*ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ*
*ਅਵਤਾਰ ਸਿੰਘ ਮਿਸ਼ਨਰੀ (**5104325827**)*
(ਨੋਟ: ਵੀਰ ਅਵਤਾਰ ਸਿੰਘ ਜੀ ਨੇ ਕੱਲ ਵਾਲੇ ਲੇਖ ਵਿਚ ਕੁਝ ਜ਼ਰੂਰੀ ਸੋਧਾਂ ਕਰ ਕੇ ਦੁਬਾਰਾ ਭੇਜਿਆ ਹੈ, ਇਸ ਲੲ ਇਹ ਲੇਖ ਦੁਬਾਰਾ ਪਾਇਆ ਜਾ ਰਿਹਾ ਹੈ। ਸੰਪਾਦਕ)
ਗੁਰੂ ਹਰਕ੍ਰਿਸ਼ਨ ਆਪ ਜੀ ਦਾ *ਸਰੀਰਕ ਜਨਮ* ੨੦ ਜੁਲਾਈ ੧੬੫੨ ਦੇ ਦਿਨ ਕੀਰਤਪੁਰ ਸਾਹਿਬ ਵਿਖੇ ਮਾਤਾ ਸੁਲੱਖਣੀ ਅਤੇ ਗੁਰੂ ਹਰਿਰਾਏ ਸਾਹਿਬ ਦੇ ਘਰ ਹੋਇਆ। ਆਪ ਉੱਮਰ ਵਿੱਚ ਅਪਣੀ ਭੈਣ ਅਤੇ ਭਰਾ ਤੋਂ ਛੋਟੇ ਸਨ। ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਿਕ ਆਪ ਜੀ ਦੇ ਵੱਡੇ ਭਰਾ ਰਾਮਰਾਇ ਦਾ(ਜਨਮ ੨੪ ਫ਼ਰਵਰੀ ੧੬੪੮) ਨੂੰ ਅਤੇ ਭੈਣ ਬੀਬੀ ਰੂਪ ਕੌਰ ਜੀ ਦਾ (ਜਨਮ ੯ ਅਪ੍ਰੈਲ ੧੬੪੯) ਨੂੰ ਹੋਇਆ।
*ਛੋਟੀ ਉੱਮਰ ਦੀ ਕਰਾਮਾਤ* ਸਾਬਤ ਕਰਨ ਵਾਸਤੇ ਕਈ ਲੇਖਕ ਆਪ ਜੀ ਦਾ ਜਨਮ ਸੰਨ ੧੬੫੬ ਵਿੱਚ ਲਿਖਦੇ ਹਨ।
ਪਾਠਕ ਜਨੋਂ ਅਤੇ ਸਤਸੰਗੀਓ! ਸੂਝ-ਬੂਝ, ਜਿਮੇਵਾਰੀ, ਅਤੇ ਸਿਆਣਪ ਨਾਲ ਉੱਮਰ ਅਤੇ ਬਰਾਦਰੀ ਦਾ ਬਹੁਤਾ ਸਬੰਧ ਨਹੀਂ ਹੁੰਦਾ। *ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ* *ਵੀ ਬਾਲ ਉੱਮਰੇ ਹੀ ਰੂਹਾਨੀ ਗਿਆਨ ਦੇ ਗਿਆਤਾ ਸਨ।* ਉਨ੍ਹਾਂ ਨੇ ਛੋਟੀ ਉੱਮਰ ਵਿੱਚ ਹੀ ਪੰਜਾਬੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਦੇ ਵਿਦਵਾਨਾਂ ਤੋਂ ਹਾਸਲ ਕਰ ਲਈ ਸੀ। ਗੁਰਮਤਿ ਵਿੱਚ *ਬਾਲ*, ਬਜੁਰਗਾਂ ਵਾਲੇ ਅਤੇ *ਬਜੁਰਗ* ਬਾਲ-ਜਵਾਨਾਂ ਵਾਲੇ ਕਾਰਨਾਮੇ ਕਰਦੇ ਹਨ। ਇਸ ਸਬੰਧ ਵਿੱਚ *ਬਾਲ ਬੂੜਾ* ਜੋ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਕੇ *"ਬਾਬਾ ਬੁੱਢਾ"* ਜੀ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਗੁਰਮਤਿ ਵਿੱਚ ਗੁਣਾਂ ਦੀ ਮਹਾਨਤਾ ਅਤੇ ਸਾਂਝ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਗੁਰਤਾਗੱਦੀ ਦੀ ਜਿਮੇਵਾਰੀ ਆਪਣੇ ਮਨਮੁਖ ਪੁੱਤਰਾਂ ਨੂੰ ਛੱਡ ਕੇ, ਗੁਰਮੁਖ ਸੇਵਕ ਤੇ ਹੁਕਮ ਰਜਾ ਵਿੱਚ ਰਹਿਣ ਵਾਲੇ, ਪਰਉਪਕਾਰ ਤੇ ਸੇਵਾ ਦੇ ਪੁੰਜ ਭਾਈ ਲਹਿਣਾ ਜੀ ਨੂੰ ਸੌਂਪੀ। ਸਿੱਖੀ ਵਿੱਚ *ਯੋਗਤਾ* ਦੇਖੀ ਜਾਂਦੀ ਸੀ ਨਾਂ ਕਿ *ਵੱਡੀ ਉੱਮਰ*, ਪ੍ਰਵਾਰ ਜਾਂ ਰਿਸ਼ਤੇਦਾਰੀ। ਇਵੇਂ ਹੀ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੇ ਵੀ, ਆਪਣੇ ਅਯੋਗ ਪੁੱਤ੍ਰਾਂ ਨੂੰ, ਗੁਰਤਾ ਦੀ ਜਿਮੇਵਾਰੀ ਨਹੀਂ ਸਗੋਂ ਵਡੇਰੀ ਉੱਮਰ ਦੇ ਬਾਬਾ ਅਮਰਦਾਸ ਅਤੇ ਇੱਕ ਯਤੀਮ ਘੁੰਙਣੀਆਂ ਵੇਚਣ ਵਾਲੇ ਭਾਈ ਜੇਠਾ ਜੀ ਨੂੰ ਸੌਂਪੀ, ਜੋ ਕ੍ਰਮਵਾਰ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਬਣੇ। ਗੁਰੂ ਰਾਮਦਾਸ ਜੀ ਨੇ ਵੀ ਹੰਕਾਰੀ ਤੇ ਸਰਕਾਰੀ ਪੁੱਤ੍ਰ ਪ੍ਰਿਥੀਚੰਦ ਅਤੇ ਦੁਨੀਆਦਾਰੀ ਤੋਂ ਉਪਰਾਮ ਮਹਾਂਦੇਵ ਨੂੰ ਛੱਡ ਕੇ *"ਬਾਣੀ ਕੇ ਬੋਹਿਥ"* ਛੋਟੇ ਸਾਹਿਬਜਾਦਾ ਨੇਕ ਪੁੱਤ੍ਰ ਅਰਜਨ ਜੀ ਨੂੰ ਗੁਰਤਾ ਸੌਂਪੀ। ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਪੱਖਾਂ ਤੋਂ ਪੂਰਨ ਅਤੇ ਹੋਣਹਾਰ ਆਪਣੇ ਸਪੁੱਤ੍ਰ ਹਰਿਗੋਬਿੰਦ ਜੀ ਵਿੱਚ ਸੰਤ ਸਿਪਾਹੀ ਦੇ ਗੁਣ ਦੇਖ ਕੇ, ਗੁਰਤਾ ਬਖਸ਼ੀ ਪਰ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਪੁੱਤ੍ਰਾਂ ਨੂੰ ਛੱਡ ਕੇ, ਪੋਤਰੇ ਹਰਿਰਾਇ ਨੂੰ ਗੁਰਤਾ ਦਿੱਤੀ। ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰਬਾਣੀ ਸਿਧਾਂਤਾਂ ਦੀ ਖਿਲੀ ਉਡਾਉਣ, ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਅਤੇ ਔਰੰਗਜੇਬ ਦੀ ਜ਼ਾਲਮ ਸਰਕਾਰ ਦੀ ਜੀ ਹਜ਼ੂਰੀ ਕਰਨ ਵਾਲੇ, ਵੱਡੇ
