*ਗੁਰੂ ਗ੍ਰੰਥ ਸਾਹਿਬ ਦੀ ਸਰਬੋਤਮਤਾ ਬਾਰੇ ਵਰਜੀਨੀਆ ਅਮਰੀਕਾ ਵਿਖੇ ਸੈਮੀਨਾਰ*
*ਸੈਮੀਨਾਰ ਸਫਲਤਾ ਸਹਿਤ ਸੰਪੂਰਨ*
26 ਜੂਨ, 2016 ਐਤਵਾਰ ਵਾਲੇ ਦਿਨ ਗੁਰੁਦਵਾਰਾ ਸਾਹਿਬ, ਸਿੱਖ ਸੰਗਤ ਆਫ ਵਰਜੀਨੀਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਦੇ ਸੰਬੰਧ ਵਿੱਚ ਉਲੀਕੇ ਗਏ ਸੈਮੀਨਾਰ ਦੀ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸੰਗਤਾਂ, ਸੇਵਾਦਾਰਾਂ, ਗਿਆਨੀ ਕੁਲਦੀਪ ਸਿੰਘ ਅਤੇ ਵਿਦਵਾਨ ਬੁਲਾਰਿਆਂ ਦੇ ਸਾਂਝੇ ਸਹਿਯੋਗ ਨਾਲ ਸਫਲਤਾ ਸਹਿਤ ਹੋਈ ।
ਸਵੇਰ ਦੇ ਦੀਵਾਨ ਦੀ ਅਰੰਭਤਾ ਗਿਆਨੀ ਕੁਲਦੀਪ ਸਿੰਘ ਤੇ ਸਾਥੀਆਂ ਨੇ “ਆਸਾ ਕੀ ਵਾਰ” ਦੇ ਕੀਰਤਨ ਰਾਹੀਂ ਕੀਤੀ। ਅਮਰੀਕਾ ਅਤੇ ਕੈਨੇਡਾ ਦੀਆਂ ਵੱਖ ਵੱਖ ਥਾਵਾਂ ਤੋਂ ਪਹੁੰਚੇ ਵਿਦਵਾਨ ਬੁਲਾਰਿਆਂ ਨੇ ਭਾਗ ਲਿਆ। 6 ਘੰਟੇ ਤੱਕ ਚਲਦੇ ਰਹੇ ਭਰੇ ਦਿਵਾਨ ਹਾਲ ਵਿੱਚ ਸੰਗਤਾਂ ਨੇ ਇਕਾਗਰਤਾ ਸਹਿਤ ਵਿਦਵਾਨ ਬੁਲਾਰਿਆਂ ਨੂੰ ਇੱਕ ਰਸ ਸੁਣਿਆ।
ਪਹਿਲੇ ਬੁਲਾਰੇ ਸਰਦਾਰ ਜਗਦੀਪ ਸਿੰਘ, ਸਿੰਘ ਸਭਾ ਕੈਨੇਡਾ ਵਾਲਿਆਂ ਨੇ ਸਖੀ ਸਰਵਰੀਆਂ ਦੇ ਮੁੱਖੀ ਭਾਈ ਮੰਝ ਜੀ ਦੀ ਉਧਾਰਨ ਰਾਹੀਂ, ਗੁਰਸਿੱਖੀ ਵੱਲ ਪਰਤਨ ਦੀ ਮਿਸਾਲ ਦੇ ਕੇ, ਵਰਜੀਨੀਆ ਵਿਖੇ ਕੀਤੇ ਗਏ ਅੰਮ੍ਰਿਤ ਪਰਚਾਰ ਕਰਨ ਸਮੇਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀਆਂ ਦੇ ਪੜ੍ਹੇ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਵਰਜੀਨੀਆਂ ਦੀਆਂ ਸੰਗਤਾਂ ਨੂੰ ਵਧਾਈ ਦੇ
ਪਾਤਰ ਬਣਾਇਆ। ਸਿੰਘ ਸਭਾ ਕੈਨੇਡਾ ਦੀਆਂ ਸਾਰੀਆਂ ਸਾਖਾਵਾਂ ਅਤੇ ਹੋਰ ਸੰਸਥਾਵਾਂ ਵੱਲੋਂ ਅੱਗੇ ਲਈ ਵੱਧ ਤੋਂ ਵੱਧ ਸਹਿਯੋਗ ਦਾ ਭਰੋਸਾ ਦਿੱਤਾ।
