ਕਾਗਰ ਨਾਵ ਲੰਘਹਿ ਕਤ ਸਾਗਰੁ...
-: ਗੁਰਦੇਵ ਸਿੰਘ ਸੱਧੇਵਾਲੀਆ
ਕਾਗਜ਼ਾਂ ਦੀ ਬੇੜੀ ਬਣਾ ਕੇ ਸਾਗਰ ਲੰਘਣਾ ਚਾਹੁੰਦਾ ! ਕਾਗਜ਼ ਦੀ ਬੇੜੀ ਤਾਂ ਖਾਲ ਨਾ ਟਪਾਵੇ, ਸਾਗਰ ਕਿਥੇ ਲੰਘਾ ਦਊ ? ਪਰ ਮੈਂ ਬਜ਼ਿਦ ਹਾਂ ਕਿ ਨਹੀਂ ਕਾਗਜ਼ ਦੀ ਬੇੜੀ ਚੜ ਹੀ ਲੰਘਣਾ ਹੈ। ਤੇ ਨਤੀਜਾ? ਪੂਰੀ ਕੌਮ ਡੁੱਬ ਰਹੀ ਹੈ।
ਸਾਂਝਾ ਜਥੇਬੰਦਕ ਖਾਲਸਾ ਜਹਾਜ ਛੱਡ ਕੇ, ਹਰੇਕ ਅਪਣੀ ਅਪਣੀ ਬੇੜੀ ਚੜ ਬੈਠਾ ਉਹ ਵੀ ਕਾਗਜ਼ਾਂ ਦੀ? ਹਰੇਕ ਦਾ ਅਪਣਾ ਸੰਤ, ਅਪਣਾ ਡੇਰਾ?
ਜਿਹੜਾ ਸਿੱਖ ਖਰੋਚੋ, ਵਿਚੋਂ ਕੋਈ ਨਾ ਕੋਈ ਸੰਤ ਨਿਕਲ ਆਂਉਂਦਾ!
ਕੌਮ ਦਾ ਬੌਧਿਕ ਵਿਕਾਸ ਰੁੱਕ ਗਿਆ। ਰੁੱਕ ਹੀ ਜਾਣਾ ਜਦ ਬੇੜੀ ਹੀ ਕਾਗਜ਼ ਦੀ ਹੋਈ। ਗੋਤੇ ਖਾਂਦੇ ਬੰਦੇ ਦਾ ਬੌਧਿਕ ਵਿਕਾਸ ਕਿਥੇ ਹੋ ਜਾਊ। ਕਾਗਜ਼ ਦੀ ਬੇੜੀ ਖੁਦ ਤਾਂ ਡੁੱਬਣੀ ਸੀ, ਉਸ ਚੜਨ ਵਾਲੇ ਨੂੰ ਡੋਬ ਮਾਰਿਆ। 'ਸੰਤ' ਖੁਦ ਤਾਂ ਡੁੱਬਿਆ ਸੀ, ਉਸ ਕੌਮ ਵੀ ਡੋਬ ਮਾਰੀ।
ਤੁਸੀਂ ਦੱਸੋ ਕਿ ਪਿਹੋਵੇ ਵਰਗੀਆਂ ਬੇੜੀਆਂ ਤੁਹਾਨੂੰ ਕੀ ਤਾਰ ਦੇਣਗੀਆਂ ?
ਤੁਹਾਡੇ ਰਾੜੇ, ਰਤਵਾੜੇ, ਨਾਨਕਸਰੀਏ, ਬੁਲੰਦਪੁਰੀਏ! ਇਹ ਬੇੜੀਆਂ ਤਾਂ ਤਿਆਰ ਹੀ ਤੁਹਾਡੀਆਂ ਬੇੜੀਆਂ ਡੋਬਣ ਲਈ ਕੀਤੀਆਂ ਗਈਆਂ ਸਨ ਤੁਸੀਂ ਇਨ੍ਹਾਂ ਉਪਰ ਚੜ੍ਹਕੇ ਪਾਰ ਜਾਣਾ ਚਾਹੁੰਦੇ?
ਇਹ ਕਾਗਜ਼ਾਂ ਦੀਆਂ ਬੇੜੀਆਂ। ਵਿਚਾਲੇ ਡੁੱਬ ਜਾਣ ਵਾਲੀਆਂ ਤੇ ਤੁਸੀਂ ਇਨ੍ਹਾਂ ਤੇ ਚ੍ਹੜਕੇ ਨਾਮ ਵਾਲੇ ਚੱਪੂ ਮਾਰੀ ਜਾ ਰਹੇ ਹੋਂ?
