ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਕੋਲਹੂ ਦਾ ਬੈਲ !
ਕੋਲਹੂ ਦਾ ਬੈਲ !
Page Visitors: 2677

ਕੋਲਹੂ   ਦਾ   ਬੈਲ !
ਅੱਜਕਲ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਇਹ ਪਤਾ ਨਹੀਂ ਹੋਣਾ, ਕਿ ਪਹਿਲਾਂ ਤੇਲ ਕਡ੍ਹਣ ਲਈ ਬੈਲ ਵਾਲੇ ਕੋਲਹੂ ਦਾ ਇਸਤੇਮਾਲ ਹੁੰਦਾ ਸੀ। ਇਨ੍ਹਾਂ ਕੋਲਹੂਆਂ ਵਿਚ ਬੈਲ ਨੂੰ ਜੋਤਿਆ ਜਾਂਦਾ ਸੀ। ਇਸ ਲਈ ਆਪਣੀ ਗੱਲ ਕਰਣ ਤੋਂ ਪਹਿਲਾਂ ਉਨ੍ਹਾਂ ਵੀਰਾਂ ਨੂੰ ਇਹ ਦਸ ਦਿਆ ਕਿ ਕੋਲਹੂ ਕੀ ਹੁੰਦਾ ਹੈ ? ਕੋਲਹੂ ਵਿੱਚ ਇੱਕ ਖੁਰਲੀ ਜਹੀ ਹੁੰਦੀ ਹੈ, ਜਿਸ ਵਿਚ ਇਕ ਵੱਡਾ ਤੇ ਭਾਰੀ ਘੋਟਣਾ ਲੱਗਾ ਹੁੰਦਾ ਹੈ। ਇਸ ਘੋਟਣੇ ਨਾਲ ਇਕ ਬੈਲ ਨੂੰ ਇਸ ਤਰ੍ਹਾਂ ਜੋੜ ਦਿਤਾ ਜਾਂਦਾ ਹੈ ਕਿ ਬੈਲ ਉਸ ਖੁਰਲੀ ਦੇ ਆਲੇ ਦੁਆਲੇ ਘੁੰਮਦਾ ਹੈ ਤੇ ਉਹ ਘੋਟਣਾ ਖੁਰਲੀ ਵਿੱਚ ਘੁੰਮਦਾ ਹੈ। ਇਸ ਖੁਰਲੀ ਵਿਚ ਸਰ੍ਹੋਂ, ਆਦਿਕ ਚੀਜਾਂ ਪਾ ਦਿੱਤੀਆਂ ਜਾਦੀਆਂ ਹਨ, ਜਿਨ੍ਹਾਂ ਦੇ ਪਿੱਸ ਜਾਣ ਕਾਰਣ ੳਨ੍ਹਾਂ ਦਾ ਤੇਲ, ਹੇਠਾਂ ਬਣੀ ਪਨਾਲੀ ਵਿਚੋਂ ਨਿਕਲ ਆਂਉਦਾ ਹੈ। ਅੱਜ ਕਲ ਇਹ ਕੰਮ ਵਡੀਆਂ ਵਡੀਆਂ ਮਸ਼ੀਨਾਂ ਕਰਦੀਆਂ ਹਨ, ਜਿਨ੍ਹਾਂ ਨੂੰ ਏਕਸਪੇਲਰ ਕਹਿਆ ਜਾਂਦਾ ਹੈ।
ਸਾਡਾ ਮਕਸਦ ਇਥੇ ਕੋਲਹੂ ਬਾਰੇ ਦਸਣਾਂ ਨਹੀਂ ਬਲਕਿ ਉਸਦੇ ਬੈਲ ਬਾਰੇ ਗਲ ਕਰਨਾਂ ਹੈ। ਕੋਲਹੂ ਦਾ ਬੈਲ ਸਾਰੀ ਉਮਰ ਇਸ ਖੁਰਲੀ ਦੇ ਆਲੇ ਦੁਆਲੇ ਚੱਕਰ ਲਾਂਉਦਾ ਰਹਿੰਦਾ ਹੈ, ਲੇਕਿਨ ਉਹ ਇਹ ਸਮਝਦਾ ਹੈ ਕਿ ਮੈਂ ਸਾਰੀ ਦੁਨੀਆਂ ਦੀ ਸੈਰ ਕਰ ਰਿਹਾ ਹਾਂ। ਉਸ ਨੂੰ ਇਹ ਪਤਾ ਨਹੀਂ ਲਗਦਾ ਕਿ ਉਹ ਇਕੋ ਖੁਰਲੀ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਹੁੰਦਾ ਹੈ, ਕਿਉਂਕਿ ਉਸਨੂੰ ਮੂਰਖ ਬਨਾਉਣ ਲਈ ਉਸ ਦੀਆਂ ਅੱਖਾਂ 'ਤੇ ਚਮੜੇ ਦਾ ਇਕ ਚਸ਼ਮਾ ਜਿਹਾ ਪਾ ਦਿਤਾ ਜਾਂਦਾ ਹੈ, ਜਾਂ ਉਸ ਦੀਆਂ ਅੱਖਾਂ ਤੇ ਇੱਕ ਮੋਟਾ ਕਪੜਾ ਬੰਨ੍ਹ ਦਿਤਾ ਜਾਂਦਾ ਹੈ, ਕਿ ਉਸਨੂੰ ਇਹ ਪਤਾ ਹੀ ਨਾਂ ਲੱਗੇ, ਕਿ ਉਹ ਇਕੋ ਖੁਰਲੀ ਦੇ ਹੀ ਚੱਕਰ ਕੱਟੀ ਜਾ ਰਿਹਾ ਹੈ। ਇਸੇ ਕਰਕੇ ਇਸ ਬੇਵਾਕਿਫ ਬੈਲ ਬਾਰੇ ਇਹ ਕਹਾਵਤ ਬਣ ਗਈ "ਕੋਲਹੂ ਦਾ ਬੈਲ"। ਉਹ ਮਨੁੱਖ ਜੋ ਇਸ ਬੇਸਮਝ ਜਾਨਵਰ ਦੀ ਤਰ੍ਹਾਂ, ਬਿਨਾਂ ਉਸ ਦਾ ਕਾਰਣ ਸਮਝੇ, ਉਸ ਬਾਰੇ ਬਗੈਰ ਜਾਣੇ ਚੱਕਰ ਕਟੀ ਜਾਵੇ, ਭਾਵ ਉਹੀ ਕੰਮ ਵਾਰ ਵਾਰ ਕਰੀ ਜਾਏ, ਜਿਸਦਾ ਉਸਨੂੰ ਪਤਾ ਹੀ ਨਾ ਹੋਵੇ, ਉਸ ਨੂੰ "ਕੋਲਹੂ ਦਾ ਬੈਲ" ਕਹਿਆ ਜਾਂਦਾ ਹੈ। ਚਲੋ ਆਉਂਦੇ ਹਾਂ ਆਪਣੇ ਮੁੱਦੇ 'ਤੇ।
ਮੈਂ ਵੀ ਅਪਣੀ ਸਾਰੀ ਉਮਰ ਦਾ ਇਕ ਬਹੁਤ ਵੱਡਾ ਹਿੱਸਾ ਕੋਲਹੂ ਦੇ ਇਸ ਬੈਲ ਵਾਂਗ ਅਜਾਂਈ ਗਵਾ ਦਿੱਤਾ। ਆਪਣੀ ਉਮਰ ਦੇ ਕਈਂ ਵਰ੍ਹੇ ਉਸ "ਕਵੀਆਂ ਦੀ ਕਹੀ ਬੇਨਤੀ" ਚੌਪਈ ਨੂੰ, ਆਪਣੇ ਗੁਰੂ ਦੀ ਬਾਣੀ ਸਮਝ ਕੇ ਪੜ੍ਹਦਾ ਰਿਹਾ। "ਕੋਲਹੂ ਦਾ ਉਹ ਬੈਲ" ਬਣਿਆ ਰਿਹਾ ਜਿਸਨੇ ਕਦੀ ਵੀ ਇਹ ਜਾਨਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਮੈਂ ਪੜ੍ਹ ਕੀ ਰਿਹਾ ਹਾਂ ? ਇਸ ਦਾ ਅਰਥ ਕੀ ਹੈ ? ਇਹ ਕਿਥੋਂ ਲਈ ਗਈ ਹੈ ? ਇਹ ਕਿਥੇ ਲਿੱਖੀ ਹੈ ? ਇਸ ਵਿਚ ਕਸੂਰ ਮੇਰਾ ਨਹੀਂ, ਕਸੂਰ ਉਨ੍ਹਾਂ ਦਾ ਹੈ ਜਿਨ੍ਹਾਂ ਨੇ ਅਪਣੇ ਫਾਇਦੇ ਲਈ, ਉਸ ਕੋਲਹੂ ਦੇ ਬੈਲ ਵਾਂਗ ਮੇਰੀਆਂ ਅੱਖਾਂ ਤੇ ਇਕ "ਅੰਧੀ ਸ਼ਰਧਾ ਦਾ ਚਸ਼ਮਾਂ" ਬੰਨ੍ਹ ਦਿਤਾ ਹੋਇਆ ਸੀ। ਮੈਨੂੰ ਤਾਂ ਗੁਰੂ ਰੂਪ ਅਖਵਾਉਣ ਵਾਲੇ, ਪੰਜ ਪਿਆਰਿਆਂ ਨੇ ਵੀ ਇਹ ਹੁਕਮ ਕੀਤਾ ਹੋਇਆ ਸੀ, ਕਿ ਤੁਸੀਂ ਇਹ ਬਾਣੀ ਰੋਜ ਨਿਤਨੇਮ ਵਿਚ ਪੜ੍ਹਨੀ ਹੈ। ਨਾਲ ਹੀ ਸਿੱਖ ਰਹਿਤ ਮਰਿਆਦਾ ਜਿਸਨੂੰ ਦੋ ਤਖਤ ਆਪ ਹੀ ਨਹੀਂ ਮੰਨਦੇ, ਲੇਕਿਨ ਫਿਰ ਵੀ ਇਸਨੂੰ "ਪੰਥ ਪ੍ਰਵਾਣਿਤ" ਹੋਣ ਦਾ ਦਾਵਾ ਕੀਤਾ ਜਾਂਦਾ ਹੈ, ਬਾਰੇ ਇਹ ਕਹਿਆ ਗਿਆ ਕਿ, "ਇਹ ਸਾਡਾ ਸੰਵਿਧਾਨ ਹੈ। ਜੇ ਤੂੰ ਇਸ ਨੂੰ ਨਾ ਮੰਨਿਆ, ਤਾਂ ਤੂੰ ਸਿੱਖ ਹੀ ਨਹੀ ਰਹਿਣਾ।" ਭਲਾ ਉਹ ਕੇੜ੍ਹਾ ਕਾਨੂੰਨ ਹੈ, ਜਿਸਦੇ ਬਨਣ ਤੋਂ ਬਾਅਦ ਉਸ ਵਿੱਚ ਸਮੇਂ ਅਨੁਸਾਰ ਤਬਦੀਲੀਆਂ ਹੀ ਨਾ ਕੀਤੀਆਂ ਜਾ ਸਕਣ ? ਇਸ ਮਰਿਆਦਾ ਨੂੰ ਬਨਾਉਣ ਵਾਲੇ ਤਾਂ ਆਪ ਇਸ ਨੂੰ ਬਣਾ ਕੇ ਭੁਲਾ ਬੈਠੇ ਸਨ, ਕਿ ਇਸ ਵਿਚ ਵਕਤ ਵਕਤ ਨਾਲ ਗੁਰਮਤਿ ਅਨੁਸਾਰ ਤਬਦੀਲੀਆਂ ਕਰਣੀਆਂ ਵੀ ਬਹੁਤ ਜ਼ਰੂਰੀ ਹਨ। ਮੇਰੇ ਪਿਤਾ ਜੀ ਅਤੇ ਦਾਦਾ ਜੀ ਵੀ ਇਹ ਬਾਣੀ ਪੜ੍ਹਦੇ ਆਏ ਸਨ, ਮੇਰੀ ਕੀ ਔਕਾਤ ਸੀ ਕਿ ਮੈਂ ਆਪਣੀਆਂ ਅੱਖਾਂ 'ਤੇ ਲੱਗੇ ਉਸ ਹੁਕਮ ਰੂਪੀ ਚਸ਼ਮੇ ਨੂੰ ਹਟਾ ਕੇ ਜਰਾ ਵੇਖ ਹੀ ਲਵਾਂ ਕਿ, ਮੈਂ ਜੋ ਪੜ੍ਹ ਰਿਹਾ ਹਾਂ, ਇਸ ਦਾ ਅਰਥ ਕੀ ਹੈ ? ਮੈਂਨੂੰ ਤਾਂ ਇਸ ਰਚਨਾਂ ਦੇ ਉਪਰ "ਪਾਤਸ਼ਾਹੀ 10" ਲਿਖਿਆ ਹੀ ਨਜ਼ਰ ਆਂਉਦਾ ਰਿਹਾ। ਘਰ ਵਿੱਚ ਕੋਈ ਦੁਖ ਰੋਗ ਹੁੰਦਾ, ਤਾਂ ਮੇਰੀ ਮਾਂ ਕਵੀਆਂ ਦੀ ਕਹੀ ਇਸ "ਚੌਪਈ" ਦਾ ਕਈ ਕਈ ਵਾਰ ਪਾਠ ਕਰਦੀ। ਜਲੂਸਾਂ ਵਿੱਚ ਜਾਂਦਾ ਤਾਂ ਉਥੇ ਕੀਰਤਨੀ ਜੱਥਿਆਂ ਨੂੰ ਢੋਲਕੀਆਂ ਚਿਮਟੇ ਮਾਰ ਮਾਰ ਕੇ ਇਸ ਦਾ ਜਾਪ ਕਰਦੇ ਵੇਖਦਾ। ਮੈਂ ਭਲਾ ਇਸ ਬਾਰੇ ਬਹੁਤਾ ਕਿਉਂ ਸੋਚਦਾ ? ਮੈਂ ਵੀ "ਕੋਲਹੂ ਦਾ ਬੈਲ" ਬਣ ਕੇ ਇਸ ਰਚਨਾ ਨੂੰ, ਦੂਜਿਆਂ ਦੀ ਵੇਖਾ ਵੇਖੀ, ਗੁਰੂ ਦੀ ਕਿਰਤ ਮਨ ਕੇ, ਪੜ੍ਹਦਾ ਰਿਹਾ।
ਇਕ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਨਾਲ ਉਹ ਪੁਰਾਣਾ ਚਸ਼ਮਾਂ ਮੇਰੀਆਂ ਅੱਖਾਂ ਤੋਂ ਹੱਟਿਆ, ਤਾਂ ਮੈਂ ਹੈਰਾਨ ਰਹਿ ਗਿਆ ਕਿ ਜਿਸ ਰਚਨਾਂ ਦੇ ਮਗਰ ਮਗਰ ਮੈਂ ਅਪਣੀ ਸਾਰੀ ਉਮਰ "ਕੋਲਹੂ ਦੇ ਬੈਲ" ਵਾਂਗ ਘੁਮਦਾ ਰਿਹਾ, ਰੱਟਦਾ ਰਿਹਾ, ਉਹ ਤਾਂ ਮੇਰੇ "ਗੁਰੂ ਦੀ ਬਾਣੀ" ਹੈ ਹੀ ਨਹੀਂ। ਨਿਤਨੇਮ ਦੇ ਗੁਟਕਿਆਂ ਵਿਚ ਇਸਤੇ "ਪਾਤਸ਼ਾਹੀ 10" ਵੀ ਮੇਰੇ ਵਰਗਿਆਂ ਨੂੰ ਮੂਰਖ ਬਨਾਉਣ ਲਈ ਹੀ ਲਿਖਿਆ ਗਿਆ ਸੀ। ਜਦੋਂ ਗੁਟਕਿਆ ਵਿੱਚ ਛੱਪੀ ਇਸ ਰਚਨਾਂ ਨੂੰ ਮੈਂ ਅਪਣੇ ਗੁਰੂ ਦੀ "ਸੋ ਦਰੁ" ਦੀ ਅੰਮ੍ਰਿਤ ਅਤੇ ਪਵਿਤਰ ਬਾਣੀ ਵਿਚ ਰਲਗਡ ਹੋਇਆ ਇਸ ਰਚਨਾਂ ਨੂੰ ਵੇਖਿਆ ਤਾਂ ਇਸ ਦਾ ਮਿਲਾਨ ਉਸ ਰਚਨਾ ਨਾਲ ਕੀਤਾ ਜੋ ਇਸ ਰਚਨਾ ਦਾ ਮੂਲ ਸ੍ਰੋਤ ਹੈ, ਮੇਰੇ ਪੈਰਾਂ ਥਲੋਂ ਜਮੀਨ ਨਿਕਲ ਗਈ, ਕਿ ਉਥੇ ਤਾਂ "ਪਾਤਸ਼ਾਹੀ 10" ਲਿਖਿਆ ਹੀ ਨਹੀਂ ਹੈ। ਉਥੇ ਤਾਂ "ਕਵੀ ਦੀ ਉਚਾਰੀ ਚੌਪਈ" (ਕਬਿਉ ਬਾਚ ਬੇਨਤੀ ਚੌਪਈ) ਲਿਖਿਆ ਹੋਇਆ ਹੈ। ਜਦੋ ਮੈਂ ਇਹ ਜਾਨਣਾਂ ਚਾਹਿਆ ਕਿ ਇਸ ਰਚਨਾ ਵਿੱਚ, ਜਗਮਾਤਾ, ਸ਼੍ਰੀ ਅਸਿਧੁਜ, ਖੜਗਕੇਤੁ ਅਤੇ ਮਹਾਕਾਲ ਕੌਣ ਹਨ, ਤਾਂ ਮੈ ਇਸ ਦੇ ਮੂਲ ਸ੍ਰੋਤ "ਚਰਿਤ੍ਰੋ ਪਾਖਿਯਾਨ" (ਜੋ ਅੱਤ ਦੀ ਅਸ਼ਲੀਲ ਰਚਨਾ ਹੈ) ਦੇ ਚਰਿਤ੍ ਨੰਬਰ 404, ਪੰਨਾਂ ਨੰਬਰ 1388 ਨੂੰ ਖੋਲ ਕੇ ਵੇਖਿਆ, ਤਾਂ ਆਪਣੇ ਆਪ ਨੂੰ ਲਾਨਹਤਾਂ ਪਾਏ ਬਿਨਾਂ ਨਾ ਰਹਿ ਸਕਿਆ ਕਿ, "ਹੇ ਮੂਰਖਾ ! ਤੂੰ ਸਾਰੀ ਉਮਰ ਇਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿ ਇਹ ਖੜਗਕੇਤੁ, ਸ਼੍ਰੀ ਅਸਿਧੁਜ, ਮਹਾਕਾਲ ਅਤੇ ਜਗਮਾਤਾ ਕੌਣ ਹਨ ? ਬਸ ਰਟਦਾ ਹੀ ਰਹਿਆ।" ਜਦੋਂ ਇਸ ਪੂਰੀ ਚੌਪਈ, ਜੋ ਕੁਲ 29 ਪੰਨਿਆਂ ਦੀ ਹੈ ਅਤੇ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 1359 ਤੋਂ "ਸਬੁਧਿ ਬਾਚ"॥ ਚੋਪਈ॥ ਦੇ ਸਿਰਲੇਖ ਹੇਠਾਂ ਸ਼ੁਰੂ ਹੁੰਦੀ ਹੈ, ਜਿਸਦੀਆਂ ਕੁਲ 405 ਪੌੜ੍ਹੀਆਂ ਹਨ, ਨੂੰ ਧਿਆਨ ਨਾਲ ਪੜ੍ਹਿਆ, ਤਾਂ ਇਹ ਸ਼੍ਰੀ ਅਸਿਕੇਤੁ, ਸ਼੍ਰੀ ਅਸਿਧੁਜ ਅਤੇ ਖੜਗਕੇਤੁ ਦੇਵਤੇ ਤਾਂ ਉਥੇ ਯੁਧ ਕਰਦੇ ਇਕ ਦੂਜੇ ਨੂੰ ਲਹੂ ਲੁਹਾਨ ਕਰਦੇ ਹੋਏ ਵੇਖੇ, ਜਿਨ੍ਹਾਂ ਨੂੰ ਅਗਿਆਨਤਾ ਵਸ, ਸਿੱਖ ਅਕਾਲਪੁਰਖ ਲਈ ਵਰਤਿਆ ਗਿਆ ਸ਼ਬਦ ਕਹੀ ਜਾਂਦੇ ਨੇ। 29 ਵਿਚੋਂ 27 ਪੰਨੇ ਤਾਂ ਇਨ੍ਹਾਂ ਦੇ ਲੜਦਿਆਂ ਮਰਦਿਆਂ ਹੀ ਨਿਕਲ ਗਏ।
ਇਕ ਪਾਸੇ ਤਾਂ ਮੇਰੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੇ ਮੈਨੂੰ "ੴ" ਦੇ ਨਿਰੰਕਾਰ ਹੋਣ ਦਾ ਸਬਕ ਸਿਖਾਇਆ ਸੀ, ਇਹ ਸਾਰੇ ਤਾਂ ਦੇਹਧਾਰੀ ਸਨ, ਜਿਨ੍ਹਾਂ ਨੂੰ ਮੈਂ ਅਕਾਲਪੁਰਖ ਸਮਝ ਕੇ ਸਾਰੀ ਉਮਰ ਉਨ੍ਹਾਂ ਅਗੇ ਤਰਲੇ ਪਾਉਦਾ ਰਿਹਾ। "ਖੜਗਕੇਤੁ ਮੈਂ ਸਰਣ ਤਿਹਾਰੀ.......", "ਸ਼੍ਰੀ ਅਸਿਧੁਜ ਜਿਉ ਕਰੀਉ ਰੱਛਾ......", ਮਹਾਕਾਲ ਰਖਵਾਰ ਹਮਾਰੋ......." ਆਦਿਕ। ਮੇਰੀਆਂ ਅੱਖਾਂ ਅਗੇ ਕੋਲਹੂ ਦੇ ਬੈਲ ਵਾਲਾ ਉਹ ਚਮੜੇ ਦਾ ਚਸ਼ਮਾਂ ਹੀ ਨਹੀਂ ਸੀ ਬੰਨ੍ਹ ਦਿਤਾ ਗਿਆ, ਬਲਕਿ ਗੁਟਕਿਆਂ ਵਿਚ ਇਸ ਰਚਨਾਂ ਦੀਆਂ ਪੌੜ੍ਹੀਆਂ ਦੇ ਨੰਬਰ ਜੋ ਮੂਲ ਸ੍ਰੋਤ ਵਿਚ 377, 378, 379....405 ਆਦਿਕ ਹਨ, ਨੂੰ ਬਦਲ ਕੇ 1, 2, 3, ...29. ਆਦਿਕ ਕਰ ਦਿਤੇ ਗਏ ਸਨ, ਤਾਂਕਿ ਮੈ ਕੋਲਹੂ ਦੇ ਬੈਲ ਵਾਂਗ ਇਨ੍ਹਾਂ ਪੌੜ੍ਹੀਆਂ ਵਿਚ ਹੀ ਚੱਕਰ ਮਾਰੀ ਜਾਵਾਂ। ਇਹ ਸਮਝ ਹੀ ਨਾ ਸਕਾਂ ਕਿ ਪੌੜ੍ਹੀ ਨੰਬਰ 377 ਦੇ ਉਪਰ ਪਿਛਲੀਆਂ 376, 375, ਤੇ 374 ਆਦਿਕ ਪੌੜ੍ਹੀਆਂ ਵਿਚ ਲਿਖਿਆ ਕੀ ਹੋਇਆ ਹੈ ?
ਮੇਰੇ ਵੀਰੋ ! ਮੈ ਤਾਂ ਹੁਣ ਅਪਣੇ ਉਸ ਇਕ ਨਿਰੰਕਾਰ ਕਰਤਾਰ ਨੂੰ ਅਰਦਾਸ ਕਰਣ ਵੇਲੇ ਇਹ ਕਹਿੰਦਾ ਹਾਂ, ਕਿ ਜੋ ਗਲਤੀ ਮੈਂ ਸਾਰੀ ਉਮਰ ਕਰਦਾ ਰਿਹਾ ਉਸ ਲਈ ਮੈਨੂੰ ਮੁਆਫ ਕਰ ਦੇਵੀ, ਕਿਉਕਿ ਮੈਂ ਅਪਣੇ ਸ਼ਬਦ ਗੁਰੂ ਦੇ ਇਨ੍ਹਾਂ ਪਾਵਨ ਬਚਨਾਂ,
 "ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥"
 ਨੂੰ ਭੁਲ ਬੈਠਾ ਸੀ। ਮੈਂ ਸਾਰੀ ਉਮਰ ਕੋਲਹੂ ਦਾ ਉਹ ਬੈਲ ਬਣਿਆ ਰਿਹਾ ਜਿਸਨੇ ਅਪਣੀ ਸ਼ਰਧਾ ਦੇ ਅੰਧੇ ਚਸ਼ਮੇ ਤੋਂ ਬਾਹਰ ਕਦੀ ਝਾਤ ਮਾਰ ਕੇ ਵੇਖਣ ਦੀ ਇਹ ਕੋਸ਼ਿਸ਼ ਜਾਂ ਹਿੰਮਤ ਹੀ ਨਾਂ ਕੀਤੀ, ਕਿ ਜੋ ਕੁਝ ਮੈਂ ਪੜ੍ਹ ਰਿਹਾ ਹਾਂ, ਕਰ ਰਿਹਾ ਹਾਂ, ਉਸ ਦੀ ਇਜਾਜਤ ਮੇਰਾ ਸ਼ਬਦ ਗੁਰੂ ਮੈਨੂੰ ਦਿੰਦਾ ਵੀ ਹੈ ਕਿ ਨਹੀਂ ?
