ਕੈਟੇਗਰੀ

ਤੁਹਾਡੀ ਰਾਇ

New Directory Entries


ਸੁਖਜੀਤ ਸਿੰਘ ਕਪੂਰਥਲਾ
‘ਸਰਬ ਰੋਗ ਕਾ ਅਉਖਦੁ ਨਾਮ`
‘ਸਰਬ ਰੋਗ ਕਾ ਅਉਖਦੁ ਨਾਮ`
Page Visitors: 2701

ਸਰਬ ਰੋਗ ਕਾ ਅਉਖਦੁ ਨਾਮ`
ਸਰਬ ਰੋਗ ਕਾ ਅਉਖਦੁ ਨਾਮ` ਨਾਮ ਦੇ ਅਮੋਲਕ ਬਚਨ ਪਰਮ ਪਿਤਾ ਪ੍ਰਮੇਸ਼ਰ ਵਲੋਂ ਬਖਸ਼ਿਸ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਰਸਨਾਂ ਰਾਹੀਂ ਉਚਾਰਣ ਅੰਮ੍ਰਿਤ ਮਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਨੌਵੀਂ ਅਸ਼ਟਪਦੀ ਦੇ ਪੰਜਵੇ ਪਦੇ ਵਿੱਚ ਸ੍ਰੀ ਗੁਰੂ ਸਾਹਿਬ ਦੇ ਪਾਵਨ ਅੰਕ 274 ਤੇ ਸੁਸ਼ੋਭਿਤ ਹਨ।
ਮਨੁੱਖਾ ਜੀਵਨ ਪ੍ਰਮੇਸ਼ਰ ਵਲੋਂ ਮਿਲਿਆ ਇੱਕ ਅਮੁੱਲਾ ਵਰਦਾਨ ਹੈ ਇਸ ਸਬੰਧੀ ਗੁਰਬਾਣੀ ਵਿੱਚ ਬਾਰ-ਬਾਰ ਕਿਹਾ ਗਿਆ ਹੈ-
ਕਬੀਰਾ ਮਾਨਸ ਜਨਮ ਦੁਲੰਭੁ ਹੈ ਹੋਇ ਨ ਬਾਰੈ ਬਾਰ।। (ਸਲੋਕ ਕਬੀਰ ਜੀ-੧੩੬੬)
ਪਰ ਇਸ ਮਨੁੱਖਾ ਜਨਮ ਨੂੰ ਅਮੋਲਕ ਅਤੇ ਦੁਰਲਭ ਤਾਂ ਹੀ ਮੰਨਿਆ ਜਾ ਸਕਦਾ ਹੈ, ਜਦੋਂ ਇਹ ਕਿਸੇ ਪ੍ਰਕਾਰ ਦੇ ਰੋਗ-ਸੋਗ, ਡਰ-ਫਿਕਰ ਆਦਿ ਤੋਂ ਨਿਰਲੇਪ ਹੋ ਕੇ ਸਦਾ ਖੁਸ਼ੀਆਂ ਭਰਪੂਰ ਹੋਵੇ, ਪ੍ਰੰਤੂ ਜਦੋਂ ਅਸੀਂ ਆਪਣੇ ਅੰਦਰ ਅਤੇ ਸੰਸਾਰ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਦਾ ਪਾਵਨ ਬਚਨ-
ਨਾਨਕ ਦੁਖੀਆ ਸਭੁ ਸੰਸਾਰ।। (ਸਲੋਕ ਮਹਲਾ੧-੯੫੩)
ਪ੍ਰਤੱਖ ਰੂਪ ਵਿੱਚ ਸੱਚ ਪ੍ਰਤੀਤ ਹੁੰਦਾ ਹੈ। ਮਨੁੱਖ ਆਪਣੇ ਦੁੱਖਾਂ-ਰੋਗਾਂ ਦਾ ਸਤਾਇਆ ਹੋਇਆ ਕਿਸੇ ਹੋਰ ਮਨੁੱਖ ਕੋਲੋਂ ਨਵਿਰਤੀ ਦੀ ਆਸ ਲੈ ਕੇ ਉਸ ਨਾਲ ਦੁੱਖਾਂ ਦੀ ਸਾਂਝ ਕਰਦਾ ਹੈ ਤਾਂ ਅੱਗੋਂ ਨਿਰਾਸ਼ਾ ਹੀ ਹੱਥ ਲੱਗਦੀ ਹੈ-
ਜਿਸ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ।। (ਗੂਜਰੀ ਮਹਲਾ ੫-੪੯੭)
ਪ੍ਰੰਤੂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਸੰਸਾਰ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਮਨ ਨੂੰ ਧਰਵਾਸ ਮਿਲ ਜਾਂਦੀ ਹੈ। ਬਾਬਾ ਫਰੀਦ ਜੀ ਦਾ ਪਾਵਨ ਸਲੋਕ-
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।
