ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ
ਊਪਰ ਦਰਜ ਤੁਕ ਗੁਰ ਨਾਨਕ ਪਾਤਸ਼ਾਹ ਦੇ ਸ਼ਬਦ ਦੀ ਹੈ (ਪੰਨਾ 12)। ਪੂਰੇ ਸ਼ਬਦ ਦੇ ਅਰਥ ਤੇ ਵਿਆਖਿਆ ਥੱਲੇ ਦਿਤੇ ਹਨ:-
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਨਹਾਰੋ॥1॥
ਜਿਸ ਸਤਿਸੰਗ ਰੂਪੀ ਘਰਿ ਵਿਚ ਕਰਤਾਰ ਦੀ ਉਸਤਤ ਤੇ ਵਿਚਾਰ ਹੁੰਦਾ ਹੋਏ ਉਸ ਘਰ ਵਿਚ ਕਰਤਾਰ ਦਾ ਮੰਗਲਮਈ ਗੀਤ ਗਾਵੋ ਤੇ ਕਰਤਾਰ ਦਾ ਸਿਮਰਨ ਕਰੋ।
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥1॥ਰਹਾਉ॥
ਤੁਸੀਂ ਮੇਰੇ ਨਿਰਭਉ ਸਿਰਜਨਹਾਰ ਦਾ ਮੰਗਲਮਈ ਗੀਤ ਜ਼ਰੂਰ ਗਾਵੋ। ਮੈਂ ਸਦਕੇ ਹਾਂ ਉਸ ਮੰਗਲਮਈ ਗੀਤ ਤੋਂ ਜਿਸ ਦੇ ਗਉਣ ਨਾਲ ਸਦਾ ਸੁਖ ਪ੍ਰਾਪਤ ਹੋ ਜਾਵੇ।
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ॥
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥2॥
ਕਰਤਾਰ ਵਲੋਂ, ਨਿਤ ਨਿਤ ਜੀਵਾਂ ਦੀ ਸੰਭਾਲ ਹੋ ਰਹੀ ਹੈ। ਤੇਰੀ ਸੰਭਾਲ ਵੀ ਉਹੀ ਕਰੇਗਾ। ਤੇਰੇ ਪਾਸੋਂ ਉਸ ਦੇਵਨਹਾਰ ਦੇ ਦਾਨ ਦੀ ਕੀਮਤ ਨਹੀਂ ਪੈ ਸਕਦੀ। ਉਸ ਦਾਤੇ ਦਾ ਲੇਖਾ ਕੌਣ ਕਰ ਸਕਦਾ ਹੈ।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥3॥
ਮੌਤ ਦਾ ਦਿਨ ਤੇ ਸੰਮਤ ਲਿਖਿਆ ਹੋਇਆ ਹੈ। ਹੇ ਸਜਣੋ ! ਮੈਨੂੰ ਅਸੀਸਾਂ ਦੇਵੋ ਤਾਕਿ ਮੌਤ ਨਾਲ ਵਿਆਹ ਕਰਕੇ ਮੇਰਾ ਆਪਣੇ ਸੁਆਮੀ ਵਾਹਿਗੁਰੂ ਨਾਲ ਮੇਲ ਹੋ ਜਾਵੇ।
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਣਿ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥4॥1॥
ਘਰ ਘਰ ਸਦੇ ਪੈ ਰਹੇ ਹਨ ਭਾਵ ਘਰ ਘਰ ਮਰਣ ਵਾਲੇ ਇਹ ਸੰਦੇਸ਼ ਦੇ ਰਹੇ ਹਨ ਕਿ ਇਕ ਦਿਨ ਤੁਸੀਂ ਵੀ ਮਰਣਾ ਹੈ।ਇਸ ਲਈ ਤਿਆਰੀ ਕਰੋ ਭਾਵ ਵਾਹਿਗੁਰੂ ਦਾ ਨਾਮ ਸਿਮਰੋ ਤਾਕਿ ਮੌਤ ਹੋਣ ਤੇ ਵਾਹਿਗੁਰੂ ਨਾਲ ਮੇਲ ਹੋ ਜਾਵੇ।
ਵਿਆਖਿਆ:-
ਸਵਾਲ:- ਹੇ ਦਾਤਾ ਜੀਉ ! ਜੇ ਅਸੀਂ ਸੋਹਿਲਾ ਗਾਉਣ ਵਲ ਹੀ ਜੁੱਟ ਪਏ ਤਾਂ ਸਾਡੀ ਸੰਭਾਲ ਕੌਣ ਕਰੇਗਾ।
ਉੱਤਰ:- ਕਰਤਾਰ ਜੀਵਾਂ ਦੀ ਨਿਤ ਨਿਤ ਸੰਭਾਲ ਕਰ ਰਿਹਾ ਹੈ। ਤੇਰੀ ਸੰਭਾਲ ਵੀ ਉਹੀ ਕਰੇਗਾ ਜਿਸ ਦਾ ਬਿਰਧ ਹੀ ਦੇਵਨਹਾਰ ਹੈ। ਕੀਰਤੀ ਤਾਂ ਮਨ ਨਾਲ ਕਰਨੀ ਹੈ ਤੇ ਕੰਮ ਕਾਜ ਹੱਥਾਂ ਪੈਰਾਂ ਨਾਲ। ਕੰਮ ਕਾਜ ਕਰਦਿਆਂ ਵੀ ਚਿੱਤ ਕੀਰਤੀ ਵਿਚ ਰਹਿ ਸਕਦਾ ਹੈ:-
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ਪੰਨਾ 1376॥
ਸਵਾਲ:- ਇਹ ਕਿਵੇਂ ਪਤਾ ਚਲਿਆ ਕਿ ਸਾਹਾ ਆ ਰਿਹਾ ਹੈ।
ਉੱਤਰ:- ਜਿਉਂਦਿਆਂ ਨੂੰ ਹੋਰਨਾਂ ਦੇ ਮਰਨ ਤੋਂ ਸੰਦੇਸਾ ਆ ਰਿਹਾ ਹੈ:-
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ॥ਪੰਨਾ 1373॥
ਜੇ ਮੌਤ ਕਿਸੇ ਗੁਆਂਡੀ ਤੇ ਆਈ ਹੈ, ਚੇਤੇ ਰੱਖ ਤੇਰੇ ਤੇ ਵੀ ਆੳਣੀ ਹੈ।
ਦੁਨੀਆਵੀ ਵਿਆਹ ਦਾ ਦ੍ਰਿਸ਼ਟਾਂਤ ਬਨ੍ਹ ਕੇ ਗੁਰੂ ਜੀ ਜਿੰਦ ਕੁੜੀ ਨੂੰ ਸਮਝਾ ਰਹੇ ਹਨ ।ਵਿਆਹ ਤੋਂ ਪਹਿਲਾਂ ਕੁੜੀ ਨੂੰ ਮਾਈਏਂ ਪਾਈ ਦਾ ਹੈ। ਚਾਚੀਆਂ,ਤਾਈਆਂ ਭਰਜਾਈਆਂ ਸਹੇਲੀਆਂ, ਕੁੜੀ ਦੇ ਸਿਰ ਵਿਚ ਤੇਲ ਪਾਉਂਦੀਆਂ ਹਨ, ਇਸ਼ਨਾਨ ਕਰਾਉਂਦੀਆਂ ਹਨ।ਸੋਹਲੇ (ਸੁਹਾਗ ਦੇ ਗੀਤ) ਗਾਉਂਦੀਆਂ ਹਨ, ਅਸੀਸਾਂ ਦੇਂਦੀਆਂ ਹਨ ਕਿ ਤੂੰ ਸਹੁਰੇ ਘਰ ਸੁਖੀ ਵਸੇ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਅਸੀਸਾਂ ਦੇ, ਪਤੀ ਨਾਲ ਮਿਲਾਪ ਦੇ ਅਤੇ ਵਿਛੋੜੇ ਭਾਵ ਦੇ ਗੀਤ ਗਉਂਦੀਆਂ ਸਨ। ਅਸੀਸਾਂ ਪਤੀ ਨਾਲ ਮਿਲਾਪ ਦੀਆਂ ਅਤੇ ਵਿਛੋੜਾ ਚਾਚੀਆਂ, ਤਾਈਆਂ, ਭੈਣ ਭਰਜਾਈਆਂ ਭਰਾਵਾਂ ਤੇ ਸਹੇਲੀਆਂ ਦਾ।
ਗੁਰੂ ਜੀ ਨੇ ਸ਼ਬਦ ਵਿਚ ਜਿੰਦ ਕੁੜੀ ਨੂੰ ਸਮਝਾਇਆ ਹੈ ਕਿ ਸਤਿਸੰਗ ਵਿਚ ਕਰਤਾਰ ਦੇ ਗੁਣਾ ਦੇ ਮੰਗਲਮਈ ਗੀਤ ਗਾਇਆ ਕਰ। ਨਿਤ ਦੇ ਸਦੇ ਪੈ ਰਹੇ ਹਨ, ਲੋਕੀਂ ਮਰ ਰਹੇ ਹਨ, ਇਹੋ ਪਾਹੁਚਾ ਹੈ ਕਿ ਸਾਹੇ ਦਿਨ ਤੁਸੀਂ ਵੀ ਪਹੁੰਚਣਾ ਹੋਵੇਗਾ। ਜਦ ਸਦਾ ਮਿਲ ਗਿਆ ਹੈ ਤਦ ਤੁਸੀਂ ਤਿਆਰੀ ਕਰੋ। ਤਿਆਰੀ ਇਹ ਹੈ ਕਿ ਸਦਨਹਾਰੇ ਨੂੰ ਸਿਮਰੋ, ਇਸ ਤੋਂ ਪਹਿਲਾਂ ਕਿ ਸਾਹੇ ਦਿਨ ਆਉਣ ਅਰਥਾਤ ਮੌਤ ਤੋਂ ਪਹਿਲੇ ਪਹਿਲੇ ਸਿਮਰਨ ਕਰ ਲਉ।
ਸਾਹਾ = ਵਿਆਹ ਜਾਣ ਦਾ ਦਿਨ।
ਪਾਹੁਚਾ = ਵਿਆਹ ਘਰ ਵਾਲਿਆਂ ਦਾ ਨਾਈ ਨਿਜ ਦੇ ਸੰਬੰਧੀਆਂ ਨੂੰ ਸਦਾ ਦੇ ਕੇ ਆਉਂਦਾ ਸੀ ਕਿ ਫਲਾਂ ਦਿਨ ਵਿਆਹ ਤੇ ਪਹੁੰਚਣਾ ਹੈ, ਨਾਲ ਭਾਜੀ ਵੀ ਜਾਂਦੀ ਸੀ।
ਸੁਰਜਨ ਸਿੰਘ-----+919041409041
ਸੁਰਜਨ ਸਿੰਘ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ
Page Visitors: 2903