ਇਕ ਦਿਨ ਮੇਰੇ ਇਕ ਵਿਦਵਾਨ ਮਿਤੱਰ ਨਾਲ ਇਸ ਬਾਰੇ ਚਰਚਾ ਚੱਲੀ ਤਾਂ ਉਹ ਕਹਿਣ ਲਗੇ, "ਵੀਰ ਜੀ ਸਾਡੀ ਕੌਮ ਦੇ ਨਿਘਾਰ ਦਾ ਇਹ ਕਾਰਣ ਹੈ ਕਿ ਅਸੀਂ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਨਹੀਂ ਜੋੜਦੇ, ਇਸ ਲਈ ਉਹ ਗੁਰਮਤਿ ਤੋਂ ਟੁੱਟ ਜਾਂਦੇ ਨੇ। ਮੁਸਲਮਾਨ ਭਾਈਚਾਰੇ ਵਿੱਚ ਵੇਖੋ ਉਨ੍ਹਾਂ ਦੇ 5 ਸਾਲ ਦੇ ਬੱਚੇ ਮਦਰੱਸੇ ਵਿਚ ਜਾ ਕੇ ਕੁਰਾਨ ਦੀਆਂ ਆਇਤਾਂ ਕੰਠ ਕਰਦੇ ਹਨ ਤੇ ਸਾਰੀ ਉਮਰ ਉਹ ਕੁਰਾਨ ਨਾਲ ਜੁੜੇ ਰਹਿੰਦੇ ਹਨ ।"
ਦਾਸ ਨੇ ਉਨ੍ਹਾਂ ਦੀ ਇਸ ਗੱਲ ਨੂੰ ਨਕਾਰਦੇ ਹੋਏ ਕਹਿਆ, "ਵੀਰ ਜੀ ਮੈਂ ਤੁਹਾਡੀ ਗਲ ਨਾਲ ਬਿਲਕੁਲ ਹੀ ਸਹਿਮਤਿ ਨਹੀਂ ਹਾਂ। ਮੁਸਲਮਾਨ ਵੀਰਾਂ ਦੇ ਬੱਚੇ ਜਦੋਂ ਮਦਰੱਸੇ ਵਿਚ ਦਾਖਲ ਹੁੰਦੇ ਨੇ ਤੇ ਉਹ ਕੁਰਾਨ ਦੇ "ਇਕ ਅੱਲਾਹ" ਦੇ ਸਬਕ ਨਾਲ ਜੁੜ ਜਾਂਦੇ ਨੇ ਅਤੇ ਸਾਰੀ ਉਮਰ ਕੁਰਾਨ ਦੀਆਂ ਆਇਤਾਂ 'ਤੇ ਹੀ ਅਮਲ ਕਰਦੇ ਨੇ। ਲੇਕਿਨ ਸਾਡਾ ਪੰਜ ਸਾਲ ਦਾ ਬੱਚਾ ਜਦੋਂ ਅੰਮ੍ਰਿਤ ਛਕਣ ਜਾਂਦਾ ਹੈ ਤਾਂ ਸਾਡੇ ਪੰਜ ਪਿਆਰੇ (ਜਿਨ੍ਹਾਂ ਨੂੰ ਅਸੀਂ ਗੁਰੂ ਦਾ ਰੂਪ ਮੰਨਦੇ ਹਾਂ ਅਤੇ ਉਨ੍ਹਾਂ ਦੇ ਹੁਕਮ ਨੂੰ ਸਾਡੀ ਕੌਮ ਨੇ ਗੁਰੂ ਦਾ ਹੁਕਮ ਪ੍ਰਚਲਿਤ ਕਰ ਦਿੱਤਾ ਹੋਇਆ ਹੈ), ਉਹ ਹੀ, ਉਸ ਬੱਚੇ ਨੂੰ ਗੁਰੂ ਦਾ ਹੂਕਮ ਸੁਣਾਂ ਦਿੰਦੇ ਹਨ ਕੇ ਤੁਸਾਂ ਅੱਜ ਤੋਂ "ਸ਼੍ਰੀ ਭਗਉਤੀ ਜੀ" ਦੇ ਅੱਗੇ ਅਰਦਾਸ ਕਰਨੀ ਹੈ ਅਤੇ ੴ ਸਤਿਗੁਰ ਪ੍ਰਸਾਦਿ॥ ਦੇ ਇਲਾਹੀ ਹੁਕਮ ਦੀ ਥਾਂ ਤੇ "ਵਾਰ ਸ਼੍ਰੀ ਭਗਉਤੀ ਜੀ ॥" ਦਾ ਨਾਮ ਲੈਣਾ ਹੈ। ਤੁਸੀ "ੴ ਸਤਿਗੁਰ ਪ੍ਰਸਾਦਿ॥" ਦੀ ਥਾਂ ਤੇ ਸ਼੍ਰੀ ਅਸਿਧੁਜ, ਸ਼੍ਰੀ ਅਸਿਕੇਤੁ, ਖੜਗਕੇਤੁ ਅਤੇ ਮਹਾਕਾਲ ਦੇਵਤਿਆਂ ਅਗੇ ਬੇਨਤੀ ਕਰਨੀ ਹੈ। ਆਪਣੇ ਸ਼ਬਦ ਗੁਰੂ ਦੇ "ਆਨੰਦ ਸਾਹਿਬ" ਦੀ ਥਾਵੇਂ "ਕਵੀਆਂ ਦੀ ਵਾਚੀ ਬੇਨਤੀ (ਕਬਿਉ ਬਾਚ ਬੇਨਤੀ ਚੌਪਈ॥) ਪੜ੍ਹਨੀ ਹੈ।
