ਬਾਦਲਾਂ ਨੂੰ ਭਾਜੜਾਂ, ਨਵੇਂ ਹਲਕੇ ਦੀ ਤਲਾਸ਼, ਵੇਖੋ ਕਿਸ ਹਲਕੇ ਜਾਂ ਆਗੂ ਦੀ ਹੋਵੇਗੀ ਬਲੀ...?
ਸ਼ਕਤੀਧਾਰਕ ਬੰਦਾ ਹਮੇਸ਼ਾਂ ਹੀ ਕੰਨਾਂ ਦਾ ਕੱਚਾ ਅਤੇ ਜ਼ਿੱਦ ਦਾ ਪੱਕਾ ਹੁੰਦਾ ਹੈ। ਬੇਸ਼ੱਕ ਉਸ ਕੋਲ ਮਾਇਆ ਦੀ ਸ਼ਕਤੀ ਹੋਵੇ ਜਾਂ ਬੰਦਿਆਂ ਦਾ ਬਲ ਜਾਂ ਰਾਜਸੀ ਤਾਕਤ ਹੋਵੇ। ਉਹ ਅੱਖਾਂ ਹੁੰਦਿਆਂ ਹੋਇਆ ਅੰਨਾਂ ਹੁੰਦਾ ਹੈ। ਬਹੁਤੀ ਵਾਰੀ ਸਾਹਮਣੇ ਦਿਸਦੀ ਅਸਲੀਅਤ ਨੂੰ ਵੀ ਉਹ ਨਜ਼ਰ ਅੰਦਾਜ਼ ਕਰ ਦਿੰਦਾ ਹੈ ਕਿਉਂਕਿ ਕਿ ਉਸ ਨੂੰ ਆਪਣੀ ਸ਼ਕਤੀ ਉੱਤੇ ਘੁਮੰਡ ਹੁੰਦਾ ਹੈ ਕਿ ਮੈਂ ਜੋ ਚਾਹੁੰਗਾ ਸਮੇਂ ਅਨੁਸਾਰ ਬਦਲ ਸਕਦਾ ਹਾਂ। ਕੰਨਾਂ ਦੇ ਹੁੰਦਿਆਂ ਬੋਲਾ ਹੀ ਹੁੰਦਾ ਹੈ ਜੇ ਕੋਈ ਉਸ ਨੂੰ ਨੇਕ ਸਲਾਹ ਦੇਣੀ ਚਾਹੇ ਤਾਂ ਉਹ ਆਪਣੀ ਹੈਂਕੜ ਵਿੱਚ ਉਸ ਨੂੰ ਅਣਸੁਣੀ ਕਰ ਦਿੰਦਾ ਹੈ, ਪਰ ਜਦੋਂ ਸਿਆਸਤ ਦੇ ਰਣ ਤੱਤੇ ਵਿੱਚ ਚੋਣ ਦਾ ਗਗਨਦਮਾਮਾ ਵੱਜਦਾ ਹੈ ਤਾਂ ਫਿਰ ਉਸਦੀ ਨੀਂਦ ਟੁੱਟਦੀ ਹੈ ਅਤੇ ਪੈਰਾਂ ਵੱਲ ਝਾਤੀ ਮਾਰਦਾ ਹੈ ਤਾਂ ਹੇਠਾਂ ਜਮੀਨ ਨਜ਼ਰ ਨਹੀਂ ਆਉਂਦੀ। ਫਿਰ ਅੱਬੜਵਾਹੇ ਉੱਠਦਾ ਹੈ ਤੇ ਆਪਣੀ ਸਲਾਮਤੀ ਵਾਸਤੇ ਭੱਜਦਾ ਹੈ।
ਇਹ ਵਰਤਾਰਾ ਅੱਜ ਤੋਂ ਨਹੀਂ ਜੁਗਾ ਜੁਗੰਤਰਾਂ ਤੋਂ ਚੱਲਿਆ ਆਉਂਦਾ ਹੈ। ਵੱਡੀਆਂ ਵੱਡੀਆਂ ਬਾਦਸ਼ਾਹੀਆਂ, ਰਾਜਿਆਂ ਮਹਾਰਾਜਿਆਂ ਦੀਆਂ ਅਜਿਹੀਆਂ ਅਣਗਹਿਲੀਆਂ ਜਾਂ ਨਾਸਮਝੀਆਂ ਕਰਕੇ ਤਬਾਹ ਹੋਈਆਂ ਹਨ। ਕਈ ਵੱਡੇ ਵੱਡੇ ਘਰਾਣੇ ਅਜਿਹੀਆਂ ਨੀਤੀਆਂ ਕਰਕੇ ਹੀ ਕਬਰੀਂ ਜਾ ਪਏ, ਜਿਹਨਾਂ ਦਾ ਤੁਖਮ ਵੀ ਬਾਕੀ ਨਹੀਂ ਬਚਿਆ। ਕਈ ਵਾਰੀ ਰਾਜਸੀ ਤਾਕਤ ਦੇ ਨਸ਼ੇ ਵਿੱਚ ਇਨਸਾਨ ਏਨਾਂ ਗਰਕ ਜਾਂਦਾ ਹੈ ਕਿ ਉਸ ਨੂੰ ਉਸਦੇ ਮਾਪੇ, ਨਾਲ ਰਲਕੇ ਜੰਮੇ ਭੈਣ ਭਰਾ ਅਤੇ ਢਿੱਡੋਂ ਜਾਇਆਂ ਦਾ ਵੀ ਮੋਹ ਨਹੀਂ ਰਹਿੰਦਾ ਅਤੇ ਆਪਣੀ ਰਾਜਸੀ ਹਵਸ ਨੂੰ ਮਿਟਾਉਣ ਵਾਸਤੇ ਉਹ ਸਕਿਆਂ ਸਬੰਧੀਆਂ ਦੇ ਕਤਲ ਜਾਂ ਸਾਲਾਂ ਬੱਧੀ ਉਹਨਾਂ ਨੂੰ ਕਾਲ ਕੋਠੜੀਆਂ ਵਿੱਚ ਬੰਦੀ ਬਣਾਕੇ ਰੱਖਦਾ ਹੈ, ਜਿਵੇ ਔਰੰਗਜ਼ੇਬ ਨੇ ਕੀਤਾ ਸੀ, ਪਰ ਜਦੋਂ ਕਦੇ ਜ਼ਫਰਨਾਮੇਂ ਵਰਗਾ ਤੀਰ ਮੱਤ ਉੱਤੇ ਵੱਜਦਾ ਹੈ ਤਾਂ ਫਿਰ ਸਾਰੇ ਨਸ਼ੇ ਉੱਤਰ ਜਾਂਦੇ ਹਨ। ਲੇਕਿਨ ਉਸ ਵੇਲੇ ਤੱਕ ਮੇਲਾ ਲੁੱਟਿਆ ਜਾ ਚੁੱਕਿਆ ਹੁੰਦਾ ਹੈ ਅਤੇ ਸਿਰਫ ਪਛਤਾਵੇ ਦਾ ਕੂੜਾ ਖਿਲਰਿਆ ਦਿੱਸਦਾ ਹੈ।
ਬਾਦਲ ਪਰਿਵਾਰ ਤੋਂ ਵੀ ਸਿੱਖ ਪੰਥ ਨੇ ਕੁੱਝ ਨਹੀਂ ਲਕੋਇਆ ਸੀ ਕਿਉਂਕਿ ਕਿ ਪੰਥ ਨੂੰ ਇਸ ਦੀ ਮੀਂਸਣੀ ਸ਼ਖ਼ਸੀਅਤ ਨੇ ਪੰਥ ਦਾ ਵਾਰਿਸ ਹੋਣ ਦਾ ਭੁਲੇਖਾ ਪਾ ਦਿੱਤਾ ਸੀ, ਪਰ ਥੋੜੇ ਜਿਹੇ ਪੈਰ ਪੱਕੇ ਕਰਦਿਆਂ ਹੀ ਸ. ਬਾਦਲ ਨੇ ਹਰ ਪੰਥਕ ਸੰਸਥਾ ਨੂੰ ਆਪਣੇ ਪਰਿਵਾਰ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਫਿਰ ਆਪਣੇ ਹੱਥ ਠੋਕੇ ਦਾ ਗੁਲਾਮ ਬਣਾ ਲਿਆ। ਇਸ ਦੇ ਰਾਹ ਵਿੱਚੋਂ ਰੋੜੇ ਚੁਗਣ ਵਾਸਤੇ, ਸਿਆਸੀ ਮਾਂ ਸ਼੍ਰੋਮਣੀ ਅਕਾਲੀ ਦਲ ਦੇ ਪੇਟੋਂ, ਆਪਣੇ ਨਾਲ ਰਲਕੇ ਜੰਮੇ ਸਿਆਸੀ ਭਰਾਵਾਂ, ਜਥੇਦਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਸੁਰਜੀਤ ਸਿੰਘ ਬਰਨਾਲਾ ਸਮੇਤ ਅਨੇਕਾਂ ਦੀ ਬਲੀ ਦੇ ਦਿੱਤੀ, ਹਰ ਕਿਸੇ ਨੂੰ ਜ਼ਲੀਲ ਕਰਕੇ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵਿਖਾਇਆ ਅਤੇ ਪਰਿਵਾਰ ਦੇ ਨਾ ਕਾਬਿਲ ਬੰਦਿਆਂ ਨੂੰ ਉਹਨਾਂ ਦੀਆਂ ਖਾਲੀ ਥਾਵਾਂ ਉੱਤੇ ਬਿਠਾਕੇ, ਆਪਣੇ ਕੱਦ ਨੂੰ ਉਚਾ ਵਿਖਾਉਣ ਦਾ ਯਤਨ ਕੀਤਾ। ਬਾਦਲ ਪਰਿਵਾਰ ਦੀ ਸਾਰੀ ਇਹ ਖੇਡ ਨੂੰ ਇੱਥੇ ਇਸ ਛੋਟੇ ਜਿਹੇ ਲੇਖ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਪਾਠਕ ਇਹਨਾਂ ਸ਼ਬਦਾਂ ਰਾਹੀਂ ਹੀ ਹਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ।
ਲੇਕਿਨ ਹੁਣ ਪਿਛਲੇ ਦਸ ਵਰਿਆਂ ਦੇ ਰਾਜ ਵਿੱਚ ਜੋ ਕੁਝ ਵਾਪਰਿਆ, ਕਿਵੇਂ ਦਾ ਰਾਜ ਹੋਇਆ ਜਾਂ ਜਿਵੇਂ ਦੀ ਸੇਵਾ ਹੋਈ, ਉਸ ਦਾ ਅਸਰ ਆਹ ਅਖੀਰਲੇ ਕੁੱਝ ਮਹੀਨਿਆਂ ਵਿੱਚ ਦਿਖਾਈ ਦੇਣ ਲੱਗ ਪਿਆ ਹੈ। ਹੋਰ ਦੋ ਮਹੀਨਿਆਂ ਤੱਕ ਵਡਭਾਗ ਸਿੰਘ ਦੇ ਡੇਰੇ ਉੱਤੇ ਖੇਡਦੀਆਂ ਡੋਲੀਆਂ ਵਾਂਗੂੰ ਸਿਰ ਚੜਕੇ ਵੀ ਬੋਲਦਾ ਦਿਖਾਈ ਦੇਵੇਗਾ। ਪਰ ਬਾਦਲਾਂ ਨੂੰ ਹੁਣ ਹਲਾਤਾਂ ਦੀ ਸਮਝ ਆ ਗਈ ਹੈ ਕਿ ਚੋਣ ਨਤੀਜੇ ਕਿਵੇਂ ਦੇ ਹੋ ਸਕਦੇ ਹਨ। ਇਸ ਕਰਕੇ ਹੁਣ ਪਿੰਡਾਂ ਦੇ ਕੱਚੇ ਰਸਤਿਆਂ ਉੱਤੇ ਭਾਂਵੇਂ ਇਕ ਘਰ ਹੀ ਕਿਉਂ ਨਾ ਹੋਵੇ, ਬਿਨਾਂ ਕਹੇ ਇੱਟਾਂ ਦੇ ਖੜਵੰਜੇ ਪਾਏ ਜਾ ਰਹੇ ਹਨ। ਖੇਤੀਬਾੜੀ ਦੀਆਂ ਮੋਟਰਾਂ ਦੇ ਕੁਨੈਕਸ਼ਨ ਪੀਰ ਦੀ ਕਬਰ ਉਤੇ ਵੰਡੇ ਜਾਂਦੇ ਚੌਲਾਂ ਵਾਂਗੂੰ ਵਰਤਾਏ ਜਾ ਰਹੇ ਹਨ। ਇਸ ਤੋਂ ਬਾਦਲਾਂ ਦੇ ਦਿਲ ਦੀ ਧੜਕਣ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।
ਜਿਹੜਾ ਕੰਮ ਬਾਦਲਾਂ ਨੇ ਹੁਣ ਅਰੰਭਿਆ ਹੈ, ਪਿੰਡਾਂ ਵਿੱਚ ਪ੍ਰਚਾਰ ਵੈਨਾਂ ਅਤੇ ਲਿਖਤੀ ਕਿਤਾਬਚਿਆਂ ਰਾਹੀਂ ਪ੍ਰਚਾਰ, ਇਹ ਕੰਮ ਸ. ਸੁਰਜੀਤ ਸਿੰਘ ਬਰਨਾਲਾ ਨੇ ਸੰਗਰੂਰ ਲੋਕਸਭਾ ਹਲਕੇ ਵਿੱਚ 1999 ਦੀ ਲੋਕਸਭਾ ਦੀ ਚੋਣ ਦੌਰਾਨ ਕਰਕੇ ਵੇਖਿਆ ਸੀ, ਚੋਣ ਜਲਸਿਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਨੇ ਵੀ ਸੰਬੋਧਨ ਕੀਤਾ, ਪਰ ਸ. ਸਿਮਰਨਜੀਤ ਸਿੰਘ ਮਾਨ ਅੱਸੀ ਹਜ਼ਾਰ ਦੇ ਫਰਕ ਨਾਲ ਧੋਬੀ ਪਟੜਾ ਮਾਰ ਗਿਆ ਸੀ। ਖ਼ੈਰ ਕੁੱਝ ਵੀ ਹੈ ਇਹ ਸਭ ਕੁੱਝ ਬਾਦਲ ਲਾਣੇ ਦੇ ਅੰਦਰਲੇ ਪਾਲੇ ਨੂੰ ਜਾਹਰ ਜਰੂਰ ਕਰ ਰਿਹਾ ਹੈ ਕਿਉਂਕਿ ਹਵਾ ਦੇ ਰੁੱਖ ਤੋਂ ਅੰਦਾਜ਼ਾ ਲੱਗਣ ਲੱਗ ਪੈਂਦਾ ਹੈ ਕਿ ਤੁਫ਼ਾਨ ਦੀ ਨੀਅਤ ਕਿਵੇਂ ਦੀ ਹੈ। ਪ੍ਰਚਾਰ ਦੀਆਂ ਅਜਿਹੀਆਂ ਲਿਫਾਫੇਬਾਜ਼ੀਆਂ ਕਦੇ ਸਹਾਈ ਨਹੀਂ ਹੋ ਸਕਦੀਆਂ, ਜਿਸ ਪਾਰਟੀ ਦੇ ਵਰਕਰ ਹੀ ਨਰਾਜ਼ ਹੋਣ ਉਹ ਫਿਰ ਅਫਸਰਾਂ ਦੇ ਸਹਾਰੇ ਕਿੰਨੇ ਕੁ ਦਿਨ ਚੱਲ ਸਕਦੀ ਹੈ।
