ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ ਮੰਨਦੇ ਹਨ ?
ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਧੜੇ ਦੀ ਹੋਈ ਜਿੱਤ, ਅਕਾਲ ਤਖਤ ਦੀ ਜਿੱਤ ਹੈ ਜਾਂ ਹਾਰ ?
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ 27 ਜਨਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 30 ਜਨਵਰੀ 2013 ਨੂੰ ਹੋਈ।
ਇਹਨਾਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਜਿੱਤ ਅਤੇ ਅਕਾਲੀ ਦਲ ਦਿੱਲੀ (ਸਰਨਾ ਗਰੁੱਪ) ਦੀ ਹਾਰ ਹੋਈ। ਸਾਡੇ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਵਿੱਚ ਵੋਟਾਂ ਰਾਹੀਂ ਹੁੰਦੀ ਜਿੱਤ ਹਾਰ, ਜਿੱਤਣ ਵਾਲੇ ਜਾਂ ਹਾਰਨ ਵਾਲੇ ਵਿਅਕਤੀ ਦੇ ਕਿਰਦਾਰ ਜਾਂ ਇਮਾਨਦਾਰੀ ਨੂੰ ਮੁੱਖ ਰੱਖਕੇ ਨਹੀਂ ਹੁੰਦੀ। ਕਿਉਂਕਿ ਇਮਾਨਦਾਰ ਇਨਸਾਨ ਤਾਂ ਭਾਰਤੀ ਲੋਕਤੰਤਰ ਵਿੱਚ ਚੋਣ ਲੜਨ ਬਾਰੇ ਸੋਚ ਵੀ ਨਹੀਂ ਸਕਦਾ।
ਚੋਣਾਂ ਚਾਹੇ ਕਿਸੇ ਵੀ ਸੰਸਥਾ ਦੀਆਂ ਹੋਣ ਉਨ੍ਹਾਂ ਵਿੱਚ ਟੱਕਰ ਦੋ ਗਰੁੱਪਾਂ ਦੀ ਹੁੰਦੀ ਹੈ। ਜਿਹੜਾ ਗਰੁੱਪ ਆਪਣੇ ਬਾਹੂਬਲ, ਪੈਸੇ, ਨਸ਼ੇ ਅਤੇ ਲਾਰਿਆਂ ਰਾਹੀਂ ਵੱਧ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਾ ਗਿਆ ਉਹ ਜਿੱਤ ਜਾਂਦਾ ਹੈ ਤੇ ਦੂਜਾ ਹਾਰ ਜਾਂਦਾ ਹੈ। ਚੋਣਾਂ ਜਿੱਤਣ ਲਈ ਕੋਈ ਵੀ ਧਿਰ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੰਦੀ, ਸਾਰੇ ਇੱਕ ਦੂਜੇ ਤੋਂ ਵੱਧ ਬੇਨਿਯਮੀਆਂ ਦਾ ਚਿੱਕੜ ਉਛਾਲਦੇ ਹਨ। ਪਰ ਉਸ ਸਮੇਂ ਦੁੱਖ ਹੁੰਦਾ ਹੈ ਜਦੋਂ ਸਮਾਜਿਕ, ਧਾਰਮਿਕ, ਕੁਰੀਤੀਆਂ, ਬੇਨਿਯਮੀਆਂ ਦੇ ਵਿੱਚ ਗਲ ਤੱਕ ਧਸੇ ਹੋਏ, ਧਰਮ ਦੇ ਕਾਤਲ, ਬੇਈਮਾਨ ਆਗੂ (ਖਾਸ ਕਰਕੇ ਅਖੌਤੀ ਸਿੱਖ ਆਗੂ) ਸਿੱਖੀ ਨੂੰ ਇਸ ਚਿੱਕੜ ਵਿੱਚ ਲਿਤਾੜਦੇ ਹੋਏ ਆਪਣੇ ਆਪ ਨੂੰ ਸਿੱਖੀ ਦੇ ਪਹਿਰੇਦਾਰ, ਅਕਾਲ ਪੁਰਖ ਨੂੰ ਮੰਨਣ ਵਾਲੇ ਅਕਾਲੀ, ਗੁਰਬਾਣੀ ਅਤੇ ਅਕਾਲ ਤਖਤ ਨੂੰ ਸਮਰਪਿਤ ਪੇਸ਼ ਕਰਦੇ ਹਨ। ਅਜਿਹੇ ਆਗੂ ਜਿੱਥੇ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕਰਦੇ ਹਨ ਉੱਥੇ ਸਿੱਖੀ ਵਰਗੇ ਸੱਚੇ ਸੁੱਚੇ ਧਰਮ ਨੂੰ ਵੀ ਬਦਨਾਮ ਕਰਦੇ ਹਨ। ਜਿਵੇਂ ਕਿ ਹੁਣ ਦਿੱਲੀ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਦੀ ਸੇਵਾ (ਕਬਜ਼ੇ ਤੇ ਲੁੱਟ) ਲਈ ਹੋਈ ਲੋਕ ਤੰਤਰੀ ਲੜਾਈ ਵਿੱਚ ਵੇਖਣ ਸੁਨਣ ਨੂੰ ਮਿਲਦਾ ਰਿਹਾ ਹੈ ।
ਬਾਦਲ ਦਲ ਦੇ ਚੋਣ ਪ੍ਰਚਾਰ ਵਿੱਚ ਅਕਾਲ ਤਖਤ ਨੂੰ ਮੰਨਣ ਨਾ ਮੰਨਣ ਦੀ ਦੁਹਾਈ ਦਿੱਤੀ ਜਾਂਦੀ ਰਹੀ ਅਤੇ ਹੁਣ ਚੋਣਾਂ ਜਿੱਤਣ ਤੋਂ ਬਾਅਦ ਵੀ ਇਹੀ ਪ੍ਰਚਾਰਿਆ ਜਾ ਰਿਹਾ ਹੈ ਕਿ ਦਿੱਲੀ ਦੀ ਸਿੱਖ ਸੰਗਤ ਨੇ ਅਕਾਲ ਤਖਤ ਨਾਲ ਮੱਥਾ ਲਾਉਣ ਵਾਲਿਆਂ ਨੂੰ ਨਕਾਰਿਆ ਹੈ ਅਤੇ ਅਕਾਲ ਤਖਤ ਨੂੰ ਮੰਨਣ ਵਾਲਿਆਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਅਜਿਹੀ ਬਿਆਨਬਾਜੀ ਪੜ੍ਹ ਸੁਣ ਕੇ ਮਨ ਵਿੱਚ ਸਵਾਲ ਪੈਦਾ ਹੁੰਦੇ ਹਨ ਕਿ ਅਕਾਲ ਤਖਤ ਕੀ ਹੈ, ਇਸਨੂੰ ਮੰਨਣਾ ਅਤੇ ਇਸ ਨਾਲ ਮੱਥਾ ਲਾਉਣਾ ਕਿਸ/ਕਾਸ ਨੂੰ ਕਿਹਾ ਜਾਂਦਾ ਹੈ। ਇਸ ਬਾਰੇ ਅਖਬਾਰਾਂ, ਪੁਸਤਕਾਂ ਤੇ ਰਸਾਲਿਆਂ ਵਿੱਚੋਂ ਜੋ ਕੁੱਝ ਪੜ੍ਹ ਸੁਣ ਕੇ ਸਿੱਖਿਆ ਮਿਲੀ ਹੈ ਉਸ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਅਕਾਲ ਤਖਤ ਸਾਹਿਬ ਦੇ ਪਹਿਲੇ ਨਾਮ, ਤਖਤ ਜਾਂ ਅਕਾਲ ਬੁੰਗਾ ਆਦਿ ਅਤੇ ਇਸਦੀ ਸਥਾਪਨਾ ਦੇ ਸੰਨ ਵੀ ਵੱਖ-ਵੱਖ ਲਿਖੇ ਮਿਲਦੇ ਹਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਥੋਂ ਸਿੱਖ ਸੰਗਤਾਂ ਲਈ ਹੁਕਮਨਾਮੇ ਜਾਰੀ ਕੀਤੇ ਸਨ। ਇਹ ਵੀ ਲਿਖਿਆ ਮਿਲਦਾ ਹੈ ਕਿ ਹਰਗੋਬਿੰਦ ਪਾਤਸ਼ਾਹ ਜੀ ਵੀ ਇੱਥੇ ਕੁੱਝ ਸਮਾਂ ਹੀ ਠਹਿਰੇ ਸਨ ਤੇ ਬਾਅਦ ਵਿੱਚ ਕੋਈ ਵੀ ਗੁਰੂ ਇਸ ਤਖਤ ਤੇ ਨਹੀਂ ਆਇਆ। ਇਹ ਵੀ ਜਿਕਰ ਮਿਲਦਾ ਹੈ ਕਿ ਸਿੱਖ ਅਕਾਲ ਤਖਤ ਦੇ ਸਾਹਮਣੇ ਇੱਕਠੇ ਹੋ ਕੇ ਪੰਥਕ ਫੈਸਲੇ ਕਰਦੇ ਰਹੇ ਸਨ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਜਾਂ ਜਥੇਦਾਰ ਦੇ ਹੁਕਮਨਾਮੇ ਦਾ ਜਿਕਰ 1920 ਤੱਕ ਕਿਤੇ ਨਹੀਂ ਮਿਲਦਾ। ਉਂਝ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਨਾ ਕਿ ਕਿਸੇ ਤਖਤ ਦੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਅਕਾਲ ਤਖਤ ਦੇ ਮਾਲਕ ਹਨ, ਸਿੱਖਾਂ ਲਈ ਗੁਰਬਾਣੀ ਹੀ ਅਕਾਲ ਤਖਤ ਦਾ ਹੁਕਮ ਹੈ ਜੋ ਹਰ ਸਿੱਖ ਲਈ ਮੰਨਣਾ ਲਾਜਮੀ ਹੈ। ਕਿਉਂਕਿ ਚਵਰ ਤਖਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਕੋਈ ਮਨੁੱਖ ਅਕਾਲ ਤਖਤ ਦਾ ਮਾਲਕ ਜਾਂ ਜਥੇਦਾਰ ਨਹੀਂ ਹੋ ਸਕਦਾ।
ਕਿਸੇ ਤਨਖਾਹਦਾਰ ਪੁਜਾਰੀ ਅਖੌਤੀ ਜਥੇਦਾਰ ਦੇ ਬੋਲਾਂ ਕਬੋਲਾਂ ਨੂੰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਕਹਿਣਾ, ਗੁਰਬਾਣੀ ਅਤੇ ਅਕਾਲ ਤਖਤ ਦੇ ਸਿਧਾਂਤਾਂ ਦਾ ਅਪਮਾਨ ਹੈ। ਹਾਂ ਜੇ ਕਿਤੇ ਮਨੁੱਖਤਾ ਦੇ ਭਲੇ ਲਈ ਜਾਂ ਸਿੱਖ ਕੌਮ ਨੂੰ ਕਿਸੇ ਸਾਂਝੇ ਪੰਥਕ ਕਾਰਜਾਂ ਲਈ ਕੋਈ ਪੰਥਕ ਫੈਸਲਾ ਕਰਨ ਦੀ ਜਰੂਰਤ ਹੋਵੇ ਤਾਂ ਕਿਸੇ ਵੀ ਜਗ੍ਹਾ ’ਤੇ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਆਣੇ ਸਿੱਖ ਵਿਦਵਾਨ ਇੱਕਠੇ ਹੋ ਕੇ ਗੁਰਮਤਿ ਅਨੁਸਾਰ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਕਰਨ, ਉਸ ਫੈਸਲੇ ਨੂੰ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਜਾਵੇ । ਅਜਿਹੇ ਫੈਸਲੇ ਨੂੰ ਸਿੱਖ ਪੰਥ ਦਾ ਹੁਕਮਨਾਮਾ ਜਾਂ ਫੈਸਲਾ ਕਿਹਾ ਜਾ ਸਕਦਾ ਹੈ। ਇਸ ਲਈ ਗੁਰਬਾਣੀ, ਗੁਰਮਤਿ ਅਨੁਸਾਰ ਹੋਏ ਫੈਸਲੇ ਨੂੰ ਮੰਨਣਾ ਹੀ ਅਕਾਲ ਤਖਤ ਨੂੰ ਮੰਨਣਾ ਹੈ ਅਤੇ ਗੁਰਬਾਣੀ ਨੂੰ ਨਾ ਮੰਨਣਾ, ਗੁਰਮਤਿ ਦੇ ਉਲਟ ਕਾਰਜ ਕਰਕੇ, ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਨੀ ਹੀ ਅਕਾਲ ਤਖਤ ਨੂੰ ਨਾ ਮੰਨਣਾ ਹੈ, ਅਕਾਲ ਤਖਤ ਨਾਲ ਮੱਥਾ ਲਾਉਣਾ ਹੈ ਅਤੇ ਅਕਾਲ ਤਖਤ ਨੂੰ ਚੁਣੌਤੀ ਦੇਣੀ ਹੈ ।
ਪਰ ਦੁੱਖ ਦੀ ਗੱਲ ਇਹ ਹੈ ਕਿ ਤਖਤਾਂ ਦੇ ਅਖੌਤੀ ਜਥੇਦਾਰ, ਸਮੁੱਚਾ ਸੰਤ ਸਮਾਜ, ਦਮਦਮੀ ਟਕਸਾਲ, ਡੇਰੇਦਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿੰਨਾ ਨੇ ਕਦੇ ਗੁਰਬਾਣੀ ਨੂੰ ਨਹੀਂ ਮੰਨਿਆ, ਗੁਰਮਤਿ ਦੇ ਉਲਟ ਕਾਰਜ ਕਰਦੇ ਹਨ, ਅਕਾਲ ਤਖਤ ਨੂੰ ਚੁਣੌਤੀਆਂ ਦਿੰਦੇ ਹਨ ਅਤੇ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਦੇ ਹਨ। ਇਹੀ ਅਕਾਲ ਤਖਤ ਦੇ ਨਾਮ ’ਤੇ ਇੰਨਾ ਸ਼ੋਰ ਮਚਾ ਰਹੇ ਹਨ ਕਿ ਆਮ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਇਹੀ ਅਕਾਲ ਤਖਤ ਨੂੰ ਸਮਰਪਿਤ ਹਨ। ਜੋ ਸਿੱਖ ਸੱਚਮੁੱਚ ਅਕਾਲ ਤਖਤ ਨੂੰ ਸਮਰਪਿਤ ਹਨ ਉਹ ਅਕਾਲ ਤਖਤ ਦੇ ਵਿਰੋਧੀ ਲੱਗਣ ਲੱਗ ਪੈਂਦੇ ਹਨ। ਇਹੀ ਕਾਰਨ ਹੈ ਕਿ ਅਕਾਲ ਤਖਤ ਦੇ ਨਾਮ ’ਤੇ ਗੁਰਮਤਿ ਦੇ ਵਿਰੁੱਧ ਕਾਫੀ ਕੁੱਝ ਹੁੰਦਾ ਰਿਹਾ ਹੈ ਤੇ ਅੱਜ ਵੀ ਹੋ ਰਿਹਾ ਹੈ। ਇਸ ਵਾਰੇ ਸਾਰਾ ਕੁੱਝ ਲਿਖਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਕੁੱਝ ਕੁ ਉਦਹਾਰਣਾਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ ਮੰਨਦਾ ਹੈ ਤੇ ਕੌਣ ਨਹੀਂ ਮੰਨਦਾ।
ਇਹ ਜਰੂਰੀ ਨਹੀਂ ਹੈ ਕਿ ਅਕਾਲ ਤਖਤ ਦੇ ਨਾਮ ਜੋ ਅਖੌਤੀ ਹੁਕਮਨਾਮੇ ਜਾਰੀ ਕੀਤੇ ਜਾਦੇ ਹਨ ਉਹ ਗੁਰਮਤਿ ਅਨੁਸਾਰੀ ਹੋਣ, ਪਰ ਬਿਨਾਂ ਸ਼ੱਕ ਬਹੁਤ ਹੁਕਮਨਾਮੇ ਗੁਰਮਤਿ ਵਿਰੋਧੀ ਜਰੂਰ ਹੁੰਦੇ ਹਨ। ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ ਮੰਨਦੇ ਹਨ?