ਮੇਰੇ ਵੀਰਾ ! ਅਸੀਂ ਤਾਂ ਉਸ ਬੱਚੇ ਨੂੰ ਪਹਿਲੇ ਦਿਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜ ਦਿੰਦੇ ਹਾਂ। ਉਸ ਦੇ ਨਿਤਨੇਮ ਵਿਚ ਤਿੰਨ ਬਾਣੀਆਂ ਸ਼ਯਾਮ ਕਵੀ ਦੇ ਲਿਖੇ ਕੂੜ ਪੋਥੇ ਵਿਚੋ ਉਸ ਨੂੰ ਫੜਾ ਦਿੰਦੇ ਹਾਂ। ਸਿਰਫ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇ ਕੇ, ਪਹਿਲੇ ਦਿਨ ਤੋਂ ਹੀ ਉਸ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਸੰਪੂਰਣ ਗੁਰੂ ਨੂੰ, ਉਸ ਦੀਆਂ ਨਿਗਾਹਾਂ ਵਿਚ "ਅਧੂਰਾ" ਸਾਬਿਤ ਕਰ ਦਿੰਦੇ ਹਾਂ। ਉਹ ਬੱਚਾ ਸਾਰੀ ਉਮਰ ਇਹ ਕੱਚੀਆਂ ਰਚਨਾਵਾਂ ਰੱਟ ਰੱਟ ਕੇ ਯਾਦ ਕਰ ਲੈਂਦਾ ਹੈ, ਕਿਉਂਕਿ ਉਸਨੂੰ ਨੂੰ ਇਹ ਹੁਕਮ ਹੁੰਦਾ ਹੈ ਕਿ, "ਇਹ ਬਾਣੀਆਂ ਦਸਮ ਪਿਤਾ ਦੀਆਂ ਲਿਖੀਆਂ ਹੋਈਆ ਹਨ।" ਉਹ ਬੱਚਾ ਇਨ੍ਹਾਂ ਬਾਣੀਆਂ ਨੂੰ ਨਿਤਨੇਮ ਵਿਚ ਪੜ੍ਹਦਾ ਪੜ੍ਹਦਾ ਸੱਠ ਵਰ੍ਹੇ ਦਾ ਬਜੁਰਗ ਬਣ ਜਾਂਦਾ ਹੈ। ਇਸ ਅਵਸਥਾ ਵਿਚ ਵੀ ਜੇ ਉਸ ਬਜੁਰਗ ਨੂੰ ਪੁਛ ਲਵੋ ਕਿ ਚੌਪਈ, ਅਖੌਤੀ ਦਸਮ ਗ੍ਰੰਥ ਦੇ ਕਿਸ ਪੰਨੇ 'ਤੇ ਲਿੱਖੀ ਹੋਈ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ। ਕੀ ਤੁਹਾਨੂੰ ਪਤਾ ਹੈ ? ਕੀ ਤੁਹਾਨੂੰ ਕਿਸੇ ਰਾਗੀ ਅਤੇ ਪ੍ਰਚਾਰਕ ਨੇ ਚੌਪਈ ਦਾ ਅਰਥ ਕਦੀ ਦਸਿਆ ਹੈ ? ਕਿਸੇ ਪ੍ਰਚਾਰਕ ਨੇ ਤੁਹਾਨੂੰ ਅੱਜ ਤਕ ਇਹ ਦਸਿਆ ਹੈ ਕਿ ਸ਼੍ਰੀ ਅਸਿਧੁਜ, ਖੜਗਕੇਤੁ, ਮਹਾਕਾਲ ਅਤੇ ਜਗਮਾਤਾ ਹਿੰਦੂ ਮਤਿ ਦੇ ਦੇਵੀ ਦੇਵਤੇ ਹਨ ? ਨਹੀਂ ਨਾ ਦਸਿਆ ? ਨਹੀਂ ਨਾ ਪਤਾ ? ਪਤਾ ਵੀ ਕਿਥੋਂ ਹੋਵੇਗਾ ! ਕਿਸੇ ਨੇ ਸਾਨੂੰ ਅੱਜ ਤਕ ਇਹ ਦਸਿਆ ਹੀ ਨਹੀਂ, ਤੇ ਨਾਂ ਹੀ ਅਸੀਂ ਆਪ ਜਾਨਣ ਦੀ ਕਦੀ ਕੋਸ਼ਿਸ਼ ਹੀ ਕੀਤੀ ਹੈ।
ਉਸ ਸੱਠ ਵਰ੍ਹੇ ਦੇ ਬਜੁਰਗ ਸਾਮ੍ਹਣੇ ਇਕ ਦਿਨ ਇਕ ਗਿਆਨੀ ਭਾਗ ਸਿੰਘ ਅੰਬਾਲਾ ਆ ਕੇ ਖੜੇ ਹੋ ਜਾਂਦੇ ਹਨ ਤੇ ਇਹ ਕਹਿੰਦੇ ਹਨ ਕਿ , "ਉਏ ਭਲਿਆ ! ਇਹ ਤੇਰੇ ਗੁਰੂ ਦੀ ਬਾਣੀ ਨਹੀਂ, ਤਾਂ ਉਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਜਾਂਦਾ ਹੈ। ਇਕ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਕਹਿੰਦੇ ਹਨ ਕਿ ਭਲਿਆ ਇਹ ਤਾਂ ਤੂੰ "ਬਿਪਰਨ ਕੀ ਰੀਤ" ਵਿਚ ਪੈ ਗਿਆ ਹੈ, ਇਸ "ਸੱਚ ਦਾ ਮਾਰਗ" ਨਹੀਂ" ਤਾਂ ਉਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿਚੋਂ ਛੇਕ ਦਿੱਤਾ ਜਾਂਦਾ ਹੈ। ਜੇ ਇਕ ਪ੍ਰੋਫੇਸਰ ਦਰਸ਼ਨ ਸਿੰਘ ਉਸ ਬਜੁਰਗ ਸਿੱਖ ਨੂੰ ਕਹਿੰਦੇ ਹਨ ਕਿ, "ਭਲਿਆ, ਇਹ ਤਾਂ ਤੇਰੇ ਗੁਰੂ ਨਾਲ ਕੀਤੀ ਗਈ ਇਕ ਸਾਜਿਸ਼ ਹੈ, ਜੋ ਤੂੰ ਪੜ੍ਹ ਰਿਹਾ ਹੈਂ", ਤਾਂ ਉਨ੍ਹਾਂ ਨੂੰ ਵੀ ਧਰਮ ਦੇ ਠੇਕੇਦਾਰ ਪੰਥ ਤੋਂ ਲਾਂਭੇ ਕਰ ਦਿੰਦੇ ਨੇ।
ਉਹ ਬਜੁਰਗ ਵੀ ਅੱਗ ਬਬੂਲਾ ਹੋ ਕੇ ਕਹਿੰਦਾ ਹੈ ਕਿ, "ਉਏ ਗੁਰੂ ਨਿੰਦਕੋ, ਗੁਰੂ ਦੀ ਬਾਣੀ 'ਤੇ ਕਿੰਤੂ ਕਰਦੇ ਹੋ ? ਦਸ ਵਰ੍ਹੇ ਪਹਿਲਾਂ ਤਕ ਤੁਸੀਂ ਸਾਰੇ ਕਿੱਥੇ ਸੀ ? ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਦਸਮ ਦੀ ਬਾਣੀ ਨਹੀਂ ? ਸੰਤ ਸਿੰਘ ਮਸਕੀਨ ਅਤੇ ਜਰਨੈਲ ਸਿੰਘ ਭਿੰਡਰਵਾਲੇ ਇਸ ਦਾ ਪਾਠ ਕਰਦੇ ਸਨ। ਕੀ ਤੁਸੀ ਉਨ੍ਹਾਂ ਨਾਲੋਂ ਵੀ ਸਿਆਣੇ ਹੋ ਗਏ ?........ ਆਦਿਕ "
ਦੱਸੋ ਵੀਰ ਜੀ ! ਭਲਾ ਕਿਸ ਤਰ੍ਹਾਂ ਜੋੜੋਗੇ ਗੁਰਮਤਿ ਨਾਲ, ਤੁਸੀਂ ਅਪਣੇ ਬਚਿਆਂ ਨੂੰ ? ਤੁਹਾਡੇ ਸਮਾਜ ਵਲੋਂ ਤਾਂ ਇਹ ਬਿਧੀ, ਇਹ ਮਰਿਆਦਾ ਬਣਾ ਦਿਤੀ ਗਈ ਹੈ ਕਿ, "ਇਹ ਬਾਣੀ ਗੁਰੂ ਦੀ ਰਚਨਾ ਹੈ, ਜਿਸ 'ਤੇ ਕਿਸੇ ਸਿੱਖ ਨੂੰ ਕਿੰਤੂ ਨਹੀਂ ਕਰਨਾ"। ਅਸੀਂ ਤੁਹਾਨੂੰ ਇਸ ਦਾ ਅਰਥ ਵੀ ਨਹੀਂ ਦਸਣ ਦੇਣਾ। ਇਹ ਕਿਥੇ ਲਿਖੀ ਹੈ ? ਇਹ ਵੀ ਪਤਾ ਨਹੀਂ ਲਗਣ ਦੇਣਾਂ। ਬਸ ਪੜ੍ਹੀ ਜਾਉ ਤੇ ਮੱਥੇ ਟੇਕੀ ਜਾਉ। ਪੰਜ ਵਰ੍ਹੇ ਦੇ ਉਸ ਬੱਚੇ ਨੂੰ "ਕੋਲਹੂ ਦੇ ਬੈਲ" ਵਾਲਾ, ਅੰਧੀ ਸ਼ਰਧਾਂ ਦਾ ਚਸ਼ਮਾਂ ਜੋ ਇਕ ਵਾਰ ਬੰਨ੍ਹ ਦਿਤਾ ਜਾਂਦਾ ਹੈ, ਤਾਂ ਉਹ ਉਸ ਦੇ ਸੱਠ ਵਰ੍ਹੇ ਦੇ ਬਜੁਰਗ ਬੰਨਣ ਤਕ, ਉਸ ਦੀਆਂ ਅੱਖਾਂ ਤੋਂ ਨਹੀਂ ਉਤਰਦਾ। ਬਸ ਉਹ ਇਕ "ਕੋਲਹੂ ਦੇ ਬੈਲ" ਵਾਂਗ, ਕੁੱਝ ਵੀ ਸਮਝੇ ਬੁਝੇ ਬਗੈਰ, ਮੇਰੀ ਤਰ੍ਹਾਂ ਇਨ੍ਹਾ ਰਚਨਾਵਾਂ ਦੇ ਇਰਦ ਗਿਰਦ ਹੀ ਘੁੰਮੀ ਜਾਂਦਾ ਹੈ। ਕਿਸ ਤਰ੍ਹਾਂ ਜੋੜੋਗੇ ਇਕ ਬੱਚੇ ਨੂੰ ਸਿੱਖੀ ਨਾਲ ?
ਇੰਦਰ ਜੀਤ ਸਿੰਘ ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.