ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ*
*ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ*
Page Visitors: 2699

*ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ*
*ਅਵਤਾਰ ਸਿੰਘ ਮਿਸ਼ਨਰੀ (5104325827)*
ਗੁਰੂ ਹਰਕ੍ਰਿਸ਼ਨ ਜੀ ਦਾ ਸਰੀਰਕ ਜਨਮ 20 ਜੁਲਾਈ 1652 ਦੇ ਦਿਨ ਕੀਰਤਪੁਰ ਸਾਹਿਬ ਵਿਖੇ ਮਾਤਾ ਸੁਲੱਖਣੀ ਅਤੇ ਗੁਰੂ ਹਰਿਰਾਏ ਸਾਹਿਬ ਦੇ ਘਰ ਹੋਇਆ। ਆਪ ਉੱਮਰ ਵਿੱਚ ਅਪਣੇ ਭੈਣ ਭਰਾ ਤੋਂ ਛੋਟੇ ਸਨ। ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਿਕ ਆਪ ਜੀ ਦੇ ਵੱਡੇ ਭਰਾ ਰਾਮਰਾਇ ਦਾ (ਜਨਮ 24 ਫ਼ਰਵਰੀ 1648) ਨੂੰ ਅਤੇ ਭੈਣ ਬੀਬੀ ਰੂਪ ਕੌਰ ਜੀ (ਜਨਮ 9 ਅਪਰੈਲ 1649) ਨੂੰ ਹੋਇਆ। ਛੋਟੀ ਉੱਮਰ ਦੀ ਕਰਾਮਾਤ ਸਾਬਤ ਕਰਨ ਵਾਸਤੇ ਕਈ ਲੇਖਕ ਆਪ ਜੀ ਦਾ ਜਨਮ ਸੰਨ 1656 ਵਿੱਚ ਲਿਖਦੇ ਹਨ।
ਗੁਰਤਾ ਨਾਲ ਉਮਰ ਅਤੇ ਬਰਾਦਰੀ ਦਾ ਬਹੁਤਾ ਸਬੰਧ ਨਹੀਂ ਹੁੰਦਾ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਵੀ ਬਾਲ ਉਮਰੇ ਹੀ ਰੂਹਾਨੀ ਗਿਆਨ ਦੇ ਗਿਆਤਾ ਸਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਪੰਜਾਬੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਦੀ ਵਿਦਿਆ  ਹਾਸਲ ਕਰ ਲਈ ਸੀ। ਗੁਰਮਤਿ ਵਿੱਚ ਬਾਲ ਬਜੁਰਗਾਂ ਵਾਲੇ ਅਤੇ ਬਜੁਰਗ ਜਵਾਨਾਂ ਵਾਲੇ ਕਾਰਨਾਮੇ ਕਰਦੇ ਹਨ। ਇਸ ਸਬੰਧ ਵਿੱਚ *ਬਾਲ ਬੂੜਾ* ਜੋ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਕੇ *“ਬਾਬਾ ਬੁੱਢਾ” *ਜੀ ਦੇ ਨਾਂ ਨਾਲ ਪ੍ਰਸਿੱਧ ਹੋਇਆ। ਗੁਰਮਤਿ ਵਿੱਚ ਗੁਣਾਂ ਦੀ ਮਹਾਨਤਾ ਅਤੇ ਸਾਂਝ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਗੁਰਤਾਗੱਦੀ ਦੀ ਜਿਮੇਵਾਰੀ ਆਪਣੇ ਮਨਮੁਖ ਪੁੱਤਰਾਂ ਨੂੰ ਛੱਡ ਕੇ, ਗੁਰਮੁਖ ਸੇਵਕ ਤੇ ਹੁਕਮ ਰਜਾ ਵਿੱਚ ਰਹਿਣ ਵਾਲੇ ਪਰਉਕਾਰ ਤੇ ਸੇਵਾ ਦੇ ਪੁੰਜ ਭਾਈ ਲਹਿਣਾ
