ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਗੁਰਮਤਿ ਦੇ ਉਸਤਾਦ ?
ਗੁਰਮਤਿ ਦੇ ਉਸਤਾਦ ?
Page Visitors: 2766

  ਗੁਰਮਤਿ ਦੇ ਉਸਤਾਦ ?
   ‘ਪ੍ਰੋਫੇਸਰ’ ਸ਼ਬਦ ਅੰਗ੍ਰੇਜ਼ੀ ਜ਼ੁਬਾਨ ਦਾ ਹੈ।ਜਿਸਦਾ ਅਰਥ ਹੈ ਅਕਾਦਮਕ ਪੱਧਰ ਤੇ ਉੱਚੇ ਰੈਂਕ ਦਾ ਉਹ ‘ਉਸਤਾਦ’, ਜਿਸਨੂੰ, ਕਿਸੇ ਵਿਸ਼ੇ ਦੀ ਵਿਸ਼ੇਸ਼ ਸ਼ਾਖਾ ਬਾਰੇ, ਉਸਤਾਦ ਦੀ ਪਦਵੀ, ਬਾ-ਕਾਯਦਗੀ ਨਾਲ ਦਿੱਤੀ ਗਈ ਹੋਵੇ।ਇਸ ਵਿਚ ਕੋਈ ਹਰਜ ਨਹੀਂ ਕਿ ਅਜਿਹਾ ਉਸਤਾਦ ਆਪਣੇ ਨਾਮ ਨਾਲ ਪ੍ਰੋ. ਪਦ ਦੀ ਵਰਤੋਂ ਕਰੇ।
   ਮਸਲਨ ਕੋਈ ਸੱਜਣ ਵਿਗਿਆਨ , ਅਰਥ ਸ਼ਾਸਤ੍ਰ ਆਦਿ ਵਿਸ਼ੇਆਂ ਬਾਰੇ ਪ੍ਰੋ. ਪਦ ਦਾ ਧਾਰਨੀ ਹੋ ਸਕਦਾ ਹੈ, ਬਾ-ਸ਼ਰਤੇ ਕਿ ਉਸ ਨੂੰ ਇਹ ਪਦ ਕਿਸੇ ਅਧਿਕ੍ਰਤ ਅਕਾਦਮਕ ਸੰਸਥਾਂਨ ਤੋਂ ਵਿਧੀਵੱਤ ਢੰਗ ਨਾਲ ਦਿੱਤਾ ਗਿਆ ਹੋਵੇ। ਜੇ ਕਰ ਐਸੇ ਸੱਜਣ ਆਪਣੇ ਅਕਾਦਮਕ ਖੇਤਰ ਦੇ ਨਾਲ-ਨਾਲ ਗੁਰਮਤਿ ਦਾ ਪ੍ਰਚਾਰ ਕਰਨ ਤਾਂ ਉਹ ਆਪਣੇ ਨਾਮ ਨਾਲ ਪ੍ਰੋ. ਪਦ ਦਾ ਇਸਤੇਮਾਲ ਕਰ ਸਕਦੇ ਹਨ, ਕਿਉਂਕਿ ਐਸਾ ਪਦ ਗੁਰਮਤਿ ਦੇ ਵਿਸ਼ੇ ਤੇ ਨਹੀਂ, ਬਲਕਿ ਕਿਸੇ ਹੋਰ ਵਿਸ਼ੇ ਕਾਰਣ ਦਿੱਤਾ ਗਿਆ ਹੋਵੇਗਾ।
ਮਸਲਨ ਕਿਸੇ ਯੁਨਿਵਰਸਿਟੀ ਦਾ ਪ੍ਰੋਫੇਸਰ ਇਸ ਲਕਬ ਦਾ ਇਸਤੇਮਾਲ ਆਪਣੇ ਨਾਮ ਦੇ ਨਾਲ ਕਰ ਸਕਦਾ ਹੈ।
ਪਰ ਜੇ ਕਰ ਵਿਸ਼ਾ ਗੁਰਮਤਿ ਦਾ ਹੋਵੇ ਤਾਂ ਕੁੱਝ ਵਿਚਾਰ ਦੀ ਲੋੜ ਹੈ ਕਿ; ਕੀ ਕੋਈ ਸੱਜਣ ਗੁਰਮਤਿ ਦਾ ਉਸਤਾਦ (ਪ੍ਰੋਫੇਸਰ) ਹੋ ਸਕਦਾ ਹੈ?
    ਉਸਤਾਦ ਉਰਦੂ ਦਾ ਸ਼ਬਦ ਹੈ ਜਿਸ ਨੂੰ ਹਿੰਦੀ ਵਿਚ ‘ਗੁਰੂੁ’ ਵੀ ਕਹਿਆ ਜਾਂਦਾ ਹੈ।ਗੁਰਮਤਿ ਅਨੁਸਾਰ ਇਹ ਉਚਿੱਤ ਪ੍ਰਤੀਤ ਨਹੀਂ ਹੁੰਦਾ ਕਿ ਕੋਈ ਆਪਣੇ ਆਪ ਨੂੰ ਇਸ ਵਿਸ਼ੇ ਦਾ ਉਸਤਾਦ ਘੋਸ਼ਤ ਕਰੇ।ਹਾਂ ਬੜੀ ਸਾਵਧਾਨੀ ਨਾਲ ਉਸਨੂੰ ਗਿਆਨੀ (ਭਾਵ ਗੁਰਮਤਿ ਦੀ ਕੁੱਝ ਜਾਣਕਾਰੀ ਰੱਖਣ ਵਾਲਾ) ਕਿਹਾ ਜਾ ਸਕਦਾ ਹੈ।ਪਰ ਗੁਰਮਤਿ ਜਾਂ ਗੁਰਬਾਣੀ ਦਾ ਉਸਤਾਦ? ਨਹੀਂ ਇਹ ਉੱਚਿਤ ਪ੍ਰਤੀਤ ਨਹੀਂ ਹੁੰਦਾ!
