ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਸੰਪ੍ਰਦਾਈ ਡੇਰੇਦਾਰਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਝੂਠੇ ਇਲਜ਼ਾਮ
ਸੰਪ੍ਰਦਾਈ ਡੇਰੇਦਾਰਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਝੂਠੇ ਇਲਜ਼ਾਮ
Page Visitors: 2790

ਸੰਪ੍ਰਦਾਈ ਡੇਰੇਦਾਰਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਝੂਠੇ ਇਲਜ਼ਾਮ
ਅਵਤਾਰ ਸਿੰਘ ਮਿਸ਼ਨਰੀ (5104325827)
ਵੈਸੇ ਤਾਂ ਇਨ੍ਹਾਂ ਭਦਰਪੁਰਸ਼ਾਂ ਨੇ ਕਿਸੇ ਵੀ ਮਹਾਂਨ ਭਗਤ, ਗੁਰੂ ਅਤੇ ਸਿੱਖ ਨੂੰ ਨਹੀਂ ਬਖਸ਼ਿਆ ਕਿ ਉਸ ਤੇ ਕੋਈ ਨਾਂ ਕੋਈ ਇਲਜ਼ਾਮ ਨਾਂ ਲਾਇਆ ਹੋਵੇ ਪਰ ਜੋ ਗਲਤ ਤਸਵੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਨ੍ਹਾਂ ਲੋਕਾਂ ਨੇ ਖਿੱਚੀ ਹੈ ਆਓ ਉਸ ਬਾਰੇ ਵਿਚਾਰ ਕਰੀਏ ਕਿ ਕੀ ਗੁਰਮਤਿ ਅਨੁਸਾਰ ਉਹ ਠੀਕ ਹੈ?
   ਇਹ ਲੋਕ ਬਾਬਾ ਬੰਦਾ ਸਿੰਘ ਜੀ ਤੇ ਦੋਸ਼ ਲਾਉਂਦੇ ਹਨ ਕਿ, *ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਵਿਆਹ ਨਾਂ ਕਰਵਾਈਂ ਪਰ ਉਸ ਨੇ ਵਿਆਹ ਕਰਵਾ ਲਿਆ ਸੀ,
   ਗੁਰੂ ਨਾ ਅਖਵਾਈਂ ਉਹ ਗੁਰੂ ਅਖਵਾਉਣ ਲੱਗ ਪਿਆ ਸੀ ਅਤੇ ਉਹ ਫ਼ਤਿਹ ਦਰਸ਼ਨ ਬੁਲਾਉਂਦਾ ਸੀ*
ਸਾਧ ਸੰਗਤ ਜੀ! ਕੀ ਵਿਆਹ ਕਰਵਾਉਣਾ ਕੋਈ ਗੁਨਾਹ ਹੈ?
ਕੀ ਗੁਰੂਆਂ ਭਗਤਾਂ ਨੇ ਵਿਆਹ ਨਹੀਂ ਕਰਵਾਏ ਸਨ?
