ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ
ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ
Page Visitors: 3502

  ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ
ਊਪਰ ਲਿਖੀ ਤੁਕ ਪੰਜਵੇਂ ਪਾਤਸ਼ਾਹ ਦੇ ਸ਼ਬਦ ਦੀ ਹੈ। ਸ਼ਬਦ ਪੰਨਾ 818 ਤੇ ਬਿਲਾਵਲੁ ਰਾਗੁ ਵਿਚ ਦਰਜ ਹੈ।
ਸ਼ਬਦ ਦੇ ਅਰਥ ਵਿਆਖਿਆ:-                                                                      
ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ॥
ਤੁਮ੍‍ਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ
॥1॥
ਹੇ ਵਾਹਿਗੁਰੂ ! ਮੈਂ ਤੇਰਾ ਦਾਸ ਹਾਂ। ਮੇਰੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਕਰ ਦੇ ਤਾਕਿ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਵਿਕਾਰਾਂ ਦਾ ਨਾਸ ਹੋ ਜਾਏ।
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ॥
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ
॥1॥ਰਹਾਉ॥
ਹੇ ਸਰਬ ਵਿਆਪਕ ਪ੍ਰਭੂ, ਸਾਰੇ ਗੁਣਾ ਦੇ ਖ਼ਜ਼ਾਨੇ ! ਮੈਨੂੰ ਤੇਰੇ ਹੀ ਸੋਹਣੇ ਚਰਣਾਂ ਦਾ ਆਸਰਾ ਹੈ। ਜਦ ਤਕ ਮੇਰੇ ਅੰਦਰ ਸਵਾਸ ਚਲ ਰਹੇ ਹਨ ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ ਸਾਲਾਹ ਕਰਦਾ ਰਹਾਂ।
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ॥
ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ
॥2॥7॥71॥
ਹੇ ਪ੍ਰਭੂ ! ਤੂੰ ਹੀ ਮੇਰੀ ਮਾਤਾ ਹੈਂ, ਤੂੰ ਹੀ ਮੇਰਾ ਪਿਤਾ ਅਤੇ ਸਾਕ ਸੈਣ ਹੈਂ। ਤੂੰ ਸਾਰੇ ਜੀਵਾਂ ਵਿਚ ਵੱਸਦਾ ਹੈਂ। ਹੇ ਨਾਨਕ ! ਜਿਸ ਪ੍ਰਭੂ ਦੀ ਸਿਫ਼ਤਿ ਸਾਲਾਹ ਜੀਵਨ ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ।
ਵਿਆਖਿਆ:-ਸ਼ਬਦ ਵਿਚ “ਚਰਨ ਕਮਲ ਕਾ ਆਸਰਾ” ਲਇਆ ਹੈ।
 ਪ੍ਰਸ਼ਨ:- ਵਾਹਿਗੁਰੂ/ਗੁਰੂ ਦੇ ਚਰਣ ਕੀ ਹਨ ?
