ਦਿਲ ਸਾਫ਼ ਹੋਣਾ ਚਾਹੀਦੈ
ਰਾਜਾ ਸਿੰਘ ਮਿਸ਼ਨਰੀ
ਚਿੰਤ ਕੌਰ- ਤੁਸੀਂ ਅਜ ਲੈਕਚਰ ਵਿਚ ਬਾਰ ਬਾਰ ਕੀ ਕਹਿ ਰਹੇ ਸੀ, ਦਿਲ ਸਾਫ਼ ਹੋਣਾ ਚਾਹੀਦੈ….
ਸਹਿਜ ਸਿੰਘ- ਕੀ ਗਲ ਸਮਝ ਵਿਚ ਕਿਉਂ ਨਹੀਂ ਆਇਆ?
ਚਿੰਤ ਕੌਰ- ਨਾ ਤੁਸੀਂ ਪਤਾ ਨਹੀਂ ਦਸ ਵਾਰੀ ਕਿਹ ਹੋਣੈ “ਦਿਲ ਸਾਫ਼ ਹੋਣਾ ਚਾਹੀਦੈ…. ਦਿਲ ਸਾਫ਼ ਹੋਣਾ ਚਾਹੀਦੈ….”
ਸਹਿਜ ਸਿੰਘ-ਨਾਲ ਮੈਂ ਕਾਰਨ ਵੀ ਤਾਂ ਦਸਦਾ ਰਿਹਾਂ।
ਚਿੰਤ ਕੌਰ- ਉਥੇ ਕਿਹੜਾ ਸਭ ਕੁਝ ਪਲੇ ਪੈਂਦੈ……
ਸਹਿਜ ਸਿੰਘ- ਆਹ ਈ ਤਾਂ ਮੁਸ਼ਕਲ ਐ, ਸੰਗਤ ਵਿਚ ਵੀ ਤੁਸੀਂ ਲੋਕ ਗਲਾਂ ਕਰਨੋ ਨਹੀਂ ਹਟਦੇ…..ਤੇ ਹੁਣ ਘਰ ਆ ਕੇ ਪੁਛਦੇ ਓ…….। ਤੁਹਨਂੂੰ ਪਤਾ ਹੋਣਾ ਚਾਹੀਦੇ ਕਿ ਸੰਗਤਾਂ ਵਿਚ ਗਲਾਂ ਕਰਨੀਆਂ ਸ਼ੋਭਦੀਆਂ ਨਹੀਂ।
ਚਿੰਤ ਕੌਰ- ਛਡੋ ਪਰੇ ਉਪਦੇਸ਼ਾਂ ਨੂੰ, ਮੈਂ ਕਿਹੜੀ ਇਕਲੀ ਗਲਾਂ ਕਰਦੀ ਆਂ……ਦਿਲ ਸਾਫ਼ ਦਾ ਮਤਲਬ ਦਸੋ ਕਿ ਹੁਣ ਝਾੜੂ ਲਾਈਏ।
ਸਹਿਜ ਸਿੰਘ- ਹਦ ਈ ਹੋ ਗਈ, ਜੇ ਪੜ੍ਹਿਆਂ ਲਿਖਿਆਂ ਦਾ ਵੀ ਏਹ ਹਾਲ ਏ ਤਾਂ ਸਾਡੀ ਕੌਮ ਦਾ ਰਬ ਈ ਰਾਖਾ। ਮੈਂ ਤਾਂ ਦਸ ਰਿਹਾ ਸੀ ਕਿ ਬਹੁਤੀਆਂ ਬਿਮਾਰੀਆਂ ਅਸੀਂ ਆਪ ਸਹੇੜਦੇ ਹਾਂ।
ਚਿੰਤ ਕੌਰ- ਲੈ ਦਿਲ ਦੀ ਸਫ਼ਾਈ ਛਡ ਕੇ ਹੁਣ ਪੁਠੇ ਪਾਸੇ ਬਿਮਾਰੀਆਂ ਵਲ ਤੌਰਨ ਲਗੇ ਨੇ…….।
ਸਹਿਜ ਸਿੰਘ-ਨਹੀਂ ਬੀਬੀ ਜੀ ਜੇ ਸੰਗਤ ਵਿਚ ਧਿਆਨ ਦਿੰਦੇ ਤਾਂ ਮੈਂ ਇਹ ਹੀ ਆਖਿਐ ਕਿ ਬਹੁਤੀਆਂ ਬਿਮਾਰੀਆਂ ਮਨ ਵਿਚ ਮੈਲ ਹੋਣ ਕਰਕੇ ਲਗਦੀਆਂ ਨੇ।
ਚਿੰਤ ਕੌਰ-ਨਾ ਓਹ ਕਿਵੇਂ………….?