ਬਾਬਾ ਜੀ ਅਪਣੇ ਕਹਿੰਦੇ ਕਿ ਬੇਅਰਥ ਹੀ ਕਹੀ ਜਾਂਦਾ, ਮੈਂ ਤਰ ਗਿਆ ਮੈਂ ਤਰ ਗਿਆ! ਸਾਡੇ ਬਾਬਾ ਜੀ ਨੇ ਤਾਰ ਦਿੱਤਾ ਸਾਨੂੰ। ਜਦ ਦੇ ਬਾਬਾ ਜੀ ਕੋਲੇ ਜਾਣ ਲੱਗੇ ਹਾਂ ਚਿੱਠੇ ਤਰ ਗਏ। ਮੱਝ ਮਿਲਣ ਲੱਗ ਗਈ, ਮੁੰਡਾ ਸਿੱਧਾ ਹੋ ਲਿਆ, ਘਰ ਵਾਲਾ ਸ਼ਰਾਬ ਛੱਡ ਗਿਆ, ਕੁੜੀ ਚੰਗੇ ਥਾਵੇਂ ਵਿਆਹੀ ਗਈ, ਨੌਕਰੀ ਚੰਗੀ ਲੱਗ ਗਈ, ਇੱਕ ਮੁੰਡਾ ਕਨੇਡੇ ਲੰਘ ਗਿਆ। ਕਾਗਜ਼ਾਂ ਵਰਗੀਆਂ ਹੀ ਗੱਲਾਂ! ਡੁੱਬ ਜਾਣ ਵਾਲੀਆਂ ਗੱਲਾਂ! ਜਿੰਨਾ ਦਾ ਜੀਵਨ ਸ਼ੈਲੀ ਨਾਲ ਸਬੰਧ ਹੀ ਕੋਈ ਨਹੀਂ!
ਦੱਸ ਕਨੇਡਾ ਤੈਨੂੰ ਸੰਤ ਕਿਥੇ ਲੰਘਾ ਦਊ ਉਹ ਨੰਗ ਤਾਂ ਖੁਦ ਲੋਕਾਂ ਕੋਲੋਂ ਸਪਾਂਸਰਸ਼ਿਪ ਮੰਗਵਾਉਂਦਾ ਫਿਰਦਾ।
ਕਾਗਜ਼ਾਂ ਦੀ ਬੇੜੀ ਮੈਨੂੰ ਦੱਸਦੀ ਕਿ ਉਸ ਪਾਰ ਜਿਥੇ ਤੈਨੂੰ ਮੈਂ ਲੈ ਕੇ ਜਾਣਾ ਉਥੇ ਹੈ ਸੱਚਖੰਡ, ਰੱਬ ਆਪ ਵੱਸਦਾ, ਠੰਡੀਆਂ ਹਵਾਵਾਂ, ਦੇਵਤੇ ਵੱਸਦੇ ਉਥੇ, ਰੱਬੀ ਨਾਦ ਸੁਣਦੇ, ਧਰਮਰਾਇਆ ਵੀ ਹੱਥ ਬੰਨੀ ਫਿਰਦਾ ਅੱਗੇ ਪਿੱਛੇ, ਥਾਲ ਆਉਂਦੇ ਲੱਗੇ ਲਗਾਏ! ਪਰ ਜੇ ਪੁੱਛੋ ਕਿ ਉਹ ਸੱਚਖੰਡ ਕਿਥੇ ਹੈ, ਤਾਂ ਇਹ 'ਸੰਤ' ਦੀਆਂ ਜੁੱਤੀਆਂ ਮੂਹਰੇ ਜਾ ਖੜਾ ਕਰਦੇ ਕਿ ਆਹ ਲੈ ਆ ਗਿਆ ਈ ਸੱਚਖੰਡ?
