ਸਿੱਖਾਂ ਦੀ ਤਰੱਕੀ ! (ਨਿੱਕੀ ਕਹਾਣੀ)
ਮੈਂ ਆਪਣੇ ਬੱਚੇ ਦੀ ਫੀਸ ਨਹੀ ਭਰ ਸਕਦਾ, ਮੇਰੇ ਕੋਲ ਪਿਛਲੇ ਦੋ ਸਾਲਾਂ ਤੋਂ ਕੋਈ ਕੰਮ ਨਹੀ ਹੈ (ਪਰੇਸ਼ਾਨ ਜਿਹਾ ਰਣਜੀਤ ਸਿੰਘ ਗੁਰੂਦੁਆਰਾ ਸਾਹਿਬ ਦੇ ਮੇਂਬਰਾਂ ਅੱਗੇ ਦੱਸ ਰਿਹਾ ਸੀ) ! ਜੇਕਰ ਤੁਸੀਂ ਕਿਰਪਾ ਕਰੋ ਤੇ ਗੁਰੂਦੁਆਰਾ ਸਾਹਿਬ ਮੇਰੇ ਬੱਚੇ ਦੀ ਫੀਸ ਕੁਝ ਸਮੇਂ ਲਈ ਭਰ ਦੇਵੇ, ਮੈਂ ਜਿਵੇਂ ਹੀ ਕੰਮ ਤੇ ਲੱਗਾਂਗਾ ਤਾਂ ਮਾਇਆ ਵਾਪਿਸ ਭੀ ਕਰ ਦੇਵਾਂਗਾ ! ਮੈਂ ਦਸਵੰਧ ਪਹਿਲਾਂ ਵੀ ਦਿੰਦਾ ਰਿਹਾ ਹਾਂ ਗੁਰੂਦਵਾਰਾ ਸਾਹਿਬ ਵਿਚ !
ਸਾਡੇ ਕੋਲੋ ਹੋਰ ਬਥੇਰੇ ਕੰਮ ਨੇ ਤੇਰੇ ਇਸ ਕੰਮ ਤੋਂ ਅਲਾਵਾ (ਪ੍ਰਧਾਨ ਮਨਜੀਤ ਸਿੰਘ ਬੋਲਿਆ) ! ਲੰਗਰ ਹੈ, ਬਿਲਡਿੰਗ ਹੈ, ਗਲੀਚੇ ਹਨ, ਨਵੀਂ ਪਾਲਿਕੀ ਬੜੀ ਸੋਹਣੀ ਬਣ ਕੇ ਆ ਰਹੀ ਹੈ! ਗੁਰੂਦੁਆਰੇ ਕੋਲ ਪੈਸਾ ਨਹੀ ਹੈ ਕੀ ਖੈਰਾਤ ਹੀ ਵੰਡੀ ਜਾਵੇ !
ਰਣਜੀਤ ਸਿੰਘ : ਕਿਓਂ ? ਕੀ ਤੁਸੀਂ ਗੁਰੂਦਵਾਰਾ ਸਾਹਿਬ ਦੀ ਕਮਾਈ ਦਾ ਦਸਵੰਧ ਨਹੀ ਕਢਦੇ ?
ਮਨਜੀਤ ਸਿੰਘ : ਹੈਂ ? ਇਹ ਕੀ ਬੋਲ ਰਿਹਾ ਹੈ ਆਲ-ਪਾਤਾਲ ? ਲੋਗ ਸਾਨੂੰ ਦਿੰਦੇ ਨੇ ਦਸਵੰਧ, ਅਸੀਂ ਕਿਓਂ ਕਢੀਏ ?
ਰਣਜੀਤ ਸਿੰਘ : ਜੇਕਰ ਗੁਰੂ ਦਾ ਹੁਕਮ ਗੁਰਸਿਖ ਦੀ ਕਮਾਈ ਬਾਰੇ ਹੈ ਤੇ ਵੀਰ ਜੀਓ, ਗੁਰੂਦਵਾਰਾ ਸਾਹਿਬ ਵਿਚ ਵੀ ਜੋ ਸੰਗਤਾਂ ਸੇਵਾ ਭੇਂਟਾ ਕਰਦਿਆਂ ਨੇ ਓਹ ਗੁਰੂਦਵਾਰਾ ਸਾਹਿਬ ਦੀ ਕਮਾਈ ਹੀ ਤੇ ਹੋਈ ! ਲੰਗਰ ਆਪ ਜੀ ਲੋਕ ਇਸ ਦਸਵੰਧ ਵਿਚੋਂ ਚਲਾ ਸਕਦੇ ਹੋ ਪਰ ਆਪ ਲੋਗ ਤੇ ਸ਼ਾਇਦ ਚਾਲੀ-ਪੰਝਾਹ ਪ੍ਰਤੀਸ਼ਤ ਲੰਗਰ ਤੇ ਹੀ ਖਰਚ ਕਰ ਦਿੰਦੇ ਹੋ, ਹੈ ਕੇ ਨਹੀ ?