    ਫਿਰ ਇਹ ਵੀ ਤਾਂ ਜ਼ਰੂਰੀ ਹੈ ਕਿ ਸਭ ਨੂੰ, ਇਸ ਤੱਥ ਦਾ ਪਤਾ ਚਲੇ ਕਿ ਕਿਸ ਨੂੰ, ਕਿਸ ਨੇ, ਅਤੇ ਕਿਦੋਂ, ਗੁਰਮਤਿ ਦੇ ਪ੍ਰੋ. (ਉਸਤਾਦ) ਦੀ ਪਦਵੀ ਦਿੱਤੀ ਹੈ? ਜਾਂ ਫਿਰ ਇਹ ਉਪਾਧੀ ਉਨ੍ਹਾਂ ਆਪ ਹੀ ਧਾਰਨ ਕਰ ਲਈ ਗਈ ਹੈ? ਗੁਰਮਤਿ ਦੇ ਬਣੇ ਉਸਤਾਦਾਂ ਨੂੰ ਇਹ ਜਾਣਕਾਰੀ  ਤਫ਼ਸੀਲ ਨਾਲ ਜਨਤਕ ਕਰਨੀ ਚਾਹੀਦੀ ਹੈ! ਇਹ ਸੰਗਤਾਂ ਦੀਆਂ ਕਲਾਸਾਂ ਰੋਜ਼ ਲੇਂਦੇ ਹਨ ਪਰ ਜ਼ਰਾ ਕਦੇ ਸੰਗਤ ਵੀ ਇਨ੍ਹਾਂ ਦੀ ਕਲਾਸ ਲਵੇ ਕਿ ਇਹ ‘ਗੁਰਬਾਣੀ ਦੇ ਉਸਤਾਦ’ ਕਿਵੇਂ ਬਣ ਬੈਠੇ ਹਨ ? ਆਸ ਹੈ ਕਿ ਇਹ ਇਸ ਪਰਿਪੇਖ ਦਾ ਸੱਚ ਸਾਂਝਾ ਕਰਨ ਗੇ।
  ਇਤਨਾ ਤਾਂ ਪਤਾ ਹੈ ਕਿ ਕੁੱਝ ਨੇ ਪ੍ਰੋ. ਆਫ਼ ਸਿੱਖਇਸਮ ਦੀ ਉਪਾਧੀ ਕਮੇਟੀ ਵਲੋਂ ਲਈ ਹੈ। ਹੋ ਸਕਦਾ ਹੈ ਇਹ ਉਪਾਧੀ ਸਿੱਖ ਇਤਹਾਸ ਦੀ ਜਾਣਕਾਰੀ ਕਾਰਣ ਦਿੱਤੀ ਗਈ ਹੋਵੇ। ਪਰ ਕਿਸੇ ਨੂੰ ਗੁਰਮਤਿ ਦੇ ਪ੍ਰੋ. (ਉਸਤਾਦ) ਦੀ ਉਪਾਧੀ ਦੇਣਾ ਅਨੁਚਿੱਤ ਪ੍ਰਤੀਤ ਹੁੰਦਾ ਹੈ, ਕਿਉਂਕਿ ਗੁਰਮਤਿ ਦਾ ਉਸਤਾਦ ਤਾਂ ‘ਗੁਰੂੁ’ ਆਪ ਹੈ ਅਤੇ ਇਸ ਵਿਸ਼ੇ ਵਿਚ, ਬੰਦਾ ਤਾਂ ਕੇਵਲ ‘ਸਿੱਖ’ ਹੀ ਹੋ ਸਕਦਾ ਹੈ ਸਿੱਖਾਂ ਦਾ ਉਸਤਾਦ ਨਹੀਂ !
ਜੇ ਕਰ ਕਿਸੇ ਨੇ ਅਜਿਹੀ ਉਪਾਧੀ ਲਈ ਹੈ, ਜਾਂ ਆਪ ਹੀ ਧਾਰਨ ਕਰ ਲਈ ਹੈ ਤਾਂ ਉਸਦਾ ਪਹਿਲਾ ਫ਼ਰਜ਼ ਬਣਦਾ ਹੈ ਕਿ ਉਹ ‘ਗੁਰਮਤਿ ਦਾ ਉਸਤਾਦ’ ਨਾ ਬਣੇ ਬਲਕਿ ਗੁਰੂ ਦਾ ਸਿੱਖ ਬਣਿਆ ਰਹਿ ਕੇ ਅਜਿਹੀ ਬੇਢੰਗੀ ਪਦਵੀ ਦਾ ਤਿਆਗ ਕਰੇ।
ਹਰਦੇਵ ਸਿੰਘ, ਜੰਮੂ-05.10.2015
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.