ਜੀ ਨੂੰ ਸੌਂਪੀ। ਯੋਗਤਾ ਦੇਖੀ ਜਾਂਦੀ ਸੀ ਨਾਂ ਕਿ ਵੱਡੀ ਉਮਰ, ਪ੍ਰਵਾਰ ਜਾਂ ਰਿਸ਼ਤੇਦਾਰੀ।
  ਇਵੇਂ ਹੀ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੇ ਵੀ ਆਪਣੇ ਅਯੋਗ ਪੁੱਤ੍ਰਾਂ ਨੂੰ ਗੁਰਤਾ ਦੀ ਜਿਮੇਵਾਰੀ ਨਹੀਂ ਸਗੋਂ ਵਡੇਰੀ ਉਮਰ ਦੇ ਬਾਬਾ ਅਮਰਦਾਸ ਅਤੇ ਇੱਕ ਯਤੀਮ ਘੁੰਙਣੀਆਂ ਵੇਚਣ ਵਾਲੇ ਭਾਈ ਜੇਠਾ ਜੀ ਨੂੰ ਸੌਂਪੀ ਜੋ ਕ੍ਰਮਵਾਰ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਸਨ।
  ਗੁਰੂ ਰਾਮਦਾਸ ਜੀ ਨੇ ਵੀ ਹੰਕਾਰੀ ਤੇ ਸਰਕਾਰੀ ਪੁੱਤਰ ਪ੍ਰਿਥੀਚੰਦ ਅਤੇ ਦੁਨੀਆਦਾਰੀ ਤੋਂ ਉਪਰਾਮ ਮਹਾਂਦੇਵ ਨੂੰ ਛੱਡ ਕੇ *“ਬਾਣੀ ਕੇ ਬੋਹਿਥ”* ਛੋਟੇ ਸਾਹਿਜਾਂਦਾ ਅਰਜਨ ਸਾਹਿਬ ਨੂੰ ਗੁਰਤਾ ਸੌਂਪੀ। ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਪੱਖਾਂ ਤੋਂ ਪੂਰਨ ਅਤੇ ਹੋਣਹਾਰ ਆਪਣੇ ਸਪੁੱਤ੍ਰ ਹਰਿਗੋਬਿੰਦ ਸਾਹਿਬ ਵਿੱਚ ਸੰਤ ਸਿਪਾਹੀ ਦੇ ਗੁਣ ਦੇਖ ਕੇ, ਗੁਰਤਾ ਬਖਸ਼ੀ ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪਣੇ ਪੁੱਤ੍ਰਾਂ ਨੂੰ ਛੱਡ ਕੇ, ਪੋਤਰੇ ਹਰਿਰਾਇ ਨੂੰ ਗੁਰਤਾ ਦਿੱਤੀ।
   ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਬਾਣੀ ਸਿਧਾਂਤਾਂ ਦੀ ਖਿਲੀ ਉਡਾਉਣ, ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਅਤੇ ਅੰਰੰਗਜੇਬ ਦੀ ਜ਼ਾਲਮ ਸਰਕਾਰ ਦੀ ਜੀ ਹਜ਼ੂਰੀ ਕਰਨ ਵਾਲੇ ਵੱਡੇ ਪੁੱਤ੍ਰ ਰਾਮਰਾਇ ਨੂੰ ਛੱਡ ਕੇ, ਹੋਣਹਾਰ ਅਤੇ ਗੁਰਮਤਿ ਗਿਆਨ ਦੇ ਮਾਲਕ ਬਾਲ ਹਰਕ੍ਰਿਸ਼ਨ ਜੀ ਨੂੰ ਗੁਰਤਾ ਦੀ ਜਿਮੇਵਾਰੀ 1644 ਈ. ਨੂੰ ਸੌਂਪੀ। ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਤਾ ਦੇ ਲਾਇਕ ਬਾਬਾ ਤੇਗ ਬਹਾਦਰ ਨੂੰ *“ਬਾਬਾ ਬਕਾਲੇ ਆਪਣੀ ਸੰਗਤ ਸੰਭਾਲੇ”* ਕਹਿ ਕੇ ਗੁਰਸਿੱਖਾਂ ਹੱਥੀਂ ਗੁਰਤਾ ਦੀ ਜਿਮੇਵਾਰੀ ਦਿੱਤੀ।
  ਆਪਾਂ ਗੱਲ ਕਰ ਰਹੇ ਸੀ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਿੱਖੀ ਦੇ ਦੁਸ਼ਮਣਾਂ ਨੇ ਅਣਹੋਣੀਆਂ ਅਤੇ ਗੁਰਮਤਿ ਵਿਰੋਧੀ ਕਹਾਣੀਆਂ ਲਿਖੀਆਂ ਅਤੇ ਲੋਕਾਈ ਵਿੱਚ ਪ੍ਰਚਾਰੀਆਂ। ਜਿਵੇਂ ਦਿੱਲ੍ਹੀ ਨੂੰ ਜਾਂਦੇ ਜਦ ਰਸਤੇ ਵਿੱਚ ਪੰਜੋਖਰੇ (ਅੰਬਾਲੇ) ਵਖੇ ਰੁੱਕੇ ਤਾਂ ਓਥੋਂ ਦਾ ਹੰਕਾਰੀ ਪੰਡਿਤ ਲਾਲਚੰਦ ਜੋ ਗ੍ਰੰਥਾਂ ਦੇ ਊਠ ਲੱਧੀ ਫਿਰਦਾ ਸੀ। ਇਹ ਹੰਕਾਰੀ, ਇਲਾਕੇ ਦੇ ਜਾਂ ਬਾਹਰੋਂ ਆਏ ਵਿਦਵਾਨਾਂ ਅਤੇ ਗੁਰਮੁਖ ਪ੍ਰਚਾਰਕਾਂ ਨੂੰ ਆਪਣੇ ਚੁੰਚ ਗਿਆਨ ਨਾਲ ਹਰਾ, ਬੇਇਜਤ ਕਰਕੇ ਆਪਣੀ ਜਿੱਤ ਦੇ ਡੰਕੇ ਵਜਾਉਂਦਾ ਸੀ।
 ਜਦ ਉਸ ਨੂੰ ਬਾਲ ਗੁਰੂ ਦੇ ਇੱਥੇ ਆਉਣ ਦਾ ਪਤਾ ਲੱਗਾ ਤਾਂ ਆਪਣੇ ਲਾਉ ਲਸ਼ਕਰ ਨਾਲ ਪਹੁੰਚ ਗਿਆ ਤੇ ਭਰੀ ਸਭਾ ਵਿੱਚ ਉੱਠ ਕੇ ਕਹਿਣ ਲੱਗਾ ਕਿ ਜੇ ਤੁਸੀਂ ਵਾਕਿਆ ਹੀ ਬਾਲ ਗੁਰੂ ਹੋ ਅਤੇ ਆਪਣੇ ਆਪ ਨੂੰ ਹਰਿਕ੍ਰਿਸ਼ਨ ਅਖਵਾਉਂਦੇ ਹੋ ਤਾਂ ਸ੍ਰੀ ਹਰਿਕ੍ਰਿਸ਼ਨ ਜੋ ਦੁਵਾਪਰ ਦੇ ਅਵਤਾਰ ਹੋਏ ਨੇ ਜਿਨ੍ਹਾਂ ਨੇ ਗੀਤਾ ਉਚਾਰੀ ਹੈ, ਦੇ ਫਲਾਨੇ ਸ਼ਲੋਕ ਦੇ ਅਰਥ ਅਤੇ ਗੀਤਾ ਦਾ ਸਾਰ ਦੱਸੋ?
 ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਪੰਡਿਤ ਜੀ ਜੇ ਮੈਂ ਅਜਿਹਾ ਕੀਤਾ ਤਾਂ ਤੁਸੀਂ ਰੌਲਾ ਪਾ ਦੇਣਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਵਾਰਸ ਕੋਲ ਕੋਈ ਚਮਤਾਕਾਰ ਹੈ, ਜਾਓ ਸੰਗਤ ਚੋਂ ਕਿਸੇ ਨੂੰ ਵੀ ਕਹਿ ਦਿਓ ਉਹ ਹੀ ਐਸਾ ਕਰ ਵਿਖਾਏਗਾ ਕਿਉਂਕਿ ਗੁਰਮਤਿ ਵਿੱਚ ਹਰੇਕ ਮਾਈ ਭਾਈ ਵਿਦਿਆ ਪੜ੍ਹ ਤੇ ਪੜ੍ਹਾ ਸਕਦਾ ਹੈ ਤਾਂ ਪੰਡਿਤ ਨੇ ਸੰਗਤਾਂ ਦੀ ਸੇਵਾ ਕਰ ਰਹੇ ਛੱਜੂ ਝਿਊਰ ਵੱਲ ਇਸ਼ਾਰਾ ਕੀਤਾ।
