ਏਕੁ ਪਿਤਾ ਏਕਸ ਕੇ ਹਮ ਬਾਰਿਕ
“ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਾਲਾ ਗੁਰੂ ਫੁਰਮਾਣ ਵੇਖਣ, ਸੁਨਣ, ਪੜਨ ਨੂੰ ਬੜਾ ਸੁਖਾਲਾ ਅਤੇ ਸਪਸ਼ਟ ਸਿਧਾਂਤ ਦਿੰਦਾ ਹੈ, ਪ੍ਰੰਤੂ ਅਸੀ ਅਜੋਕੀ ਮਨੁੱਖਤਾ ਦੀ ਆਪਸੀ ਭਾਈਚਾਰਕ ਸਾਂਝ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਇਸ ਦਾ ਅਭਾਵ ਹੀ ਦਿਖਾਈ ਦਿੰਦਾ ਹੈ। ਐਸੇ ਸਪਸ਼ਟ ਗੁਰੂ ਹੁਕਮਾਂ ਦੇ ਹੁੰਦਿਆਂ ਵੀ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ” ਦੀ ਰੋਜ਼ਾਨਾ ਅਰਦਾਸ ਕਰਨ ਵਾਲੇ ਮਨੁੱਖਾਂ ਨੂੰ ਅਮਲੀ ਜੀਵਨ ਵਿੱਚ ਇਸ ਦੀ ਸਮਝ ਕਿਉਂ ਨਹੀ ਆ ਰਹੀ, ਵਿਚਾਰਣ ਦਾ ਵਿਸ਼ਾ ਹੈ।
ਜਦੋ ਅਸੀ ਸਮੁਚੀ ਸ਼੍ਰਿਸ਼ਟੀ ਵਲ ਝਾਤੀ ਮਾਰ ਵੇਖਦੇ ਹਾਂ ਤਾ ਕੁਦਰਤ ਦੇ ਹਰ ਪੱਖ ਵਿੱਚ ਬੇਅੰਤਤਾ ਹੀ ਬੇਅੰਤਤਾ ਨੂੰ ਅਨੁਭਵ ਵਿੱਚ ਲਿਆਉਂਦਿਆਂ ਹੋਇਆਂ
“ਵੇਖ ਵਿਡਾਣੁ ਰਹਿਆ ਵਿਸਮਾਦ” (੪੬੩) ਵਾਲੀ ਹਾਲਤ ਹੋ ਜਾਂਦੀ ਹੈ। ਕੁਦਰਤ ਦੀ ਇਸ ਵਿਸਮਾਦਮਈ ਅਵਸਥਾ ਨੂੰ ਜਾਨਣ ਦਾ ਯਤਨ ਕਰਨ ਵਾਲੇ ਨੂੰ ਅਖੀਰ
“ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤ ਨ ਜਾਈ ਲਖਿਆ।। “ ਕਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਮਨ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ ਇੰਨੀ ਬੇਅੰਤ ਸ਼੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੌਣ ਹੈ, ਇਸ ਵਿੱਚ ਇੰਨੇ ਰੰਗ ਕਿਸ ਵਲੋਂ, ਕਿਵੇਂ ਭਰੇ ਗਏ ਹਨ? ਗੁਰੂ ਨਾਨਕ ਸਾਹਿਬ ਸਾਡੀ ਅਗਵਾਈ ਕਰਦੇ ਹਨ-