ਦੂਜੇ ਬੁਲਾਰੇ ਸਰਦਾਰ ਚਮਕੌਰ ਸਿੰਘ, ਫਰੈਜ਼ਿਨੋ ਵਾਲਿਆਂ ਨੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਜੀਵਨੀ 'ਤੇ ਤਰਤੀਬ ਵਾਰ ਸੰਖੇਪ ਵਿੱਚ ਇਤਿਹਾਸ ਦੱਸਦਿਆਂ ਕਿਹਾ ਕਿ ਗੁਰੂ ਜੀ ਨੇ 14 ਜੰਗਾਂ ਵੀ ਲੜੀਆਂ, ਕੇਵਲ 42 ਸਾਲਾਂ ਦੇ ਜੀਵਨ ਕਾਲ ਵਿੱਚ, ਇਤਨੇ ਰੁਝੇਵਿਆਂ ਵਿੱਚ, ਉਨ੍ਹਾਂ ਕੋਲ ਅਖੌਤੀ ਦਸਮ ਗ੍ਰੰਥ ਵਿੱਚਲੀਆਂ, 600 ਪੰਨਿਆਂ ਦੀਆਂ ਘਰ ਪਰਵਾਰ ਵਿੱਚ
ਬੈਠ ਕੇ ਨਾਂ ਪੜ੍ਹੀਆਂ ਜਾ ਸਕਣ ਵਾਲੀਆਂ ਰਚਨਾਵਾਂ, ਲਿਖਣ ਦਾ ਸਮਾਂ ਕਿੱਥੇ ਸੀ? ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਦੇ ਪ੍ਰਤੀਕੂਲ ਕਦੇ ਕੁਝ ਲਿਖ ਸਕਦੇ ਸਨ। ਇਨ੍ਹਾਂ ਨੇ ਪੂਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹੋਏ ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀ ਜਾਗਰੂਕ ਸੰਗਤ ਨੂੰ ਵਧਾਈ ਦੇ ਨਾਲ ਪੂਰਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਇਸ ਮਗਰੋਂ ਅੱਧੇ ਘੰਟੇ ਦੀ ਨਾਸ਼ਤੇ ਲਈ ਬ੍ਰੇਕ ਕੀਤਾ ਗਿਆ।
ਸੈਮੀਨਾਰ ਦਾ ਦੂਜਾ ਹਿੱਸਾ 11:30 ਸ਼ੁਰੂ ਹੋਇਆ। ਜਿਸ ਵਿੱਚ ਗਿਆਨੀ ਕੁਲਦੀਪ ਸਿੰਘ ਜੀ ਨੇ ਕੀਰਤਨ ਵਿਖਿਆਨ ਕਰਕੇ, ਦਰਸਾਇਆ ਕਿ ਇੱਥੇ ਦੀ ਸਾਰੀ ਸੰਗਤ ਆਪ ਗੁਰਬਾਣੀ ਪੜ੍ਹਦੀ, ਵਿਚਾਰਦੀ ਅਤੇ ਸੇਵਾ ਕਰਦੀ ਹੈ। ਇਸੇ ਕਰਕੇ ਇੰਨਾ ਵੱਡਾ ਕਾਰਜ ਗੁਰੂ ਦੀ ਰਹਿਮਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਿਆ ਹੈ। ਉਨ੍ਹਾਂ ਨੇ ਵੀ ਅਖੌਤੀ ਰਹਿਤਨਾਮਿਆਂ, ਸਿੱਖ ਰਹਿਤ ਮਰਯਾਦਾ, ਅਖੌਤੀ ਦਸਮ ਗ੍ਰੰਥ ਅਤੇ ਇੱਕ ਸਰਕਾਰੀ ਧੜੇ ਦੇ ਅਖੌਤੀ ਜਥੇਦਾਰ ਜੋ ਗੁਰੂ ਤੋਂ ਵੀ ਵੱਡੇ ਹੋ, ਸਿੱਖੀ ਚੋਂ ਕੱਢਣ ਦੇ ਹੁਕਮਨਾਮੇ ਜਾਰੀ ਕਰਕੇ ਉਨ੍ਹਾਂ ਨੂੰ ਇਲਾਹੀ ਫੁਰਮਾਨ ਕਹਿ ਕੇ, ਜਬਰੀ ਮਨਵਾਉਣ ਦੀਆਂ ਧਮਕੀਆਂ ਦਿੰਦੇ ਹਨ, ਦਾ ਜੋਰਦਾਰ ਸ਼ਬਦਾਂ ਵਿੱਚ ਵਿਰੋਧ ਕੀਤਾ।