ਊਚੈ ਚੜਿ ਕੈ ਦੇਖਿਆ ਤਾ ਘਰਿ ਘਰਿ ਏਹਾ ਅਗਿ।। (ਸਲੋਕ ਫਰੀਦ ਜੀ-੧੩੮੨)
ਸਾਨੂੰ ਗਿਆਨ ਦਿੰਦਾ ਹੈ ਕਿ ਕੇਵਲ ਮੈਂ ਹੀ ਰੋਗੀ ਨਹੀਂ ਸੰਸਾਰ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ।
ਇਹਨਾਂ ਦੁੱਖਾਂ ਤੋਂ ਨਵਿਰਤੀ ਲਈ ਗੁਰਬਾਣੀ ਦੇ ਪਾਵਨ ਬੋਲ ਸਰਬ ਰੋਗ ਕਾ ਅਉਖਦੁ ਨਾਮਰੂਪੀ ਦਵਾਈ ਨੂੰ ਵਰਤਣ ਤੋਂ ਪਹਿਲਾਂ ਇਹ ਸਮਝਣਾ ਵੀ ਜਰੂਰੀ ਹੈ ਕਿ ਜੀਵਨ ਵਿੱਚ ਰੋਗਾਂ ਦੇ ਪੈਦਾ ਹੋਣ ਦਾ ਕਾਰਣ ਕੀ ਹੈ।
ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਵਿੱਚ ਰੋਗਾਂ ਦੇ ਪੈਦਾ ਹੋਣ ਦੇ ਕਾਰਣ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਸਪਸ਼ਟ ਹੋ ਜਾਂਦਾ ਹੈ ਕਿ ਰੋਗਾਂ ਦੇ ਕਾਰਣ ਕੋਈ ਬਾਹਰੋਂ ਨਹੀ ਅਸੀ ਆਪ ਹੀ ਹਾਂ-
ਬਾਬਾ ਹੋਰੁ ਖਾਣਾ ਖੁਸੀ ਖੁਆਰੁ।।
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। (ਸਿਰੀ ਰਾਗ ਮਹਲਾ ੧-੧੬)
ਪ੍ਰਭੂ ਨੂੰ ਭੁਲਾ ਕੇ ਸਾਡੇ ਵਲੋਂ ਬੇਨਿਯਮਾਂ ਖਾਣਾ ਪੀਣਾ ਹੀ ਜੀਵਨ ਵਿੱਚ ਰੋਗ ਪੈਦਾ ਕਰਨ ਦਾ ਕਾਰਣ ਬਣਦਾ ਹੈ-
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ।। (ਵਾਰ ਮਲਾਰ ਮਹਲਾ ੧-੧੨੮੭)      ਅਥਵਾ-
ਖਸਮੁ ਵਿਸਾਰਿ ਕੀਏ ਰਸ ਭੋਗ।।
ਤਾ ਤਨਿ ਉਠ ਖਲੋਏ ਰੋਗ।।   (ਵਾਰ ਮਲਾਰ ਮਹਲਾ ੧-੧੨੫੬)
ਸਿਧਾਂ ਨੇ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਚਰਚਾ ਦੌਰਾਨ ਪ੍ਰਸ਼ਨ ਕੀਤਾ ਕਿ ਸੰਸਾਰ ਦੇ ਰੋਗਾਂ ਦਾ ਕਾਰਣ ਕੀ ਹੈ-
ਕਿਤੁ ਕਿਤੁ ਬਿਧਿ, ਜਗੁ ਉਪਜੈ ਪੁਰਖਾ
ਕਿਤੁ ਕਿਤੁ ਦੁਖਿ ਬਿਨਸਿ ਜਾਈ।।
ਬਾਬਾ ਨਾਨਕ ਦਾ ਉਤਰ ਹੈ
ਹਉਮੈ ਵਿਚਿ ਜਗੁ ਉਪਜੈ ਪੁਰਖਾ
ਨਾਮਿ ਵਿਸਰਿਐ ਦੁਖੁ ਪਾਈ।। (ਰਾਮਕਲੀ ਮਹਲਾ ੧-੯੪੬)
ਭਾਵ ਮਨੁੱਖ ਹਉਮੈ ਅਧੀਨ ਆਪਣੇ ਆਪ ਨੂੰ ਪ੍ਰਮੇਸ਼ਰ ਤੋਂ ਵੱਖਰਾ ਸਮਝ ਕੇ, ਪ੍ਰਮੇਸ਼ਰ ਨੂੰ ਭੁੱਲ ਕੇ ਦੁਖੀ ਹੋ ਰਿਹਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿਣ ਵਾਲੇ ਸਭ ਤੋਂ ਵੱਡੇ ਰੋਗ ਦਾ ਸ਼ਿਕਾਰ ਹੋ ਕੇ ਕੁਰਲਾ ਰਿਹਾ ਹੈ-
ਜੈ ਤਨਿ ਬਾਣੀ ਵਿਸਰਿ ਜਾਇ।।