ਉੱਤਰ ਹੈ-ਵਿਆਹ ਕਰਵਾਉਣਾ ਕੋਈ ਗੁਨਾਹ ਨਹੀਂ ਅਤੇ ਗੁਰੂਆਂ ਭਗਤਾਂ ਨੇ ਵੀ ਵਿਆਹ ਕਰਵਾਏ ਸਨ। ਸੰਸਾਰ ਦੀ ਉਤਪਤੀ ਵਾਸਤੇ ਇਸਤਰੀ-ਪੁਰਸ਼ ਦਾ ਜੋੜਾ ਪ੍ਰਮਾਤਮਾਂ ਨੇ ਬਣਾਇਆ, ਕਿਸੇ ਮਨੁੱਖ ਨੇ ਨਹੀਂ ਅਤੇ ਅੱਗੇ ਇਸ ਨੂੰ ਚਲਦੇ ਰੱਖਣਾ ਵੀ ਉਸੇ ਦੀ ਰਜ਼ਾ ਵਿੱਚ ਹੈ। ਸਮਾਜ ਵਿੱਚ ਇਨਸਾਨ ਨੂੰ ਇਜ਼ਤ ਨਾਲ ਜੀਵਣ ਬਤਾਉਣ ਲਈ ਮਨੁੱਖਤਾ ਵਿੱਚ ਵਿਆਹ ਪਰੰਪਰਾ ਚੱਲੀ ਜੋ ਪਛੂ ਪੰਛੀਆਂ ਵਿੱਚ ਨਹੀਂ ਹੈ। ਇਨਸਾਨਾਂ ਵਿੱਚ ਰਿਸ਼ਤੇਦਾਰੀਆਂ ਹਨ-ਦਾਦਾ ਹੈ ਦਾਦੀ ਹੈ,ਮਾਂ ਹੈ ਪਿਉ ਹੈ, ਭੈਣ ਹੈ ਭਰਾ ਹੈ, ਚਾਚਾ ਹੈ ਚਾਚੀ ਹੈ, ਮਾਮਾ ਹੈ ਮਾਮੀ ਹੈ ਇਵੇਂ ਹੀ ਪਤੀ ਹੈ ਪਤਨੀ ਹੈ। ਮਨੁੱਖ ਪਛੂ ਨਹੀਂ ਜੋ ਵਿਆਹ ਨਾਂ ਕਰਵਾਵੇ ਜਾਂ ਉਸ ਨੂੰ ਮਾਂ ਭੈਣ ਦੀ ਪਛਾਣ ਨਾਂ ਹੋਵੇ, ਹਾਂ ਇਹ ਵੱਖਰੀ ਗੱਲ ਹੈ ਕਿ ਕਿਸੇ ਖਾਸ ਕਾਰਣ ਵਿਆਹ ਨਹੀਂ ਹੋਇਆ ਜਾਂ ਨਹੀਂ ਕਰਵਾਇਆ।
 ਗੁਰਮਤਿ ਵਿੱਚ ਗ੍ਰਹਿਸਤ ਧਰਮ ਨੂੰ ਮਹਾਨਤਾ ਦਿੱਤੀ ਗਈ ਹੈ-
ਗ੍ਰਹਿਸਤਨ ਮਹਿ ਤੂ ਬਡੋ ਗ੍ਰਹਿਸਤੀ॥ (ਗੁਰੂ ਗ੍ਰੰਥ)
ਸਗਲ ਧਰਮ ਮਹਿ ਗ੍ਰਹਿਸਤ ਪ੍ਰਧਾਨ ਹੈ (ਭਾ.ਗੁ)
ਫਿਰ ਗੁਰੂ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕਿਵੇਂ ਕਹਿ ਸਕਦੇ ਸਨ ਕਿ ਤੂੰ ਵਿਆਹ ਨਹੀਂ ਕਰਵਾਉਣਾ ਜਦ ਕਿ ਗੁਰੂ ਸਹਿਬਾਨ ਖੁਦ ਗ੍ਰਹਿਸਤੀ ਸਨ?
  ਅੱਜ ਦੇ ਡੇਰੇਦਾਰ ਸੰਘ ਪਾੜ ਪਾੜ ਕੇ ਕਹਿ ਰਹੇ ਹਨ ਕਿ ੬ਵੇਂ ਗੁਰੂ ਦੇ ਤਿੰਨ, ੭ਵੇਂ ਦੇ ਸੱਤ ਅਤੇ ੧੦ਵੇਂ ਦੇ ਵੀ ਤਿੰਨ ਵਿਆਹ ਸਨ। ਇੱਕ ਸਾਧ ਪਿਹੋਵੇ ਵਾਲੇ ਨੇ ਤਾਂ ਇੱਕ ਦੀਵਾਨ ਵਿੱਚ ਏਨਾਂ ਕੁਫਰ ਤੋਲਿਆ ਕਿ ਸੰਗਤੇ ਤੁਸੀਂ ਦੱਸੋਗੇ ਕਿ ੭ਵੇਂ ਪਾਤਸ਼ਾਹ ਗੁਰੂ ਕਿਵੇਂ ਬਣੇ ਸਨ?
ਨਹੀਂ ਪਤਾ ਤਾਂ ਸੁਣ ਲਉ ਕੰਨ ਖੋਲ੍ਹ ਕੇ ਕਿ ਉਨ੍ਹਾਂ ਨੇ ੭ ਲੱਖ ਜਪੁਜੀ ਸਾਹਿਬ ਅਤੇ ੭ ਲੱਖ ਹੀ ਸੁਖਮਨੀ ਸਾਹਿਬ ਦੇ ਪਾਠ ਅਤੇ ਸੱਤਾਂ ਹੀ ਭੈਣਾ ਨਾਲ ਵਿਆਹ ਕਰਵਾਇਆ ਸੀ ਤਾਂ ਸਤਵੇਂ ਗੁਰੂ ਬਣੇ ਸਨ।
ਪਾਠਕ ਜਨ ਸੋਚਣ ਕਿ ਕੀ ਗੁਰੂ ਅਜਿਹਾ ਕਰ ਸਕਦਾ ਹੈ? ਗੁਰੂ ਹਰਿਰਾਏ ਜੀ ਦਾ ਦਸ ਬਾਰਾਂ ਸਾਲ ਦੀ ਉਮਰ ਵਿੱਚ ਵਿਆਹ ਹੋਇਆ, ਉਸ ਵੇਲੇ ਗੁਰੂ ਜੀ ਦੀ ਧਰਮ ਪਤਨੀ ਦੀ ਉਮਰ ਦਸ ਸਾਲ ਦੱਸੀ ਜਾਂਦੀ ਹੈ ਜੇ ਸੱਤਾਂ ਭੈਣਾ ਚੋਂ ਵੱਡੀ ਦਸ ਸਾਲ ਦੀ ਹੈ ਤਾਂ ਸਭ ਤੋਂ ਛੋਟੀ ਤਾਂ ਅਜੇ ਜੰਮੀ ਵੀ ਨਹੀਂ ਹੋਵੇਗੀ ਤਾਂ ਗੁਰੂ ਨੇ ਸੱਤਾਂ ਨਾਲ ਵਿਆਹ ਕਿਵੇਂ ਕਰਵਾ ਲਿਆ? ਐਸੇ ਭੇਖੀ ਸਾਧਾਂ ਨੂੰ ਸ਼ਰਮ ਅਉਣੀ ਚਾਹੀਦੀ ਹੈ ਜੋ ਆਪ ਤਾਂ ਵਿਆਹ ਕਰਾਉਂਦੇ ਨਹੀਂ ਸਗੋਂ ਪਰਾਈਆਂ ਔਰਤਾਂ ਨਾਲ ਆਏ ਦਿਨ ਖੇਹ ਖਾਂਦੇ ਅਤੇ ਪ੍ਰਚਾਰ ਇਹ ਕਰਦੇ ਨੇ ਕਿ ਗੁਰੂ ਹਰਰਾਏ ਜੀ ਨੇ ੭ ਵਿਆਹ ਕਰਵਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਹੁਕਮ ਕੀਤਾ ਕਿ ਤੂੰ ਵਿਆਹ ਨਹੀਂ ਕਰਵਾਉਣਾ, ਇਹ ਕਿਧਰ ਦੀ ਸਿੱਖੀ ਹੈ?
 ਪੁੱਛੋ ਜਰਾ ਇਨ੍ਹਾਂ ਪਾਖੰਡੀ ਸਾਧਾਂ ਨੂੰ!
 ਅੱਜ ਸਾਡੀ ਅੱਣਖ ਕਿਉਂ ਮਰ ਗਈ ਹੈ ਕਿ ਅਜਿਹੇ ਡੇਰੇਦਾਰ ਸਾਧ ਸਾਡੀਆਂ ਦੀਆਂ ਭੈਣਾ ਦੀ ਇਜ਼ਤ ਲੁੱਟ ਰਹੇ ਹਨ ਤੇ ਸਾਡਾ ਬਹੁਤਾ ਲਾਣਾ ਡਾਰਾਂ ਬੰਨ੍ਹੀ ਇਨ੍ਹਾਂ ਦੇ ਡੇਰਿਆਂ ਤੇ ਭੱਜਾ ਜਾ ਰਿਹਾ ਹੈ ਕਿਉਂ? ਦੂਜਾ ਇਹ ਇਲਜ਼ਾਮ ਲਉਂਦੇ ਹਨ ਕਿ ਬੰਦਾ ਸਿੰਘ ਗੁਰੂ ਅਖਵਾਉਣ ਲੱਗ ਪਿਆ ਸੀ ਤੇ ਓਨ੍ਹੇ ਫ਼ਤਿਹ ਵੀ ਬਦਲ ਦਿੱਤੀ ਸੀ। ਸਾਧ ਸੰਗਤ ਅਤੇ ਪਾਠਕ ਜਨੋ ਜਰਾ ਠੰਡੇ ਦਿਮਾਗ ਨਾਲ ਸੋਚੋ ਕਿ ਜੇ ਬੰਦਾ ਸਿੰਘ ਅਜਿਹਾ ਕਰਦਾ ਹੁੰਦਾ ਤਾਂ ਜ਼ਾਲਮ ਸਰਕਾਰ ਉਸ ਨੂੰ ਭਿਆਨਕ ਤਸੀਹੇ ਕਿਉਂ ਦਿੰਦੀ? ਜ਼ਾਲਮ ਸਰਕਾਰਾਂ ਤਾਂ ਹਮੇਸ਼ਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਦੀਆਂ ਹਨ। ਜੇ ਬਾਬਾ ਬੰਦਾ ਸਿੰਘ ਬਹਾਦਰ ਪੰਥ ਤੋਂ ਬਾਗੀ ਹੋ ਗਿਆ ਹੁੰਦਾ ਜਾਂ ਗੁਰੂ ਬਣ ਬੈਠਾ ਹੁੰਦਾ ਤਾਂ ਉਸ ਨੇ ਹਕੂਮਤ ਦਾ ਸਾਥ ਦੇਣਾ ਸੀ ਨਾਂ ਕਿ ਖ਼ਾਲਸਾ ਪੰਥ ਦਾ। ਦੇਖੋ ਬਾਬਾ ਬੰਦਾ ਸਿੰਘ ਦੀ ਬਹਾਦਰੀ, ਉਸ ਨੇ ਪੰਥ ਦੋਖੀਆਂ ਨੂੰ ਚੁਣ ਚੁਣ ਸਜਾਵਾਂ ਦਿੱਤੀਆਂ, ਮਾਸੂਮ ਸਾਹਿਬਜ਼ਾਦਿਆਂ ਦੇ ਨਿਰਦਈ ਕਾਤਲਾਂ ਅਤੇ ਸੂਬਾ ਸਰਹੰਦ ਵਰਗੇ ਵਜੀਰ ਖਾਂ ਨੂੰ ਘੋੜਿਆਂ ਮਗਰ ਬੰਨ੍ਹ ਕੇ ਕੰਡਿਆਲੀਆਂ ਝਾੜੀਆਂ ਵਿੱਚ ਧੂਅ ਧੂਅ ਕੇ, ਕੀਤੀ ਦਾ ਫਲ ਭੁਗਤਾਇਆ। ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਖ਼ਾਲਸਾ ਰਾਜ ਕਾਇਮ ਕੀਤਾ ਅਤੇ ਆਪਣੇ ਨਾਂ ਦੀ ਥਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਲਾਇਆ। ਜਿਮੀਦਾਰਾ ਸਿਸਟਮ ਖਤਮ ਕਰਕੇ, ਜ਼ਮੀਨ ਕੰਮ ਕਰਨ ਵਾਲੇ, ਹਲ ਵਾਹਕ ਕਿਰਤੀ ਕਿਰਸਾਨਾਂ ਵਿੱਚ ਵੰਡ ਦਿੱਤੀ। ਮੁਗਲਾਂ ਵੱਲੋਂ ਉਜਾੜੇ ਪ੍ਰਵਾਰਾਂ ਨੂੰ ਵਸਾਇਆ, ਹਿੰਦੂਆਂ ਦੀਆਂ ਬਹੂ ਬੇਟੀਆਂ ਉਨ੍ਹਾਂ ਦੇ ਘਰੀਂ ਵਸਾਈਆਂ। ਅੱਠ ਸਾਲ ਇਨਸਾਫ ਦਾ ਰਾਜ ਕੀਤਾ ਅਤੇ ਲੋਕ ਦਿੱਲੀ ਦੇ ਤਖ਼ਤ ਨੂੰ ਛੱਡ ਬਾਬਾ ਜੀ ਦੀ ਸ਼ਰਣ ਵਿੱਚ ਆਉਣ ਲੱਗੇ। ਬਾਬਾ ਜੀ ਦਾ ਰਾਜ ਨਿਰਪੱਖ ਸੀ ਉਸ ਦੀ ਫੌਜ ਵਿੱਚ ੫੦੦੦ ਮੁਸਲਮਾਨ ਸਿਪਾਹੀ ਵੀ ਭਰਤੀ ਸਨ ਅਤੇ ਉਨ੍ਹਾਂ ਨੇ ਢੱਠੀਆਂ ਮਸਜਿਦਾਂ ਦੀ ਵੀ ਉਸਾਰੀ ਕਰਵਾਈ ਪਰ ਕੁਝ ਫਿਰਕਾਪ੍ਰਸਤ ਮੁਸਲਮਾਨਾਂ ਨੇ ਬਾਬਾ ਜੀ ਨੂੰ ਦਰਿੰਦਾ ਪੇਸ਼ ਕੀਤਾ ਕਿਉਂਕਿ ਉਨ੍ਹਾਂ ਦੇ ਕੀਤੇ ਜ਼ੁਲਮਾਂ ਦੇ ਬਦਲੇ ਬਾਬਾ ਜੀ ਨੇ ਗਿਣ ਗਿਣ ਲਏ ਅਤੇ ਕੁਝ ਫਿਰਕਾਪ੍ਰਸਤ ਹਿੰਦੂ ਲਿਖਾਰੀਆਂ ਨੇ ਵਰ ਸਰਾਪ ਦੀਆਂ ਕਹਾਣੀਆਂ ਜੋੜ ਕੇ ਬਾਬਾ ਜੀ ਦੇ ਸੱਚੇ ਸੁੱਚੇ ਇਤਿਹਾਸ ਨਾਲ ਬੇਇੰਨਸਾਫੀ ਕੀਤੀ ਤੇ ਹੁਣ ਵੀ ਕਰ ਰਹੇ ਹਨ।
   ਅਖੀਰ ਜਦ ਬਾਬਾ ਜੀ ਆਪਣੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਘਿਰ ਜਾਂਦੇ ਅਤੇ ਆਪਣੇ ਹੀ ਕੁਝ ਸਾਥੀ ਬਾਬਾ ਬਿਨੋਧ ਸਿੰਘ ਵਰਗੇ ਔਖੇ ਵੇਲੇ ਸਾਥ ਛੱਡ ਜਾਂਦੇ ਹਨ ਤਾਂ ਬਾਬਾ ਜੀ ਫਿਰ ਵੀ ਮੁੱਠੀ ਭਰ ਸਾਥੀਆਂ ਸਮੇਤ ਜ਼ਾਲਮਾਂ ਦਾ ਮੁਕਾਬਲਾ ਕਰਦੇ ਹਨ। ਸਰਕਾਰੀ ਜਲ਼ਾਮਾਂ ਨੇ ਲੰਬਾ ਸਮਾਂ ਗੜ੍ਹੀ ਨੂੰ ਘੇਰਾ ਪਾਈ ਰੱਖਿਆ ਅਤੇ ਸਭ ਪ੍ਰਕਾਰ ਦੀ ਰਸਤ ਪਾਣੀ ਦੇ ਰਸਤੇ ਬੰਦ ਕਰ ਦਿੱਤੇ। ਜਦੋਂ ਗੜ੍ਹੀ ਅੰਦਰ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਸਿੰਘਾਂ ਨੇ ਰੁਖਾਂ ਦੇ ਪੱਤੇ ਅਤੇ ਮਿੱਟੀ ਵੀ ਪੁੱਟ-ਪੁੱਟ ਖਾਦੀ, ਇਤਿਹਾਸਕਾਰ ਲਿਖਦਾ ਹੈ ਕਿ
 “ਸੇਰ ਪਾਉ ਕੀ ਕਹਾਂ ਕਹਣੀ ਮਿੱਟੀ ਕਉ ਸਿੰਘ ਗਿਲਹੀ”
 ਘੋੜੇ ਵੀ ਵੱਢ-ਵੱਢ ਖਾਦੇ, ਬਜੁਰਗਾਂ ਨੇ ਆਪਣੇ ਪੱਟਾਂ ਦਾ ਮਾਸ ਕੱਢ-ਕੱਢ ਨੌਜਵਾਨਾਂ ਨੂੰ ਖਵਾਇਆ ਤਾਂ ਕਿ ਇਹ ਜਵਾਨ ਹੋਰ ਮੁਕਾਬਲਾ ਕਰ ਸਕਣ। ਆਖਰ ਜਦ ਸਭ ਕੁਝ ਰਸਤਾਂ-ਬਸਤਾਂ, ਘੋੜੇ ਅਤੇ ਸ਼ਸ਼ਤਰ-ਬਸਤਰ ਖਤਮ ਹੋ ਗਏ ਅਤੇ ਬਹੁਤ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਤਾਂ ਬਾਕੀ ਬਚੇ ਸਿੰਘ ਸਿੰਘਣੀਆਂ ਸਮੇਤ ਬਾਬਾ ਜੀ ਨੂੰ ਵੀ ਗ੍ਰਿਫਤਾਰ ਕਰਕੇ, ਦਿੱਲ੍ਹੀ ਲੈ ਆਂਦਾ ਗਿਆ ਅਤੇ ਈਨ ਮੰਨ ਕੇ ਇਸਲਾਮ ਕਬੂਲਣ ਲਈ ਕਿਹਾ ਗਿਆ ਪਰ ਬਾਬਾ ਜੀ ਨੇ ਰੋਹ ਵਿੱਚ ਆ, ਇਹ ਮੰਗ ਠੁਕਰਾ ਦਿੱਤੀ। ਬਾਕੀ ਸਾਥੀਆਂ ਨੂੰ ਵੀ ਲਾਲਚ ਦਿੱਤੇ ਗਏ ਪਰ ਇੱਕ ਨੇ ਵੀ ਜ਼ਾਲਮ ਹਕੂਮਤ ਦੀ ਈਨ ਮੰਨ ਕੇ, ਇਸਲਾਮ ਕਬੂਲ ਨਾਂ ਕੀਤਾ ਸਗੋਂ ਖਿੜੇ ਮੱਥੇ ਸ਼ਹੀਦੀਆਂ ਪਾ ਗਏ।
   ਜਦ ਬਾਬਾ ਜੀ ਈਨ ਮੰਨ ਇਸਲਾਮ ਕਬੂਲ ਨਾਂ ਕੀਤਾ, ਤਾਂ ਬਾਬਾ ਜੀ ਦੇ ਚਾਰ ਸਾਲ ਦੇ ਮਾਸੂਮ ਬੱਚੇ, ਅਜੈ ਸਿੰਘ ਦਾ ਦਿਲ ਕੱਢ ਕੇ, ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆਂ ਗਿਆ, ਹੱਥ ਪੈਰ ਕੱਟ ਦਿੱਤੇ ਗਏ, ਅੱਖਾਂ ਕੱਢ ਦਿੱਤੀਆਂ ਗਈਆਂ ਅਤੇ ਗਰਮ ਜੰਮੂਰਾਂ ਨਾਲ ਮਾਸ ਨੋਚ ਨੋਚ ਕੇ, ਸਰੀਰ ਤੋਂ ਵੱਖ ਕਰ ਦਿੱਤਾ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖੀ ਸਿੱਦਕ ਕੇਸਾਂ ਸਵਾਸਾਂ ਅਤੇ ਅੱਣਖ ਨਾਲ ਨਿਬ੍ਹਾਉਂਦਾ, ਜ਼ਾਲਮਾਂ ਦੇ ਦਿਲ ਧੜਕਾਉਂਦਾ ਹੋਇਆਂ ਸ਼ਹੀਦ ਹੋ, ਸਦਾ ਲਈ ਅਮਰ ਹੋ ਗਿਆ। ਪਰ ਸਾਡੇ ਅਖੌਤੀ ਪ੍ਰਚਾਰਕ ਅਤੇ ਸੰਪ੍ਰਦਾਈ ਡੇਰੇਦਾਰ, ਉਸ ਲਾਸਾਨੀ ਸੂਰਮੇ ਬਾਰੇ ਘਟੀਆ ਇਲਜ਼ਾਮ ਲਾਉਣ ਤੋਂ ਜਰਾ ਜਿਨੇ ਵੀ ਨਹੀਂ ਸ਼ਰਮਾਏ ਅਖੇ ਉਨ੍ਹੇ ਵਿਆਹ ਕਰਵਾ ਲਿਆ ਸੀ, ਉਹ ਗੁਰੂ ਕਹਾਉਣ ਲੱਗ ਪਿਆ ਸੀ। ਤੁਸੀਂ ਤਾਂ ਭਾਈ ਮਰਦਾਨਾ ਜੀ ਨੂੰ ਸਦਾ ਭੁੱਖਾ ਸਿੱਧ ਕੀਤਾ, ਭਾਈ ਗੁਰਦਾਸ ਜੀ ਨੂੰ ਭਗੌੜਾ, ਪੰਥ ਦੇ ਵਿਦਵਾਨ ਜਰਨੈਲ ਭਾਈ ਮਨੀ ਸਿੰਘ ਜੀ ਨੂੰ ਪੋਥੀਆਂ ਗੁਟਕੇ ਲਿਖਣ ਕਰਕੇ, ਗੁਰੂ ਦੇ ਅੰਗ ਕੱਟਣ ਦਾ ਦੋਸ਼ ਲਾਕੇ ਭਾਈ ਸਾਹਿਬ ਜੀ ਦੀ ਲਾਸਾਨੀ ਸ਼ਹੀਦੀ ਨੂੰ ਇਹ ਕਹਿ ਕੇ ਰੋਲ ਦਿੱਤਾ ਕਿ ਇਹ ਤਾਂ ਗੁਰੂ ਦਾ ਸਰਾਫ ਸੀ। ਕੀ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਪ੍ਰਚਾਰ ਕਰਨਾ ਜ਼ੁਰਮ ਹੈ? ਜਦ ਕਿ ਭਾਈ ਗੁਰਦਾਸ ਜੀ ਲਿਖਦੇ ਹਨ ਕਿ-
ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰਬਾਬ ਵਜਾਵੈ॥
   ਅਸੀਂ ਬਿਨਾ ਸੋਚੇ ਸਮਝੇ ਇਨ੍ਹਾਂ ਸੰਪ੍ਰਦਾਈ ਡੇਰੇਦਾਰਾਂ ਨੂੰ ਪੰਥ ਸਮਝੀ, ਇਨ੍ਹਾਂ ਦੀ ਗੁਰੂ ਨਾਲੋਂ ਵੀ ਵੱਧ ਪੂਜਾ ਕਰੀ ਜਾ ਰਹੇ ਹਾਂ। ਅੱਜ ਸਿੱਖ ਗੁਰੂ ਦੀ ਗੱਲ (ਨਿਰੋਲ ਗੁਰਬਾਣੀ) ਤੇ ਭਾਵੇਂ ਅਮਲ ਨਾਂ ਕਰੇ ਪਰ ਇਨ੍ਹਾਂ ਅਕ੍ਰਿਤਘਣ ਸਾਧਾਂ ਦੀ ਚਟਕੀਲੀ ਕਥਾ ਗੁਰਦੁਆਰਿਆਂ ਵਿੱਚ ਬੜੀ ਮਸਤੀ ਨਾਲ ਸੁਣਦਾ ਹੈ ਐਸਾ ਕਿਉਂ? ਜਰਾ ਸੋਚੋ! ਜਿਹੜੇ ਸਾਧ ਡੇਰੇਦਾਰ ਸੰਪ੍ਰਦਾਈ ਸਾਡੇ ਗੁਰੂਆਂ ਭਗਤਾਂ ਅਤੇ ਕੌਮੀ ਜਥੇਦਾਰ ਜਰਨੈਲਾਂ ਤੇ ਸ਼ਰੇਆਮ ਦੋਸ਼ ਲਾ ਰਹੇ ਹਨ, ਉਹ ਸਾਡਾ ਕੀ ਸਵਾਰਨਗੇ? ਸਾਨੂੰ ਉਨ੍ਹਾਂ ਸਭ ਗੁਰਦੂਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਦੇ ਤਹਿ ਦਿਲੋਂ ਧੰਨਵਾਦੀ ਤੇ ਰਿਣੀ ਹੋਣਾਂ ਚਾਹੀਦਾ ਹੈ ਜਿਨ੍ਹਾਂ ਨੇ ਅਜਿਹੇ ਭੇਖੀ ਸਾਧ ਪ੍ਰਚਾਰਕਾਂ ਨੂੰ ਸਟੇਜਾਂ ਤੇ ਬੁਲਾਉਣਾ ਬੰਦ ਕਰ ਦਿੱਤਾ ਹੈ।
   ਭਾਈ ਜੇ ਖ਼ਾਲਸਾ ਪੰਥ ਦਾ ਬੋਲ ਬਾਲਾ ਕਰਨਾ ਹੈ ਤਾਂ ਇਨਾਂ ਸਿੱਖੀ ਭੇਸ ਵਿੱਚ ਵਿਚਰ ਕੇ, ਕੌਮ ਦੀ ਹੋਂਦ ਤੇ ਕੌਮੀ ਸਰਮਾਇਆ ਲੁੱਟ ਰਹੇ ਭੇਖੀ ਸਾਧਾਂ,ਅਖੌਤੀ ਲੀਡਰਾਂ, ਡੇਰੇਦਾਰ ਪ੍ਰਚਾਰਕਾਂ ਅਤੇ ਅਖੌਤੀ ਜਥੇਦਾਰਾਂ ਦਾ ਪੂਰਨ ਬਾਈਕਾਟ ਕਰਨਾ ਹੋਵੇਗਾ।