 ਭਾਈ ਛੱਜੂ ਜੀ ਨੇ ਗੁਰੂ ਆਗਿਆ ਲੈ ਕੇ ਗੀਤਾ ਦੇ ਸ਼ਲੋਕ ਦੇ ਅਜਿਹੇ ਅਰਥ ਕੀਤੇ ਅਤੇ ਦਰਸਾਇਆ ਕਿ ਗੀਤਾ ਦਾ ਸਾਰ ਹੈ ਪ੍ਰਮਾਤਮਾਂ ਅਮਰ ਹੈ ਅੱਗ ਉਸ ਨੂੰ ਸਾੜ ਨਹੀਂ ਸਕਦੀ, ਸ਼ਸ਼ਤ੍ਰ ਕੱਟ ਨਹੀਂ ਸਕਦੇ ਅਤੇ ਪਾਣੀ ਡੋਬ ਨਹੀਂ ਸਕਦਾ ਤਾਂ ਪੰਡਿਤ ਲਾਲਚੰਦ ਦੰਗ ਰਹਿ ਗਿਆ ਅਤੇ ਕੀਤੀ ਅਵੱਗਿਆ ਦੀ ਮੁਆਫੀ ਮੰਗ ਕੇ, ਗੁਰੂ ਦਾ ਮੁਰੀਦ ਬਣ ਗਿਆ। ਗੁਰਮਤਿ ਵਿਰੋਧੀਆਂ ਅਤੇ ਸੰਪ੍ਰਦਾਈ ਟਕਸਾਲੀ ਡੇਰੇਦਾਰਾਂ ਨੇ ਇਸ ਨਾਲ ਸਾਖੀ ਜੋੜ ਦਿੱਤੀ ਕਿ ਗੁਰੂ ਨੇ ਚਮਤਕਾਰੀ ਸੋਟੀ ਭਾਈ ਛੱਜੂ ਦੇ ਸਿਰ ਤੇ ਰੱਖੀ ਸੀ।
  ਇਵੇਂ ਹੀ ਗੁਰੂ ਘਰ ਦੇ ਸ਼ਰਧਾਲੂ ਮਿਰਜਾ ਰਾਜਾ ਜੈ ਸਿੰਘ ਦੀ ਪਟਰਾਣੀ ਦੀ ਪਹਿਚਾਣ ਵੀ ਚਮਤਕਾਰੀ ਦਰਸਾਈ ਗਈ ਹੈ ਜਦ ਕਿ ਬਾਲ ਗੁਰੂ ਨੇ ਬੜੀ ਦੂਰ ਅੰਦੇਸ਼ੀ ਨਾਲ ਦਰਸਾ ਦਿੱਤਾ ਸੀ ਕਿ ਪਟਰਾਣੀ ਦੇ ਕਪੜੇ ਪਾ ਕੇ ਕੋਈ ਗੋਲੀ ਪਟਰਾਣੀ ਨਹੀਂ ਬਣ ਜਾਂਦੀ ਸਗੋਂ ਉਹ ਆਪਣੀਆਂ ਹਰਕਤਾਂ, ਚਿਹਰੇ ਦੇ ਹਾਵ ਭਾਵਾਂ ਅਤੇ ਗੱਲ ਬਾਤ ਦੇ ਸਲੀਕੇ ਤੋਂ ਪਛਾਣੀ ਜਾਂਦੀ ਹੈ।
 ਇਨ੍ਹੀ ਦਿਨੀਂ ਇੱਥੇ ਦਿੱਲ੍ਹੀ ਤੇ ਇਸ ਦੇ ਆਸ ਪਾਸ ਦੇ ਇਲਾਇਆਂ ਵਿੱਚ ਚੇਚਕ ਫੈਲੀ ਹੋਈ ਹੀ ਸੀ। ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਸਾਥੀਆਂ ਨੇ ਬੜੀ ਤਨਦੇਹੀ ਨਾਲ ਲੋੜਵੰਦ ਮਰੀਜਾਂ ਦਾ ਇਲਾਜ ਕਰਵਾਇਆ ਅਤੇ ਭੁੱਖ ਮਰੀ ਤੋਂ ਵੀ ਮਦਦ ਕੀਤੀ। ਪਾਣੀ ਦੀ ਸਹੂਲਤ ਨੂੰ ਮੁੱਖ ਰੱਖ ਕੇ ਖੂਹ ਵੀ ਲਵਾਇਆ, ਜਿਸ ਨੂੰ ਗੁਰਮਤਿ ਵਿਰੋਧੀਆਂ ਨੇ ਚਮਤਕਾਰ ਨਾਲ ਜੋੜ ਦਿੱਤਾ ਹੈ ਕਿ ਇਸ ਦਾ ਪਾਣੀ ਪੀਣ ਨਾਲ ਦੁੱਖ ਰੋਗ ਕੱਟੇ ਜਾਂਦੇ ਨੇ ਜੋ ਅੱਜ ਬੰਗਲਾ ਸਾਹਿਬ ਗੁਰਦੁਆਰਾ ਹੈ। ਜਰਾ ਸੋਚੋ ਜੇ ਐਸਾ ਹੀ ਹੁੰਦਾ ਤਾਂ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੂੰ ਮਰੀਜਾਂ ਦੀ ਦੇਖ ਭਾਲ ਕਰਦੇ ਚੇਚਕ ਹੋ ਗਈ ਸੀ ਹਟ ਜਾਂਦੀ। ਅੱਜ ਇੱਕਵੀਂ ਸਦੀ ਦੇ ਸੰਪ੍ਰਦਾਈ ਅਤੇ ਕਾਬਜ ਮਸੰਦ ਵੀ ਐਸੇ ਅੰਧਵਿਸ਼ਵਾਸ਼ ਦਾ ਪ੍ਰਚਾਰ ਕਰ, ਸ਼ਰਧਾਲੂਆਂ ਨੂੰ ਗੁੰਰਾਹ ਕਰਕੇ, ਲੁੱਟ ਰਹੇ ਹਨ। ਕੋਈ ਸ਼੍ਰੋਮਣੀ ਕਮੇਟੀ, ਟਕਸਾਲ ਜਾਂ ਅਖੌਤੀ ਜਥੇਦਾਰ ਇਸ ਦਾ ਵਿਰੋਧ ਨਹੀਂ ਕਰ ਰਹੇ। ਇੱਕ ਹੋਰ ਮਨਘੜਤ ਸਾਖੀ ਕਿ ਬਾਲ ਗੁਰੂ ਸਾਹਿਬ ਦੇ ਰਸਤੇ ਵਿੱਚ ਜਾਂਦੇ ਸਮੇਂ ਇੱਕ ਬ੍ਰਾਹਮਣ ਅੱਗੇ ਲੇਟ ਗਿਆ ਤੇ ਕਹਿਣ ਲੱਗਾ ਮੇਰਾ ਕੋਹੜ ਦਾ ਰੋਗ ਦੂਰ ਕਰ ਦਿਓ ਤਾਂ ਗੁਰੂ ਜੀ ਨੇ ਆਪਣਾ ਰਾਮਾਲ ਉਸ ਨੂੰ ਦੇਂਦੇ ਕਿਹਾ ਕਿ ਆਪਣੇ ਸਰੀਰ ਤੇ ਫੇਰ ਕੋਹੜ ਦੂਰ ਹੋ ਜਾਵੇਗਾ ਆਦਿਕ ਮਨਘੜਤ, ਸਿੱਖੀ ਸਿਧਾਂਤਾਂ ਅਤੇ ਸਿੱਖੀ ਦੀ ਮਹਾਨਤਾ ਨੂੰ ਢਾਹ ਲਾਉਣ ਵਾਲੀਆਂ ਅਨੇਕਾਂ ਕਥਾ ਕਹਾਣੀਆਂ ਅਤੇ ਦੰਦ ਕਥਾਵਾਂ ਪ੍ਰਚਲਤ ਕਰ ਦਿੱਤੀਆਂ।
 *ਹੋਣਹਾਰ ਬ੍ਰਿਹਵਾਨ ਕੇ ਚਿਕਨੇ ਚਿਕਨੇ ਪਾਤ* ਕਹਾਵਤ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ। ਅੱਜ ਵੀ ਬਹੁਤ ਸਾਰੇ ਛੋਟੀ ਉਮਰ ਦੇ ਬੱਚੇ ਵੱਡੇ ਵੱਡੇ ਕਾਰਨਾਮੇ ਕਰ ਰਹੇ ਹਨ ਜਿਨ੍ਹਾਂ ਵੱਲ ਦੇਖ ਕੇ ਵੱਡੇ ਦੰਗ ਰਹਿ ਜਾਂਦੇ ਹਨ। ਅਜਿਹੀਆਂ ਮਹਾਨਤਾਵਾਂ ਚੰਗੇ ਮਾਤਾ ਪਿਤਾ, ਸਭਾ ਸੁਸਾਇਟੀ ਅਤੇ ਵਿਦਵਾਨਾਂ ਦੀ ਉੱਚ ਸਿਖਿਆ ਨਾਲ ਕਈਆਂ ਨੂੰ ਛੋਟੀ ਉਮਰੇ ਵਿਰਾਸਤ ਵਿੱਚ ਹੀ ਪ੍ਰਾਪਤ ਹੋ ਜਾਂਦੀਆਂ ਹਨ ਜਦ ਕਿ ਬਹੁਤੇ ਵੱਡੀ ਉੱਮਰ ਵਿੱਚ ਵੀ ਅੰਧਵਿਸ਼ਵਾਸ਼ੀ ਅਤੇ ਮੂਰਖ ਹੀ ਰਹਿੰਦੇ ਹਨ।
  ਜੇ ਸੋਟੀਆਂ, ਪਾਣੀਆਂ, ਤੋਤਾ ਰਟਨੀ ਮੰਤ੍ਰਾਂ ਅਤੇ ਅਣਹੋਣੀਆਂ ਗੈਬੀ ਸ਼ਕਤੀਆਂ ਨਾਲ ਹੀ ਰੋਗੀ, ਮਰੀਜ ਠੀਕ ਅਤੇ ਮਾਲਾ ਮਾਲ ਹੋਣਾ ਸੀ ਤਾਂ ਗੁਰੂ ਸਾਹਿਬ ਨੂੰ ਆਪ ਹੱਥੀਂ ਕਿਰਤ ਕਰਨ, ਵੰਡ ਛੱਕਣ, ਨਾਮ ਜਪਣ, ਮੱਲ ਅਖਾੜੇ ਰੱਚਣ ਅਤੇ ਵੱਡੇ ਵੱਡੇ ਦਵਾਖਾਨੇ ਖੋਲ੍ਹਣ ਦੀ ਕੀ ਲੋੜ ਸੀ?