ਆਪੀਨੈ ਆਪ ਸਾਜਿਓ ਆਪੀਨੈ ਰਚਿਓ ਨਾਉ।।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। (੪੬੩)
ਸਾਰੀ ਸ਼੍ਰਿਸ਼ਟੀ ਨੂੰ ਸਾਜਣ ਵਾਲਾ ਵਾਹਿਦ ਪ੍ਰਮੇਸ਼ਰ ਆਪ ਹੀ ਹੈ। ਇਸ ਦੀ ਸਾਜਨਾ ਕਰਕੇ ਪ੍ਰਭੂ ਇਸ ਵਿੱਚ ਪੂਰਨ ਤੌਰ ਤੇ ਵੱਸ ਰਿਹਾ ਹੈ, ਇਸ ਤੋ ਸਪਸ਼ਟ ਹੈ ਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਇੱਕ ਪ੍ਰਮਾਤਮਾ ਹੀ ਹੈ, ਅਸੀਂ ਸਾਰੇ ਉਸੇ ਦੀ ਹੀ ਸੰਤਾਨ ਹਾਂ। ਪਰ ਮਨੁੱਖ ਦੇ ਆਪਣੇ ਮੂਲ ਨਾਲੋਂ ਟੁੱਟ ਕੇ
“ਇਕ ਮੂਲੁ ਨ ਬੁਝਨਿ ਆਪਣਾ ਅਣਹੋਦਾ ਆਪੁ ਗਣਾਇਦੇ”
ਵਾਲੀ ਅਵਸਥਾ ਵਿੱਚ ਵਿਚਰਦਿਆਂ ਵਿਤਕਰੇ ਭਰਪੂਰ ਜੀਵਨ ਜਾਚ ਬਣ ਜਾਂਦੀ ਹੈ। ਐਸਾ ਕਿਉਂ ਹੁੰਦਾ ਹੈ? ਮਨੁੱਖ ਦੇ ਅੰਦਰ ਦੀ ਹਉਮੈ ਭਾਵ ਪ੍ਰਭੂ ਤੋ ਵੱਖਰਾਪਨ
“ਏਕੁ ਪਿਤਾ ਏਕਸ ਕੇ ਹਮ ਬਾਰਿਕ”
ਦੇ ਰੱਬੀ ਸਿਧਾਂਤ ਵਿੱਚ ਸਭ ਤੋ ਵੱਡੀ ਰੁਕਾਵਟ ਹੈ। ਇਸੇ ਹਉਮੈ ਦੇ ਕਾਰਣ ਹੀ ਮਨੁੱਖ ਸੁਆਰਥ ਵਸ ਹੋ ਕੇ, ਮੈਂ ਮੇਰੀ ਦੇ ਚੱਕਰ ਵਿੱਚ ਫਸ ਕੇ, ਮੇਰਾ ਪ੍ਰਵਾਰ, ਮੇਰਾ ਘਰ, ਮੇਰੀ ਜਾਇਦਾਦ ਆਦਿਕ ਵਿੱਚ ਐਸਾ ਉਲਝ ਜਾਂਦਾ ਹੈ ਕਿ ਵਾਪਸੀ ਦੇ ਸਾਰੇ ਰਸਤੇ ਆਪ ਹੀ ਬੰਦ ਕਰ ਬੈਠਦਾ ਹੈ ਅਤੇ ਮਕੜੀ ਦੇ ਜਾਲਾ ਬਣਾਉਣ ਵਾਂਗ, ਆਪ ਹੀ ਆਪਣੇ ਬਣਾਏ ਹਉਮੈ, ਸੁਆਰਥ ਦੇ ਜਾਲ ਵਿੱਚ ਬੁਰੀ ਤਰਾਂ ਫਸ ਕੇ ਰਹਿ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਮਨੁੱਖਤਾ ਨੂੰ ਸੁਨੇਹਾ ਦੇ ਰਹੀ ਹੈ ਕਿ ਆਪਣੇ ਸੁਆਰਥ ਨੂੰ ਹਟਾ ਕੇ ਨਿਰਸੁਆਰਥ ਹੋ ਜਾ, ਸਾਰੀ ਦੁਨੀਆਂ ਨਾਲ
“ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (੬੭੧)
ਵਾਲਾ ਪਿਆਰ ਪਾ ਲੈ। ਜਦੋ ਦੁਨੀਆਂ ਨਾਲ ਇਸ ਤਰਾਂ ਪਿਆਰ ਪਾ ਲਵੇਂਗਾ, ਮਨ ਵਿੱਚ ਕੋਈ ਵਿਤਕਰਾ ਨਹੀ ਰਹੇਗਾ।
“ਸਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ।। (੯੭)
ਵਾਲੀ ਅਵਸਥਾ ਵਿੱਚ ਵਿਚਰਦਿਆਂ ਜਿੰਨਾ ਪਿਆਰ ਅਸੀਂ ਆਪਣੇ ਬੱਚਿਆਂ ਨੂੰ ਕਰਦੇ ਹਾਂ, ਉਨਾਂ ਦੂਜਿਆਂ ਨੂੰ ਵੀ ਕਰਾਂਗੇ, ਜਿੰਨਾ ਅਸੀਂ ਆਪਣਿਆਂ ਲਈ ਦੁਖੀ ਹੁੰਦੇ ਹਾਂ ਉਨਾਂ ਦੂਸਰਿਆਂ ਲਈ ਵੀ ਹੋਵਾਂਗੇ। ਜਦੋ ਸੁਆਰਥ ਨਿਰਸੁਆਰਥ ਵਿੱਚ ਤਬਦੀਲ ਹੋ ਜਾਂਦਾ ਹੈ ਤਾਂ
“ਏਕੁ ਪਿਤਾ ਏਕਸ ਕੇ ਹਮ ਬਾਰਿਕ” ਦਾ ਰੱਬੀ ਸਿਧਾਂਤ ਸਾਡੀ ਸਮਝ ਵਿੱਚ ਵੀ ਆ ਜਾਂਦਾ ਹੈ। ਇਸ ਰੱਬੀ ਸਿਧਾਂਤ ਨੂੰ ਅਮਲੀ ਜੀਵਨ ਵਿੱਚ ਸਮਝਣ ਵਾਲੀਆਂ ਭਾਈ ਘਨਈਆ ਜੀ ਅਤੇ ਭਗਤ ਪੂਰਨ ਸਿੰਘ ਆਦਿ ਦੀਆਂ ਪ੍ਰਤੱਖ ਇਤਿਹਾਸਕ ਉਦਾਹਰਣਾਂ ਸਾਡੇ ਸਾਹਮਣੇ ਹਨ।
ਸੰਸਾਰ ਵਿੱਚ ਤੇਰਾ-ਮੇਰਾ, ਆਪਣਾ-ਬਿਗਾਨਾ ਆਦਿ ਦੀ ਉਲਝਣ ਸ਼ੁਰੂ ਤੋਂ ਹੀ ਚਲੀ ਆ ਰਹੀ ਹੈ। ਇਸ ਤਾਣੇ ਬਾਣੇ ਵਿੱਚ ਉਲਝ ਕੇ ਮਨੁੱਖੀ ਸਮਾਜ ਕਈ ਊਣਤਾਈਆਂ, ਵਿਕਾਰਾਂ, ਕਮਜ਼ੋਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਵੰਡੀਆਂ, ਵਿਤਕਰੇ ਸੁਚੱਜੇ ਸਮਾਜ ਦੀ ਬਣਤਰ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਕੇ ਸਮਾਜ ਨੂੰ ਘੁਣ ਵਾਂਗ ਅੰਦਰੋਂ ਖੋਖਲਾ ਕਰੀ ਜਾ ਰਹੇ ਹਨ।
