ਵਿਗਿਆਨ, ਧਰਮ ਅਤੇ ਮਨੁੱਖ !
ਪੰਜਾਬੀ ਦੀ ਕਹਾਵਤ ਹੈ 'ਬਾਂਦਰ ਹੱਥ ਸੀਖਾਂ ਦੀ ਡੱਬੀ'!
ਉਹ ਚਾਹੇ ਵਿਗਿਆਨ ਦੀ ਹੋਵੇ ਜਾਂ ਧਰਮ ਦੀ ਜਦ ਕਿਸੇ ਮਾੜੇ ਮੱਨੁਖ ਹੱਥ ਆਵੇਗੀ ਉਹ ਦੁਨੀਆਂ ਨੂੰ ਫੂਕੇਗਾ ਹੀ।
ਵਿਗਿਆਨ ਨੇ ਜਹਾਜ ਦੀ ਕਾਢ ਕੱਢੀ ਕਿ ਬੰਦਾ ਉਪਰ ਉਪਰ ਉੱਡ ਕੇ ਸੌਖਿਆਂ ਸਫਰ ਕਰ ਲਿਆ ਕਰੇਗਾ, ਪਰ ਇਸ ਨੇ ਉਸੇ ਜਹਾਜ ਨਾਲ ਦੁਨੀਆਂ ਉਪਰ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ ?
ਕਿਸੇ ਅਲਟਰਾਸਾਉੂਡ ਬਣਾਇਆ ਕਿ ਅੰਦਰਲੀ ਬਿਮਾਰੀ ਦਾ ਬਾਹਰੋਂ ਪਤਾ ਲਗਾ ਕੇ ਇਲਾਜ ਸੌਖਿਆਂ ਹੋ ਜਾਇਆ ਕਰੂ ਪਰ ਇਸ ਨੇ ਉਸ ਨੂੰ ਕੁੜੀਆਂ ਮਾਰਨ ਲਈ ਵਰਤਣਾ ਸ਼ੁਰੂ ਕਰ ਦਿੱਤਾ!
ਦੁਨੀਆਂ ਉਪਰ ਧਰਮ ਦੇ ਨਾਂ ਲੜਾਈਆਂ ਹੋ ਰਹੀਆਂ ਹਨ ਤਰਕਵਾਦੀ ਕਹਿੰਦਾ ਧਰਮ ਨਾ ਹੋਵੇ ਤਾਂ ਸਿਆਪੇ ਨਾ ਹੋਣ। ਯਾਣੀ ਧਰਮ ਹੋਣਾ ਹੀ ਨਹੀਂ ਚਾਹੀਦਾ। ਪਰ ਮੈਂ ਕਹਿੰਨਾ ਕਿ ਜਿੰਨੀ ਤਬਾਹੀ ਧਰਤੀ ਦੀ ਆਹ ੪੦-੫੦ ਸਾਲਾਂ ਵਿੱਚ ਹੋਈ ਉਨੀ ਪਿੱਛਲੇ ਹਜਾਰਾਂ ਸਾਲਾਂ ਵਿੱਚ ਨਹੀਂ ਹੋਈ ਤੇ ਇਸ ਦਾ ਕਾਰਨ ਵਿਗਿਆਨ ਕਿਉਂ ਨਹੀਂ ?
ਪਰ ਇਹ ਕਹਿਣਾ ਗਲਤ ਹੋਵੇਗਾ ਕਿ ਵਿਗਿਆਨੀ ਹੀ ਮਾਰ ਦਿਓ ਜਾਂ ਵਿਗਿਆਨਕ ਕਾਢਾਂ ਹੀ ਖਤਮ ਕਰ ਦਿਓ।
ਹੋਣਾ ਤਾਂ ਇਹ ਚਾਹੀਦਾ ਕਿ ਬਾਦਰਾਂ ਹੱਥੋਂ ਸੀਖਾਂ ਵਾਲੀ ਡੱਬੀ ਕਿਵੇਂ ਖੋਹੀ ਜਾਵੇ! ਜੇ ਧਰਮ ਦੀ ਵਾਗਡੋਰ ਲੁਟੇਰਿਆਂ ਹੱਥ ਚਲੇ ਗਈ ਹੈ ਤਾਂ ਵਿਗਿਆਨ ਵੀ ਕਿਹੜਾ ਸਾਫ ਹੱਥਾਂ ਵਿੱਚ ਰਹਿ ਗਿਆ ਹੈ।