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦਾਰਾ ਸ਼ਿਕੋਹ ਦਾ ਸਹੀ ਇਲਾਜ ਗੁਰੂ ਹਰਿਰਾਇ ਸਾਹਿਬ ਦੇ ਦਵਾਖਾਨੇ ਚੋਂ ਹੋਇਆ ਸੀ। ਕੋਹੜ ਦਾ ਇਲਾਜ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਨੇ ਤਰਨ ਤਾਰਨ ਸਾਹਿਬ ਵਿਖੇ ਕੋਹੜੀ ਦਵਾਖਾਨਾ (ਹਸਪਤਾਲ) ਖੋਹਲਿਆ ਹੋਇਆ ਸੀ ਨਾਂ ਕਿ ਮੱਸਿਆ ਤੇ ਸਰੋਵਰ ਵਿੱਚ ਨਹਾਉਣ ਨਾਲ ਕੋਹੜ ਦੂਰ ਹੁੰਦਾ ਸੀ। ਹਾਂ ਅੰਧ ਵਿਸ਼ਵਾਸ਼ਤਾ ਕਰਕੇ ਮਾਨਸਿਕ ਰੋਗੀ ਗੁਰੂ ਵੈਦ ਦੇ ਗਿਆਨ ਦਾਰੂ ਨਾਲ ਠੀਕ ਹੋ ਜਾਂਦੇ ਸਨ ਤੇ ਹਨ। ਭਗਤ ਅਤੇ ਸਿੱਖ ਗੁਰੂ ਸਾਹਿਬਾਨ ਚਿੰਤਾ ਫਿਕਰ ਦੂਰ ਕਰਨ ਦਾ ਉਪਦੇਸ਼ ਦਿੰਦੇ ਸਨ*
-ਨਾ ਕਰਿ ਚਿੰਤ ਚਿੰਤਾ ਹੈ ਕਰਤੇ॥ ਹਰਿ ਦੇਵੈ ਜਲਿ ਥਲਿ ਜੰਤਾ ਸਭਤੈ॥....(1070)*
 ਸੋ ਕਹਾਵਤ ਹੈ ਮਨ ਤੋਂ ਵਿਸਾਰਿਆ ਰੋਗ ਤਨ ਤੋਂ ਵੀ ਦੂਰ ਹੋ ਜਾਂਦਾ ਹੈ ਜਿਵੇਂ ਬਲੱਡ ਪ੍ਰੈਸ਼ਰ ਆਦਿਕ। ਦੁਨਿਆਵੀ ਵਿਸ਼ੇਵਿਕਾਰਾਂ ਅਤੇ ਔਗਣਾ ਵਿੱਚ ਗ੍ਰਸਤ ਹੋ ਕੇ ਖਸਮ ਕਰਤਾਰ ਨੂੰ ਭੁੱਲਣਾ ਹੀ ਬਹੁਤ ਸਾਰੇ ਰੋਗਾਂ ਨੂੰ ਸੱਦਾ ਦੇਣਾ ਹੈ-*
 ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ (1256)*
   ਸੋ ਬਾਲ ਉਮਰੇ ਹੋਣਹਾਰਤਾ, ਚੰਗੀ ਵਿਦਿਆ, ਲਗਨ, ਲੋਕ ਸੇਵਾ ਅਤੇ ਰੱਬੀ ਰਹਿਮਤ ਆਦਿਕ ਸ਼ੁਭ ਗੁਣ ਹੀ ਉਨ੍ਹਾਂ ਦੀ ਮਹਾਨਤਾ ਦੇ ਕਾਰਨ ਸਨ  ਨਾਂ ਕਿ ਕੋਈ ਕਰਾਮਾਤ ਜਾਂ ਅਣਹੋਣੇ ਚਮਤਕਾਰ। ਸਾਨੂੰ ਛੋਟੀ ਉਮਰ ਵਿੱਚ ਵੱਡੇ ਕਾਰਨਾਮੇ ਕਰਨ ਦੀ ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਨਾਂ ਕਿ ਅਣਹੋਣੇ ਚਮਤਕਾਰਾਂ ਦੇ ਗਿਲਾਫ ਹੀ ਉਨ੍ਹਾਂ ਦੀ ਮਹਾਨਤਾ ਤੇ ਚੜਾਈ ਜਾਣੇ ਚਾਹੀਦੇ ਹਨ। ਨੋਟ-ਅਖੌਤੀ ਦਸਮ ਗ੍ਰੰਥ ਜੋ ਅਜਿਹੇ ਚਮਤਾਰਾਂ, ਵਿਭਚਾਰਾਂ, ਵਿਕਾਰਾਂ, ਮਾਰੂ ਨਸ਼ਿਆਂ ਅਤੇ ਔਰਤਾਂ ਦੇ ਰੇਪਾਂ ਦੀ ਸਿਖਿਆ ਦਿੰਦਾ ਹੈ ਦੇ ਮਗਰ ਲੱਗ ਕੇ ਇਹ ਕਹੀ ਜਾਣਾ ਕਿ*
-ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ । (ਦੁਰਗਾ ਕੀ ਵਾਰ)*
 ਜੋ ਅਜੋਕੀ ਅਰਦਾਸ ਬਣਾ ਦਿੱਤੀ ਗਈ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਦੁੱਖ ਭੰਜਨ ਪ੍ਰਮਾਤਮਾਂ ਹੈ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਦੇਖਣ ਨਾਲ ਹੀ ਦੁੱਖ ਦੂਰ ਹੁੰਦੇ ਹਨ?
 ਜੇ ਅਜਿਹਾ ਹੈ ਤਾਂ ਬਾਲ ਗੁਰੂ ਹਰਿ ਕ੍ਰਿਸ਼ਨ ਹਰ ਵੇਲੇ ਆਪਣੇ ਆਪ ਨੂੰ ਦੇਖਦੇ ਸਨ ਫਿਰ ਉਨ੍ਹਾਂ ਦਾ ਚੇਚਕ ਦਾ ਰੋਗ ਦੂਰ ਕਿਉਂ ਨਾ ਹੋਇਆ?
 ਕੀ ਇਕੱਲੇ ਅਠਵੇਂ ਬਾਲ ਗੁਰੂ ਨੂੰ ਦੇਖਣ ਨਾਲ ਹੀ ਦੁੱਖ ਦੂਰ ਹੁੰਦੇ ਸਨ ਜਾਂ ਹਨ?
 ਕੀ ਬਾਕੀ ਰੱਬੀ ਭਗਤ ਅਤੇ ਸਿੱਖ ਗੁਰੂ ਜੀਰੋ ਸਨ ਜਾਂ ਹਨ?
 ਗੁਰੂ ਗ੍ਰੰਥ ਸਾਹਿਬ ਤਾਂ ਗੁਰੂਆਂ ਭਗਤਾਂ ਦੀ ਜੋਤ ਹਨ ਫਿਰ ਉਨ੍ਹਾਂ ਦੇ ਦਰਸ਼ਨ ਨਾਲ ਕਿਉਂ ਨਹੀਂ?
 ਫਿਰ ਬਹੁਤੇ ਗੁਰਦੁਆਰਿਆਂ ਵਿੱਚ ਸੁਹਿਰਦ ਪ੍ਰਬੰਧਕਾਂ ਅਤੇ ਸੰਗਤਾਂ ਨੇ ਦਵਾਖਾਨੇ ਅਤੇ ਵੱਡੇ ਵੱਡੇ ਹਸਪਤਾਲ ਕਿਉਂ ਖੋਲ੍ਹੇ ਹੋਏ ਹਨ?