ਜਿਉ ਪਕਾ ਰੋਗੀ ਵਿਲਲਾਇ।। (ਧਨਾਸਰੀ ਮਹਲਾ ੧-੬੬੧)
ਸਵਾਲ ਪੈਦਾ ਹੁੰਦਾ ਹੈ ਕਿ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਕਿਵੇਂ ਯਤਨ ਕਰੇ, ਕਿਸ ਅੱਗੇ ਫਰਿਆਦ ਕਰੇ, ਗੁਰਬਾਣੀ ਵਿਚੋਂ ਜਵਾਬ ਮਿਲਦਾ ਹੈ-
ਜੋ ਜੋ ਦੀਸੈ ਸੋ ਸੋ ਰੋਗੀ।।
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ।।  (ਭੈਰਉ ਮਹਲਾ ੫-੧੧੪੦)
ਇਸੇ ਪ੍ਰਥਾਇ ਹੋਰ ਗੁਰਵਾਕ ਹੈ-
ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ।।
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ।।  (ਬਿਲਾਵਲ ਮਹਲਾ ੫-੮੧੬)
ਗੁਰਬਾਣੀ ਮਨੁੱਖ ਨੂੰ ਪੂਰੇ ਗੁਰੂ ਅੱਗੇ ਅਰਜ਼ੋਈ ਕਰਨ ਦੀ ਪ੍ਰੇਰਣਾ ਕਰਦੀ ਹੈ, ਸਤਿਗੁਰੂ ਪ੍ਰਮੇਸ਼ਰ ਦੇ ਨਾਮ ਧਨ ਰੂਪੀ ਅਉਖਧ ਦੇ ਕੇ ਜਮ ਅਤੇ ਵਿਕਾਰਾਂ ਰੂਪੀ ਰੋਗਾਂ ਤੋਂ ਛੁਟਕਾਰਾ ਦਿਵਾ ਦਿੰਦੇ ਹਨ-
ਮੇਰਾ ਬੈਦੁ ਗਰੂ ਗੋਵਿੰਦਾ।।
ਹਰਿ ਹਰਿ ਨਾਮ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ।। (ਸੋਰਠਿ ਮਹਲਾ ੫-੬੧੮)
ਸਤਿਗੁਰੂ ਅਰਜਨ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਦੇ ਬਚਪਨ ਸਮੇਂ ਦੇ ਸਰੀਰਕ ਰੋਗ ਤੋਂ ਅਰੋਗਤਾ ਮਿਲਣ ਦੇ ਪੱਖ ਨੂੰ ਸਾਡੇ ਸਾਹਮਣੇ ਰੱਖਦੇ ਹੋਏ ਵਹਿਮਾਂ-ਭਰਮਾਂ ਤੋਂ ਬਚ ਕੇ ਅਰਦਾਸ ਅਤੇ ਸ਼ੁਕਰਾਨੇ ਦੀ ਮਹਤੱਤਾ ਨੂੰ ਦ੍ਰਿੜ ਕਰਵਾਇਆ। ਸਤਿਗੁਰੂ ਦੇ ਪਾਵਨ ਬਚਨ ਮਨੁੱਖਤਾ ਨੂੰ ਸਦੀਵੀ ਅਗਵਾਈ ਦੇ ਰਹੇ ਹਨ-
ਮੇਰਾ ਸਤਿਗੁਰੁ ਰਖਵਾਲਾ ਹੋਆ।।
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿੰਦ ਨਵਾ ਨਿਰੋਆ।। (ਸੋਰਠਿ ਮਹਲਾ ੫-੬੨੦)
ਸਤਿਗੁਰੂ ਫਿਰ ਆਪਣੇ ਉਪਦੇਸ਼ ਦੁਆਰਾ ਮਨੁੱਖਾ ਜੀਵਨ ਦੇ ਆਧ, ਬਿਆਧ, ਉਪਾਧ ਤਿੰਨਾਂ ਕਿਸਮਾਂ ਦੇ ਰੋਗਾਂ ਤੋਂ ਅਰਦਾਸ ਦੁਆਰਾ ਨਵਿਰਤੀ ਲਈ ਬਾਰ ਬਾਰ ਉਤਸ਼ਾਹਤ ਕਰਦੇ ਹਨ-
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ।।
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ।।  (ਟੋਡੀ ਮਹਲਾ ੫-੭੧੪)
ਮਨੁੱਖ ਵਲੋਂ ਆਪਣੇ ਰੋਗਾਂ-ਦੁਖਾਂ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਆਪਣੇ ਜੀਵਨ ਵਿਚੋਂ ਹੀ ਰੋਗਾਂ ਦੇ ਕਾਰਣਾਂ ਵਲ ਝਾਤੀ ਮਾਰਣ ਲਈ ਗੁਰਬਾਣੀ ਬਾਰ-ਬਾਰ ਪ੍ਰੇਰਤ ਕਰਦੀ ਹੈ-
ਦਦੈ ਦੋਸ ਨ ਦੇਊ ਕਿਸੈ ਦੋਸ ਕਰੰਮਾ ਆਪਣਿਆ।।
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ।।  (ਆਸਾ ਮਹਲਾ੧-੪੩੩)
ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਪ੍ਰਭੂ ਨੂੰ ਭੁਲਾ ਦੇਣਾ ਹੀ ਰੋਗਾਂ ਦਾ ਮੂਲ ਕਾਰਣ ਹੈ। ਹਰ ਮਨੁੱਖ ਜੀਵਨ ਵਿੱਚ ਸੁੱਖ ਲੋੜਦਾ ਹੈ, ਸੁੱਖਾਂ ਲਈ ਯਤਨਸ਼ੀਲ ਹੈ, ਪਰ ਮਨੁੱਖ ਦੇ ਸਾਰੇ ਯਤਨ, ਬਹੁਤਾ ਧਨ ਕਮਾ ਲੈਣ, ਨਾਟਕ ਚੇਟਕ ਵੇਖਣ, ਬਾਹਰਲੇ ਦੇਸ਼ਾਂ ਦਾ ਭਰਮਣ ਕਰਨ ਵਲ ਹੀ ਚਲ ਰਹੇ ਹਨ, ਪ੍ਰੰਤੂ ਗੁਰਬਾਣੀ ਸ਼ਪਸ਼ਟ ਕਰਦੀ ਹੈ-
ਸੁਖੁ ਨਾਹੀ ਬਹੁਤੈ ਧਨਿ ਖਾਟੈ।। ਸੁਖੁ ਨਾਹੀ ਪੇਖੈ ਨਿਰਤਿ ਨਾਟੈ।।
ਸੁਖੁ ਨਾਹੀ ਬਹੁ ਦੇਸ ਕਮਾਏ।। ਸਰਬ ਸੁਖਾ ਹਰਿ ਹਰਿ ਗੁਣ ਗਾਏ।। (ਭੈਰਉ ਮਹਲਾ ੫-੧੧੪੭)
ਇਸੇ ਸਬੰਧ ਵਿੱਚ ਹੋਰ ਗੁਰਵਾਕ ਹੈ-
ਨਾਮੁ ਬਿਸਾਰਿ ਕਰੇ ਰਸ ਭੋਗ।।
ਸੁਖੁ ਸੁਪਨੈ ਨਹੀ ਤਨ ਮਹਿ ਰੋਗ।। (ਗਉੜੀ ਮਹਲਾ ੫- ੨੪੦)
ਮਨੁੱਖਾ ਜੀਵਨ ਵਿੱਚ ਵਿਸ਼ੇ ਵਿਕਾਰਾਂ ਤੋਂ ਪੈਦਾ ਹੋਏ ਰੋਗਾਂ ਦੀ ਤਪਸ਼ ਦੇ ਸਤਾਏ ਹੋਏ ਮਨੁੱਖ ਲਈ ਛੁਟਕਾਰਾ ਪਾਉਣ ਦਾ ਇਕੋ ਹੀ ਸਾਧਨ ਬਾਕੀ ਬਚਦਾ ਹੈ ਕਿ ਮਨੁੱਖ ਪ੍ਰਮੇਸ਼ਰ ਦੀ ਸ਼ਰਨ ਵਿੱਚ ਚਲਾ ਜਾਵੇ ਅਤੇ ਪ੍ਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲਵੇ, ਹੋਰ ਕੋਈ ਵੀ ਬਾਹਰੀ ਸਾਧਨ ਇਸ ਮਾਰਗ ਵਿੱਚ ਸਫਲ ਨਹੀ ਹੁੰਦੇ। ਗੁਰੂ ਅਰਜਨ ਦੇਵ ਜੀ ਜੈਤਸਰੀ ਕੀ ਵਾਰ` ਵਿੱਚ ਸਾਨੂੰ ਸਮਾਝਾਉਂਦੇ ਹਨ-ਚੰਦਨ ਚੰਦੂ ਨ ਸਰਦ ਰੁਤਿ ਮੂਲ ਨ ਮਿਟਈ ਘਾਮ।।
ਸੀਤਲ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ।। (ਵਾਰ ਜੈਤਸਰੀ ਮਹਲਾ ੫-੭੦੯)
==========
-ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
(98720-76876, 01822-276876)

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.