ਅਸ਼ੀਸ਼ ਖੇਤਾਨ ਦਾ ਕਸੂਰ ਕੀ ਹੈ ?
ਆਪ (ਆਮ ਆਦਮੀ ਪਾਰਟੀ) ਦੇ ਵਿਧਾਇਕ ‘ਅਸ਼ੀਸ਼ ਖੇਤਾਨ’ ਨੇ ਕੇਜਰੀਵਾਲ ਵਲੋਂ 51 ਸੂਤ੍ਰੀ ਚੋਣ ਘੋਸ਼ਣਾ ਪੱਤ੍ਰ ਜਾਰੀ ਕਰਨ ਮਗਰੋਂ ਕਿਹਾ ਕਿ ਇਹ ਘੋਸ਼ਣਾ ਪੱਤ੍ਰ ਹੀ ਸਾਡੇ ਲਈ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਣ ਹੈ। ਇਸ ਤੇ ਅਕਾਲੀਆਂ ਨੇ ਬਹੁਤ ਹੋ-ਹੱਲਾ ਕੀਤਾ, ਜਿਸ ਤੇ ਅਸ਼ੀਸ਼ ਖੇਤਾਨ ਨੇ ਆਪਣੀ ਗਲਤੀ ਮਹਿਸੂਸ ਕਰਦੇ, ਜਨਤਕ ਤੌਰ ਤੇ ਮੁਆਫੀ ਮੰਗ ਲਈ, ਫਿਰ ਵੀ ਉਸ ਤੇ ਕੇਸ ਪਾ ਕੇ ਬਾਦਲ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਚਾਰਨ ਵਾਲੀ ਗੱਲ ਹੈ ਕਿ ਉਸ ਦਾ ਵਾਕਿਆ ਹੀ ਕੋਈ ਕਸੂਰ ਹੈ ? ਜਾਂ ਇਹ ਵੀ ਬਾਦਲ ਸਰਕਾਰ ਦੀ ਗੁੰਡਾ-ਗਰਦੀ ਹੈ ?
ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਹਨ, ਸਰਵੋਚ ਹਨ।
ਪਰ ਹਿੰਦੂ ਗੀਤਾ ਨੂੰ ਸਰਵੋਚ ਮੰਨਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਪਰ।
ਇਵੇਂ ਹੀ ਮੁਸਲਮਾਨ ਕੁਰਾਨ ਨੂੰ ਸਰਵੋਚ ਮੰਨਦੇ ਹਨ, ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਤੋਂ ਵੀ ਉੱਪਰ।
ਇਵੇਂ ਹੀ ਈਸਾਈ, ਬਾਈਬਲ ਨੂੰ ਸਰਵੋਚ ਮੰਨਦੇ ਹਨ, ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਤੋਂ ਵੀ ਉੱਪਰ।
ਇਸ ਨੂੰ ਕੀ ਕਿਹਾ ਜਾਵੇਗਾ ਕਿ ਉਹ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਦਾ ਨਿਰਾਦਰ ਕਰ ਰਹੇ ਹਨ ?
ਇਵੇਂ ਹੀ ਹਰ ਮੁਲਕ ਦਾ ਆਪਣਾ ਸੰਵਿਧਾਨ ਹੁੰਦਾ ਹੈ, ਉਸ ਦੇ ਮੁਕਾਬਲੇ ਤੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨੀ ਜਾਂਦੀ ਹੈ ਅਤੇ ਨਾ ਹੀ ਗੀਤਾ, ਕੁਰਾਨ ਅਤੇ ਬਾਈਬਲ ਦੀ ਸਿਖਿਆ ਦੀ, ਉਸ ਨੂੰ ਕੀ ਕਿਹਾ ਜਾਵੇਗਾ ਕਿ, ਉਹ ਇਨ੍ਹਾਂ ਸਾਰੇ ਧਰਮ ਗ੍ਰੰਥਾਂ ਦੀ ਨਿਾਰਾਦਰੀ ਕਰਦਾ ਹੈ ?
ਇਵੇਂ ਹੀ ਹਰ ਸਿਆਸੀ ਪਾਰਟੀ ਦਾ ਆੋਣਾ ਚੋਣ ਪੱਤ੍ਰ (ਮੈਨੀਫੈਸਟੋ) ਹੁੰਦਾ ਹੈ, ਜੋ ਉਨ੍ਹਾਂ ਲਈ ਸਰਵੋਤਮ ਹੁੰਦਾ ਹੈ, ਉਸ ਦਾ ਬਦਲ ਨਾ ਦੇਸ਼ ਦਾ ਸੰਵਿਧਾਨ ਹੁੰਦਾ ਹੈ, ਨਾ ਹੀ ਕੋਈ ਧਰਮ-ਗ੍ਰੰਥ। ਕੀ ਕਿਹਾ ਜਾਵੇਗਾ ਕਿ ਉਹ ਦੇਸ਼ ਦੇ ਸੰਵਿਧਾਨ ਅਤੇ ਧਰਮ-ਗ੍ਰੰਥਾਂ ਦਾ ਨਿਰਾਦਰ ਕਰਦੀ ਹੈ ?