ਪੁੱਤ੍ਰ ਰਾਮਰਾਇ ਨੂੰ ਛੱਡ ਕੇ, ਹੋਣਹਾਰ ਅਤੇ ਗੁਰਮਤਿ ਗਿਆਨ ਦੇ ਗਿਆਤਾ, ਬਾਲ ਹਰਕ੍ਰਿਸ਼ਨ ਜੀ ਨੂੰ ਗੁਰਤਾ ਦੀ ਜਿਮੇਵਾਰੀ ੧੬੪੪ ਈ. ਨੂੰ ਸੌਂਪੀ। ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰਤਾ ਦੇ ਲਾਇਕ ਬਾਬਾ ਤੇਗ ਬਹਾਦਰ ਨੂੰ *"ਬਾਬਾ ਬਕਾਲੇ ਆਪਣੀ ਸੰਗਤ ਸੰਭਾਲੇ"* ਕਹਿ ਕੇ, ਗੁਰਸਿੱਖਾਂ ਹੱਥੀਂ ਗੁਰਤਾ ਦੀ ਜਿਮੇਵਾਰੀ ਦਿੱਤੀ।
ਦਾਸ ਨੇ ਲੇਖ ਦੇ ਵਿਸ਼ੇ ਅਨੁਸਾਰ ਗੱਲ ਸ਼ੁਰੂ ਕੀਤੀ ਸੀ ਕਿ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਿੱਖੀ ਦੇ ਦੁਸ਼ਮਣਾਂ ਨੇ ਅਣਹੋਣੀਆਂ ਅਤੇ ਗੁਰਮਤਿ ਵਿਰੋਧੀ ਕਹਾਣੀਆਂ ਜੋੜ ਕੇ ਲਿਖੀਆਂ ਅਤੇ ਲੋਕਾਈ ਵਿੱਚ ਪ੍ਰਚਾਰੀਆਂ। ਜਿਵੇਂ ਦਿੱਲ੍ਹੀ ਨੂੰ ਜਾਂਦੇ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜਦ ਰਸਤੇ ਵਿੱਚ ਪੰਜੋਖਰੇ (ਅੰਬਾਲੇ) ਵਿਖੇ ਰੁੱਕੇ ਤਾਂ ਓਥੋਂ ਦਾ ਹੰਕਾਰੀ ਪੰਡਿਤ ਲਾਲਚੰਦ, ਜੋ ਗ੍ਰੰਥਾਂ ਦੇ ਊਠ ਲੱਧੀ ਫਿਰਦਾ ਸੀ। ਇਹ ਇਲਾਕੇ ਦੇ ਜਾਂ ਬਾਹਰੋਂ ਆਏ ਵਿਦਵਾਨਾਂ ਅਤੇ ਗੁਰਮੁਖ ਪ੍ਰਚਾਰਕਾਂ ਨੂੰ ਆਪਣੇ ਚੁੰਚ ਗਿਆਨ ਨਾਲ ਹਰਾ, ਬੇਇਜਤ ਕਰਕੇ, ਆਪਣੀ ਜਿੱਤ ਦੇ ਡੰਕੇ ਵਜਾਉਂਦਾ ਸੀ। ਜਦ ਉਸ ਨੂੰ ਬਾਲ ਗੁਰੂ ਦੇ ਇੱਥੇ ਆਉਣ ਦਾ ਪਤਾ ਲੱਗਾ ਤਾਂ, ਉਹ ਆਪਣੇ ਲਾਉ ਲਸ਼ਕਰ ਨਾਲ ਪਹੁੰਚ ਗਿਆ ਤੇ ਭਰੀ ਸਭਾ ਵਿੱਚ ਉੱਠ ਕੇ ਕਹਿਣ ਲੱਗਾ ਕਿ ਜੇ ਤੁਸੀਂ ਵਾਕਿਆ ਹੀ ਬਾਲ ਗੁਰੂ ਹੋ
ਅਤੇ ਆਪਣੇ ਆਪ ਨੂੰ *ਹਰਿਕ੍ਰਿਸ਼ਨ* ਅਖਵਾਉਂਦੇ ਹੋ ਤਾਂ *ਸ੍ਰੀ ਹਰਿਕ੍ਰਿਸ਼ਨ* ਜੋ ਦੁਵਾਪਰ ਦੇ ਅਵਤਾਰ ਹੋਏ ਨੇ, ਜਿਨ੍ਹਾਂ ਨੇ *ਗੀਤਾ* ਉਚਾਰੀ, ਦੇ ਫਲਾਨੇ ਸ਼ਲੋਕ ਦੇ ਅਰਥ ਅਤੇ ਗੀਤਾ ਦਾ ਸਾਰ ਦੱਸੋ?
ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਪੰਡਿਤ ਜੀ ਜੇ ਮੈਂ ਅਜਿਹਾ ਕੀਤਾ ਤਾਂ ਤੁਸੀਂ ਰੌਲਾ ਪਾ ਦੇਣਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਵਾਰਸ ਕੋਲ ਕੋਈ ਚਮਤਾਕਾਰ ਹੈ, ਜਾਓ ਸੰਗਤ ਚੋਂ ਕਿਸੇ ਨੂੰ ਵੀ ਕਹਿ ਦਿਓ ਉਹ ਹੀ ਐਸਾ ਕਰ ਵਿਖਾਏਗਾ ਕਿਉਂਕਿ *ਗੁਰਮਤਿ ਵਿੱਚ ਹਰੇਕ ਮਾਈ ਭਾਈ ਵਿਦਿਆ ਪੜ੍ਹ ਤੇ ਪੜ੍ਹਾ ਸਕਦਾ ਹੈ* ਤਾਂ ਪੰਡਿਤ ਨੇ ਸੰਗਤਾਂ ਦੀ ਸੇਵਾ ਕਰ ਰਹੇ ਛੱਜੂ ਝਿਊਰ ਵੱਲ ਇਸ਼ਾਰਾ ਕੀਤਾ। ਭਾਈ ਛੱਜੂ ਜੀ ਨੇ ਗੁਰੂ ਆਗਿਆ ਲੈ ਕੇ, ਗੀਤਾ ਦੇ ਸ਼ਲੋਕ ਦੇ ਅਜਿਹੇ ਅਰਥ ਕੀਤੇ ਅਤੇ ਦਰਸਾਇਆ ਕਿ ਗੀਤਾ ਦਾ ਸਾਰ ਹੈ ਪ੍ਰਮਾਤਮਾਂ ਅਮਰ ਹੈ ਅੱਗ ਉਸ ਨੂੰ ਸਾੜ ਨਹੀਂ ਸਕਦੀ, ਸ਼ਸ਼ਤ੍ਰ ਕੱਟ ਨਹੀਂ ਸਕਦੇ ਅਤੇ ਪਾਣੀ ਡੋਬ ਨਹੀਂ ਸਕਦਾ ਤਾਂ ਪੰਡਿਤ ਲਾਲਚੰਦ ਦੰਗ ਰਹਿ ਗਿਆ ਅਤੇ ਕੀਤੀ ਅਵੱਗਿਆ ਦੀ ਮੁਆਫੀ ਮੰਗ ਕੇ, ਗੁਰੂ ਦਾ ਮੁਰੀਦ ਬਣ ਗਿਆ। ਗੁਰਮਤਿ ਵਿਰੋਧੀਆਂ ਅਤੇ ਸੰਪ੍ਰਦਾਈ ਟਕਸਾਲੀ ਡੇਰੇਦਾਰਾਂ ਨੇ, ਇਸ ਨਾਲ ਸਾਖੀ ਜੋੜ ਦਿੱਤੀ ਕਿ ਗੁਰੂ ਨੇ, ਚਮਤਕਾਰੀ ਸੋਟੀ ਭਾਈ ਛੱਜੂ ਦੇ ਸਿਰ ਤੇ ਰੱਖੀ ਸੀ।
ਇਵੇਂ ਹੀ ਗੁਰੂ ਘਰ ਦੇ ਸ਼ਰਧਾਲੂ *ਮਿਰਜਾ ਰਾਜਾ ਜੈ ਸਿੰਘ* ਦੀ ਪਟਰਾਣੀ ਦੀ ਪਹਿਚਾਣ ਵੀ *ਚਮਤਕਾਰੀ* ਦਰਸਾਈ ਗਈ ਹੈ ਜਦ ਕਿ ਬਾਲ ਗੁਰੂ ਨੇ ਬੜੀ ਦੂਰ ਅੰਦੇਸ਼ੀ ਨਾਲ ਦਰਸਾ ਦਿੱਤਾ ਸੀ ਕਿ *ਪਟਰਾਣੀ *ਦੇ ਕਪੜੇ ਪਾ ਕੇ, ਕੋਈ *ਗੋਲੀ* ਪਟਰਾਣੀ ਨਹੀਂ ਬਣ ਜਾਂਦੀ ਸਗੋਂ ਉਹ ਆਪਣੀਆਂ ਹਰਕਤਾਂ, ਚਿਹਰੇ ਦੇ ਹਾਵ ਭਾਵਾਂ ਅਤੇ ਗੱਲ ਬਾਤ ਦੇ ਸਲੀਕੇ ਤੋਂ ਪਛਾਣੀ ਜਾਂਦੀ ਹੈ। ਇਨ੍ਹੀ ਦਿਨੀਂ ਇੱਥੇ ਦਿੱਲ੍ਹੀ ਤੇ ਇਸ ਦੇ ਆਸ ਪਾਸ ਦੇ ਇਲਾਇਆਂ ਵਿੱਚ *ਚੇਚਕ* ਫੈਲੀ ਹੋਈ ਹੀ ਸੀ। ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਸਾਥੀਆਂ ਨੇ ਬੜੀ ਤਨਦੇਹੀ ਨਾਲ ਲੋੜਵੰਦ ਮਰੀਜਾਂ ਦਾ ਇਲਾਜ ਕਰਵਾਇਆ, ਮਰੀਜਾਂ ਦੀ ਸੇਵਾ ਅਤੇ ਭੁੱਖ ਮਰੀ ਤੋਂ ਵੀ ਮਦਦ ਕੀਤੀ। ਪਾਣੀ ਦੀ ਸਹੂਲਤ ਨੂੰ ਮੁੱਖ ਰੱਖ ਕੇ *ਖੂਹ* ਵੀ ਲਵਾਇਆ, ਜਿਸ ਨੂੰ ਗੁਰਮਤਿ ਵਿਰੋਧੀਆਂ ਨੇ *ਚਮਤਕਾਰ* ਨਾਲ ਜੋੜ ਦਿੱਤਾ ਹੈ ਕਿ ਇਸ ਦਾ ਪਾਣੀ ਪੀਣ ਨਾਲ ਦੁੱਖ ਰੋਗ ਕੱਟੇ ਜਾਂਦੇ ਨੇ ਜੋ ਅੱਜ *ਬੰਗਲਾ ਸਾਹਿਬ ਗੁਰਦੁਆਰਾ* ਹੈ। ਜਰਾ ਸੋਚੋ! ਜੇ ਐਸਾ ਹੀ ਹੁੰਦਾ ਤਾਂ ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੂੰ ਮਰੀਜਾਂ ਦੀ ਦੇਖ ਭਾਲ ਕਰਦੇ ਚੇਚਕ ਹੋ ਗਈ ਸੀ, ਹਟ ਜਾਂਦੀ।
ਅੱਜ ਇੱਕਵੀਂ ਸਦੀ ਦੇ ਸੰਪ੍ਰਦਾਈ ਅਤੇ ਬਹੁਤੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਤੇ ਕਾਬਜ ਮਸੰਦ ਵੀ ਐਸੇ ਅੰਧਵਿਸ਼ਵਾਸ਼ ਦਾ ਪ੍ਰਚਾਰ ਕਰ, ਸ਼ਰਧਾਲੂਆਂ ਨੂੰ ਗੁੰਰਾਹ ਕਰਕੇ, ਲੁੱਟ ਰਹੇ ਹਨ। ਕੋਈ ਸ਼੍ਰੋਮਣੀ ਕਮੇਟੀ, ਟਕਸਾਲ ਜਾਂ ਅਖੌਤੀ ਜਥੇਦਾਰ ਇਸ ਦਾ ਵਿਰੋਧ ਨਹੀਂ ਕਰ ਰਹੇ। ਇੱਕ ਹੋਰ ਮਨਘੜਤ ਸਾਖੀ ਕਿ ਬਾਲ ਗੁਰੂ ਸਾਹਿਬ ਦੇ ਰਸਤੇ ਵਿੱਚ ਜਾਂਦੇ ਸਮੇਂ, ਇੱਕ *ਬ੍ਰਾਹਮਣ* ਅੱਗੇ ਲੇਟ ਗਿਆ ਤੇ ਕਹਿਣ ਲੱਗਾ ਮੇਰਾ *ਕੋਹੜ *ਦਾ ਰੋਗ ਦੂਰ ਕਰ ਦਿਓ ਤਾਂ ਗੁਰੂ ਜੀ ਨੇ ਆਪਣਾ *ਰੁਮਾਲ* ਉਸ ਨੂੰ ਦੇਂਦੇ ਕਿਹਾ ਕਿ ਆਪਣੇ ਸਰੀਰ ਤੇ ਫੇਰ ਕੋਹੜ ਦੂਰ ਹੋ ਜਾਵੇਗਾ ਆਦਿਕ ਮਨਘੜਤ, ਸਿੱਖੀ ਸਿਧਾਂਤਾਂ ਅਤੇ ਸਿੱਖੀ ਦੀ ਮਹਾਨਤਾ ਨੂੰ ਢਾਹ ਲਾਉਣ ਵਾਲੀਆਂ ਅਨੇਕਾਂ ਕਥਾ ਕਹਾਣੀਆਂ ਅਤੇ *ਦੰਦ ਕਥਾਵਾਂ* ਪ੍ਰਚਲਤ ਕਰ ਦਿੱਤੀਆਂ।
*“**ਹੋਣਹਾਰ ਬ੍ਰਿਹਵਾਨ ਕੇ ਚਿਕਨੇ ਚਿਕਨੇ ਪਾਤ**”* ਕਹਾਵਤ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ। ਅੱਜ ਵੀ ਬਹੁਤ ਸਾਰੇ ਛੋਟੀ ਉੱਮਰ ਦੇ ਬੱਚੇ, ਵੱਡੇ ਵੱਡੇ ਕਾਰਨਾਮੇ ਕਰ ਰਹੇ ਨੇ, ਜਿਨ੍ਹਾਂ ਵੱਲ ਦੇਖ ਕੇ, ਵੱਡੇ ਦੰਗ ਰਹਿ ਜਾਂਦੇ ਹਨ। ਅਜਿਹੀਆਂ *ਮਹਾਨਤਾਵਾਂ*, ਚੰਗੇ ਮਾਤਾ ਪਿਤਾ, ਸਭਾ ਸੁਸਾਇਟੀ ਅਤੇ ਵਿਦਵਾਨਾਂ ਦੀ ਉੱਚ ਸਿਖਿਆ ਨਾਲ, ਕਈਆਂ ਨੂੰ ਛੋਟੀ ਉੱਮਰੇ ਵਿਰਾਸਤ ਵਿੱਚ ਹੀ