ਸਹਿਜ ਸਿੰਘ- ਸੁਣੋ ਫਿਰ, ਜਿਸ ਵੇਲੇ ਅਸੀਂ ਕਿਸੇ ਪ੍ਰਤੀ ਈਰਖਾ ਜਾਂ ਮਾੜਾ ਖਿਆਲ ਰਖਦੇ ਹਾਂ ਤਾਂ ਅਸੀਂ ਮਨ ਵਿਚ ਕੁੜ੍ਹਦੇ ਹਾਂ, ਜਿਸ ਲਈ ਈਰਖਾ ਦਿਲ ਵਿਚ ਪਾਲ ਰਹੇ ਹਾਂ, ੳੇਹਨੂੰ ਤਾਂ ਪਤਾ ਵੀ ਨਹੀਂ ਹੁੰਦਾ, ਅਸੀਂ ਕੁੜ੍ਹ ਕੁੜ੍ਹ ਕੇ ਆਪਣਾ ਲਹੂ ਸਾੜਦੇ ਹਾਂ………ਕਿਉਂਕਿ ਈਰਖਾ, ਨਫ਼ਰਤ, ਕ੍ਰੋਧ ਤੇ ਕਾਮ ਨੂੰ ਗੁਰਬਾਣੀ ਵਿਚ Ãਗ ਲਿਖਿਐ । ਮਾਰੂ ਰਾਗ ਵਿਚ ਗੁਰੂੁ ਨਾਨਕ ਸਾਹਿਬ ਜੀ ਦੇ ਬੋਲ ਹਨ
(ਚਾਰਿ ਨਦੀ ਅਗਨੀ ਅਸਰਾਲਾ ॥ ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥)
ਚਿੰਤ ਕੌਰ-ਹਾਂ………ਮੇਰੇ ਬੇਬੇ ਜੀ ਵੀ ਕਹਿੰਦੇ ਹੁੰਦੇ ਸਨ “ਹਾਂਡੀ ਉਬਲੇਗੀ ਤਾਂ ਆਪਣੇ ਕੰਢੇ ਸਾੜੇਗੀ………….।
ਸਹਿਜ ਸਿੰਘ-ਲੈ ਬਈ………ਕਮਾਲ ਕਰ ਦਿਤਾ ਚਿੰਤ ਕੁਰੇ ਤੂੰ ਤਾਂ….ਪਤੇ ਦੀ ਗਲ ਕਰ ਤੀ। ਆਹ ਬਲਡ ਪਰੈਸ਼ਰ, ਟੈਨਸ਼ਨ ਤੇ ਘਬਰਾਹਟ……ਇਹ ਸਭ ਬਿਮਾਰੀਆਂ ਮਨ ਦੀ ਮੈਲ ਕਰਕੇ ਹੀ ਲਗਦੀਆਂ ਨੇ।
ਚਿੰਤ ਕੌਰ- ਇਕ ਗਲ ਹੋਰ ਦਸੋ ਕਿ ਦਿਲ ਦਾ ਸਾਫ਼ ਹੋਣਾ ਜਾਂ ਨਾਂਹ, ਬਿਮਾਰੀਆਂ ਦਾ ਇਹਦੇ ਨਾਲ ਕੀ ਲੈਣਾ ਦੇਣਾ।
ਸਹਿਜ ਸਿੰਘ-ਬੜਾ ਵਡਾ ਸਬੰਧ ਏ………ਗੁਰੁੂ ਅਮਰਦਾਸ ਜੀ ਦਾ ਉਪਦੇਸ਼ ਹੈ: ਮਰਨ ਮੈਲੈ ਸਭੁ ਰਕਛੁ ਮੈਲਾ ਤਰਨ ਧੋਤੈ ਮਨੁ ਹਛਾ ਨ ਹੋਇ ॥
ਚਿੰਤ ਕੌਰ- ਪਰ ਇਹ ਸਾਰਾ ਮਾਜਰਾ ਕਿਵੇਂ ਹੋ ਜਾਂਦੈ।
ਸਹਿਜ ਸਿੰਘ-ਗੁਰਬਾਣੀ ਵਿਚ ਹਰ ਪ੍ਰਸ਼ਨ ਦਾ ਉਤਰ ਮਿਲ ਜਾਂਦਾ ਹੈ। ਸਤਿਗੁਰੂ ਜੀ ਦਸਦੇ ਹਨ ਕਿ ਸਾਡਾ ਸਰੀਰ ਭੁਇੰ (ਜ਼ਮੀਨ) ਹੈ, ਜਿਸ ਵਿਚ ਜਿਹੋ ਜਿਹਾ ਬੀਜ ਬੀਜਾਂਗੇ, ਉਹੋ ਜਿਹਾ ਹੀ ਫਲ ਉਗੇਗਾ। ਇਸ ਲਈ ਜੇ ਦੂਜਿਆਂ ਬਾਰੇ ਬੁਰਾ ਸੋਚਾਂਗੇ ਤਾਂ ਸਾਡਾ ਹੀ ਬੁਰਾ ਹੋਵੇਗਾ। ਦੇਖੋ ਗੁਰਬਾਣੀ ਨੇ ਕਿਤਨੇ ਸਪਸ਼ਟ ਲਫ਼ਜ਼ਾਂ ਵਿਚ ਲਿਖਿਆ ਹੈ:
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥ (ਪੰਨਾ 308)
ਚਿੰਤ ਕੌਰ- ਸਾਡੇ ਗੁਰੂੁ ਸਾਹਿਬਾਨ ਨੇ ਵੀ ਅਟਲ ਸਚਾਈਆਂ ਲਿਖੀਆਂ ਨੇ, ਪਰ ਮੇਰੇ ਦਿਮਾਗ ਵਿਚ ਅਜੇ ਵੀ ਇਹ ਗਲ ਪਚੀ ਨਹੀਂ ਕਿ ਜੇ ਮੈਂ ਕਿਸੇ ਬਾਰੇ ਬੁਰਾ ਖਿਆਲ ਰਖਾਂ ਤਾਂ ਖਿਆਲ ਨਾਲ ਹੀ ਕਿਵੇਂ ਸਭ ਕੁਝ ਹੋ ਜਾਊ।
ਸਹਿਜ ਸਿੰਘ-ਚਿੰਤ ਕੁਰੇ ਇਹ ਤਾਂ ਗਲ ਈ ਬੜੀ ਸਿਧੀ ਐ। ਦੇਖੋ ਹਰ ਜ਼ਰੇ ਜ਼ਰੇ ਵਿਚ ਰਬ ਵਸਦਾ ਹੈ…(ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ) ਇਹ ਤਾਂ ਮੰਨਦੇ ਓ।
ਚਿੰਤ ਕੌਰ- ਹਾਂ ਜੀ, ਕਿਉਂ ਨਹੀਂ, ਇਹ ਗਲ ਕਿਹੜੀ ਪਹਿਲੀ ਵਾਰ ਸੁਣੀ ਐ…….।
ਸਹਿਜ ਸਿੰਘ-ਫਿਰ ਹੁਣ ਇਹ ਗਲ ਵੀ ਸੁਣ ਲਓ ਕਿ ਜੇ ਕਿਸੇ ਦਾ ਵੀ ਬੁਰਾ ਸੋਚਿਆ ਤਾਂ ਇਹ ਬੁਰਾ ਉਸਦੇ ਅੰਦਰ ਵਸਦੇ ਰਬ ਦਾ ਬੁਰਾ ਸੋਚਣਾ ਹੋਵੇਗਾ……..ਤੇ ਫਿਰ ਬਿਮਾਰੀਆਂ ਨਾ ਲਗਣ ਤਾਂ ਹੋਰ ਕੀ ਐ।
ਚਿੰਤ ਕੌਰ-ਤੁਹਾਡੇ ਅਨੁਸਾਰ ਤਾਂ ਸਾਰੇ ਸਾਧ ਈ ਬਣ ਜਾਣ……..।
ਸਹਿਜ ਸਿੰਘ-ਹਾਂ ਹਰੇਕ ਮਨੁਖ ਨੂੰ ਸਾਧ ਈ ਬਣਨਾ ਚਾਹੀਦੈ……. ਸਾਧ ਤੋਂ ਭਾਵ ਕੋਈ ਬਾਹਰੀ ਦਿਖਾਵਾ ਨਹੀਂ……ਮਨ ਨੂੰ ਸਾਧਣਾ ਹੈ…………ਕਾਬੂ ਰਖਣਾ ਹੈ, ਮਨ ਦੇ ਹੀ ਤਾਂ ਸਾਰੇ ਪੁਆੜੇ ਨੇ ਜਿਸ ਕਰਕੇ ਅਸੀਂ ਬਿਮਾਰੀਆਂ ਵਿਚ ਫਸਦੇ ਹਾਂ।
ਚਿੰਤ ਕੌਰ- ਗਲ ਤਾਂ ਮੈਂ ਪੁਛੀ ਸੀ ਦਿਲ ਸਾਫ਼ ਦੀ……ਤੁਸੀਂ ਤਾਂ ਕਿਤੇ ਹੋਰ ਈ ਪੁਜ ਗਏ………।