ਹਰ ਬੰਦੇ ਲਈ ਆਪਣਾ ਟੀਚਾ ਹੀ ਸਰਵੋਤਮ ਹੁੰਦਾ ਹੈ, ਹਰ ਪਾਰਟੀ ਲਈ ਆਪਣਾ ਟੀਚਾ ਹੀ ਸਰਵੋਤਮ ਹੁੰਦਾ ਹੈ, ਹਰ ਦੇਸ਼ ਲਈ ਆਪਣਾ ਵਿਧਾਨ ਸਰਵੋਤਮ ਹੁੰਦਾ ਹੈ, ਹਰ ਧਰਮ ਲਈ ਆਪਣਾ ਧਰਮ-ਗ੍ਰੰਥ ਹੀ ਸਰਵੋਤਮ ਹੁੰਦਾ ਹੈ, ਕੋਈ ਕਿਸੇ ਦੀ ਨਿਰਾਦਰੀ ਨਹੀਂ ਕਰ ਰਿਹਾ ਹੁੰਦਾ । ਨਿਰਾਦਰੀ ਤਦ ਹੁੰਦੀ, ਜੇ ਅਸ਼ੀਸ਼ ਖੇਤਾਨ ਇਹ ਕਹਿੰਦਾ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਾਡੇ ਮੈਨੀਫੈਸਟੋ ਨੂੰ ਮੰਨਣ, ਜਾਂ ਹਿੰਦੂ ਗੀਤਾ ਦੀ ਥਾਂ ਸਾਡੇ ਮੈਨੀਫੈਸਟੋ ਨੂੰ ਮੰਨਣ, ਜਾਂ ਮੁਸਲਮਾਨ ਅਤੇ ਈਸਾਈ, ਕੁਰਾਨ ਅਤੇ ਬਾਈਬਲ ਨੂੰ ਛੱਡ ਕੇ ਸਾਡੇ ਮੈਨੀਫੈਸਟੋ ਨੂੰ ਮੰਨਣ, ਪਰ ਉਸ ਨੇ ਅਜਿਹਾ ਤਾਂ ਕਿਹਾ ਕੁਝ ਨਹੀਂ। ਐਸੀ ਹਾਲਤ ਵਿਚ ਅਕਾਲੀਆਂ ਨੂੰ, ਉਸ ਦੇ ਮੁਆਫੀ ਮੰਗਣ ਮਗਰੋਂ ਕੋਈ ਅਕਲ ਦੀ ਗੱਲ ਕਰਨੀ ਚਾਹੀਦੀ ਸੀ ।
ਪਰ ਇਨ੍ਹਾਂ ਅਕਾਲੀਆਂ ਨੇ 1947 ਮਗਰੋਂ ਕਦੀ ਸਿੱਖਾਂ ਨੂੰ ਖਤਰਾ, ਕਦੀ ਪੰਥ ਨੂੰ ਖਤਰਾ, ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਰਾ, ਕਦੀ ਪੰਜਾਬੀ ਨੂੰ ਖਤਰਾ, ਕਦੀ ਪਾਣੀਆਂ ਨੂੰ ਖਤਰਾ ਕਹਿ-ਕਹਿ ਕੇ ਸਿੱਖਾਂ ਦੀਆਂ ਵੋਟਾਂ ਬਟੋਰੀਆਂ ਅਤੇ ਸਿੱਖਾਂ ਨੂੰ ਘਸਿਆਰੇ ਬਣਾ ਕੇ ਆਪਣੇ ਬੈਂਕ ਭਰੇ ਹਨ। ਹੁਣ ਸੱਤਾ ਹੱਥੋਂ ਜਾਂਦੀ ਦਿਸਦੀ ਹੈ, ਪਰ ਉਨ੍ਹਾਂ ਕੋਲ ਵਿਕਾਸ ਦਾ ਕੋਈ ਏਜੈਂਡਾ ਨਹੀਂ ਹੈ, ਆਨੇ ਬਹਾਨੇ ਉਹੀ ਚੱਲੇ ਹੋਏ ਕਾਰਤੂਸ ਚਲਾ ਕੇ ਵੋਟਾਂ ਲੈਣ ਦੇ ਚਾਹਵਾਨ ਹਨ, ਪਰ ਹੁਣ ਸਿੱਖ ਸਮਝ ਚੁੱਕੇ ਹਨ ਕਿ
ਸਿੱਖਾਂ ਨੂੰ ਇਨ੍ਹਾਂ ਦੀ ਲੁੱਟ ਤੋਂ ਹੀ ਖਤਰਾ ਹੈ,
ਪੰਥ ਨੂੰ ਇਨ੍ਹਾਂ ਦੀ ਗੱਦਾਰੀ ਤੋਂ ਖਤਰਾ ਹੈ,
ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨ੍ਹਾਂ ਦੇ ਕਰਮ-ਕਾਂਡਾਂ ਤੋਂ ਖਤਰਾ ਹੈ, ਜਦ ਇਹ ਜਨੇਊ ਪਾਉਂਦੇ ਹਨ, ਤਿਲਕ ਲਾਉਂਦੇ ਹਨ, ਹਵਨ-ਯੱਗ ਕਰਦੇ ਹਨ, ਮੁਕਟ ਲਾਉਂਦੇ ਹਨ, ਮੂਰਤੀਆਂ ਦੀ ਪੂਜਾ ਕਰਦੇ ਹਨ, ਤਾਂ ਇਨ੍ਹਾਂ ਵੱਲ ਵੇਖ ਕੇ ਆਮ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਦੂਰ ਜਾਂਦੇ ਹਨ।