ਦਸ ਗੁਰੂ ਸਾਹਿਬਾਨ ਨੇ ਮਨੁੱਖੀ ਸਮਾਜ ਨੂੰ ਇਸ ਖੋਖਲੇਪਨ ਤੋਂ ਨਿਜਾਤ ਦਿਵਾਉਣ ਲਈ ਮਨੁੱਖਤਾ ਦੇ ਸਾਹਮਣੇ ਇੱਕ ਨਵਾਂ ਤੇ ਨਿਵੇਕਲਾ ਸਿਧਾਂਤ ਪੇਸ਼ ਕੀਤਾ। ਗੁਰੂ ਸਾਹਿਬ ਵਲੋਂ ਦਰਸਾਏ ਸਿਧਾਂਤ ਦੀ ਵਡਿਆਈ, ਵਿਲੱਖਣਤਾ ਹੀ ਇਹੀ ਹੈ ਕਿ ਰੱਬ ਕਿਤੇ ਸਤਵੇਂ ਅਸਮਾਨ ਤੇ ਨਹੀਂ ਬੈਠਾ ਸਗੋਂ ਆਪਣੀ ਸਾਜੀ ਸ਼੍ਰਿਸ਼ਟੀ ਦੇ ਕਣ-ਕਣ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਸਮਾਇਆ ਹੋਇਆ ਹੈ।
ਇਸ ਪ੍ਰਥਾਇ ਗੁਰੂ ਵਾਕ ਹਨ:-
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧੁ ਮਹਿ ਘੀਆ।।
ਊਚ ਨੀਚ ਮਹਿ ਜੋਤ ਸਮਾਣੀ ਘਟਿ ਘਟਿ ਮਾਧਉ ਜੀਆ।। (੬੧੭)
ਜਦੋਂ ਸਾਨੂੰ ਪ੍ਰਮੇਸ਼ਰ ਸਾਰਿਆਂ ਵਿੱਚ ਇੱਕ ਸਮਾਨ ਵੱਸਦਾ ਪ੍ਰਤੀਤ ਹੋਵੇਗਾ ਤਾਂ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਜੈਨੀ, ਬੋਧੀ ਪਾਰਸੀ ਆਦਿ ਦੇ ਸਭ ਮਜਹਬੀ ਝਗੜੇ ਖਤਮ ਹੋ ਜਾਣਗੇ, ਕੋਈ ਵਿਤਕਰਾ ਨਹੀ ਰਹੇਗਾ, ਇਹ ਗੁਰੂ ਸਿਧਾਂਤ ਪੱਕੇ ਤੌਰ ਤੇ ਸਾਡੀ ਸਮਝ ਵਿੱਚ ਆ ਜਾਵੇਗਾ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। (੧੩੫੦)
ਐਸੇ ਗੁਰੂ ਹੁਕਮਾਂ ਦੇ ਹੁੰਦਿਆਂ ਹੋਇਆਂ ਅਸੀਂ ਕਿਸੇ ਹੋਰ ਨੂੰ ਬੁਰਾ ਭਲਾ ਕਿਵੇਂ ਆਖ ਸਕਦੇ ਹਾਂ?
ਬੁਰਾ ਭਲਾ ਕਹੁ ਕਿਸਨੋ ਕਹੀਐ ਸਗਲੇ ਜੀਅ ਤੁਮਾਰੇ (੩੮੩)
ਜਦੋ ਇਸ ਤਰਾਂ ਗੁਰਮਤਿ ਭਰਪੂਰ ਦ੍ਰਿਸ਼ਟੀ ਨਾਲ ਸੰਸਾਰ ਨੂੰ ਵੇਖਣ ਦੀ ਜਾਚ ਆ ਜਾਵੇਗੀ ਫਿਰ ਸਾਡੇ ਮਨਾਂ ਵਿੱਚ ਪਈਆਂ ਹੋਈਆਂ ਵਿਤਕਰੇ ਦੀਆਂ ਵਿਥਾਂ ਪੂਰਨ ਤੌਰ ਤੇ ਖਤਮ ਹੋ ਜਾਣਗੀਆਂ। ਫਿਰ ਕੋਈ ਮਨੁੱਖ ਸਰਬ ਸਾਂਝੇ ਰੱਬ ਨੂੰ ਕਿਸ ਨਾਮ ਨਾਲ ਚੇਤੇ ਕਰ ਰਿਹਾ ਹੈ, ਕਿਵੇਂ ਯਾਦ ਕਰ ਰਿਹਾ ਹੈ, ਬਾਰੇ ਸਭ ਭੁਲੇਖੇ ਖਤਮ ਹੋ ਜਾਣਗੇ।
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ।।