ਸਹਿਜ ਸਿੰਘ-ਨਹੀਂ ਮਹਾਂਰਾਜ, ਮੈਂ ਗਲ ਮਨ ਨੂੰ ਕਾਬੂ ਵਿਚ ਰਖਣ ਦੀ ਹੀ ਕਰ ਰਿਹਾਂ, ਸਭ ਕੁਝ ਮਨ ਕਰਕੇ ਹੀ ਹੁੰਦੈ।
ਚਿੰਤ ਕੌਰ- ਨਾ ਹੋਰ ਕੀ ਕਹਿਣਾ ਚਾਹੁੰਨੇ ਓਂ………..?
ਸਹਿਜ ਸਿੰਘ-ਕਾਦਰ ਨੇ ਏਡੀ ਵਡੀ ਕੁਦਰਤ ਬਣਾਈ ਹੈ ਤੇ ਮਨੁਖ ਨੂੰ ਸਾਰਿਆਂ ਦਾ ਸਿਰਤਾਜ ਬਣਾਇਐ। ਇਸਨੂੁੰ ਵਿਕਸਤ ਬੁਧੀ ਦਿਤੀ ਹੈ ਜਿਸ ਨਾਲ ਇਹ ਮੰਦੇ ਜਾਂ ਚੰਗੇ ਦੀ ਪਰਖ ਕਰ ਸਕਦਾ ਹੈ। ਪਰ ਸ਼ੈਤਾਨੀ ਬਿਰਤੀ ਕਰਕੇ ਇਹ ਪਰਾਏ ਰੂਪ ਨੂੰ ਮੈਲੇ ਮਨ ਨਾਲ ਤਕਦਾ ਹੈ, ਫਿਰ ਦੁਰਗਤੀ ਤਾਂ ਹੋਣੀ ਹੀ ਹੋਈ। ਗੁਰਬਾਣੀ ਵਿਚ ਸਪਸ਼ਟ ਉਪਦੇਸ਼ ਹੈ (ਇਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ)। ਇਹ ਹੈ ਮਨ ਨੂੰ ਸਾਧਣਾ, ਕਿ ਹਰੇਕ ਨੂੰ ਰਬ ਦਾ ਰੂਪ ਜਾਣ ਕੇ ਆਦਰ ਸਤਿਕਾਰ ਕਰੋ, ਤੁਸੀਂ ਹੁਣ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ, ਇਹ ਤੁਸੀਂ ਜਾਣੋ………।
ਚਿੰਤ ਕੌਰ-ਹਾਂ………ਹੁਣ ਕੁਝ ਸਮਝ ਤਾਂ ਲਗੀ ਏ, ਪਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ।
ਸਹਿਜ ਸਿੰਘ-ਕੁਝ ਕਿਉਂ, ਬਾਣੀ ਤਾਂ ਪੂਰੀ ਤਰ੍ਹਾਂ ਸਮਝਾਦੀ ਏ, ਲਓ ਐਹ ਇਕ ਹੋਰ ਸ਼ਬਦ ਸੁਣ ਲਓ ਜਿਸ ਵਿਚ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਜੇ ਕਿਸੇ ਲਈ ਬੁਰਾ ਨਾ ਚਿਤਵੋਗੇ ਨਾ ਕਿਸੇ ਨਾਲ ਵਧੀਕੀ ਕਰੋਗੇ ਤਾਂ ਸੁਖੀ ਰਹੋਗੇ:
ਪਰ ਕਾ ਬੁਰਾ ਨਾ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ (ਪੰਨਾ 386)
ਚਿੰਤ ਕੌਰ-ਲੈ ਚੰਗਾ ਕੀਤਾ ਤੁਸੀਂ ਗੁਰਬਾਣੀ ਦੇ ਅਰਥਾਂ ਨਾਲ ਸਮਝਾ ਦਿਤਾ ਪਈ ਕਿਸੇ ਬਾਰੇ ਕੁਝ ਮਾੜਾ ਨਾ ਕਹੋ ਨਹੀਂ ਤਾਂ ਜਿਥੇ ਚਾਰ ਜਣੇ ਬਹਿ ਜਾਣ ਲੋਕਾਂ ਦੀਆਂ ਚੁਗਲੀਆਂ ਤੇ ਨਿੰਦਿਆ ਦੇ ਦੌਰ ਹੀ ਚਲਦੇ ਨੇ।