ਅਮਰੀਕਾ ਅੱਜ ਵਿਗਿਆਨ ਵਿੱਚ ਅੱਗੇ ਨਿਕਲ ਗਿਆ ਤੇ ਉਹ ਜਿਥੇ ਜੀਅ ਕਰਦਾ ਬੰਬ ਮਾਰ ਕੇ ਦੁਨੀਆਂ ਤਬਾਹ ਕਰ ਆਉਂਦਾ। ਵਿਗਿਆਨ ਨੇ ਮੱਨੁਖ ਨੂੰ ਸਹੂਲਤ ਦਿੱਤੀ ਹੈ ਪਰ ਵਿਗਿਆਨ ਨੇ ਬੰਦੇ ਨੂੰ ਮੌਤ ਵੀ ਤਾਂ ਦਿੱਤੀ ਹੈ।
ਧਰਮ ਨੇ ਮਨੁੱਖ ਨੂੰ ਮਨੁੱਖ ਬਣਨ ਵਾਲੇ ਪਾਸੇ ਤੋਰਿਆ ਪਰ ਧਰਮ ਜਿਉਂ ਹੀ ਬਾਦਰਾਂ ਹੱਥ ਆਇਆਂ ਇਨੀ ਧਰਮ ਦੇ ਨਾਂ ਤੇ ਦੁਨੀਆਂ ਫੂਕਣੀ ਸ਼ੁਰੂ ਕਰ ਦਿੱਤੀ।
ਵਿਗਿਆਨ ਨੇ ਬੰਦੇ ਨੂੰ ਸੁੱਖ ਜਰੂਰ ਦਿੱਤੇ ਹਨ ਪਰ ਉਸ ਨੇ ਮਨੁੱਖ ਵਿੱਚਲਾ ਮਨੁੱਖ ਵੀ ਮਾਰ ਦਿੱਤਾ ਹੈ। ਕਿਉਂਕਿ ਵਿਗਿਆਨ ਗਲਤ ਹੱਥਾਂ ਵਿੱਚ ਚਲੇ ਗਿਆ ਹੈ ਉਵੇਂ ਜਿਵੇਂ ਧਰਮ ਉਪਰ ਲੁਟੇਰੇ ਕਾਬਜ ਹੋ ਚੁੱਕੇ ਹੋਏ ਹਨ। ਕੁਦਰਤ ਦੀ ਜਿੰਨੀ ਤਬਾਹੀ ਇਸ ਵਿਗਿਆਨਕ ਜੁੱਗ ਵਿੱਚ ਹੋਈ ਹੈ ਇਨੀ ਕਦੇ ਵੀ ਨਹੀਂ ਹੋਈ। ਮਨੁੱਖ ਦਾ ਬਿੱਲਕੁਲ ਹੀ ਵਪਾਰੀਕਰਨ ਹੋ ਚੁੱਕਾ ਇਸ ਵਿਗਿਆਨਕ ਜੁੱਗ ਵਿੱਚ।
ਤੁਸੀਂ ਹੈਰਾਨ ਹੋਵੋਂਗੇ ਕਿ ਵਿਗਿਆਨ ਮਨੁੱਖ ਕੋਲੋਂ ਮਾਂ ਵੀ ਖੋਹ ਲੈਣ ਵੰਨੀ ਤੁਰ ਪਿਆ ਹੈ। ਜਿਵੇਂ ਤੁਸੀਂ ਅਪਣੇ ਫਾਰਮ ਵਿੱਚ ਟਮਾਟਰਾਂ ਦੀ, ਸਬਜੀਆਂ ਦੀ, ਫੁੱਲਾਂ ਦੀ, ਫਲਾਂ ਦੀ ਪਨੀਰੀ ਉਗਾਉਂਦੇ ਹੋਂ ਉਵੇਂ ਹੁਣ ਮਨੁੱਖਾਂ ਦੀ ਵੀ ਪਨੀਰੀ ਉੱਗਿਆ ਕਰੇਗੀ। ਮੀਆਂ ਬੀਵੀ ਗਰੌਸਰੀ ਕਰਨ ਨਿਕਲਿਆ ਕਰਨਗੇ ਅਤੇ ਬੀਵੀ ਕਿਹਾ ਕਰੇਗੀ ਆਹ ਨਾਲ ਵਾਲੇ ਸਟੋਰੋਂ ਇੱਕ ਕਾਕਾ ਨਾ ਚੱਕ ਲਈਏ! ਤੇ ਇੱਕ ਬੱਗੀ ਵਿੱਚ ਤੁਸੀਂ ਕਾਕਾ ਲੱਦੀ ਆਇਆ ਕਰੋਂਗੇ। ਉਸ ਦੀ ਗਰੰਟੀ-ਵਰੰਟੀ ਵੀ ਨਾਲ! ਇਨੇ ਸਮੇਂ ਵਿੱਚ ਵਾਪਸੀ ਵੀ ਕਰ ਸਕਦੇ। ਨਹੀਂ ਪਸੰਦ ਤਾਂ ਦੂਜਾ ਕਾਕਾ ਜਾਂ ਕਾਕੀ ਲਿਜਾਓ।
ਮਾਂ ਕਿਥੇ ਰਹਿ ਗਈ ?
ਬਾਪ ਕਿਧਰ ਗਿਆ ?
ਰਿਸ਼ਤਾ ਕੀ ਬਚਿਆਂ ਮਨੁੱਖ ਦਾ। ਛੋਟਾ ਬੱਚਾ ਜਦ ਮਾਂ ਦੇ ਥਣੀਂ ਲੱਗ ਕੇ ਦੁੱਧ ਚੁੰਘ ਰਿਹਾ ਹੁੰਦਾ, ਉਹ ਖੁਦਾਈ ਪਲ ਕਿਥੋਂ ਲਭੋਂਗੇ ਤੁਸੀਂ!
ਵਿਗਿਆਨਕ ਕਾਢਾਂ ਚੰਗੇ ਮਨੁੱਖਾਂ ਨੇ ਕੱਢੀਆਂ ਸਨ ਕਿ ਮਨੁੱਖ ਨੂੰ ਸਹੂਲਤ ਦਿੱਤੀ ਜਾ ਸਕੇ, ਮਨੁੱਖ ਸੁੱਖ ਵਿੱਚ ਰਹਿ ਸਕੇ ਪਰ ਉਨਾਂ ਮਨੁੱਖਾਂ ਦਾ ਕੀ ਕਸੂਰ ਜੇ ਅੱਜ ਵਿਗਿਆਨ ਬਾਦਰਾਂ ਹੱਥ ਆ ਗਿਆ?
ਗੁਰੂ ਨਾਨਕ ਸਾਹਿਬ ਨੇ ਪਹਿਲਾ ਸਵਾਲ ਹੀ ਮਨੁੱਖ ਅੱਗੇ ਇਹ ਰੱਖਿਆ ਕਿ ਤੂੰ ਸਚਿਆਰਾ ਕਿਵੇਂ ਹੋਣਾ, ਤੇਰੀ ਕੂੜ ਦੀ ਕੰਧ ਕਿਵੇਂ ਡਿੱਗੇ ਕਿ ਤੂੰ ਚੰਗਾ ਮਨੁੱਖ ਬਣ ਕੇ ਜਿਉਂ ਸਕੇ। ਪਰ ਇਸ ਨੇ ਉਸ ਨਾਲ ਹੀ ਧੰਦਾ ਸ਼ੁਰੂ ਕਰ ਦਿੱਤਾ। ਦੇਹ ਕੋਤਰੀਆਂ ਤੇ ਸੰਪਟ ਪਾਠ। ਦੇਹ ਸੁੱਖਣਾ ਤੇ ਚੜਾਵੇ।
ਕੀ ਕੀ ਚੰਦ ਨਹੀਂ ਚਾਹੜ ਰਹੇ ਤੁਹਾਡੇ 'ਧਾਰਮਿਕ ਮੁਲਾਣੇ' ?
ਕੋਟਾਂ ਕਚਹਿਰੀਆਂ, ਪੱਗੋ ਹੱਥੀ! ਜੇ ਵਿਗਿਆਨ ਦੀ ਵਾਗ ਡੋਰ ਅੱਜ ਗਲਤ ਹੱਥਾਂ ਵਿੱਚ ਹੈ ਤਾਂ ਧਰਮ ਦੀ ਕਿਹੜੀ ਸਚਿਆਰਿਆਂ ਵਿੱਚ ਰਹਿ ਗਈ ?
ਪਰ ਕੀ ਹੁਣ ਵਿਗਿਆਨ ਖਤਮ ਕਰ ਦੇਣਾ ਚਾਹੀਦਾ ?
ਧਰਮ ਮਿਟਾ ਦੇਣਾ ਚਾਹੀਦਾ?
ਵਿਗਿਆਨ ਤੇ ਧਰਮ ਕਿਵੇਂ ਚੰਗੇ ਲੋਕਾਂ ਹੱਥ ਆਵੇ, ਯਾਣੀਂ ਬਾਦਰਾਂ ਹੱਥੋਂ ਸੀਖਾਂ ਵਾਲੀ ਡੱਬੀ ਕਿਵੇਂ ਖੋਹੀ ਜਾਵੇ, ਇਸ ਗੱਲ ਤੇ ਬਹਿਸ ਹੋਣੀ ਚਾਹੀਦੀ ਨਾ ਕਿ ਕਿਸੇ ਨੂੰ ਮਿਟਾਉਂਣ ਜਾਂ ਛੁਟਿਆਉਂਣ ਤੇ !
ਨਹੀਂ ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਵਿਗਿਆਨ, ਧਰਮ ਅਤੇ ਮਨੁੱਖ !
Page Visitors: 2554