ਕੋਈ ਸੇਵੇ ਗੁਸਈਆ ਕੋਈ ਅਲਾਹਿ।।
ਕਾਰਣ ਕਰਣ ਕਰੀਮ।। ਕਿਰਪਾ ਧਾਰ ਰਹੀਮ।। (੮੮੫)
ਪ੍ਰਮੇਸ਼ਰ ਸਾਰੀ ਸ਼੍ਰਿਸ਼ਟੀ ਦਾ ਕਰਤਾ ਹੈ, ਸ਼੍ਰਿਸ਼ਟੀ ਦਾ ਮੁੱਢ ਹੈ, ਸ਼੍ਰਿਸ਼ਟੀ ਦੇ ਕਣ ਕਣ ਵਿੱਚ ਇੱਕ ਰਸ ਸਮਾਇਆ ਹੋਇਆ ਹੈ। ਪ੍ਰੰਤੂ
“ਕਹਿ ਰਵਿਦਾਸ ਹਾਥ ਪੈ ਨੇਰੈ” (੬੫੮)
ਹੁੰਦਾ ਹੋਇਆ ਵੀ ਮਨੁੱਖ ਦੀ ਸਮਝ ਤੋਂ ਬਾਹਰ ਕਿਉਂ ਹੋ ਜਾਂਦਾ ਹੈ? ਜਦੋਂ ਇਸਦੇ ਬਾਹਰੀ ਕਾਰਣਾਂ ਨੂੰ ਖੋਜਣ ਦੀ ਬਜਾਏ ਆਪਣੇ ਅੰਦਰ ਵਲ ਝਾਤੀ ਮਾਰ ਕੇ ਵੇਖਣ ਦਾ ਯਤਨ ਕਰਦੇ ਹਾਂ ਤਾਂ ਸਾਡੀ “ਜੀਅਹੁ ਮੈਲੇ ਬਾਹਰਹੁ ਨਿਰਮਲ”
ਵਾਲੀ ਬਣ ਚੁਕੀ ਅਵਸਥਾ ਹੀ ਵਿਖਾਈ ਦਿੰਦੀ ਹੈ, ਕਿਉਂਕਿ ਅਸੀਂ ਬਾਹਰੀ ਵਿਖਾਵਾ ਤਾਂ ਧਰਮੀ ਹੋਣ ਦਾ ਕਰਦੇ ਹਾਂ ਪਰ ਮਨੁੱਖ ਨੂੰ ਮਨੁੱਖ ਨਾਲ ਜੋੜ ਕੇ ਵੇਖਣ ਵਾਲੀ ਧਰਮ ਦੀ ਮੂਲ ਭਾਵਨਾ ਤੋ ਕੋਹਾਂ ਦੂਰ ਚਲੇ ਜਾਂਦੇ ਹਾਂ। ਧਰਮ ਦੇ ਮੂਲ ਸਿਧਾਂਤ ਬਾਰੇ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ।
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ।।
ਮੰਦਾ ਕਿਸ ਨੋ ਆਖੀਐ ਜ਼ਾ ਤਿਸੁ ਬਿਨੁ ਕੋਈ ਨਾਹਿ।। (੧੩੮੧)
ਅਥਵਾ
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। (੧੨੯੯)
“ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਸਿਧਾਂਤ ਨੂੰ ਸਮਝਣ ਲਈ ਸਾਨੂੰ
“ਜੀਅਹੁ ਮੈਲੇ ਬਾਹਰਹੁ ਨਿਰਮਲ” ਦੀ ਥਾਂ ਤੇ
“ਜੀਅਹੁ ਨਿਰਮਲ ਬਾਹਰਹੁ ਨਿਰਮਲ”