 ਫਿਰ ਐਡੀਆਂ ਵੱਡੀਆਂ ਮਹਿੰਗੀਆਂ ਬਿਲਡਿੰਗਾਂ ਬਣਾ, ਡਾਕਟਰ, ਕੰਪੋਡਰ, ਸੇਵਾਦਰ ਅਤੇ ਕੀਮਤੀ ਦਵਾਈਆਂ ਉੱਤੇ ਕੌਮ ਦਾ ਅਰਬਾਂ ਖਰਬਾਂ ਰੁਪਿਆ ਖਰਚ ਕੇ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?
 ਫਿਰ ਤਾਂ ਦੁਨੀਆਂ ਭਰ ਵਿੱਚ ਸਾਰੇ ਹਸਪਤਾਲ ਬੰਦ ਕਰਕੇ, ਗੁਰੂ ਦੇ ਦਰਸ਼ਨ ਕਰਾ ਕਰਾ ਕੇ ਰੋਗੀ ਤੇ ਮਰੀਜ ਠੀਕ ਕਰੀ ਜਾਣੇ ਚਾਹੀਦੇ ਹਨ।
 ਕੀ ਅਜਿਹੇ ਅਣਹੋਣੇ ਚਮਤਕਾਰਾਂ ਵਿੱਚ ਅੰਧ ਵਿਸ਼ਵਾਸ਼ ਰੱਖਣ ਵਾਲੇ ਆਪ ਰੋਟੀ ਪਾਣੀ ਅਤੇ ਦਵਾਈਆਂ ਨਹੀਂ ਖਾਂਦੇ?
 ਕੀ ਸਾਰੇ ਦਰਸ਼ਨ ਕਰਕੇ ਹੀ ਠੀਕ ਹੋ ਰਹੇ ਹਨ?
 *ਜਿਸ ਡਿੱਠੇ ਸਭ ਦੁੱਖ ਜਾਏ *ਗੁਰਬਾਣੀ ਨਹੀਂ ਸਗੋਂ *ਦੁਰਗਾ ਕੀ ਵਾਰ* ਦੀ ਪਹਿਲੀ ਪਾਉੜੀ ਹੈ। ਹੁਣ ਸੁਹਿਰਦ ਸਿੱਖਾਂ ਨੇ ਸੋਚਣਾ ਹੈ ਕਿ ਉਨ੍ਹਾਂ ਦਾ ਸ਼ਬਦ ਗੁਰੂ *“ਗੁਰੂ ਗ੍ਰੰਥ ਸਾਹਿਬ” *ਹੈ ਜਾਂ ਕੋਈ ਬਾਹਰੀ ਗ੍ਰੰਥ? ਜੋ ਸਿੱਖਾਂ ਨੂੰ ਗੁਰੂ ਦੇ ਕਿਰਤੀ ਸਿਧਾਂਤਾਂ ਗੁਰਮਤਿ ਤੋਂ ਤੋੜ ਕੇ, ਅਣਹੋਣੇ ਚਮਤਕਾਰਾਂ ਨਾਲ ਜੋੜਦਾ ਹੈ। ਬਚ ਜਾਓ ਨਾ ਚੜ੍ਹਾਓ ਅੰਨੀਂ ਸ਼ਰਧਾ ਦੇ ਗਿਲਾਫੀ ਚਮਤਕਾਰ ਗੁਰੂਆਂ
ਭਗਤਾਂ ਦੇ ਕ੍ਰਾਂਤੀਕਾਰੀ ਜੀਵਨ ਅਤੇ ਸਿਖਿਆ ਉੱਤੇ, ਜੋ ਦੁਨੀਆਂ ਦੇ ਹਰੇਕ ਮਾਈ ਭਾਈ ਲਈ ਕਲਿਆਣਕਾਰੀ ਹੈ।
ਬਾਲ ਗੁਰੂ ਦੇ ਪ੍ਰੈਕਟੀਕਲ ਕਾਰਨਾਮੇ ਧਰਮ ਦੀ ਕਿਰਤ, ਵਿਰਤ, ਪਰਉਕਾਰ, ਲੋਕ ਭਾਈ ਦੇ ਕੰਮ, ਦੀਨ ਦੁਖੀਆਂ ਦੀ ਹੱਥੀਂ ਸੇਵਾ, ਕਾਦਰ ਦੀ ਕੁਦਰਤਿ ਅਤੇ ਰੱਬੀ ਰਜਾ ਵਿੱਚ ਰਾਜੀ ਰਹਿਣ ਦੇ ਮਹਾਨ ਕਾਰਨਾਮਿਆਂ ਨੂੰ ਸਦਾ ਸਲਾਮ ਹੈ।
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.