 ਸਿੱਖ ਇਤਿਹਾਸ ਉਹ ਹੀ ਠੀਕ ਹੈ ਜੋ ਗੁਰਬਾਣੀ ਦੀ ਕਸਵੱਟੀ ਅਤੇ ਗੁਰਮਤਿ ਸਿਧਾਂਤਾਂ ਤੇ ਪੂਰ ਉੱਤਰਦਾ ਹੈ। ਨਾਨਕ ਫਲਸਫੇ ਦੇ ਦੁਸ਼ਮਣਾਂ ਅਤੇ ਬ੍ਰਾਹਮਣਵਾਦੀ ਡੇਰੇਦਾਰ ਸਿੱਖਾਂ ਵੱਲੋਂ ਮਨਘੜਤ ਸੁਣੀਆਂ-ਸੁਣਾਈਆਂ ਕਥਾ-ਕਹਾਣੀਆਂ ਦੇ ਅਧਾਰ, ਕੁਝ ਅੰਧ ਵਿਸ਼ਵਾਸ਼ ਅਤੇ ਕੁਝ ਬੇਈਮਾਨੀ ਸੋਚ ਨਾਲ ਲਿਖਿਆ ਮਿਲਗੋਭਾ ਇਤਿਹਾਸ, ਸਾਰਾ ਠੀਕ ਨਹੀਂ ਹੈ, ਉਸ ਨੂੰ ਸੁਚੇਤ ਹੋ ਕੇ ਪੜ੍ਹਨ ਦੀ ਲੋੜ ਹੈ! ਸਾਡੇ ਕੌਮੀ ਜਰਨੈਲ ਕੌਮ ਦੇ ਹੀਰੇ ਹਨ, ਜਿਨ੍ਹਾਂ ਨੂੰ ਇਹ ਸੰਪ੍ਰਦਾਈ ਸਾਧ ਰੋੜੇ ਬਣਾ ਕੇ ਪੇਸ਼ ਕਰ ਰਹੇ ਹਨ। ਵਾਸਤਾ ਰੱਬ ਦਾ ਗ੍ਰਿਹਸਤ ਤੋਂ ਭਗੌੜੇ ਭੇਖਧਾਰੀ ਅਤੇ ਬ੍ਰਾਹਮਣਵਾਦੀ ਸਾਧਾਂ ਵੱਲੋਂ ਫੈਲਾਏ ਅੰਧ ਵਿਸ਼ਵਾਸ਼ਾਂ ਤੋਂ ਬਚਣ ਲਈ, ਆਪ ਗੁਰਬਾਣੀ, ਇਤਿਹਾਸ ਪੜ੍ਹੋ ਵਿਚਾਰੋ, ਧਾਰੋ ਅਤੇ ਉਸ ਅਨੁਸਾਰ ਸਾਧ ਮੁਰਾਦਾ ਚੜ੍ਹਦੀ ਕਲਾ ਅਤੇ ਬਿਬੇਕ ਬੁੱਧੀ (ਸੂਝ-ਬੂਝ) ਵਾਲਾ ਅਮਲੀ ਜੀਵਨ ਜੀਓ ਤਾਂ ਹੀ ਤੁਸੀਂ ਚੰਗੇ-ਮਾੜੇ ਦੀ ਪਰਖ ਕਰਕੇ, ਭੇਖੀਆਂ ਤੋਂ ਆਪਣਾਂ ਅਤੇ ਆਪਣੇ ਦੋਸਤਾਂ ਮਿਤਰਾਂ ਸੰਗੀਆਂ ਦਾ ਬਚਾਅ ਕਰ ਸਕਦੇ ਹੋ। ਉਪ੍ਰੋਕਤ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਰਾਜ ਦੇ ਪਹਿਲੇ ਸਿੱਖ ਰਾਜੇ, ਬਾਬਾ ਬੰਦਾ ਸਿੰਘ ਬਹਾਦਰ ਤੇ ਦੋਖੀਆਂ ਵੱਲੋਂ ਲਾਏ ਇਲਜਾਮ ਸਰਾਸਰ ਝੂਠੇ ਹਨ ਸਾਨੂੰ ਇਧਰ ਧਿਆਨ ਦੇਣ ਦੀ ਅਤਿਅੰਤ ਲੋੜ ਹੈ।
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.