ਵਾਲੀ ਜੀਵਨ ਅਵਸਥਾ ਦਾ ਪਾਲਣ ਕਰਨਾ ਜਰੂਰੀ ਹੈ, ਜਿਸ ਦਿਨ ਅਸੀਂ ਇਸ ਪਾਸੇ ਸਹੀ ਅਰਥਾਂ ਵਿੱਚ ਚਲ ਪਏ, ਅਸੀਂ ਅੰਦਰੋਂ ਬਾਹਰੋਂ ਇੱਕ ਹੋ ਗਏ, ਬਾਹਰੀ ਵਿਖਾਵੇ ਲਈ ਫਾਲਤੂ ਖਰਚ ਨਾ ਕਰਕੇ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ` ਦੇ ਪਾਂਧੀ ਬਣਾਂਗੇ ਤਾਂ ਮਨੁੱਖਾਂ ਦੇ ਵੱਖ ਵੱਖ ਪਹਿਰਾਵੇ, ਰੰਗ-ਨਸਲ, ਜਾਤ-ਪਾਤ, ਮਜਹਬ ਦੇ ਅਧਾਰ ਤੇ ਸਾਡੇ ਮਨਾਂ ਵਿੱਚ ਪੈਦਾ ਹੋਏ ਵਿਤਕਰੇ ਖਤਮ ਹੋ ਜਾਣਗੇ, ਫਿਰ ਸਹੀ ਅਰਥਾਂ ਵਿੱਚ
“ਬੇਗਮਪੁਰਾ ਸਹਰ ਕੋ ਨਾਉ” (੩੪੫) ਵਾਲੇ ਸੁਚੱਜੇ ਸਮਾਜ ਦੀ ਸਿਰਜਨਾ ਹੋ ਜਾਵੇਗੀ।
“ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ” ਦੀ ਰੋਸ਼ਨੀ ਵਿੱਚ ਚਲਦਿਆਂ ਸਾਡੇ ਹਿਰਦੇ ਵਿਚੋਂ ਫਿਰ ਪਰਮੇਸ਼ਰ ਦੇ ਚਰਨਾਂ ਵਿੱਚ ਕੀਤੀ ਜਾਣ ਵਾਲੀ ਅਰਦਾਸ ਕੇਵਲ ਨਿਜ ਲਈ ਨਹੀ ਸਗੋਂ ਸਮੁੱਚੇ ਸੰਸਾਰ ਦੇ ਭਲੇ ਲਈ ਨਿਕਲੇਗੀ-
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।। (੮੫੩)
ਗੁਰੂ ਸਾਹਿਬਾਨ ਵਲੋਂ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦਾ ਦਿਤਾ ਗਿਆ ਉਪਦੇਸ਼ ਕੇਵਲ ਕਥਨੀ ਮਾਤਰ ਹੀ ਨਹੀ ਸਗੋਂ ਇਸ ਨੂੰ ਅਮਲੀ ਜਾਮਾ ਪਹਿਨਾ ਕੇ ਪੂਰਨ ਰੂਪ ਵਿੱਚ ਪ੍ਰੈਕਟੀਕਲ ਕਰਕੇ ਵੀ ਵਿਖਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ, ਵੱਖ ਵੱਖ ਜਾਤਾਂ, ਵੱਖ ਵੱਖ ਇਲਾਕਿਆਂ ਦੇ 15 ਭਗਤਾਂ, 11 ਭਟਾਂ ਅਤੇ ਇਥੋਂ ਤਕ ਕਿ ਪਿਆਰੇ ਗੁਰਸਿੱਖਾਂ ਦੀ ਬਾਣੀ ਵੀ ਦਰਜ ਕਰਕੇ ਪੂਰਨ ਸਤਿਕਾਰ ਅਤੇ ਮਾਣ ਦਿਤਾ ਗਿਆ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਵੰਡੀ ਗਈ ਤਾਂ ਉਸ ਨੂੰ ਵੀ ਕਿਸੇ ਇੱਕ ਫਿਰਕੇ, ਕਿਸੇ ਇੱਕ ਇਲਾਕੇ ਦੇ ਲੋਕਾਂ ਤਕ ਸੀਮਤ ਨਹੀ ਕੀਤਾ, ਸਗੋ ਕੋਈ ਲਾਹੌਰ ਤੋਂ, ਕੋਈ ਦਿੱਲੀ ਤੋਂ, ਕੋਈ ਜਗਨਨਾਥਪੁਰੀ ਤੋਂ, ਕੋਈ ਦਵਾਰਕਾ ਤੋਂ, ਕੋਈ ਬਿਦਰ ਤੋਂ ਵੱਖ ਵੱਖ ਜਾਤਾਂ ਬਰਾਦਰੀਆਂ ਦੇ ਪੰਜ ਅਤੀ ਉਤਮ ਮਨੁੱਖਾਂ ਨੂੰ ਸਾਂਝੇ ਬਾਟੇ ਵਿਚੋਂ ਅੰਮ੍ਰਿਤ ਛਕਾ ਕੇ ਅਮਲੀ ਰੂਪ ਵਿੱਚ ਇੱਕ ਕਰਕੇ ਵਿਖਾ ਦਿਤਾ ਅਤੇ ਫਿਰ ਆਪਣੇ ਸਾਜੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਆਪ ਮੰਗ ਕੇ ਲੈਣ ਨਾਲ ਇੱਕ ਲਾਮਿਸਾਲੀ ਸੇਧ ਸੰਸਾਰ ਨੂੰ ਦਿਤੀ।
ਗੁਰੂ ਸਾਹਿਬਾਨ ਨੇ ਧਰਮ ਦੇ ਮੂਲ ਸਿਧਾਂਤ “ੴ “ ਨੂੰ ਨਾ ਕੇਵਲ ਪੰਜਾਬ ਸਗੋ ਸੰਸਾਰ ਦੇ ਹਰ ਕੋਨੇ ਵਿੱਚ ਬਿਨਾ ਕਿਸੇ ਵਿਤਕਰੇ ਦੇ ਪ੍ਰਚਾਰ ਅਤੇ ਪਸਾਰ ਕੀਤਾ। ਗੁਰੂ ਕਾਲ ਦੇ 239 ਸਾਲ ਦੇ ਲੰਮੇ ਸਮੇ ਵਿੱਚ ਇੱਕ ਰਸ, ਇੱਕ ਸੂਤਰ ਵਿੱਚ ਪ੍ਰੋਤੀ ਹੋਈ ਯੋਜਨਾਬੱਧ ਨਿਰਤੰਰ ਪ੍ਰੈਕਟੀਕਲ ਟਰੇਨਿੰਗ ਸਮੁੱਚੀ ਲੋਕਾਈ ਨੂੰ ਬਿਨਾ ਕਿਸੇ ਭੇਦ ਭਾਵ ਦੇ ਦਿਤੀ ਗਈ।
ਆਉ ਅਸੀਂ ਸਾਰੇ ਰਲ ਮਿਲ ਕੇ ਗੁਰਬਾਣੀ ਦੀ ਸਹੀ ਅਰਥਾਂ ਵਿੱਚ ਸਤਿਸੰਗਤ ਕਰਦੇ ਹੋਏ ਆਪਣੇ ਜੀਵਨ ਵਿਚੋਂ ਪਰਾਈ ਤਾਤ ਨੂੰ ਪਾਸੇ ਕਰ ਲਈਏ ਅਤੇ ਕੁਲ ਦੁਨੀਆਂ ਦੇ ਸਰਬ-ਸਾਂਝੀਵਾਲਤਾ ਦੇ ਇਕੋ ਇੱਕ ਸਦੀਵੀ ਸੋਮੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਮਾਨਵਤਾਵਾਦੀ ਗੁਰਮਤਿ ਵਿਚਾਰਧਾਰਾ ਵਾਲੇ ਕਰਤਵ ਦੀ ਪੂਰਤੀ ਕਰਦੇ ਹੋਏ ਗੁਰੂ ਦੀਆਂ ਨਜਰਾਂ ਵਿੱਚ ਪ੍ਰਵਾਨ ਚੜੀਏ।
==============
ਸੁਖਜੀਤ ਸਿੰਘ ਕਪੂਰਥਲਾ
ਸੁਖਜੀਤ ਸਿੰਘ ਕਪੂਰਥਲਾ
ਏਕੁ ਪਿਤਾ ਏਕਸ ਕੇ ਹਮ ਬਾਰਿਕ
Page Visitors: 2722