- # ਗੁਰਬਾਣੀ ਅਤੇ ਕੀਰਤਨ # -
ਅੰਗ੍ਰੇਜ਼ੀ ਦਾ ਮੁਹਾਵਰਾ ਹੈ "to throw the baby out with bath water"। ਪੰਜਾਬੀ ਵਿਚ ਜੇਕਰ ਲਫਜੀ ਤਰਜਮਾ ਕਰਨਾ ਹੋਵੇ ਤਾਂ ਉਹ ਹੈ ਕਿ "ਬੱਚੇ ਨੂੰ ਪਰਾਤ ਦੇ ਪਾਣੀ ਨਾਲ ਹੀ ਰੋੜ੍ਹ ਦੇਣਾ"। ਭਾਵ ਇਸਦਾ ਇਹ ਹੈ ਕਿ ਫਜੂਲ ਦੀ ਕਿਸੇ ਚੀਜ ਨੂੰ ਛੱਡਣ ਲੱਗਿਆਂ ਚੰਗੀ ਚੀਜ ਵੀ ਨਾਲ ਹੀ ਛੱਡ ਦੇਣੀ। ਉਧਾਰਣ ਦੇ ਤੌਰ 'ਤੇ ਇਹ ਸਿਆਣਪ ਨਹੀਂ ਕਹੀ ਜਾ ਸਕਦੀ ਜੇਕਰ ਕੋਈ ਟਕਸਾਲ ਦੇ "ਗੁਰੂ ਗੋਬਿੰਦ ਸਿੰਘ ਜੀ ਤੋਂ ਚੱਲੀ" ਵਾਲੇ ਦਾਅਵੇ ਨੂੰ ਨਕਾਰਦਿਆਂ ਬਾਬਾ ਦੀਪ ਸਿੰਘ ਜੀ 'ਤੇ ਹੀ ਇਹ ਸਵਾਲ ਕਰ ਦੇਵੇ ਕਿ "1699 ਦੀ ਵਿਸਾਖੀ ਵੇਲੇ ਉਹ ਕਿੱਥੇ ਸਨ"।
1. ਸਿੱਖੀ ਦੀ ਗੱਲ ਕਰਦਿਆਂ ਸਾਨੂੰ ਇਸ ਖਤਰੇ ਪ੍ਰਤੀ ਸਦਾ ਸਚੇਤ ਰਹਿਣਾ ਚਾਹੀਦਾ ਹੈ। ਸਾਡਾ ਦੁਸ਼ਮਣ ਬੜਾ ਸ਼ਾਤਰ ਹੈ ਅਤੇ ਉਹ ਲੰਬੇ ਸਮੇਂ ਲਈ ਸਕੀਮਾਂ ਘੜਦਾ ਹੈ। ਇਹ ਇਸੇ ਸਕੀਮ ਦਾ ਹੀ ਹਿੱਸਾ ਹੈ ਕਿ ਉਸਨੇ ਨਾਮਧਾਰੀਆਂ ਵਿਚ ਗੁਰਮਤਿ ਸੰਗੀਤ ਦੀ ਪ੍ਰਥਾ ਨੂੰ ਸਾਂਭਣ ਲਈ ਪੂਰਾ ਜੋਰ ਲਾਇਆ ਹੋਇਆ ਹੈ, ਜਦਕਿ ਮੁੱਖ-ਧਾਰਾ ਦੇ ਸਿੱਖਾਂ ਵਿਚ ਉਸ ਤੋਂ ਵੀ ਜਿਆਦਾ ਜੋਰ ਉਸਨੇ ਗੁਰਮਤਿ ਸੰਗੀਤ ਨੂੰ ਖਤਮ ਕਰਨ ਤੇ ਲਾਇਆ ਹੋਇਆ ਹੈ।