ਪੰਜਾਬੀ ਨੂੰ ਵੀ ਇਨ੍ਹਾਂ ਦੇ ਰਾਜ ਤੋਂ ਹੀ ਖਤਰਾ ਹੈ, ਕਿਉਂਕਿ ਪੰਜਾਬੀ ਸੂਬਾ ਹੁੰਦੇ ਹੋਏ ਵੀ ਇਨ੍ਹਾਂ ਦੇ ਰਾਜ ਵਿਚ ਸੈਂਕੜੇ ਐਸੇ ਸਕੂਲ ਹਨ ਜਿਨ੍ਹਾਂ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਬਲਕਿ ਕਈ ਸਕੂਲਾਂ ਵਿਚ ਤਾ ਕੜੇ ਤੇ, ਕਿਰਪਾਨ ਤੇ ਪਾਬੰਦੀ ਹੈ, ਕਈ ਸਕੂਲਾਂ ਵਿਚ ਤਾਂ ਆਨੇ-ਬਹਾਨੇ ਸਿੱਖ ਬੱਚਿਆਂ ਨੂੰ ਦਾਖਲ ਵੀ ਨਹੀਂ ਕੀਤਾ ਜਾਂਦਾ।
ਪਾਣੀਆਂ ਨੂੰ ਖਤਰਾ ਹੈ ਇਨ੍ਹਾਂ ਦੀ ਦਲਾਲੀ ਤੋਂ,
1999 ਵਿਚ ਬਾਦਲ ਨੇ ਵੈਸਾਖੀ ਦੇ ਬਹਾਨੇ 100 ਕਰੋੜ ਰੁਪਏ ਕਿਸ ਗੱਲ ਦੇ ਲਏ ਸਨ ?
ਅੱਜ ਮੋਦੀ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਬਹਾਨੇ 10,000 ਕਰੋੜ ਕਿਸ ਚੀਜ਼ ਦੇ ਲਏ ਹਨ?
ਇਹ ਦਲਾਲੀ ਨਹੀਂ ਤਾਂ ਹੋਰ ਕੀ ਹੈ ?
ਇਹ ਸਿੱਖੀ ਦੇ ਬਣੇ ਠੇਕੇਦਾਰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਵੇਖਣ,
ਇਨ੍ਹਾਂ ਨੂੰ ਪਤਾ ਲੱਗੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਬੇਅਦਬੀ ਕਰਦੇ ਹਨ ?
ਅਜਿਹੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠੇ ਵੀ, ਬਾਦਲ ਤਾਂ ਕੀ ਕਿਸੇ ਛੋਟੇ-ਮੋਟੇ ਨੇਤਾ ਦੇ ਆਉਣ ਤੇ ਖੜੇ ਹੋ ਕੇ ਉਸ ਦਾ ਸਵਾਗਤ ਕਰਦੇ ਹਨ,
ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ?
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਰਾ-ਸਰ ਝੂਠ ਬੋਲਣਾ , ਆਪਸ ਵਿਚ ਲੜਨਾ, ਇਕ ਦੂਸਰੇ ਦੀਆਂ ਦਸਤਾਰਾਂ ਲਾਹੁਣੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ?
ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਕੰਮ ਕਰਨੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ?
ਇਨ੍ਹਾਂ ਰੌਲਾ ਪਾਉਣ ਵਾਲੇ ਸਿੱਖਾਂ ਵਿਚੋਂ ਕਿਹੜਾ, ਇਹ ਕੰਮ ਨਹੀਂ ਕਰਦਾ ?
ਖਾਲੀ ਸਿੱਖ ਹੋਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਦਾ ਠੇਕਾ ਨਹੀਂ ਮਿਲ ਜਾਂਦਾ।
ਆਪਣੀ-ਆਪਣੀ ਔਕਾਤ ਵਿਚ ਰਹੋ, ਜੇ ਹੁਣ ਵੀ ਸਿੱਖਾਂ ਨੂੰ ਬਲੀ ਦਾ ਬੱਕਰਾ ਬਨਾਉਣ ਦੀ ਕੋਸ਼ਿਸ਼ ਜਾਰੀ ਰਹੀ ਤਾਂ ਤੁਹਾਡੇ ਇਕ ਇਕ ਦੇ ਅਕਾਲੀ ਹੋਣ ਦਾ ਵੀ ਸਾਰਾ ਪਾਜ ਖੋਲ੍ਹਿਆ ਜਾਵੇਗਾ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਅਸ਼ੀਸ਼ ਖੇਤਾਨ ਦਾ ਕਸੂਰ ਕੀ ਹੈ ?
Page Visitors: 2702