ਉਡਤਾ ਪੰਜਾਬ ! (ਨਿੱਕੀ ਕਹਾਣੀ)
ਉਡਤਾ ਪੰਜਾਬ ਫਿਲਮ ਨੂੰ ਸੈਂਸਰ ਬੋਰਡ ਨੇ ਰੋਕ ਲਿਆ ਹੈ ਤੇ ਬੋਰਡ ਵਿੱਚ ਬੈਠਾ ਪ੍ਰਧਾਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਆਪਣਾ ਫਰਜ਼ ਭੁੱਲ ਗਿਆ ਹੈ ਤੇ ਆਪ ਇੱਕ ਫਿਲਮ ਨਿਰਮਾਤਾ ਹੁੰਦੇ ਹੋਏ ਵੀ ਅੰਨਾ-ਬੋਲਾ ਬਣ ਕਾਲੀਦਾਸ ਵਾਂਗ ਜਿਸ ਟਾਹਣੀ ਤੇ ਬੈਠਾ ਹੈ, ਉਸ ਨੂੰ ਹੀ ਕੱਟਣ ਲੱਗਾ ਹੈ ! (ਕੁਲਬੀਰ ਸਿੰਘ ਪਰੇਸ਼ਾਨ ਸੀ)
ਸੈਂਸਰ ਬੋਰਡ ? ਕਿੱਥੇ ਹੈ ? ਕੀ ਤੁਹਾਨੂੰ ਪਤਾ ਹੈ ਕੀ ਇਸ ਬੋਰਡ ਦਾ ਨਾਮ ਕੀ ਹੈ ? ਇਸਦਾ ਨਾਮ ਹੈ ਕੇਂਦਰੀ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਭਾਵ ਕਿਸੀ ਵੀ ਫਿਲਮ ਨੂੰ ਵੇਖਣ ਤੋਂ ਬਾਅਦ ਸਿਰਫ ਸੇਧ ਦੇ ਸਕਦਾ ਹੈ ਤੇ ਉਸ ਦੇ ਹਿਸਾਬ ਨਾਲ ਯੂ, ਯੂ.ਏ. ਜਾਂ ਏ ਸਰਟੀਫਿਕੇਸ਼ਨ ਜਾਰੀ ਕਰਦਾ ਹੈ ਤਾਂਕਿ ਉਸ ਸਰਟੀਫਿਕੇਸ਼ਨ ਦੇ ਹੇਠ ਆਉਣ ਵਾਲੇ ਦਰਸ਼ਕ ਫਿਲਮ ਵੇਖ ਸਕਣ ! ਅਸਲ ਵਿੱਚ ਤਾਂ ਇਹ "ਸੈਂਸ" ਤਾਂ ਕਰ ਸਕਦਾ ਹੈ ਪਰ "ਸੈਂਸਰ" ਨਹੀਂ ! (ਹਰਪਾਲ ਸਿੰਘ ਨੇ ਆਪਣਾ ਪੱਖ ਰਖਿਆ)
ਕੁਲਬੀਰ ਸਿੰਘ : ਸਿੱਖਾਂ ਦੀ ਸਿਰਮੌਰ ਕਹਾਉਂਦੀਆਂ ਪ੍ਰਬੰਧਕ ਕਮੇਟੀਆਂ ਵੀ ਤਾਂ ਇਸ ਸਮੇਂ "ਅਖੌਤੀ ਸੈਂਸਰ ਬੋਰਡ" ਵਾਂਗ ਆਪਣੀ ਮਰਜ਼ੀ ਦੇ ਕੰਮ ਕਰ ਰਹੀਆਂ ਹਨ! ਜੇਕਰ ਇਨ੍ਹਾਂ ਕਮੇਟੀਆਂ ਦੇ ਨਾਮ ਤੇ ਹੀ ਗੌਰ ਫੁਰਮਾਇਆ ਜਾਵੇ ਤਾਂ ਸਮਝ ਆ ਜਾਵੇਗਾ ਕੀ ਇਹ ਤਾਂ ਕੇਵਲ ਅਤੇ ਕੇਵਲ ਗੁਰਦੁਆਰਾ ਪ੍ਰਬੰਧ ਭਾਵ ਮੈਨੇਜਮੈਂਟ ਵਾਸਤੇ ਬਣਾਈਆਂ ਗਈਆਂ ਸਨ ਪਰ ਇਨ੍ਹਾਂ ਤੇ ਕਾਬਿਜ਼ ਪ੍ਰਧਾਨਾਂ ਨੇ ਵੀ ਆਪਣੇ ਆਪਣੇ ਗੈਰ ਸਿੱਖ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਪ੍ਰਬੰਧਕ ਕਮੇਟੀਆਂ ਨੂੰ "ਧੱਕਾਸ਼ਾਹੀ ਕਮੇਟੀਆਂ" ਵਿੱਚ ਤਬਦੀਲ ਕਰ ਦਿੱਤਾ ਹੈ ! ਅੱਜ ਧਰਮ ਦੇ ਫੈਸਲੇ ਲੈਣ ਸਮੇਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੇਧ ਨਹੀਂ ਲਿੱਤੀ ਜਾਉਂਦੀ ਬਲਕਿ ਬਿਪਰਨ ਕੀ ਰੀਤ ਦੱਖਣੀ ਭਾਰਤ ਦੇ ਇੱਕ ਸ਼ਹਿਰ ਤੋਂ ਸੇਧ ਲੈ ਕੇ ਜੋਰੀ ਸਿੱਖਾਂ ਤੇ ਥੋਪੀ ਜਾ ਰਹੀ ਹੈ !
ਹਰਪਾਲ ਸਿੰਘ : ਥੋਪਣ ਤੋਂ ਅਲਾਵਾ ਧੱਕੇ ਨੂੰ ਪੱਕਾ ਤੇ ਗੂੜਾ ਧਾਰਮਿਕ ਰੰਗ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸੰਸਥਾ ਦਾ ਪੂਰਾ ਇਸਤਮਾਲ ਕੀਤਾ ਜਾ ਰਿਹਾ ਹੈ ! ਇਨ੍ਹਾਂ ਕੇਂਦਰੀ ਸਿੱਖ ਸੰਸਥਾਵਾਂ ਜੋ ਕੀ ਸ਼ੁਰੁਆਤੀ ਦੌਰ ਵਿੱਚ ਸੇਵਾਦਾਰ ਸਨ, ਉੱਤੇ ਨਾਜਾਇਜ਼ ਕਬਜਾ ਕਰਕੇ ਇਨ੍ਹਾਂ ਸੰਸਥਾਵਾਂ ਦੇ ਨਾਮ ਹੇਠ "ਹੱਠ ਧਰਮੀ ਅੱਤੇ ਮੰਦ ਕਰਮੀ" ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਗਿਆ ਹੈ ਤੇ ਧਰਮ ਦੇ ਅਸਲੀ ਰੂਪ ਗਿਆਨ ਤੋਂ ਵਾਂਝਾ ਕਰਕੇ ਗੌਰਵਮਈ ਸਿੱਖ ਇਤਿਹਾਸ ਨੂੰ ਗੰਦਲਾ ਅਤੇ ਚਮਤਕਾਰੀ ਰੂਪ ਦੇ ਕੇ ਆਮ ਸਿੱਖ ਨੂੰ "ਅੰਨਾ ਤੇ ਬੋਲਾ" ਕਰ ਦਿੱਤਾ ਗਿਆ ਹੈ ! ਇਹ ਫਿਲਮ ਨਿਰਮਾਤਾ-ਨਿਰਦੇਸ਼ਕ ਇੱਕਜੁੱਟ ਹੋ ਕੇ ਅਦਾਲਤ ਦੀ ਸ਼ਰਣ ਲੈ ਕੇ ਆਪਣੀ ਫਿਲਮ ਨੂੰ ਅਖੌਤੀ ਸੈਂਸਰ ਬੋਰਡ ਦੇ ਜੁਲਮ ਤੋਂ ਬਚਾ ਲੈਣਗੇ ਪਰ ਸਿੱਖਾਂ ਨੂੰ ਇਨ੍ਹਾਂ "ਅਖੌਤੀ ਲੀਡਰਾਂ, ਜੱਥੇਦਾਰਾਂ, ਸੰਤਾਂ ਦੀ ਮਨਮਤਾਂ" ਤੋਂ ਕੌਣ ਬਚਾਵੇਗਾ ? ਕਿਸ ਦੀ ਸ਼ਰਣ ਲੈਣ ਅੱਜ ਸਿੱਖ ?(ਕੁਲਬੀਰ ਸਿੰਘ ਨੇ ਪੁਛਿਆ)