ਕਾਗਜ਼ਾਂ ਦੀ ਬੇੜੀ ਛੱਪੜਾਂ ਵਿਚ ਤਾਰਨ ਤੱਕ ਤਾਂ ਠੀਕ ਸੀ, ਪਰ ਤੂੰ ਇਸ ਉਪਰ ਚੜ੍ਹ ਹੀ ਬੈਠਾ।
ਅਗਲਾ ਦੁਖਾਂਤ ਉਦੋਂ ਸ਼ੁਰੂ ਹੋਇਆ ਜਦ ਤੂੰ ਮੰਨ ਬੈਠਾ ਕਿ ਤਰ ਗਿਆ ਹਾਂ ਮੈਂ। ਹਰੇਕ ਸੰਤ ਦੇ ਡੇਰੇ ਜਾਣ ਵਾਲੇ ਨੂੰ ਪੁੱਛ ਲਓ ਕਹਿੰਦਾ.. ਤਰ ਗਿਆ! ਜਦ ਉਸ ਨੂੰ ਕਿਸੇ ਡੁੱਬੇ ਦੀ ਗੱਲ ਸੁਣਾਵੋ ਤਾਂ ਉਹ ਕਹਿੰਦਾ ਨਾਂਅ! ਸਾਡੇ ਬਾਬਾ ਜੀ ਇਦਾਂ ਦੇ ਨਹੀਂ। ਉਹ ਤਾਂ ਤੁਸੀਂ ਜੀ ਪਖੰਡੀਆਂ ਦੀ ਗੱਲ ਕਰ ਰਹੇ ਓਂ, ਸਾਡੇ ਵਾਲੇ ਇੰਝ ਨਹੀਂ ਹਨ! ਯਾਣੀ ਮੈਂ ਸਮਝਦਾਰ, ਮੈਂ ਬੇੜੀ ਪੱਕੀ ਚੁਣੀ, ਕੋਈ ਛੇਕ ਨਹੀਂ ਇਸ ਵਿਚ, ਪਾਰ ਲੰਘਾ ਦੇਣ ਵਾਲੀ? ਮੇਰੀ ਬੇੜੀ ਬੰਨੇ ਲੱਗਣ ਵਾਲੀ ਬਾਕੀ ਸਭ ਡੋਬੂ। ਚੜਿਆ ਖੁਦ ਵੀ ਕਾਗਜ਼ਾਂ ਦੀ ਬੇੜੀ। ਨਾਨਕਸਰੀਆਂ ਦੇ ਜਾਣ ਵਾਲਾ ਰਾੜੇਵਾਲੀ ਬੇੜੀ ਵਿਚ ਛੇਕ ਦੱਸੀ ਜਾਂਦਾ ਤੇ ਰਾੜੇ ਵਾਲਿਆਂ ਦਾ ਰਤਵਾੜੇ ਵਾਲੇ ਦੀ ਬੇੜੀ ਤੇ ਭਰੋਸਾ ਨਹੀਂ ਰੱਖਦਾ। ਰਾੜੇਵਾਲਾ ਕਹਿੰਦਾ ਮੇਰੇ ਸੰਤ ਦੀਆਂ ਜੁੱਤੀਆਂ ਵਿਚ ਦਰਗਾਹ, ਨਾਨਕਸਰ ਵਾਲਾ ਕਹਿੰਦਾ ਮੇਰੇ ਬਾਬਾ ਜੀ ਦੇ ਮੌਜਿਆਂ ਵਿਚ ਸੱਚਖੰਡ। ਮੂਰਖਾਂ ਪਿੱਛਾ ਧੋਣ ਵਾਲੇ ਨਲਕੇ ਉਪਰ ਵੀ ਹਾਰ ਪਾ ਛੱਡੇ ਤੇ ਗੱਡੀਆਂ ਵੀ ਸ਼ੀਸ਼ੇ ਮੜਾ ਮਾਰੀਆਂ।
ਇਹ ਕਾਗਜ਼ਾਂ ਦੀਆਂ ਬੇੜੀਆਂ 'ਤੇ ਚੜ੍ਹ ਕੇ ਸੱਚਖੰਡ ਪਹੁੰਚਣਾ ਚਾਹੁੰਦੇ ਤੇ ਉਹ ਇਨ੍ਹਾਂ ਨੂੰ ਭੋਰਿਆਂ ਵਿਚ ਲਈ ਜਾਂਦੇ ਜਿਥੇ ਜੁੱਤੀਆਂ ਪਈਆਂ। ਪਰ ਮਨੁੱਖ ਕਮਲਾ ਜੁੱਤੀਆਂ ਅੱਗੇ ਜਾ ਕੇ ਹੀ ਬਾਹਰ ਆ ਕੇ ਦੱਸੀ ਜਾਂਦਾ ਕਿ ਮੈਂ ਸੱਚਖੰਡ ਹੋ ਆਇਆਂ ਯਾਣੀ ਕਾਗਜ਼ ਦੀ ਬੇੜੀ ਚੜਿਆ ਹੀ ਬੋਲੀ ਜਾਂਦਾ ਕਿ ਮੈਂ ਤਰ ਗਿਆ.
.. ਤਰ ਗਿਆ ???
ਗੁਰਦੇਵ ਸਿੰਘ ਸੱਧੇਵਾਲੀਆ
ਕਾਗਰ ਨਾਵ ਲੰਘਹਿ ਕਤ ਸਾਗਰੁ...
Page Visitors: 2671