ਤੀਜੇ ਨੰਬਰ 'ਤੇ ਸ. ਅਵਤਾਰ ਸਿੰਘ ਮਿਸ਼ਨਰੀ, ਕੈਲੀਫੋਰਨੀਆ-ਨੇ ਗੁਰਮਤਿ ਵਿਚਾਰਾਂ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ 'ਤੇ ਵਿਖਿਆਨ ਕਰਦੇ, ਦਰਸਾਇਆ ਕਿ ਦੁਨੀਆ ਦਾ ਇੱਕੋ ਇੱਕ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ, ਜਿਸ ਵਿੱਚ ਰੱਬ ਨਾਲ ਜੁੜੇ, ਵੱਖ ਵੱਖ ਧਰਮਾਂ ਜਾਤਾਂ ਦੇ ਭਗਤਾਂ ਦੀਆਂ ਰਚਨਾਵਾਂ ਨੂੰ, ਬਾਣੀ ਦੇ ਰੂਪ ਵਿੱਚ ਬਰਾਬਰਤਾ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਗ੍ਰੰਥ ਨੂੰ ਗੁਰਤਾ ਗੱਦੀ ਦੇ ਕੇ
*“ਸਭ ਸਿਖੱਨ ਕੳ ਹੁਕਮ ਹੈ ਗੁਰੂ ਮਾਨਿੳ ਗ੍ਰੰਥ”* ਫਰਮਾਇਆ ਸੀ। ਉਨ੍ਹਾਂ ਨੇ ਸੰਗਤ ਦਾ ਇੱਧਰ ਵੀ ਧਿਆਨ ਦਿਵਾਇਆ ਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਅਤੇ 12 ਸਿੱਖ ਮਿਸਲਾਂ ਤੱਕ ਸਿੱਖਾਂ ਦੀ ਜੀਵਨਜਾਚ ਮਰਯਾਦਾ ਗੁਰੂ ਗ੍ਰੰਥ ਸਹਿਬ ਦੀ ਬਾਣੀ ਹੀ ਸੀ ਤੇ ਹੁਣ ਕਿਉਂ ਨਹੀਂ ਹੋ ਸਕਦੀ? ਗੁਰੂ ਗ੍ਰੰਥ ਸਾਹਿਬ ਦੇ ਨਿਤਨੇਮ ਅਤੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਅਖੌਤੀ ਦਸਮ ਗ੍ਰੰਥ ਦੇ ਕਵੀਆਂ ਦੀਆਂ ਰਚਨਾਵਾਂ ਐਡ ਕਰਕੇ, ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਸਾਬਤ ਕਰਨਾ ਕਿੱਧਰ ਦੀ ਸਿੱਖੀ ਹੈ? ਜਦ ਕਿ ਹਰ ਵੇਲੇ ਅਰਦਾਸ ਇਹ ਕਰਦੇ ਹਾਂ ਕਿ *“ਗੁਰੂ ਮਾਨਿਓਂ ਗ੍ਰੰਥ”* ਫਿਰ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਦਾ ਹੁਕਮ ਕਿਸ ਗੁਰੂ ਨੇ ਦਿੱਤਾ?
