ਚਾਹੁੰਦੇ ਹਨ, ਪਰ ਮਕਸਦ ਨੂੰ ਵਿਗਾੜਣਾ ਉਹਨਾਂ ਦੀ ਡਿਉਟੀ ਹੈ, ਜਿਹੜੀ ਨਾਗਪੁਰੀ ਹੁਕਮਾਂ ਅਧੀਨ ਲੱਗੀ ਹੋਈ ਹੈ, ਲੇਕਿਨ ਇਸ ਵਾਰੀ ਅਮ੍ਰਿਤਸਰ ਸ਼ਹਿਰ ਵਿੱਚ ਅਰਧ ਫੌਜੀ ਦਸਤਿਆਂ ਦੀ ਬਹੁਤਾਤ ਦੀ ਪ੍ਰਵਾਹ ਨਾ ਕਰਦੇ ਹੋਏ, ਸਿੱਖ ਸੰਗਤ ਉਥੇ ਆਪ ਮੁਹਾਰੇ ਇੱਕ ਹੜ੍ਹ ਦੀ ਤਰਾਂ ਆ ਉਮੜੀ, ਸਰਕਾਰੀ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ, ਸਰਕਾਰੀ ਜਥੇਦਾਰ ਸੰਦੇਸ਼ ਨਾ ਪੜ੍ਹ ਸਕੇ, ਸਗੋਂ ਸਰਕਾਰੀ ਧਿਰ ਵੱਲੋ ਲਿਆਂਦੇ ਵਰਕਰ ਵੀ ਖਾਲਿਸਤਾਨ ਅਤੇ ਭਿੰਡਰਾਂਵਾਲਿਆਂ ਦੇ ਨਾਹਰੇ ਲਾਉਂਦੇ ਵੇਖੇ ਗਏ। ਇਸ ਵਾਰ ਦਾ ਇਕੱਠ ਵੀ ਬੇਮਿਸਾਲ ਸੀ ਅਤੇ ਸਿੱਖਾਂ ਨੇ ਚੱਬੇ ਦੇ ਇਕੱਠ ਦੇ ਕੁੱਝ ਪ੍ਰਬੰਧਕਾਂ ਨੂੰ ਵੀ ਖਰੀਆਂ ਖਰੀਆਂ ਆਖ ਸੁਣਾਈਆਂ ਨਾਗਪੁਰੀ ਸੋਚ ਅਧੀਨ ਜੂਨ 84 ਦੇ ਫੌਜੀ ਹਮਲੇ ਦੀ ਯਾਦ ਨੂੰ ਅਕਾਲ ਤਖਤ ਸਾਹਿਬ ਤੋਂ ਦੂਰ ਲਿਜਾਣ ਦੀ ਜਿੰਮੇਵਾਰੀ ਨਿਭਾਉਣ ਵਾਸਤੇ, ਬਾਬਾ ਢੱਡਰੀਆਂਵਾਲਿਆਂ ਉਤੇ ਹਮਲੇ ਦੀ ਜਿੰਮੇਵਾਰੀ ਲੈਣ ਵਾਲੀ ਧਿਰ ਵੱਲੋਂ ਇੱਕ ਸ਼ਹੀਦੀ ਸਮਾਗਮ ਚੌਂਕ ਮਹਿਤਾ ਵਿਖੇ ਕੀਤਾ ਗਿਆ। ਬੜੇ ਵੱਡੇ ਹਜ਼ਾਰਾਂ ਦੀ ਗਿਣਤੀ ਵਿੱਚ ਫਲੈਕਸ ਬੋਰਡ ਲਾਏ ਗਏ ਅਤੇ ਅੰਦਰਖਾਤੇ ਪੰਜਾਬ ਦੀ ਹਾਕਮ ਧਿਰ ਅਤੇ ਸ਼੍ਰੋਮਣੀ ਕਮੇਟੀ ਦਾ ਹਰ ਪੱਖੋਂ ਸਹਿਯੋਗ ਹੋਣ ਦੇ ਬਾਵਜੂਦ ਵੀ, ਸੰਗਤ ਦੀ ਗਿਣਤੀ ਨਿਗੂਣੀ ਹੀ ਰਹੀ ਅਤੇ ਸਮਾਗਮ ਵਿੱਚਲਾ ਸ਼ਹੀਦੀ ਇਕੱਠ ਵਾਲਾ ਜਲਾਲ ਕਿਧਰੇ ਨਜਰ ਨਾ ਆਇਆ, ਬੇਸ਼ੱਕ ਕੁੱਝ ਦਿਨ ਪਹਿਲਾ ਬਾਬੇ ਧੁੰਮੇਂ ਵੱਲੋਂ ਸਾਧ ਯੂਨੀਅਨ ਦਾ ਵੱਡਾ ਇਕੱਠ ਕਰਕੇ ਬਾਬਾ ਢੱਡਰੀਆਂਵਾਲਿਆਂ ਦੇ ਖਿਲਾਫ਼ ਹਮਲੇ ਦੇ ਅਸਰ ਨੂੰ ਘਟਾਉਣ ਅਤੇ ਇਸ ਸਮਾਗਮ ਦੀ ਮਜਬੂਤੀ ਵਾਸਤੇ ਅੱਡੀ ਚੋਟੀ ਦਾ ਜੋਰ ਲਾਇਆ ਸੀ, ਪਰ ਸਿੱਖ ਮਾਨਸਿਕਤਾ ਨੇ ਉਧਰ ਪਿੱਠ ਕਰਕੇ ਸਭ ਕੁੱਝ ਨਕਾਰ ਦਿੱਤਾ।
ਇਸ ਦੁਖਾਂਤ ਦੀ ਯਾਦ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਸਮੇਤ ਸਮੂੰਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਵੀ ਆਪਣੇ ਹੈਡਕੁਆਟਰ ਪ੍ਰਮੇਸ਼ਰਦੁਆਰ ਵਿਖੇ 4 ਜੂਨ ਰਾਤ ਨੂੰ ਸ਼ਹੀਦੀ ਸਮਾਗਮ ਕੀਤਾ। ਦਾਸ ਲੇਖਕ ਨੇ ਪਹਿਲਾ ਵੀ ਇੱਕ ਵਾਰ, ਜਦੋਂ ਬਰਗਾੜੀ ਕਾਂਡ ਚੱਲ ਰਿਹਾ ਸੀ ,ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ, ਚੱਬਾ ਦੇ ਸਰਬਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਕੁੱਝ ਹੋਰ ਧਾਰਮਿਕ ਤੇ ਰਾਜਨੀਤਿਕ ਸਖਸੀਅਤਾਂ ਨਾਲ ਪ੍ਰਮੇਸ਼ਰਦੁਆਰ ਜਾ ਕੇ ਸੰਗਤ ਦੇ ਦਰਸ਼ਨ ਕੀਤੇ ਸਨ ਅਤੇ ਅੰਦਾਜ਼ੇ ਮੁਤਾਬਿਕ ਤਕਰੀਬਨ ਸੱਤਰ ਹਜ਼ਾਰ ਸੰਗਤ ਦੀ ਗਿਣਤੀ ਅੰਗੀ ਸੀ, ਪਰ ਇਸ ਵਾਰ ਅਜਿਹਾ ਪ੍ਰਤੀਤ ਹੁੰਦਾ ਸੀ ਕਿ ਅਜਿਹੇ ਘਿਨਾਉਣੇ ਹਮਲੇ ਤੋਂ ਬਾਅਦ ਸੰਗਤ ਉੱਤੇ ਅਸਰ ਪਵੇਗਾ। ਬਾਬੇ ਧੁੰਮੇ ਵੱਲੋਂ ਸਾਧ ਯੂਨੀਅਨ ਦੇ ਕੀਤੇ ਇਕੱਠ ਅਤੇ ਇਹ ਪ੍ਰਚਾਰ ਕਿ ਬਾਬਾ ਢੱਡਰੀਆਂਵਾਲੇ ਟਕਸਾਲ ਦੇ ਵਿਰੁੱਧ ਬੋਲਦੇ ਹਨ, ਗੁਰਬਾਣੀ ਦਾ ਵਿਰੋਧ ਕਰਦੇ ਹਨ, ਦਸਤਾਰ ਉੱਤੇ ਕਿੰਤੂ ਕਰਦੇ ਹਨ, ਆਦਿਕ ਨਿਰਮੂਲ ਦੋਸ਼ਾਂ ਦੀ ਬੁਛਾੜ ਕਰਕੇ, ਸ਼ਾਇਦ ਸੰਗਤ ਦੀ ਗਿਣਤੀ ਬਹੁਤ ਘਟ ਜਾਵੇ, ਪਰ ਉਥੇ ਜਾ ਕੇ ਅਜਬ ਨਜ਼ਾਰਾ ਵੇਖਣ ਨੂੰ ਮਿਲਿਆ ਕਿ ਸੰਗਤ ਵਿੱਚ ਰੋਹ ਅਤੇ ਉਤਸ਼ਾਹ ਠਾਠਾਂ ਮਾਰ ਰਿਹਾ ਸੀ । ਗਿਣਤੀ ਪੱਖੋਂ ਸਵਾ ਲੱਖ ਦਾ ਅੰਕੜਾ ਪਾਰ ਹੋਇਆ ਪਰਤੱਖ ਦਿੱਸ ਰਿਹਾ ਸੀ।
ਇਸ ਵਾਸਤੇ ਹੁਣ ਕੋਈ ਭੁਲੇਖਾ ਨਹੀਂ ਰਿਹਾ ਕੀ ਭਰਾਮਾਰੂ ਜੰਗ ਦੀ ਜੜ੍ਹ, ਬਾਬੇ ਧੁੰਮੇ ਵੱਲੋਂ ਕਰਵਾਏ ਇਸ ਹਮਲੇ ਤੋਂ ਬਾਅਦ ਸਿੱਖ ਮਾਨਸਿਕਤਾ ਨੇ ਇੱਕ ਕਰਵਟ ਹੀ ਨਹੀਂ, ਲਈ ਸਗੋਂ ਕੂਹਣੀ ਮੋੜ ਕੱਟਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖ ਸਿਆਸਤ ਵੀ ਕਿਸੇ ਨਵੇਂ ਮੁਰਾਤਬੇ ਨੂੰ ਪ੍ਰਾਪਤ ਕਰ ਸਕਦੀ ਹੈ ਅਤੇ ਧਰਮ ਦੇ ਨਾਮ ਹੇਠ ਸ਼ੁਰੂ ਹੋਣ ਵਾਲੀ ਭਰਾਮਾਰੂ ਜੰਗ ਦਾ ਭੋਗ ਸੰਗਤ ਖੁਦ ਹੀ ਪਾ ਦੇਵੇਗੀ। ਇਸ ਦਾ ਅਸਰ 2017 ਦੀਆਂ ਪੰਜਾਬ ਵਿਧਾਨ ਸਭਾਈ ਚੋਣਾਂ ਵਿੱਚ ਸਿਰ ਚੜ੍ਹਕੇ ਬੋਲੇਗਾ। ਜਿਸ ਨਾਲ ਅਣਕਿਆਸੇ ਨਤੀਜੇ ਤਾਂ ਆਉਣਗੇ ਹੀ, ਨਾਲ ਨਾਲ ਸਿੱਖਾਂ ਵਿੱਚ ਇੱਕ ਨਿਤਾਰਾ ਵੀ ਹੋ ਜਾਵੇਗਾ ਕਿ ਕੌਣ ਗੁਰੂ ਨਾਨਕ ਦੇ ਘਰ ਦੇ ਮਿਸ਼ਨ ਨੂੰ ਲੈਕੇ ਤੁਰ ਰਿਹਾ ਹੈ ਅਤੇ ਕਿਹੜੇ ਕਿਹੜੇ ਭਗਵਿਆਂ ਦੀ ਨੀਤੀ ਲਾਗੂ ਕਰਦੇ ਰਹੇ ਹਨ। ਇਹ ਫੈਸਲਾ ਆਗੂਅ ਤੋਂ ਤਾਂ ਨਹੀਂ ਹੋਇਆ ਅਤੇ ਨਾ ਹੀ ਹੋਣਾ ਹੈ, ਲੇਕਿਨ ਸਿੱਖ ਮਾਨਸਿਕਤਾ ਜਰੂਰ ਨਿਬੇੜਾ ਕਰ ਦੇਵੇਗੀ।
ਗੁਰੂ ਰਾਖਾ !!
ਗੁਰਿੰਦਰ ਪਾਲ ਸਿੰਘ ਧਨੌਲਾ
Gurinderpal Singh Dhanoula
ਢੱਡਰੀਆਂਵਾਲਿਆਂ ਉੱਤੇ ਹੋਏ ਘਿਨਾਉਣੇ ਹਲੇ ਤੋਂ ਬਾਅਦ ਸਿੱਖ ਮਾਨਸਿਕਤਾ ਕਿੱਥੇ ਖੜੀ ਹੈ….!
Page Visitors: 2786