ਵੱਡੇ ਬਾਦਲ ਦਾ ਆਪਣਾ ਹਲਕਾ ਉਸ ਦੀ ਕਰਮਭੂੰਮੀ ਹੈ ਅਤੇ ਉਥੇ ਉਹ ਮਿੰਨਤ ਤਰਲੇ ਅਤੇ ਪੈਸੇ ਦੇ ਜ਼ੋਰ ਨਾਲ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਦਾ ਯਤਨ ਕਰੇਗਾ। ਉਥੇ ਬਾਦਲ ਦੇ ਜਿਉਂਦੇ ਜੀ ਪਰਿਵਾਰ ਵਿੱਚੋਂ ਹੋਰ ਕਿਸੇ ਦਾ ਖੜੇ ਹੋਣਾ ਸੁਫ਼ਨੇ ਵਿੱਚ ਵੀ ਨਹੀਂ ਕਿਆਸਿਆ ਜਾ ਸਕਦਾ। ਇਸ ਕਰਕੇ ਹੀ ਛੋਟੇ ਬਾਦਲ ਨੂੰ ਰਾਇ ਸਿੱਖ ਬਰਾਦਰੀ ਦੀ ਬਹੁਗਿਣਤੀ ਵਾਲੇ ਹਲਕੇ ਵਿੱਚ ਸਥਾਪਤ ਕੀਤਾ ਸੀ ਕਿ ਉਹਨਾਂ ਗਰੀਬ ਲੋਕਾਂ ਨੂੰ ਭਰਮਾ ਕੇ ਹਾਲੇ ਕੁੱਝ ਦੇਰ ਉਥੇ ਆਪਣਾ ਸਿੱਕਾ ਚਲਾਇਆ ਜਾ ਸਕਦਾ ਹੈ, ਲੇਕਿਨ ਪਿਛਲੇ ਦਿਨੀਂ ਰਾਇ ਸਿੱਖ ਬਰਾਦਰੀ ਵਿੱਚ ਇੱਕ ਵਿਸ਼ੇਸ਼ ਅਦਬ ਸਤਿਕਾਰ ਰੱਖਣ ਵਾਲੇ ਸ੍ਰੀ ਮਨਮੋਹਨ ਸਿੰਘ ਫਲੀਆਂਵਾਲਾ ਸਾਬਕਾ ਮੈਂਬਰ ਲੋਕਸਭਾ ਅਤੇ ਬਹੁਜਨ ਸਮਾਜ ਪਾਰਟੀ ਦੇ ਇੱਕ ਮਜ਼ਬੂਤ ਆਗੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਬਾਦਲਾਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ, ਕਿ ਹੁਣ ਝਾੜੂ ਨੇ ਹੂੰਝ ਕੇ ਜਲਾਲਾਬਾਦ ਦੀ ਜੂਹ ਤੋਂ ਬਾਹਰ ਸੁੱਟ ਦੇਣਾ ਹੈ ਇਸ ਕਰਕੇ ਸਮੇਂ ਨਾਲ ਹੀ ਕਿਧਰੇ ਹੋਰ ਡੇਰਾ ਜਮਾ ਲਿਆ ਜਾਵੇ ਤਾਂ ਸ਼ਾਇਦ ਕੋਈ ਕੱਖ ਬਚ ਹੀ ਜਾਣ।
ਪੰਝੀ ਸਾਲ ਰਾਜ ਕਰਨ ਦੇ ਦਮਗਜ਼ੇ ਮਾਰਨ ਵਾਲੇ ਛੋਟੇ ਬਾਦਲ ਨੂੰ ਹੁਣ ਆਪਣੇ ਪੈਰ ਰੱਖਣ ਵਾਸਤੇ ਕੋਈ ਠੋਸ ਜਮੀਨ ਨਜ਼ਰ ਨਹੀਂ ਆ ਰਹੀ ਅਤੇ ਇਹ ਵੀ ਸਾਫ ਹੈ ਕਿ ਜਲਾਲਾਬਾਦ ਤੋਂ ਤਾਂ ਕਿਨਾਰਾ ਕਰਨਾ ਹੀ ਪਵੇਗਾ। ਇਸ ਕਰਕੇ ਹੁਣ ਖਾਲੀ ਹਲਕੇ ਤਲਾਸ਼ੇ ਜਾ ਰਹੇ ਹਨ। ਜਿਸ ਵਿੱਚ ਸਰਦਾਰ ਬਰਨਾਲਾ, ਜਥੇਦਾਰ ਟੌਹੜਾ ਦੇ ਪਰਿਵਾਰਾਂ ਦੀਆਂ ਗਲਤੀਆਂ ਕਰਕੇ, ਉਹਨਾਂ ਦੀ ਸਿਆਸੀ ਕਮਜ਼ੋਰੀ ਅਤੇ ਬਾਦਲਾਂ ਦੀ ਅੱਖਾਂ ਮੀਟਕੇ ਕੀਤੀ ਮਦਦ ਨਾਲ, ਉਹ ਆਪਣੇ ਜੱਦੀ ਹਲਕਿਆਂ ਤੋਂ ਆਪਣਾ ਅਧਾਰ ਗਵਾ ਚੁੱਕੇ ਹਨ। ਇਸ ਲਈ ਇਹਨਾਂ ਲਾਵਾਰਿਸ ਹਲਕਿਆਂ ਵਿੱਚੋਂ ਵੀ ਕੋਈ ਚੁਣਿਆ ਜਾ ਸਕਦਾ ਹੈ, ਪਰ ਉਥੇ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਵਿਰੋਧ ਕਿੰਨਾ ਕੁ ਹੋ ਸਕਦਾ ਹੈ। ਨਾਲ ਨਾਲ ਇਹ ਵੀ ਚੱਲ ਰਿਹਾ ਹੈ ਕਿ ਕਿਸੇ ਹਲਕੇ ਦੀ ਰਾਜਸੀ ਭਾਈਵਾਲਾਂ ਨਾਲ ਤਬਦੀਲੀ ਕਰਕੇ ਸੌਖਾ ਰਸਤਾ ਲੱਭਿਆ ਜਾਵੇ ਤਾਂ ਵੀ ਚੰਗਾ ਹੋਵੇਗਾ।
ਹੁਣ ਇਹ ਸੁਨਣ ਵਿੱਚ ਆ ਰਿਹਾ ਹੈ ਕਿ ਛੋਟੇ ਬਾਦਲ ਸਾਹਿਬ ਪਹਿਲਾਂ ਤਾਂ ਸਿੱਧੇ ਹੀ ਬਰਨਾਲਾ ਵਿਧਾਨਸਭਾ ਹਲਕੇ ਉੱਤੇ ਆਪਣੀ ਕਿਸਮਤ ਅਜਮਾਉਣ ਦੀ ਤਿਆਰੀ ਕਰ ਰਹੇ ਹਨ। ਇਸ ਕਰਕੇ ਹੀ ਉਹਨਾਂ ਨੇ ਆਪਣੇ ਓ.ਐਸ.ਡੀ. ਅਵਤਾਰ ਸਿੰਘ ਬਨਾਂਵਾਲੀ ਨੂੰ ਬਰਨਾਲਾ ਦਾ ਇੰਚਾਰਜ ਵੀ ਬਣਾਇਆ ਹੈ। ਹੁਣ ਤੱਕ ਹੋਰ ਕਿਸੇ ਸਿਆਸੀ ਆਗੂ ਨੂੰ ਬਰਨਾਲਾ ਵਿਧਾਨਸਭਾ ਹਲਕੇ ਦਾ ਇੰਚਾਰਜ ਨਹੀਂ ਲਗਾਇਆ ਗਿਆ। ਉਦਯੋਗਪਤੀ ਸ੍ਰੀ ਰਜਿੰਦਰ ਗੁਪਤਾ ਟਰਾਈਡੈਂਟ, ਉੱਪ ਚੇਅਰਮੈਨ ਯੋਜਨਾ ਬੋਰਡ ਦਾ ਹਊਆ ਦਿਖਾ ਕੇ, ਹੁਣ ਤੱਕ ਸਭ ਦਾ ਮੂੰਹ ਬੰਦ ਹੀ ਰੱਖਿਆ ਹੈ, ਉਸ ਦੇ ਖਿਲਾਫ ਜਾ ਕੇ ਕਿਸੇ ਨੇ ਹਲਕਾ ਇੰਚਾਰਜ਼ੀ ਦਾ ਦਾਹਵਾ ਨਹੀਂ ਕੀਤਾ। ਮਰਹੂਮ ਮਲਕੀਤ ਸਿੰਘ ਕੀਤੂ ਦੇ ਬੇਟੇ ਨੂੰ ਵੀ ਪੇਡਾ ਦੀ ਉੱਪ ਚੇਅਰਮੈਨੀ ਦੀ ਡੱਕੇ ਵਾਲੀ ਕੁਲਫੀ ਦੇ ਕੇ ਖੁਸ਼ ਕਰ ਲਿਆ ਸੀ, ਪਰ ਅੱਖ ਇੱਥੇ ਛੋਟੇ ਬਾਦਲ ਦੀ ਆਪਣੀ ਸੀ ਕਿ ਚੋਣ ਬਰਨਾਲਾ ਹਲਕੇ ਤੋਂ ਹੀ ਲੜੀ ਜਾਵੇ।
ਲੇਕਿਨ ਬਰਨਾਲਾ ਹਲਕਾ ਵੱਖਰੀ ਕਿਸਮ ਦਾ ਹੈ, ਇੱਥੋਂ ਦੇ ਲੋਕ ਸਾਰੇ ਪੰਜਾਬ ਤੋਂ ਅੱਡਰਾ ਹੀ ਨਤੀਜਾ ਕੱਢ ਵਿਖਾਉਂਦੇ ਹਨ। ਇਸ ਵੇਲੇ ਵੀ ਬਰਨਾਲਾ ਵਿਧਾਨਸਭਾ ਹਲਕੇ ਦੀ ਅਜੀਬ ਸਥਿਤੀ ਬਣੀ ਹੋਈ ਹੈ,ਬੇਸ਼ਕ ਪਹਿਲਾਂ ਵੀ ਦਸ ਸਾਲ ਤੋਂ ਇੱਥੇ ਕਾਂਗਰਸ ਹੀ ਕਾਬਜ਼ ਹੈ, ਪਰ ਹੁਣ ਇੱਥੇ ਇੱਕ ਤੀਜੀ ਪਾਰਟੀ ਆਮ ਆਦਮੀ ਨੇ ਵੀ ਆਪਣੀ ਹੋਂਦ ਦੀ ਦਸਤਕ ਦਿੱਤੀ ਹੈ। ਬਰਨਾਲਾ ਇਲਾਕੇ ਦੇ ਸਾਰੇ ਕਾਂਗਰਸੀ ਨਕਸਲੀ ਜਮਹੂਰੀ ਜਥੇਬੰਦੀਆਂ ਨੇ ਮੁਕੰਮਲ ਤੌਰ ਉੱਤੇ ਆਮ ਆਦਮੀ ਪਾਰਟੀ ਵਿੱਚ ਅੰਦਰਖਾਤੇ ਸ਼ਮੂਲੀਅਤ ਕਰ ਲਈ ਹੈ। ਜਿਸ ਕਰਕੇ ਉਹ ਬਰਨਾਲਾ ਹਲਕੇ ਵਿੱਚ ਕਾਂਗਰਸ ਅਤੇ ਆਪ ਹੇਠ ਉੱਤੇ ਦੀ ਲੜਾਈ ਲੜ ਰਹੀਆਂ ਹਨ ਪਰ ਅਕਾਲੀ ਦਲ ਤਾਂ ਹਾਲੇ ਅਖਾੜੇ ਦੇ ਚੱਕਰ ਹੀ ਲਗਾ ਰਿਹਾ ਹੈ।
ਛੋਟੇ ਬਾਦਲ ਵੱਲੋਂ ਵਰਤੀ ਜਾ ਰਹੀ ਤਕਨੀਕੀ ਰਾਜਨੀਤੀ ਦੇ ਚਲਦਿਆਂ ਹੁਣ ਸਰਕਾਰੀ ਅਫਸਰਾਂ ਅਤੇ ਖੁਫੀਆ ਵਿਭਾਗ ਦੇ ਨਾਲ ਨਾਲ ਰਾਜਸੀ ਪੰਡਿਤਾਂ ਤੋਂ ਸਰਵੇ ਕਰਵਾਏ ਜਾ ਰਹੇ ਹਨ ਅਤੇ ਸਲਾਹਾਂ ਲਈਆਂ ਜਾ ਰਹੀਆਂ ਹਨ ਕਿ ਉਸ ਹਲਕੇ ਦੀ ਤਲਾਸ਼ ਕੀਤੀ ਜਾਵੇ, ਜਿੱਥੇ ਕਾਂਗਰਸ ਨਾਲ ਮੁਕਾਬਲਾ ਹੋਵੇ, ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਪ੍ਰਭਾਵ ਘੱਟ ਹੋਵੇ। ਸਰਕਾਰੀ ਅਫਸਰਾਂ ਦੇ ਤਿਆਰ ਕੀਤੇ ਟੇਵੇ ਵਿੱਚ ਅਬੋਹਰ ਇੱਕ ਅਜਿਹਾ ਹਲਕਾ ਹੈ ਜਿੱਥੇ ਆਪ ਦਾ ਅਸਰ ਨਾਮਾਤਰ ਹੈ, ਪਰ ਉਹ ਹਲਕਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੈ, ਉਸ ਨੂੰ ਖਾਲੀ ਕਰਵਾਉਣਾ ਸੌਖਾ ਕੰਮ ਨਹੀਂ। ਜੇ ਹਾਈ ਕਮਾਂਡ ਦੇ ਜ਼ੋਰ ਨਾਲ ਅਜਿਹੀ ਕੋਈ ਤਬਦੀਲੀ ਹੋਈ ਵੀ ਤਾਂ ਇੱਕ ਦੇ ਬਦਲੇ ਦੋ ਹਲਕੇ ਵੀ ਜਾ ਸਕਦੇ ਹਨ। ਇਸ ਅਦਲਾ ਬਦਲੀ ਵਿੱਚ ਜੇ ਛੋਟੇ ਬਾਦਲ ਅਬੋਹਰ ਜਾਂਦੇ ਹਨ ਤਾਂ ਫਿਰ ਬਰਨਾਲਾ ਬੀ.ਜੇ.ਪੀ. ਕੋਲ ਗਹਿਣੇ ਵੀ ਪਾਇਆ ਜਾ ਸਕਦਾ ਹੈ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਰਾਜਸੀ ਊਂਠ ਕਿਸ ਕਰਵਟ ਵਿੱਚ ਬੈਠਦਾ ਹੈ, ਪਰ ਅੱਜ ਬਾਦਲਾਂ ਨੂੰ ਭਾਜੜਾ ਪਈਆਂ ਸਾਫ ਦਿੱਸ ਰਹੀਆਂ ਹਨ। ਜਿੱਤ ਹਾਰ ਦੇ ਫੈਸਲੇ ਤਾਂ ਅਖੀਰ ਕਾਦਰ ਅਤੇ ਉਸ ਦੀ ਬਣਾਈ ਕੁਦਰਤ ਭਾਵ ਜੰਤਾ ਜਨਾਰਧਨ ਨੇ ਹੀ ਕਰਨੇ ਹਨ। ਗੁਰੂ ਰਾਖਾ !!!
ਗੁਰਿੰਦਰਪਾਲ ਸਿੰਘ ਧਨੌਲਾ
9316176519
Gurinderpal Singh Dhanoula
ਬਾਦਲਾਂ ਨੂੰ ਭਾਜੜਾਂ, ਨਵੇਂ ਹਲਕੇ ਦੀ ਤਲਾਸ਼, ਵੇਖੋ ਕਿਸ ਹਲਕੇ ਜਾਂ ਆਗੂ ਦੀ ਹੋਵੇਗੀ ਬਲੀ...?
Page Visitors: 2630