ਪ੍ਰਾਪਤ ਹੋ ਜਾਂਦੀਆਂ ਹਨ ਜਦ ਕਿ ਬਹੁਤੇ ਵੱਡੀ ਉੱਮਰ ਵਿੱਚ ਵੀ ਅੰਧਵਿਸ਼ਵਾਸ਼ੀ ਅਤੇ ਮੂਰਖ ਹੀ ਰਹਿੰਦੇ ਹਨ। *ਜੇ ਸੋਟੀਆਂ**, ਪਾਣੀਆਂ, ਤੋਤਾ ਰਟਨੀ ਮੰਤ੍ਰਾਂ ਅਤੇ ਅਣਹੋਣੀਆਂ ਗੈਬੀ ਸ਼ਕਤੀਆਂ ਨਾਲ ਹੀ ਰੋਗੀ, ਮਰੀਜ ਠੀਕ ਅਤੇ ਮਾਲਾ ਮਾਲ ਹੋਣਾ ਸੀ ਤਾਂ ਗੁਰੂ ਸਾਹਿਬ ਨੂੰ ਆਪ ਹੱਥੀਂ ਕਿਰਤ ਕਰਨ, ਵੰਡ ਛੱਕਣ, ਨਾਲ ਜਪਣ, ਮੱਲ ਅਖਾੜੇ ਰੱਚਣ ਅਤੇ ਵੱਡੇ ਵੱਡੇ ਦਵਾਖਾਨੇ ਖੋਲ੍ਹਣ ਦੀ ਕੀ ਲੋੜ ਸੀ?*
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ *ਦਾਰਾ ਸ਼ਿਕੋਹ* ਦਾ ਸਹੀ ਇਲਾਜ ਗੁਰੂ ਹਰਿਰਾਇ ਸਾਹਿਬ ਦੇ ਦਵਾਖਾਨੇ ਚੋਂ ਹੋਇਆ ਸੀ। ਕੋਹੜ ਦਾ ਇਲਾਜ ਕਰਨ ਵਾਸਤੇ, ਗੁਰੂ ਅਰਜਨ ਸਾਹਿਬ ਨੇ, ਤਰਨ ਤਾਰਨ ਸਾਹਿਬ ਵਿਖੇ,* ਕੋਹੜੀ ਦਵਾਖਾਨਾ *(ਹਸਪਤਾਲ) ਖੋਹਲਿਆ ਹੋਇਆ ਸੀ ਨਾਂ ਕਿ ਮੱਸਿਆ ਤੇ ਸਰੋਵਰ ਵਿੱਚ ਨਹਾਉਣ ਨਾਲ ਕੋਹੜ ਦੂਰ ਹੁੰਦਾ ਸੀ। ਹਾਂ ਅੰਧ ਵਿਸ਼ਵਾਸ਼ਤਾ ਕਰਕੇ *ਮਾਨਸਿਕ ਰੋਗੀ**,* *ਗੁਰੂ ਵੈਦ ਦੇ ਗਿਆਨ ਦਾਰੂ* ਨਾਲ ਠੀਕ ਹੋ ਜਾਂਦੇ ਸਨ ਤੇ ਹਨ। ਭਗਤ ਅਤੇ ਸਿੱਖ ਗੁਰੂ ਸਾਹਿਬਾਨ, ਚਿੰਤਾ ਫਿਕਰ ਦੂਰ ਕਰਨ ਦਾ ਉਪਦੇਸ਼ ਦਿੰਦੇ ਸਨ*
-ਨਾ ਕਰਿ ਚਿੰਤ ਚਿੰਤਾ ਹੈ ਕਰਤੇ॥
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ॥....(੧੦੭੦)* ਕਹਾਵਤ ਹੈ *"ਮਨ ਤੋਂ ਵਿਸਾਰਿਆ ਰੋਗ ਤਨ ਤੋਂ ਵੀ ਦੂਰ ਹੋ ਜਾਂਦਾ ਹੈ"* ਜਿਵੇਂ ਸਿਰਪੀੜ ਅਤੇ ਬਲੱਡ ਪ੍ਰੈਸ਼ਰ ਆਦਿਕ। ਦੁਨਿਆਵੀ ਵਿਸ਼ੇ ਵਿਕਾਰਾਂ ਅਤੇ ਔਗਣਾਂ ਵਿੱਚ ਗ੍ਰਸਤ ਹੋ ਕੇ, ਖਸਮ ਕਰਤਾਰ ਨੂੰ ਭੁੱਲਣਾ ਹੀ ਬਹੁਤ ਸਾਰੇ ਰੋਗਾਂ ਨੂੰ ਸੱਦਾ ਦੇਣਾ ਹੈ-
*ਖਸਮੁ ਵਿਸਾਰਿ ਕੀਏ ਰਸ ਭੋਗ॥ ਤਾਂ ਤਨਿ ਉਠਿ ਖਲੋਏ ਰੋਗ॥ (੧੨੫੬) *
*ਸੋ ਬਾਲ ਉੱਮਰੇ ਹੋਣਹਾਰਤਾ**, ਚੰਗੀ ਵਿਦਿਆ, ਲਗਨ, ਲੋਕ ਸੇਵਾ ਅਤੇ ਰੱਬੀ ਰਹਿਮਤ ਆਦਿਕ ਸ਼ੁਭ ਗੁਣ ਹੀ ਉਨ੍ਹਾਂ ਦੀ ਮਹਾਨਤਾ ਦੇ ਕਾਰਨ ਸਨ ਨਾਂ ਕਿ ਕੋਈ ਕਰਾਮਾਤ ਜਾਂ ਅਣਹੋਣੇ ਚਮਤਕਾਰ। ਸਾਨੂੰ ਛੋਟੀ ਉੱਮਰ ਵਿੱਚ, ਵੱਡੇ ਕਾਰਨਾਮੇ ਕਰਨ ਦੀ, ਬਾਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਨਾਂ ਕਿ ਅਣਹੋਣੇ ਚਮਤਕਾਰਾਂ ਦੇ ਗਿਲਾਫ ਹੀ ਉਨ੍ਹਾਂ ਦੀ ਮਹਾਨਤਾ ਤੇ ਚੜਾਈ ਜਾਣੇ ਚਾਹੀਦੇ ਹਨ।*
*ਨੋਟ*-ਅਖੌਤੀ ਦਸਮ ਗ੍ਰੰਥ ਜੋ ਅਜਿਹੇ ਚਮਤਾਰਾਂ, ਵਿਭਚਾਰਾਂ,ਵਿਕਾਰਾਂ, ਮਾਰੂ ਨਸ਼ਿਆਂ ਅਤੇ ਔਰਤਾਂ ਦੇ ਰੇਪਾਂ ਦੀ ਸਿਖਿਆ ਦਿੰਦਾ ਹੈ, ਦੇ ਮਗਰ ਲੱਗ ਕੇ, ਇਹ ਕਹੀ ਜਾਣਾ ਕਿ-
*ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ।(ਦੁਰਗਾ ਕੀ ਵਾਰ)*
ਜੋ ਅਜੋਕੀ *ਅਰਦਾਸ* ਬਣਾ ਦਿੱਤੀ ਗਈ ਹੈ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਦੁੱਖ ਭੰਜਨ ਪ੍ਰਮਾਤਮਾਂ ਹੈ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਦੇਖਣ ਨਾਲ ਹੀ ਦੁੱਖ ਦੂਰ ਹੁੰਦੇ ਹਨ?
ਜੇ ਅਜਿਹਾ ਹੈ ਤਾਂ ਬਾਲ ਗੁਰੂ ਹਰਿ ਕ੍ਰਿਸ਼ਨ, ਹਰ ਵੇਲੇ ਆਪਣੇ ਆਪ ਨੂੰ ਦੇਖਦੇ ਸਨ ਫਿਰ ਉਨ੍ਹਾਂ ਦਾ *ਚੇਚਕ ਦਾ ਰੋਗ* ਦੂਰ ਕਿਉਂ ਨਾ ਹੋਇਆ?
ਕੀ ਇਕੱਲੇ ਅਠਵੇਂ ਬਾਲ ਗੁਰੂ ਨੂੰ ਦੇਖਣ ਨਾਲ ਹੀ ਦੁੱਖ ਦੂਰ ਹੁੰਦੇ ਸਨ ਜਾਂ ਹਨ?
ਕੀ ਬਾਕੀ *ਰੱਬੀ ਭਗਤਾਂ* ਅਤੇ *ਸਿੱਖ ਗੁਰੂ**ਆਂ* ਵਿੱਚ ਇਹ *ਸ਼ਕਤੀ* ਨਹੀਂ ਸੀ?
*ਗੁਰੂ ਗ੍ਰੰਥ ਸਾਹਿਬ* ਤਾਂ *ਗੁਰੂਆਂ ਭਗਤਾਂ ਦੀ ਜੋਤ* ਹਨ, ਫਿਰ ਉਨ੍ਹਾਂ ਦੇ ਦਰਸ਼ਨ ਨਾਲ ਕਿਉਂ ਨਹੀਂ?
ਫਿਰ ਬਹੁਤੇ *ਗੁਰਦੁਆਰਿਆਂ* ਵਿੱਚ ਸੁਹਿਰਦ *ਪ੍ਰਬੰਧਕਾਂ* ਅਤੇ *ਸੰਗਤਾਂ* ਨੇ *ਦਵਾਖਾਨੇ* ਅਤੇ ਵੱਡੇ ਵੱਡੇ *ਹਸਪਤਾਲ* ਕਿਉਂ ਖੋਲ੍ਹੇ ਹੋਏ ਹਨ?