ਸਹਿਜ ਸਿੰਘ-ਗੁਰੂ ਗ੍ਰੰਥ ਸਾਹਿਬ ਜੀ ਤੇ ਟੇਕ ਰਖਣ ਵਾਲਿਆਂ ਨੂੰ ਕਿਧਰੇ ਜਾਣ ਦੀ ਲੋੜ ਈ ਨਹੀਂ, ਜ਼ਿੰਦਗੀ ਦਾ ਕਿਹੜਾ ਪਹਿਲੂ ਏ ਜਿਸ ਬਾਰੇ ਚਿਟੇ ਦਿਨ ਦੀ ਤਰ੍ਹਾਂ ਚਾਨਣਾ ਨਹੀਂ ਪਾਇਆ। ਗੁਰੂੁ ਰਾਮਦਾਸ ਜੀ ਦੇ ਬਚਨ ਨੇ ਕਿ ਦਿਲ ਵਿਚ ਤਾਤ ਪਰਾਈ ਰਖਣ ਵਾਲੇ ਦਾ ਕਦੀ ਭਲਾ ਨਹੀਂ ਹੋ ਸਕਦਾ।ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 308 ਤੇ ਬੋਲ ਨੇ:
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ ॥
ਚਿੰਤ ਕੌਰ-ਲੈ ਬਈ ਹੁਣ ਸਮਝ ਆਈ ਏ, ਮਿਸ਼ਨਰੀਆਂ ਦੀ ਗਲ ਕੌੜੀ ਦਵਾਈ ਵਰਗੀ ਹੁੰਦੀ ਏ, ਜਿਹੜੀ ਨਿਗਲਣੀ ਤਾਂ ਔਖੀ ਲਗਦੀ ਏ ਪਰ ਭਰਮਾਂ ਦੇ ਕਪਾਟ ਖੋਲ਼੍ਹ ਦਿੰਦੀ ਏ……………।
ਸਹਿਜ ਸਿੰਘ-ਐਥੇ ਫਿਰ ਤੁਸੀਂ ਗਲਤ ਓ, ਮਿਸ਼ਨਰੀ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ, ਇਹ ਤਾਂ ਗੁਰੂੁ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਪੰਥ ਪ੍ਰਵਾਣਿਤ ਮਰਿਆਦਾ ਦੀ ਗਲ ਹੀ ਕਰਦੇ ਨੇ। ਲਓ ਮੈਂ Ãਜ ਦੀ ਕਹਾਣੀ “ਦਿਲ ਸਾਫ਼ ਹੋਣਾ ਚਾਹੀਦੈ) ਨੂੰ ਮੁਕਾਉਣ ਲਈ ਗੁਰਬਾਣੀ ਦੀ ਇਹ ਤੁਕ ਸੁਣਾਉਂਦਾ ਹਾਂ:
ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ॥
ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ (ਪੰਨਾ 308)
ਰਾਜਾ ਸਿੰਘ ਮਿਸ਼ਨਰੀ
ਦਿਲ ਸਾਫ਼ ਹੋਣਾ ਚਾਹੀਦੈ
Page Visitors: 2884