ਜਿਵੇਂ ਕਿ ਅਕਾਲ ਤਖਤ ਦੇ ਪੁਜਾਰੀਆਂ ਨੇ ਗੁਰਬਾਣੀ, ਗੁਰਮਤਿ ਦੇ ਪ੍ਰਚਾਰਕ ਪ੍ਰੋ: ਗੁਰਮੁੱਖ ਸਿੰਘ ਜੀ ਨੂੰ 18 ਮਾਰਚ 1887 ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਅਕਾਲ ਤਖਤ ਦੇ ਨਾਮ ਤੇ ਪੁਜਾਰੀਆਂ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮਨਾਮਾ ਜਾਂ ਫੈਸਲਾ ਸਭ ਸਿੱਖਾਂ ਨੂੰ ਮੰਨਣਾ ਚਾਹੀਦਾ ਸੀ? ਕੀ ਇਹ ਅਕਾਲ ਤਖਤ ਦਾ ਹੁਕਮ ਸੀ? ਨਹੀਂ। ਇਸੇ ਲਈ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਮਰਨ ਤੋਂ ਬਾਅਦ 25-9-1995 ਨੂੰ ਅਕਾਲ ਤਖਤ ਦੇ ਨਾਮ ’ਤੇ ਫੈਸਲਾ ਕਰਦਿਆਂ 18 ਮਾਰਚ 1887 ਵਾਲੇ ਹੁਕਮਨਾਮੇ ਨੂੰ ਰੱਦ ਕੀਤਾ ਗਿਆ ਅਤੇ ਪ੍ਰੋ: ਗੁਰਮੁੱਖ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ।
ਅਕਾਲ ਤਖਤ ਦੇ ਪੁਜਾਰੀਆਂ ਨੇ ਤਾਂ ਜਲ੍ਹਿਆਂ ਵਾਲੇ ਬਾਗ ਗੋਲੀ ਕਾਂਢ ਦੇ ਮੁੱਖ ਦੋਸ਼ੀ ਜਨਰਲ ਅਡਵਾਇਰ ਨੂੰ ਵੀ ਅਕਾਲ ਤਖਤ ਤੋਂ ਸਿਰੋਪਾ ਦੇ ਕੇ ਉਸਨੂੰ ਸਨਮਾਨਿਤ ਕਰ ਦਿੱਤਾ ਸੀ।
ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੇ ਹੋਏ ਆਪਸੀ ਵਿਵਾਦ ਨੂੰ (1999 ਦੀ ਵਿਸਾਖੀ, 300 ਸਾਲਾ ਖਾਲਸਾ ਸਾਜਨਾ ਸ਼ਤਾਬਦੀ ਤੱਕ) ਰੋਕਣ ਲਈ 31-12-1998 ਨੂੰ ਅਕਾਲ ਤਖਤ ਦੇ ਨਾਮ ਤੇ ਹੁਕਮਨਾਮਾ ਜਾਰੀ ਹੋਇਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦਿਆਂ ਅਕਾਲ ਤਖਤ ਦੇ ਜਥੇਦਾਰ ਦੀ ਹੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਤੇ ਨਾਲੇ ਗੁਰਚਰਨ ਸਿੰਘ ਟੌਹੜੇ ਤੋਂ ਸ਼੍ਰੋ:ਗੁ:ਪ੍ਰ:ਕਮੇਟੀ ਦੀ ਪ੍ਰਧਾਨਗੀ ਖੋਹ ਲਈ। ਫਿਰ 11-2-1999 ਨੂੰ ਅਕਾਲ ਤਖਤ ਦੇ ਨਾਮ ਤੇ ਸਿੱਖ ਕੌਮ ਨੂੰ ਸੰਦੇਸ਼ ਜਾਰੀ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰ ਬਣ ਕੇ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਨ ਪਰੰਪਰਾਵਾਂ ਤੇ ਕਬਜਾ ਕਰ ਲਿਆ ਹੈ । ਇਸ ਲਈ ਬਾਦਲ ਅਤੇ ਇਸਦੀ ਸਲਾਹਕਾਰ ਜੁੰਡਲੀ ਦਾ ਰਾਜਨੀਤਿਕ ਅਤੇ ਧਾਰਮਿਕ ਖੇਤਰ ਵਿੱਚ ਕਦੀ ਵਿਸ਼ਵਾਸ ਨਾ ਕੀਤਾ ਜਾਵੇ । ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਇਸ ਸੰਦੇਸ਼ ਦਾ ਕੀ ਬਣਿਆ? ਇਸ ਸੰਦੇਸ਼ ਨੂੰ ਕਿਸਨੇ ਮੰਨਿਆ?