ਇੱਥੇ ਇਹ ਦਸਣਾ ਵੀ ਜਰੂਰੀ ਹੈ ਕਿ ਉਸ ਸਮੇਂ ਹੋਰ ਕੋਈ ਪੁਸਤਕ ਜਾਂ ਗ੍ਰੰਥ, *“ਗੁਰੂ ਗ੍ਰੰਥ ਸਾਹਿਬ”* ਦੇ ਬਰਾਬਰ ਪ੍ਰਕਾਸ਼ ਨਹੀਂ ਸੀ ਕੀਤਾ ਗਿਆ, ਜੋ ਹੁਣ ਕਈ ਤਖਤਾਂ, ਡੇਰਿਆਂ ਅਤੇ ਸੰਪ੍ਰਦਾਵਾਂ-ਟਕਸਾਲਾਂ ਵਿੱਚ ਕੀਤਾ ਜਾਂਦਾ ਹੈ। ਭਾਈ ਸਾਹਿਬ ਨੇ ਵੀ ਦੋਵੇਂ ਹੱਥ ਖੜੇ ਕਰਕੇ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀਆਂ ਜਾਗਰੂਕ ਸੰਗਤਾਂ ਨਾਲ ਖੜਨ ਦਾ ਪਰਨ ਕਰਦੇ ਹੋਏ ਦਰਸਾਇਆ ਕਿ ਗਿਆਨੀ ਜੀ ਤੁਸੀਂ ਇਕੱਲੇ ਨਹੀਂ ਹੁਣ ਇਲੈਕਟ੍ਰੌਣਿਕ ਮੀਡੀਏ ਰਾਹੀਂ ਲੱਖਾਂ ਸੰਗਤਾਂ ਤੁਹਾਡੇ ਨਾਲ ਹਨ।
ਸੈਮੀਨਾਰ ਵਿੱਚ ਅਗਲੇ ਬੁਲਾਰੇ ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ. ਵਾਲੇ ਸਨ, ਜਿਨ੍ਹਾਂ ਸਭ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ, ਪਾਹੁਲ ਦੇਣ ਦੀ ਵਧਾਈ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀਆਂ ਸੰਗਤਾਂ ਨੂੰ, ਕਵਿਤਾ ਵਿੱਚ ਦੇ ਕੇ, ਸਿੱਖ ਰਹਿਤ ਮਰਿਯਾਦਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਕਿ ਕਿਵੇਂ ਅੰਗ੍ਰੇਜ਼ ਸਰਕਾਰ ਅਤੇ ਸੰਪ੍ਰਦਾਈਆਂ ਨੇ
ਘੁਸਪੈਠ ਕਰਕੇ, ਸਿੱਖ ਰਹਿਤ ਮਰਿਆਦਾ ਵਿੱਚ ਬਿਪਰਵਾਦ ਨੂੰ ਲਿਆ ਬਿਠਾਇਆ, ਜਿਸ ਦਾ ਸੰਤਾਪ ਅੱਜ ਆਮ ਸਿੱਖ ਭੋਗਣ ਨੂੰ ਮਜਬੂਰ ਹੈ। ਉਨ੍ਹਾਂ ਨੇ ਵੀ ਮਰਯਾਦਾ ਬਾਰੇ ਇਤਹਾਸਕ ਸਬੂਤਾਂ ਦੇ ਹਵਾਲੇ ਦਿੰਦੇ ਦਰਸਾਇਆ ਕਿ ਅਜੋਕੀ ਸ਼੍ਰੋਮਣੀ ਕਮੇਟੀ ਦੀ ਛਾਪੀ ਮਰਯਾਦਾ ਦਾ ਕਿਤਾਬਚਾ ਕਦੇ ਵੀ ਪੰਥ ਪ੍ਰਵਾਣਿਤ ਨਹੀਂ ਹੋਇਆ ਅਤੇ ਨਾਂ ਹੀ ਸਾਰੀਆਂ ਜਥੇਬੰਦੀਆਂ ਅਤੇ ਸੁੱਖ ਤਖਤਾਂ ਤੇ ਇਹ ਲਾਗੂ
ਹੈ। ਅਕਾਲ ਤਖਤ ਦੀ ਇਮਾਰਤ ਨੂੰ ਸੁਪਰੀਮ ਕੋਰਟ ਕਹਿਣ ਵਾਲੇ ਅਖੌਤੀ ਡੇਰਾਵਾਦੀ ਜਥੇਦਾਰ ਇਸ ਮਰਯਾਦਾ ਨੂੰ ਨਹੀਂ ਮੰਨਦੇ। ਜਰਾ ਸੋਚੋ ਜੇ ਸੁਪਰੀਮ ਕੋਰਟ ਦਾ ਜੱਜ ਹੀ ਲਾਅ ਨਾਂ ਮੰਨੇ ਤਾਂ ਉਸ ਨੂੰ ਜੱਜ ਨਹੀਂ ਕਿਹਾ ਜਾ ਸਕਦਾ। ਸਿੱਖਾਂ ਦੀ ਸੁਪਰੀਮ ਕੋਰਟ ਗੁਰੂ ਗ੍ਰੰਥ ਦੀ ਬਾਣੀ ਹੈ, ਜੋ ਸਿੱਖ ਆਗੂ ਜਥੇਦਾਰ ਖੁਦ ਹੀ “ਗੁਰੂ ਗ੍ਰੰਥ ਸਾਹਿਬ” ਨੂੰ ਛੱਡ ਕੇ ਹੋਰ ਗ੍ਰੰਥਾਂ ਤੇ ਸੰਤਾਂ ਦੀ ਰਚਨਾਂ ਨੂੰ ਸਿੱਖ ਲਾਅ ਮੰਨਦਾ ਹੈ ਉਹ ਸਿੱਖ ਜਥੇਦਾਰ ਨਹੀਂ ਹੋ ਸਕਦਾ।
ਸੈਮੀਨਾਰ ਦੇ ਅਖੀਰਲੇ ਬੁਲਾਰੇ ਸਰਦਾਰ ਗੁਰਚਰਨ ਸਿੰਘ ਜੀਊਣਵਾਲਾ ਨੇ ਸਭ ਤੋਂ ਪਹਿਲਾਂ ਅਖੌਤੀ ਦਸਮ ਗ੍ਰੰਥ ਸੰਗਤਾਂ ਅਤੇ ਵਿਦਵਾਨਾਂ ਨੂੰ ਵਿਖਾਇਆ, ਜਿਸ ਨੂੰ ਸੰਗਤਾਂ ਬਹੁਤੀਆਂ ਸੰਗਤਾਂ ਨੇ ਖਬਰੇ ਪਹਿਲੀ ਵਾਰ ਹੀ ਦੇਖਿਆ ਸੀ? ਉਨ੍ਹਾਂ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੋਈ 50 ਸਾਲ ਬਾਅਦ ਇੱਧਰ ਉਧਰ ਦੇ ਕਵੀਆਂ ਦੀਆਂ
ਰਚਨਾਵਾਂ ਇਕੱਠੀਆਂ ਕਰਕੇ, ਅੰਗ੍ਰੇਜ ਸਰਕਾਰ ਅਤੇ ਉਸ ਦੇ ਸਰਕਾਰੀ ਬ੍ਰਾਹਮਣ ਅਤੇ ਗੁਰਮਤਿ ਦੇ ਵਿਰੋਧੀਆਂ ਨੇ ਲਿਖਿਆ ਹੈ। ਇਸ ਦਾ ਸਬੂਤ ਇਸ ਵਿੱਚ ਬਹੁਤ ਸਾਰੇ ਅੰਗ੍ਰੇਜੀ ਦੇ ਸ਼ਬਦ ਤੇ ਲਿਖਣ ਸ਼ੈਲੀ ਵੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਮਿਲਦੀ। ਉਨ੍ਹਾਂ ਇਸ ਵਿਚਲੀਆਂ ਰਚਨਾਵਾਂ ਦਾ ਸਿਲਸਿਲੇ ਵਾਰ ਉਲੇਖ ਤੇ ਚੀਰਫਾੜ ਕਰਕੇ, ਸੰਗਤਾਂ ਨੂੰ ਇਸ ਦੀ ਅਸ਼ਲੀਲ ਅਤੇ ਗੁਰਮਤਿ ਵਿਰੋਧੀ