ਮਨਜੀਤ ਸਿੰਘ : ਇਹ ਤੇ ਹੈ, ਲੰਗਰ ਉੱਤੇ ਬਹੁਤ ਖਰਚਾ ਹੁੰਦਾ ਹੈ ਗੁਰੂਦਵਾਰਾ ਸਾਹਿਬ ਦਾ ਪਰ ਇਸ ਨਾਲ ਹੀ ਸੰਗਤਾਂ ਜੁੜੀਆਂ ਰਹਿੰਦੀਆਂ ਹਨ ਸਾਡੇ ਨਾਲ !
ਰਣਜੀਤ ਸਿੰਘ : ਜੇਕਰ ਆਪ ਜੀ ਲੰਗਰ ਦਾ ਖਰਚਾ ਗੁਰੂਦਵਾਰਾ ਸਾਹਿਬ ਦੇ ਦਸਵੰਧ ਵਿਚੋਂ ਹੀ ਚਲਾਓਗੇ ਤੇ ਆਪ ਜੀ ਕੋਲ ਬਹੁਤ ਮਾਇਆ ਬਚ ਜਾਵੇਗੀ ਤੇ ਆਪ ਜੀ ਆਪਣੇ ਆਪਣੇ ਇਲਾਕੇ ਵਿਚ ਵਿਦਿਅਕ ਸੰਸਥਾਂਵਾਂ ਨੂੰ ਚਲਾਉਣ ਲਈ ਬਾਕੀ ਲੋੜੀਂਦੀ ਮਾਇਆ ਵਰਤ ਸਕਦੇ ਹੋ ! ਲੰਗਰ ਚਲਾਉਣਾ ਬਹੁਤ ਸੋਹਣੀ ਗੱਲ ਹੈ ਪਰ ਇਸ ਦਾ ਅਸਰ ਇੱਕ ਦਿਨ ਹੀ ਰਹਿੰਦਾ ਹੈ ਕਿਓਂ ਕੀ ਮਨੁਖ ਨੂੰ ਭੁਖ ਤੇ ਬਾਰ ਬਾਰ ਲਗਦੀ ਹੈ ! ਪਰ ਇੱਕ ਚੰਗਾ ਵਿਦਿਅਕ ਅਦਾਰਾ ਲਾਗਤ ਮਾਤਰ ਤੇ ਚਲਾਉਣ ਨਾਲ ਤੁਸੀਂ ਅਗਲੀਆਂ ਆਉਣ ਵਾਲਿਆਂ ਪੀਡੀਆਂ ਦੀ ਭੁਖ ਮਿਟਾ ਸਕਦੇ ਹੋ ! ਅੱਜ ਸਾਡਾ ਮੁਖ ਨਿਸ਼ਾਨਾ ਕੌਮ ਦੇ ਬੱਚਿਆਂ ਦੇ ਭਵਿਖ ਵੱਲ ਹੋਣਾ ਚਾਹੀਦਾ ਹੈ, ਕੌਮ ਦਾ ਪਤਾ ਨਹੀ ਕਿਤਨੇ ਅਰਬ ਰੁਪਇਆ ਹਰ ਸਾਲ ਉਨ੍ਹਾਂ ਕੰਮਾਂ ਉਪਰ ਖਰਚ ਹੋ ਜਾਂਦਾ ਹੈ ਜਿਨ੍ਹਾਂ ਦਾ ਅਸਰ ਸ਼ਾਇਦ ਕੁਝ ਦਿਨ-ਹਫਤੇ ਹੀ ਨਜ਼ਰ ਆਉਂਦਾ ਹੈ !
ਮਨਜੀਤ ਸਿੰਘ (ਵਿਚਾਰ ਕਰਦਾ ਹੋਇਆ) : ਹੈਂ ਤੇ ਤੂੰ ਮਹਾਤੜ ਸਾਥੀ ਪਰ ਗੱਲ ਗਹਿਰੀ ਕਰ ਰਿਹਾ ਹੈਂ ! ਗੁਰੂ ਸਾਹਿਬਾਨ ਵੀ ਅਕਲੀ ਸਾਹਿਬ ਸੇਵਣ ਤੇ ਵਿਚਾਰ ਕਰ ਕੇ ਦਾਨ ਦੀ ਗੱਲ ਕਰਦੇ ਹਨ, ਇਹ ਮਾਇਆ ਆਉਂਦੀ ਤੇ ਸੰਗਤਾਂ ਦੇ ਦਸਵੰਧ ਵਿਚੋਂ ਹੀ ਹੈਂ ਤੇ ਤੁਸੀਂ ਠੀਕ ਕਹਿੰਦੇ ਹੋ ਕੀ ਇਸ ਮਾਇਆ ਤੇ ਪਹਿਲਾ ਹੱਕ ਵੀ ਸਾਡੀ ਕੌਮ ਦੇ ਭਵਿਸ਼ ਦਾ ਹੈ ! ਪੇਟ ਦੀ ਭੁਖ ਉੱਤੇ ਬਹੁਤ ਜਿਆਦਾ ਹੀ ਨਿਸ਼ਾਨਾ ਬਣਾ ਲਿਆ ਗਿਆ ਹੈ, ਓਹ ਵੀ ਜਰੂਰੀ ਹੈ ਪਰ ਆਤਮਾ ਦੀ ਭੁਖ, ਦਿਮਾਗ ਦੀ ਭੁਖ, ਕੌਮ ਨੂੰ ਅੱਗੇ ਲੈ ਜਾਣ ਦੀ ਭੁਖ ਜਿਆਦਾ ਜਰੂਰੀ ਹੈ ਤੇ ਇੱਕ ਵੱਡਾ ਹਿੱਸਾ ਕੌਮ ਦੇ ਭਵਿਖ ਤੇ ਕੌਮੀ ਅਦਾਰਿਆਂ ਵਾਸਤੇ ਖਰਚ ਹੋਣਾ ਚਾਹੀਦਾ ਹੈ !
ਤੁਸੀਂ ਕਲ ਸਵੇਰੇ ਹੀ ਆ ਕੇ ਆਪਣੇ ਬੱਚੇ ਦੀ ਫੀਸ ਲੈ ਲਵੋ ਤੇ ਜਦੋਂ ਆਪ ਜੀ ਵਾਪਿਸ ਨੌਕਰੀ ਤੇ ਲੱਗੋਗੇ ਤੇ ਇਹ ਮਾਇਆ ਵਾਪਿਸ ਦੇਣ ਦੀ ਜਰੂਰਤ ਨਹੀ ਬਸ ਆਪਣਾ ਦਸਵੰਧ ਪਹਿਲਾਂ ਵਾਂਗ ਹੀ ਕਢਦੇ ਰਹਿਣਾ, ਇਹੀ ਗੁਰਮਤ ਹੈ !
ਰਣਜੀਤ ਸਿੰਘ (ਭਰ ਆਈਆਂ ਅੱਖਾਂ ਪੂੰਝਦਾ ਹੋਇਆ) : ਜੇਕਰ ਸਾਰੇ ਹੀ ਪ੍ਰਬੰਧਕ ਆਪ ਜੀ ਵਰਗੇ ਵਿਚਾਰਵਾਨ ਹੋ ਜਾਣ ਤੇ ਕੌਮ ਵਿਚੋਂ ਪੜ੍ਹਾਈ-ਲਿਖਾਈ ਪ੍ਰਤੀ ਦਿਨੋੰ-ਦਿਨ ਘਟ ਰਹੀ ਪਿਰਤ ਨੂੰ ਠੱਲ ਪਵੇਗੀ ਤੇ ਗਿਆਨ ਦਾ ਪੁਜਾਰੀ ਸਿਖ ਫਿਰ ਤੋਂ ਗਿਆਨੀ ਕਹਾਵੇਗਾ ! ਚੰਗਾ .. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !
–ਬਲਵਿੰਦਰ ਸਿੰਘ ਬਾਈਸਨ