ਹਨੇਰਾ ਭਜਾਉਣ ਲਈ ਪ੍ਰਕਾਸ਼ ਲੋੜੀਂਦਾ ਹੈ .... ਸਿੱਖਾਂ ਨੂੰ ਘੋਰ ਹਨੇਰੇ ਤੋਂ ਬਾਹਰ ਆਉਣ ਲਈ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਨੂੰ ਵੀਚਾਰ ਕੇ ਪੜਨ ਦੀ ਲੋੜ ਹੈ ! ਜਦੋਂ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਤਾਂ ਆਪਣੇ ਆਪ ਹੀ ਮਨਮਤ ਦਾ ਨਾਸ ਹੋ ਜਾਵੇਗਾ ! ਅੰਦਰ ਪ੍ਰਕਾਸ਼ ਹੋਣ ਤੋਂ ਬਾਅਦ ਜੋ ਵੀ ਜਨਮਸਾਖੀਆਂ, ਲਿਖਤਾਂ ਸਿੱਖਾਂ ਵਿੱਚ ਭਰਮ ਵਧਾਉਣ ਲਈ ਵਾੜੀਆਂ ਗਈਆਂ ਹਨ ਨੂੰ ਪੜ੍ਹ ਕੇ ਆਮ ਸਿੱਖ ਵੀ ਸਮਝ ਜਾਵੇਗਾ ਕਿ ਇਹ ਰਚਨਾ ਮੈਨੂੰ ਗੁਰਮਤ ਅੱਤੇ ਸਚ ਨਾਲ ਜੋੜਦੀ ਹੈ ਜਾਂ ਮਨਮਤ ਅੱਤੇ ਝੂਠ ਨਾਲ ਜੋੜਦੀ ਹੈ ! ਜਿਸ ਤਰੀਕੇ ਫਿਲਮ ਉਡਤਾ ਪੰਜਾਬ ਵਿੱਚ ਵਿਖਾਈ ਗਈ ਅਸਲੀਅਤ ਨੂੰ ਪ੍ਰਗਟ ਹੋਣ ਤੋ ਰੋਕਿਆ ਜਾ ਰਿਹਾ ਹੈ, ਉਸੀ ਤਰਾਂ ਆਮ ਸਿੱਖਾਂ ਨੂੰ ਵੀ ਗੁਰੂ ਦੀ ਮੱਤ ਬਾਰੇ ਜਾਣਕਾਰੀ ਲੈਣ ਤੋ ਰੋਕਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮੂਰਤੀਆਂ, ਸ਼ਸਤਰ ਦਰਸ਼ਨ, ਪੁਰਾਤਨ ਨਿਸ਼ਾਨੀਆਂ ਦੇ ਨਕਲੀ ਦਰਸ਼ਨ ਵਿਖਾ ਵਿਖਾ ਕੇ ਭਰਮਾਇਆ ਜਾ ਰਿਹਾ ਹੈ ਤੇ ਅਸਲ ਗੁਰੂ ਅੱਤੇ ਗੁਰੂ ਆਸ਼ੇ ਤੋਂ ਦੂਰ ਰਖਿਆ ਜਾ ਰਿਹਾ ਹੈ !
"ਅਸਲੀ ਦਰਸ਼ਨ ਤਾਂ ਆਪ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਵਿਚਾਰਨਾ ਹੈ" ! (ਹਰਪਾਲ ਸਿੰਘ ਨੇ ਗੱਲ ਮੁਕਾਈ)
ਬਲਵਿੰਦਰ ਸਿੰਘ ਬਾਈਸਨ
ਬਲਵਿੰਦਰ ਸਿੰਘ ਬਾਈਸਨ
ਉਡਤਾ ਪੰਜਾਬ ! (ਨਿੱਕੀ ਕਹਾਣੀ)
Page Visitors: 2770