2. ਉਸਦਾ ਟੀਚਾ ਬੜਾ ਸਾਫ ਹੈ - ਸਮਾਂ ਪੈਣ ਤੇ ਜਦੋਂ ਮੌਕਾ ਆਉਣਾ ਹੈ ਕਿ ਨਾਮਧਾਰੀਆਂ ਤੋਂ ਸਿਖਾਂ ਦੀ ਮੁੱਖ-ਧਾਰਾ ਨੂੰ ਪਾਸਾ ਵੱਟਣਾ ਪੈਣਾ ਹੈ ਤਾਂ ਸਾਡੇ ਵਿਚ ਬੈਠੇ ਨਾਸਮਝਾਂ ਨੇ ਗੁਰਮਤਿ ਸੰਗੀਤ ਨੂੰ ਵੀ "ਨਾਮਧਾਰੀ ਘੁਸਪੈਠ" ਕਹਿ ਕੇ ਆਪਣੇ ਹੱਥੀਂ ਛੱਡਣਾ ਹੈ। ਪਰ ਖਿਆਲ ਕਰਿਓ ਕਿ ਦੁਸਮਣ ਦੀ ਇਸ ਨੀਤੀ ਦੀ ਸਫਲਤਾ ਇਸ ਗੱਲ ਤੇ ਨਿਰਭਰ ਹੈ ਕਿ ਮੁੱਖ-ਧਾਰਾ ਵਿਚੋਂ ਗੁਰਮਤਿ ਸੰਗੀਤ ਦੀ ਪਰੰਪਰਾ ਉਦੋਂ ਤੱਕ ਖਤਮ ਹੋ ਗਈ ਹੋਵੇ।
3. ਕਿਉਂਕਿ ਗੁਰਮਤਿ ਸੰਗੀਤ ਸਿੱਖੀ ਦਾ ਇਕ ਅਨਿਖੜਵਾਂ ਅੰਗ ਹੈ ਅਤੇ ਜਿਹੜਾ ਬੰਦਾ ਗੁਰਮੁਖੀ ਨਹੀਂ ਵੀ ਪੜ੍ਹ ਸਕਦਾ, ਉਹ ਕੀਰਤਨ ਰਾਹੀਂ ਗੁਰਬਾਣੀ ਨਾਲ ਸਹਿਜੇ ਹੀ ਜੁੜ ਜਾਂਦਾ ਹੈ - ਇਸੇ ਲਈ ਸਾਨੂੰ ਖਤਮ ਕਰਨ ਦੇ ਮਨਸੂਬੇ ਬਣਾਉਣ ਵਾਲਿਆਂ ਲਈ ਇਹ ਵੀ ਜਰੂਰੀ ਹੈ ਕਿ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਵੀ ਖਤਮ ਜਾਂ ਜਜਬ ਕਰ ਲਿਆ ਜਾਵੇ। ਜਾਂ ਫਿਰ ਉਸਦਾ ਰੂਪ ਇੰਨਾਂ ਵਿਗਾੜ ਦਿਤਾ ਜਾਵੇ ਕਿ ਉਹ ਵੈਸੇ ਹੀ ਆਪਣੀ ਹੋਂਦ ਗੁਆ ਦੇਵੇ।
4. ਸਾਡੇ ਵਿਚੋਂ ਬਹੁਤਿਆਂ ਨੂੰ ਇਹ ਗੱਲ ਗੁੜ੍ਹਤੀ ਵਿਚ ਹੀ ਮਿਲੀ ਹੈ ਕਿ ਕੀਰਤਨ ਦੀ ਇਕ ਸਿੱਖ ਲਈ ਬਹੁਤ ਅਹਿਮੀਅਤ ਹੈ। ਮੇਰੀ ਜਿੰਦਗੀ ਵਿਚ ਇਕ ਉਹ ਵੀ ਸਮਾਂ ਸੀ ਜਦੋਂ ਹਿੰਦੀ ਫਿਲਮਾਂ ਦੇ ਗਾਣੇ ਬੜੇ ਚੰਗੇ ਲਗਦੇ ਸਨ। ਫਿਰ ਉਹ ਸਮਾਂ ਵੀ ਆਇਆ ਜਦੋਂ ਗਜਲਾਂ ਸੁਣਨਾ ਉਮਰ ਦਾ ਤਕਾਜਾ ਮੰਨਿਆ ਜਾਂਦਾ ਸੀ। ਪਰ ਕੀਰਤਨ ਨਾਲ ਉਹਨਾਂ ਸਾਰਿਆਂ ਸਮਿਆਂ ਵਿਚੋਂ ਲੰਘਦਿਆਂ ਵੀ ਪਰਿਵਾਰਕ ਅਤੇ ਸਮਾਜਕ ਇਕੱਠਾਂ ਨੇ ਜੋੜੀ ਰੱਖਿਆ। ਫਿਰ ਉਹ ਸਮਾਂ ਵੀ ਆਇਆ ਜਦੋਂ ਕੀਰਤਨ ਤੋਂ ਇਲਾਵਾ ਕੋਈ ਹੋਰ ਸੰਗੀਤ ਸੁਣਨਾ ਸਮੇਂ ਦੀ ਬਰਬਾਦੀ ਲੱਗਣ ਲੱਗ ਪਿਆ। ਹੁਣ ਮਨ ਨੂੰ ਉਹ ਜਗਾ੍ਹ ਲੱਭ ਪਈ ਜਾਪਦੀ ਹੈ ਜਿਥੇ ਗੁਰਬਾਣੀ ਕੀਰਤਨ ਸੁਣਦਿਆਂ ਜੋ ਅਨੰਦ ਆਉਂਦਾ ਹੈ, ਉਹ ਕਿਸੇ ਹੋਰ ਸੰਗੀਤ ਵਿਚ ਭਾਵੇਂ ਨਹੀਂ ਆਉਂਦਾ, ਪਰ ਫਿਰ ਵੀ ਚੰਗੀ ਗਜਲ ਜਾਂ ਚੰਗਾ ਲੋਕ ਗੀਤ ਕਈ ਵਾਰੀ ਇਕ ਵੱਖਰੀ ਕਿਸਮ ਦਾ ਅਨੰਦ ਦੇ ਜਾਂਦਾ ਹੈ।
5. ਲੋਕ ਸੰਗੀਤ ਦੀ ਅਹਿਮੀਅਤ ਬਾਣੀ ਵਿਚ ਦਰਜ ਧੁਨਾਂ ਤੋਂ ਸਮਝ ਲਗਦੀ ਹੈ, ਜਿਵੇਂ ਗੁਰੂ ਪਾਤਿਸਾਹ ਆਸਾ ਦੀ ਵਾਰ ਨੂੰ ਟੁੰਡੇ ਅਸ ਰਾਜੈ ਕੀ ਧੁੰਨੀ ਗਾਵਣ ਲਈ ਕਹਿੰਦੇ ਨੇ। ਜਿਹੜੀ ਗੱਲ ਸ਼ਾਇਦ ਸਾਡੇ ਵਿਚੋਂ ਬਹੁਤੇ ਵਿਸਾਰ ਚੁੱਕੇ ਨੇ ਉਹ ਹੈ ਗੁਰਬਾਣੀ ਨੂੰ ਰਾਗਾਂ ਵਿਚ ਦਰਜ ਕਰਨ ਦਾ ਕਾਰਣ।
6. ਗੁਰਬਾਣੀ ਦਿਲ ਅਤੇ ਦਿਮਾਗ ਦੋਹਾਂ ਦੀ ਖੁਰਾਕ ਹੈ। ਗੁਰੂ ਦੀ ਬਾਣੀ ਨੂੰ ਵਿਚਾਰ ਕੇ ਜੋ ਅਨੰਦ ਆਉਂਦਾ ਹੈ, ਉਹ ਦਿਮਾਗੀ ਹੈ। ਪਰ ਕੀਰਤਨ ਦਿਲ ਨੂੰ ਸੰਬੋਧਤ ਹੁੰਦਾ ਹੈ। ਕਿਉਂਕਿ ਦਿਲ ਦੇ ਅਹਿਸਾਸ ਅੱਖਰ-ਬੱਧ ਨਹੀਂ ਕੀਤੇ ਜਾ ਸਕਦੇ, ਇਸ ਲਈ ਉਹ ਅਹਿਸਾਸ ਜਿਹੜੇ ਗੁਰੂ ਸਾਹਿਬਾਂ ਨੇ ਆਪ ਮਹਿਸੂਸ ਕੀਤੇ, ਸਾਡੇ ਤੱਕ ਗੁਰਮਤਿ ਸੰਗੀਤ ਰਾਹੀਂ ਪਹੁੰਚਾਏ। ਗੁਰੂ ਪਾਤਿਸਾਹ ਵਾਹਿਗੁਰੂ ਨਾਲ ਗੱਲ-ਬਾਤ ਦੀ ਭਾਖਾ ਪਿਆਰ ਨੂੰ ਗਰਦਾਨਦੇ ਹਨ। ਪਰ ਨਾਲ ਹੀ ਇਸ ਬਾਰੇ ਚਤੰਨ ਵੀ ਕਰਦੇ ਹਨ ਕਿ ਕਿਤੇ ਕਾਮ ਨੂੰ ਜਾਂ ਲੋਭ ਨੂੰ ਜਾਂ ਮੋਹ ਨੂੰ ਪਿਆਰ ਨਾ ਸਮਝ ਲਈਂ। ਕ੍ਰੋਧ ਵੀ ਪਿਆਰ ਦੇ ਉਲਟੇ ਰੂਪ, ਨਫਰਤ ਵਿਚੋਂ ਉਪਜਦਾ ਹੈ ਜਾਂ ਉਦੋਂ ਉਪਜਦਾ ਹੈ ਜਦੋਂ ਸਾਡੇ ਕਿਸੇ ਪਿਆਰੇ ਨੂੰ ਕੋਈ ਦੁੱਖ ਦਿੰਦਾ ਹੈ। ਹੰਕਾਰ ਆਪਣੇ ਆਪ ਨਾਲ ਪਿਆਰ ਕਰਨ ਦਾ ਦੂਜਾ ਰੂਪ ਹੈ।
7. ਇਕ ਹੋਰ ਨੁਕਤਾ ਜਿਹੜਾ ਇਥੇ ਵਿਚਾਰਨ ਵਾਲਾ ਹੈ ਉਹ ਇਹ ਹੈ ਕਿ ਜਦੋਂ ਆਪਾਂ ਕੀਰਤਨ ਸੁਣਦੇ ਹਾਂ ਤਾਂ ਜੇ ਸਾਨੂੰ ਗਾਏ ਜਾ ਰਹੇ ਸਬਦ ਦੀ ਸਮਝ ਹੈ ਤਾਂ ਅਨੰਦ ਕਈ ਗੁਣਾ ਵੱਧ ਜਾਂਦਾ ਹੈ। ਮੇਰਾ ਦਿਮਾਗ ਜਿੰਨਾ ਮਰਜੀ ਬਾਣੀ ਨੂੰ ਪੜ੍ਹ ਕੇ ਵਿਚਾਰ ਲਵੇ, ਦਿਲ ਨੂੰ ਬਾਣੀ ਵਿਚਲੇ ਅਹਿਸਾਸਾਂ ਨਾਲ ਇਕ-ਮਿੱਕ ਨਹੀਂ ਕਰਵਾ ਸਕਦਾ - ਇਹ ਕੰਮ ਸਿਰਫ ਕੀਰਤਨ ਹੀ ਕਰਦਾ ਹੈ।
8. ਭਾਈ ਬਖਸ਼ੀਸ਼ ਸਿੰਘ ਦਾ ਗਾਇਆ ਸਬਦ, ਪੰਜਵੇਂ ਪਾਤਿਸਾਹ ਦੀਆਂ ਲਿਖੀਆਂ ਵਾਹਿਗੁਰੂ ਦੇ ਅਪਾਰ ਪਿਆਰ ਵਿਚ ਭਿੱਜੀਆਂ ਸਤਰਾਂ ਨੂੰ ਸੁਣਦਿਆਂ ਉਹਨਾਂ ਦੀ ਸ਼ਹੀਦੀ ਦਾ ਖਿਆਲ ਮੇਰੀਆਂ ਅੱਖਾਂ ਨਮ ਕਰ ਗਿਆ। ਭੁੱਲ ਚੁੱਕ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਵਰਪਾਲ ਸਿੰਘ
ਵਰਪਾਲ ਸਿੰਘ
- # ਗੁਰਬਾਣੀ ਅਤੇ ਕੀਰਤਨ # -
Page Visitors: 3143