 ਉੱਤਰ:-ਹਿਰਦੈ ਚਰਣ ਸ਼ਬਦੁ ਸਤਿਗੁਰ ਕੋ ਨਾਨਕ ਬਾਂਧਿਉ ਪਾਲ”-- ਪੰਨਾ 680॥--
-ਹੈ ਨਾਨਕ ! ਜਿਸ ਮਨੁੱਖ ਨੇ ਸਤਿਗੁਰ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਣ ਵੱਸੇ ਰਹਿੰਦੇ ਹਨ।
 ਸਤਿਗੁਰ ਦੀ ਬਾਣੀ ਹੀ ਵਾਹਿਗੁਰੂ /ਗੁਰੂ ਦੇ ਚਰਣ ਹਨ।
 ਪਰ ਤਰਾਸਦੀ ਇਸ ਗੱਲ ਦੀ ਹੈ ਕਿ ਆਪਣੇ ਆਪ ਨੂੰ ਜਾਗਰੂਕ ਘੋਸ਼ਿਤ ਕਰਨ ਵਾਲੇ ਕਈ ਸਿੱਖ ਸੱਜਨ, ਦਸ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਹੀ ਨਹੀਂ ਮੰਨਦੇ।    
   ਇਹੋ ਜਿਹੇ ਜਾਗਰੂਕਾਂ ਨੇ ਸਤਿਗੁਰ ਦੀ ਬਾਣੀ ਹਿਰਦੇ ਵਿਚ ਕੀ ਵਸਾਉਣੀ ਹੈ।
   ਕਈ  ਤਥਾ- ਕਥਿਤ ਸਿੱਖ ਜਾਗਰੂਕ ਸੱਜਨ ਗੁਰਬਾਣੀ ਦੇ ਕੀਰਤਨ ਦਾ ਖੰਡਣ ਕਰਦੇ ਹਨ ਤੇ ਕਈ ਆਖਦੇ ਹਨ ਕਿ ਨਿਤਨੇਮ ਕਰਨ ਦਾ ਕੋਈ ਫਾਇਦਾ ਨਹੀਂ ਹੈ।
 ਪਰ ਇਹੋ ਜਿਹੇ  ਸਿੱਖ ਜਾਗਰੂਕ ਜਦ ਲੈਕਚਰ ਕਰਦੇ ਹਨ, ਲੇਖ ਲਿਖਦੇ ਹਨ ਤਾਂ (QUOTATIONS) ਹਵਾਲੇ ਗੁਰਬਾਣੀ ਦੇ ਹੀ ਦੇਂਦੇ ਹਨ। ਇਹ ਗੱਲ ਵਖਰੀ ਹੈ ਕਿ ਗੁਰਬਾਣੀ ਦੇ ਅਰਥ ਉਹ ਆਪਣੇ ਮਨ ਭਾਉਂਦੇ ਕਰਦੇ ਹਨ। ਜੁਗ ਪਦਾਰਥਵਾਦ ਦਾ ਹੈ। ਰੈਟ ਰੇਸ (Rat Race) ਲਗੀ ਹੋਈ ਹੈ। ਜੇ ਠੀਕ ਪ੍ਰਕ੍ਰਿਆ ਨਾਲ ਅੱਗੇ ਨਹੀਂ ਵੱਧਿਆ ਜਾ ਸਕਦਾ ਤਾਂ ਕੂਹਨੀ ਮਾਰ ਕੇ ਅੱਗੇ ਵਧਣ ਦਾ ਤਰੀਕਾ ਵਰਤਿਆ ਜਾ ਰਿਹਾ ਹੈ।
 ਕਈ ਤਥਾ-ਕਥਿਤ ਸਿੱਖ ਜਾਗਰੂਕ ਚੋਚਲੇ ਇਸ ਲਈ ਛੱਡਦੇ ਹਨ ਤਾਕਿ ਉਨ੍ਹਾਂ ਦੀ ਮਾਰਕੀਟ ਬਣੀ ਰਹੇ।
 “ਓਹੁ ਗਲ ਫਰੋਸੀ ਕਰੇ ਬਹੁਤੇਰੀ”-ਪੰਨਾ 303॥
 ਗਲ ਫਰੋਸੀ ਦੇ ਅਰਥ ਹਨ:-  ਗੱਲਾਂ ਵੇਚਣੀਆਂ, ਗੱਲਾਂ ਦੀ ਖੱਟੀ ਖਾਣੀ।
ਗੁਰੂ ਨੂੰ ਸਮਰਪਤਿ ਹੋ ਕੇ ਜਦ ਪਰਮਾਤਮਾ ਅੱਗੇ ਅਰਜ਼ੋਈ ਕੀਤੀ ਜਾਏ ਕਿ ਹੇ ਪ੍ਰਭੂ !  ਮੈਂ ਤੇਰਾ ਦਾਸ ਹਾਂ, ਮੇਰੇ ਹਿਰਦੇ ਅੰਦਰ ਆਤਮਕ ਜੀਵਨ ਦਾ ਚਾਨਣ ਕਰ ਅਤੇ ਮੇਰੇ ਅੰਦਰੋਂ ਵਿਕਾਰਾਂ ਦਾ ਨਾਸ ਕਰ ਤਦ ਹੀ ਆਤਮਕ ਜੀਵਨ ਦਾ ਅੰਦਰ ਚਾਨਣ ਹੁੰਦਾ ਹੈ ਅਤੇ ਵਿਕਾਰ ਖੇਹੜਾ ਛੱਡਦੇ ਹਨ। ।
ਸੁਰਜਨ ਸਿੰਘ-----+919041409041
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.