ਮਜ਼ਮੂਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਬੜੇ ਵਿਸਥਾਰ ਨਾਲ ਇਹ ਵੀ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ, ਇਸ ਵਿੱਚ ਕੋਈ ਵੀ ਰਚਨਾ ਨਹੀਂ। ਇਸ ਲਈ ਸਾਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਹੀ ਪੂਰਨ ਭਰੋਸਾ ਰੱਖ ਕੇ, ਆਪਣੇ ਜੀਵਨ ਦਾ ਆਦਰਸ਼ ਮੰਨਣਾ ਚਾਹੀਦਾ ਹੈ। ਉਨ੍ਹਾਂ ਕੁਝ ਜੋਕ ਸੁਣਾ ਕੇ ਵੀ ਸੰਗਤਾਂ ਨੂੰ ਹਸਾ ਕੇ
ਤਰੋ ਤਾਜਾ ਕੀਤਾ। ਉਨ੍ਹਾਂ ਇਹ ਵੀ ਦਰਸਾਇਆ ਕਿ ਕਿਵੇਂ ਸਿੰਘ ਸਭਾ ਕਨੇਡਾ ਗੁਰਮਤਿ ਕੈਂਪਾਂ, ਸੈਮੀਨਾਰਾਂ ਅਤੇ ਲਿਟ੍ਰੇਚਰ ਸੀਡੀਆਂ ਅਤੇ ਰੇਡੀਓ ਟਾਕਸ਼ੋਆਂ ਰਾਹੀਂ ਸਿੱਖ ਸੰਗਤਾਂ ਨੂੰ ਜਾਗਰੂਕ ਕਰ ਰਹੀ ਹੈ। ਉਨ੍ਹਾਂ ਗਿਆਨੀ ਕੁਲਦੀਪ ਸਿੰਘ ਤੇ ਵਰਜੀਨੀਆਂ ਦੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ, ਅਜਿਹੇ ਜਾਗਰੂਕ ਸੈਮੀਨਾਰ ਇੰਟ੍ਰਨੈਸ਼ਨਲ ਪੱਧਰ ਤੇ ਕਰਾਉਣ ਦਾ ਜੋਰਦਾਰ ਸੁਝਾਵ ਦਿੱਤਾ।
ਸਮਾਪਤੀ ਤੋਂ ਪਹਿਲਾਂ ਬਾਹਰੋਂ ਆਏ ਬੁਲਾਰਿਆਂ ਅਤੇ ਸਾਰੀਆਂ ਸੰਗਤਾਂ ਦਾ ਗਿਆਨੀ ਕੁਲਦੀਪ ਸਿੰਘ ਜੀ ਨੇ ਜੋਰਦਾਰ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਦਾ ਸਬੂਤ ਦੇ ਕੇ, ਇਸ ਸੈਮੀਨਾਰ ਨੂੰ ਨਿਰਵਿਘਨ ਸੰਪੂਰਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਇਸ ਸਬੰਧ ਵਿੱਚ ਉਡਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੰਗਤਾਂ ਸੁਚੇਤ ਰਹਿਣ।
*-ਸੇਵਾਦਾਰ, ਸਿੱਖ ਸੰਗਤ ਆਫ਼ ਵਰਜੀਨੀਆ*
ਅਵਤਾਰ ਸਿੰਘ ਮਿਸ਼ਨਰੀ
*ਗੁਰੂ ਗ੍ਰੰਥ ਸਾਹਿਬ ਦੀ ਸਰਬੋਤਮਤਾ ਬਾਰੇ ਵਰਜੀਨੀਆ ਅਮਰੀਕਾ ਵਿਖੇ ਸੈਮੀਨਾਰ*
Page Visitors: 2717