ਫਿਰ ਐਡੀਆਂ ਵੱਡੀਆਂ ਮਹਿੰਗੀਆਂ ਬਿਲਡਿੰਗਾਂ ਬਣਾ, ਡਾਕਟਰ, ਕੰਪੋਡਰ, ਸੇਵਾਦਾਰ ਅਤੇ ਕੀਮਤੀ ਦਵਾਈਆਂ ਉੱਤੇ ਕੌਮ ਦਾ ਅਰਬਾਂ ਖਰਬਾਂ ਰੁਪਿਆ, ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?
ਫਿਰ ਤਾਂ ਦੁਨੀਆਂ ਭਰ ਵਿੱਚ ਸਾਰੇ ਹਸਪਤਾਲ ਬੰਦ ਕਰਕੇ, ਗੁਰੂ ਦੇ ਦਰਸ਼ਨ ਕਰਾ ਕਰਾ ਕੇ ਰੋਗੀ ਠੀਕ ਕਰੀ ਜਾਣੇ ਚਾਹੀਦੇ
ਹਨ। ਕੀ ਅਜਿਹੇ ਅਣਹੋਣੇ ਚਮਤਕਾਰਾਂ ਵਿੱਚ ਅੰਧ ਵਿਸ਼ਵਾਸ਼ ਰੱਖਣ ਵਾਲੇ, ਆਪ ਰੋਟੀ ਪਾਣੀ ਅਤੇ ਦਵਾਈਆਂ ਨਹੀਂ ਖਾਂਦੇ, ਪੀਂਦੇ ਅਤੇ ਵਰਤਦੇ?
ਕੀ ਸਾਰੇ ਦਰਸ਼ਨ ਕਰਕੇ ਹੀ ਠੀਕ ਹੋ ਰਹੇ ਹਨ?
*ਜਿਸ ਡਿੱਠੇ ਸਭ ਦੁੱਖ ਜਾਏ *ਗੁਰਬਾਣੀ ਨਹੀਂ ਸਗੋਂ *ਦੁਰਗਾ ਕੀ ਵਾਰ ਦੀ ਪਹਿਲੀ ਪਾਉੜੀ* ਹੈ। ਹੁਣ ਸੁਹਿਰਦ ਸਿੱਖਾਂ ਨੇ ਸੋਚਣਾ ਹੈ ਕਿ ਉਨ੍ਹਾਂ ਦਾ ਸ਼ਬਦ ਗੁਰੂ *"ਗੁਰੂ ਗ੍ਰੰਥ ਸਾਹਿਬ"* ਹੈ ਜਾਂ ਕੋਈ *ਬਾਹਰੀ ਗ੍ਰੰਥ*? ਜੋ ਸਿੱਖਾਂ ਨੂੰ ਗੁਰੂ ਦੇ ਕਿਰਤੀ ਸਿਧਾਂਤਾਂ ਗੁਰਮਤਿ ਤੋਂ ਤੋੜ ਕੇ, ਅਣਹੋਣੇ ਚਮਤਕਾਰਾਂ ਨਾਲ ਜੋੜਦਾ ਹੈ।
*ਗੁਰੂ ਪਿਆਰਿਓ **ਬਚ ਜਾਓ! ਨਾ ਚੜ੍ਹਾਓ ਅੰਨੀਂ ਸ਼ਰਧਾ ਦੇ ਗਿਲਾਫੀ ਚਮਤਕਾਰ ਗੁਰੂਆਂ ਭਗਤਾਂ ਦੇ ਕ੍ਰਾਂਤੀਕਾਰੀ ਜੀਵਨ ਅਤੇ ਸਿਖਿਆਵਾਂ ਉੱਤੇ**, ਜੋ ਦੁਨੀਆਂ ਦੇ ਹਰੇਕ ਮਾਈ ਭਾਈ ਲਈ ਕਲਿਆਣਕਾਰੀ ਹਨ। *
ਬਾਲ ਗੁਰੂ ਦੇ ਅਮਲੀ (ਪ੍ਰੈਕਟੀਕਲ) ਕਾਰਨਾਮੇ, ਧਰਮ ਦੀ ਕਿਰਤ, ਵਿਰਤ, ਪਰਉਕਾਰ, ਲੋਕ ਭਲਾਈ ਦੇ ਕੰਮ, ਦੀਨ ਦੁਖੀਆਂ ਦੀ ਹੱਥੀਂ ਸੇਵਾ, ਕਾਦਰ ਦੀ ਕੁਦਰਤਿ ਅਤੇ ਰੱਬੀ ਰਜਾ ਵਿੱਚ ਰਾਜੀ ਰਹਿਣ ਦੇ, ਮਹਾਨ ਕਾਰਨਾਮਿਆਂ ਨੂੰ ਸਦਾ ਸਲਾਮ ਹੈ।
ਅਵਤਾਰ ਸਿੰਘ ਮਿਸ਼ਨਰੀ
*ਬਾਲ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਾਨਤਾ ਉੱਪਰ ਚਮਤਕਾਰੀ ਗਿਲਾਫ*
Page Visitors: 2714