ਪੂਰਨ ਸਿੰਘ ਨੇ 25-1-2000 ਤੋਂ 28-3-2000 ਤੱਕ ਅਕਾਲ ਤਖਤ ਦੇ ਨਾਮ ਤੇ ਥੋਕ ਵਿੱਚ ਹੁਕਮਨਾਮੇ ਜਾਰੀ ਕਰਕੇ ਜੰਗੀਰ ਕੌਰ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ, ਭਗਵਾਨ ਸਿੰਘ ਮੁੱਖ ਗ੍ਰੰਥੀ ਅਕਾਲ ਤਖਤ, ਕੇਵਲ ਸਿੰਘ ਜਥੇਦਾਰ ਦਮਦਮਾ ਸਾਹਿਬ, ਮਨਜੀਤ ਸਿੰਘ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ, ਰਘੁਜੀਤ ਸਿੰਘ, ਸਤਨਾਮ ਸਿੰਘ, ਗੁਰਪਾਲ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਮੈਂਬਰ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਅਤੇ 13-3-2000 ਨੂੰ ਅਕਾਲ ਤਖਤ ਦੇ ਨਾਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੰਦੇਸ਼ ਜਾਰੀ ਕਰ ਦਿੱਤਾ ਸੀ ਕਿ ਉਪਰੋਕਤ ਛੇਕੇ ਹੋਏ ਵਿਅਕਤੀਆਂ ਨੂੰ ਕੋਈ ਕੰਮ ਨਾ ਕਰਨ ਦਿੱਤਾ ਜਾਵੇ, ਇੰਨਾਂ ਦੀ ਥਾਂ ਤੇ ਹੋਰ ਬੰਦੇ ਨਿਯੁਕਤ ਕੀਤੇ ਜਾਣ। ਪੂਰਨ ਸਿੰਘ ਵੱਲੋਂ ਅਕਾਲ ਤਖਤ ਦੇ ਨਾਮ ਤੇ ਜਾਰੀ ਕੀਤੇ ਗਏ ਇੰਨ੍ਹਾਂ ਹੁਕਮਨਾਮਿਆਂ ਨੂੰ ਮੰਨਣ ਦੀ ਥਾਂ ਪੂਰਨ ਸਿੰਘ ਦੀ ਅਕਾਲ ਤਖਤ ਤੋਂ ਛੁੱਟੀ ਕਰ ਦਿੱਤੀ ਗਈ ਤੇ ਉਸਦੀ ਥਾਂ ਜੋਗਿੰਦਰ ਸਿੰਘ ਨੂੰ ਜਥੇਦਾਰ ਬਣਾ ਦਿੱਤਾ। ਫਿਰ ਜੋਗਿੰਦਰ ਸਿੰਘ ਨੇ 29-3-2000 ਨੂੰ ਅਕਾਲ ਤਖਤ ਦੇ ਨਾਮ ਤੇ ਫੈਸਲਾ ਕਰਕੇ ਪੂਰਨ ਸਿੰਘ ਵੱਲੋਂ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ ਅਤੇ ਪੂਰਨ ਸਿੰਘ ਵੱਲੋਂ ਦੋਸ਼ੀ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਦੋਸ਼ ਮੁਕਤ ਕਰ ਦਿੱਤਾ।
ਹੁਣ ਗੱਲ ਕਰ ਲਈਏ ਪੰਥਕ ਸਿੱਖ ਰਹਿਤ ਮਰਯਾਦਾ ਦੀ ਜਿਸਨੂੰ ਅਕਾਲ ਤਖਤ ਵੱਲੋਂ ਪ੍ਰਮਾਣਿਤ ਕਿਹਾ ਜਾਂਦਾ ਹੈ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋ:ਗੁ:ਪ੍ਰ:ਕਮੇਟੀ ਇਸਨੂੰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਮੁਫਤ ਵੰਡਦੀ ਹੈ। ਬੇਸ਼ੱਕ ਜਾਗਰੂਕ ਸਿੱਖ ਤਾਂ ਇਸ ਵਿੱਚ ਵੀ ਅਨੇਕਾਂ ਊਣਤਾਈਆਂ ਨੂੰ ਦਲੀਲਾਂ ਸਹਿਤ ਸਿੱਧ ਕਰਦੇ ਹਨ। ਇਹਨਾਂ ਦੀ ਤਾਂ ਗੱਲ ਛੱਡੋ। ਆਓ ਵੇਖੀਏ ਕਿ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਉੱਤਮ ਕਹਿਣ ਵਾਲੇ ਇਸ ਸਿੱਖ ਰਹਿਤ ਮਰਯਾਦਾ ਨੂੰ ਕਿੰਨਾ ਕੁ ਮੰਨਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖ ਪੰਥ ਅੰਦਰ ਪੈਦਾ ਹੋਏ ਸਮੂਹ ਡੇਰਿਆਂ ਦੇ ਸੰਤਾਂ ਨੇ ਅਕਾਲ ਤਖਤ ਦੀ ਮਰਯਾਦਾ ਨੂੰ ਕਦੇ ਵੀ ਨਹੀਂ ਮੰਨਿਆ ਸਭ ਦੀਆਂ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾਵਾਂ ਹਨ। ਅਕਾਲ ਤਖਤ ਮਹਾਨ ਹੈ ਦਾ ਸਭ ਤੋਂ ਵੱਧ ਰੌਲਾ ਪਾਉਣ ਵਾਲੀ ਕਹੀ ਜਾਂਦੀ ਦਮਦਮੀ ਟਕਸਾਲ ਨੇ ਵੀ ਅਕਾਲ ਤਖਤ ਵਾਲੀ ਪੰਥਕ ਰਹਿਤ ਮਰਯਾਦਾ ਨੂੰ ਮੰਨਣ ਦੀ ਥਾਂ ਇਸਨੂੰ ਚੁਣੌਤੀ ਦਿੰਦਿਆਂ ਆਪਣੀ ਵੱਖਰੀ ਰਹਿਤ ਮਰਯਾਦਾ ਛਾਪੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਤਾਂ ਅਕਾਲ ਤਖਤ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ। ਉਸ ਲਈ ਤਾਂ ਅਕਾਲ ਤਖਤ ਉਸਦਾ ਸਿਆਸੀ ਦਫਤਰ ਹੈ ਅਤੇ ਇਸਦੇ ਅਖੌਤੀ ਜਥੇਦਾਰ ਦੀ ਅਹਿਮੀਅਤ ਇੱਕ ਤਨਖਾਹਦਾਰ ਚਪੜਾਸੀ ਤੋਂ ਵੀ ਘੱਟ ਹੈ।
ਅਕਾਲ ਤਖਤ ਵੱਲੋਂ ਪ੍ਰਮਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਦੇ ਗੁਰਦੁਆਰੇ ਸਿਰਲੇਖ ਹੇਠ ਪੰਨਾ ਨੰਬਰ 13 ਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾੳੇੁਣੇ ਆਦਿ ਕਰਮ ਗੁਰਮਤਿ ਅਨੁਸਾਰੀ ਨਹੀਂ। ਅੱਗੇ ਕਾਲਮ ਹ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਉਪਰੋਕਤ ਮਰਯਾਦਾ ਦੇ ਵਿਰੁੱਧ ਤਖਤਾਂ, ਡੇਰਿਆਂ, ਗੁਰੂ ਘਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਰੇਆਮ ਦੀਵੇ ਮਚਾ ਕੇ ਆਰਤੀਆਂ ਕੀਤੀਆਂ ਜਾਂ ਰਹੀਆਂ ਹਨ, ਜੋਤਾਂ ਜਗਾਈਆਂ ਜਾ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਏ ਜਾ ਰਹੇ ਹਨ, (ਦਮਦਮੀ ਟਕਸਾਲ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਗ ਛਕਾਉਣ ਦੇ ਹਵਾਲੇ ਵੀ ਦੇ ਰਹੇ ਹਨ) ਤਖਤਾਂ ਤੇ ਟੱਲ ਖੜਕਾਏ ਜਾ ਰਹੇ ਹਨ। ਡੇਰਿਆਂ ਵਿੱਚ ਅਤੇ ਦੋ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਾਕਰ (ਤੁਲ) ਅਸ਼ਲੀਲ ਕਵਿਤਾ ਦੇ ਪੁਲੰਦੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਕੀਤਾ ਜਾ ਰਿਹਾ ਹੈ (ਦਮਦਮੀ ਟਕਸਾਲ ਵਾਲੇ ਆਪਣੀ ਛਾਪੀ ਰਹਿਤ ਮਰਯਾਦਾ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਅਖੌਤੀ ਦਸ਼ਮ ਗ੍ਰੰਥ ਦੇ ਸਹਿਜ ਪਾਠ ਤੇ ਅਖੰਡ ਪਾਠ ਕਰਨ ਦੀ ਪ੍ਰੇਰਨਾ ਦੇ ਰਹੇ ਹਨ) ਸੋਚੋ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਮੰਨਦਾ ਹੈ ਤੇ ਕੌਣ ਚੁਣੌਤੀ ਦਿੰਦਾ ਹੈ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅੱਗੇ ਕੀਰਤਨ ਸਿਰਲੇਖ ਹੇਠ ਪੰਨਾ ਨੰਬਰ 15 ’ਤੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ ਅਤੇ ਕਾਲਮ ਸ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਉਪਰੋਕਤ ਲਿਖੇ ਦੇ ਵਿਰੁੱਧ ਤਖਤਾਂ, ਡੇਰਿਆਂ ਅਤੇ ਗੁਰੂ ਘਰਾਂ ਵਿੱਚ ਅਖੌਤੀ ਦਸ਼ਮ ਗ੍ਰੰਥ ਵਿੱਚੋਂ ਕੁੱਝ ਰਚਨਾਵਾਂ ਦਾ ਕੀਰਤਨ ਸ਼ਰੇਆਮ ਕੀਤਾ ਜਾਂਦਾ ਹੈ, ਸਮੂਹ ਸੰਤ ਬਾਬੇ ਕੱਚੀਆਂ ਧਾਰਨਾਂ ਅਤੇ ਆਪਣੇ ਡੇਰਿਆਂ ਦੇ ਮਰ ਚੁੱਕੇ ਵੱਡੇ ਮਹਾਂ ਪੁਰਸ਼ਾਂ, ਬ੍ਰਹਮ ਗਿਆਨੀਆਂ ਦੇ ਵਚਨਾਂ, ਪ੍ਰਵਚਨਾਂ ਦਾ ਹੀ ਕੀਰਤਨ ਕਰਦੇ ਹਨ, ਫਿਰ ਪੰਥਕ ਕੌਣ ਹੋਇਆ ਤੇ ਪੰਥ ਵਿਰੋਧੀ ਕੌਣ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਪੰਨਾ ਨੰਬਰ 17 ਦੇ ਕਾਲਮ ਅ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ । ਅੱਗੇ ਕਾਲਮ ੲ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾਂ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਉਪਰੋਕਤ ਹਦਾਇਤਾਂ ਦੇ ਵਿਰੁੱਧ ਸਮੂਹ ਗੁਰੂ ਘਰਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਇੱਕਲੇ ਪਾਠੀ ਪਾਠ ਕਰਦੇ ਵੇਖੇ ਜਾ ਸਕਦੇ ਹਨ, ਜਿੱਥੇ ਸੁਣਨ ਵਾਲਾ ਕੋਈ ਨਹੀਂ ਹੁੰਦਾ।
ਲੋੜ ਸੀ ਇਸ ਮਨਮੱਤ ਨੂੰ ਰੋਕਣ ਦੀ ਉਲਟਾ ਸ਼੍ਰੋ:ਗੁ:ਪ੍ਰ:ਕਮੇਟੀ ਨੇ ਪੈਸੇ ਕਮਾਉਣ ਦੀ ਨੀਅਤ ਨਾਲ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰੂ ਘਰਾਂ ਵਿੱਚ ਅਤੇ ਤਖਤਾਂ ’ਤੇ ਭਾੜੇ ਦੇ ਪਾਠਾਂ ਦੀ ਬੁਕਿੰਗ ਸ਼ੁਰੂ ਕਰਕੇ ਮਰਯਾਦਾ ਦੀਆਂ ਧੱਜੀਆਂ ਉਡਾਈਆਂ। ਅਕਾਲ ਤਖਤ ਨੂੰ ਸਮਰਪਿਤ ਕਹਾਉਂਦੀ ਦਮਦਮੀ ਟਕਸਾਲ ਨੇ ਅਕਾਲ ਤਖਤ ਦੀ ਮਰਯਾਦਾ ਦੇ ਉਲਟ ਆਪਣੀ ਵੱਖਰੀ ਮਰਯਾਦਾ ਦੇ ਅਨੁਸਾਰ ਅਖੰਡ ਪਾਠ ਦੇ ਸਮੇਂ ਕੁੰਭ, ਜੋਤ, ਨਲੀਏਰ ਰੱਖਣ ਤੋਂ ਇਲਾਵਾ ਅਖੰਡ ਪਾਠ ਦੇ ਨਾਲ ਜਪੁਜੀ ਸਾਹਿਬ ਦਾ ਪਾਠ ਜਾਰੀ ਰੱਖਣ ਅਤੇ ਚਲਦੇ ਪਾਠ ਵਿੱਚ ਵੱਖ-ਵੱਖ ਸਿੱਧੀਆਂ/ਪ੍ਰਾਪਤੀਆਂ ਲਈ ਮੰਤਰਾਂ ਵਾਂਗ ਵੱਖ-ਵੱਖ ਸ਼ਬਦਾਂ ਦੇ ਸੰਪਟ ਲਾਉਣ ਦੀ ਹਦਾਇਤ ਕਰਕੇ ਕੀ ਅਕਾਲ ਤਖਤ ਨੂੰ ਚੁਣੌਤੀ ਨਹੀਂ ਦਿੱਤੀ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਪੰਨਾ ਨੰਬਰ 19 ’ਤੇ ਕਾਲਮ ੳ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਇੱਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ। ਇਸਦੇ ਉਲਟ ਪ੍ਰਕਾਸ਼ ਸਿੰਘ ਬਾਦਲ ਹਵਨ ਕਰਦਾ ਹੈ, ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼ਿਵਲਿੰਗ ਦੀ ਪੂਜਾ ਕਰਦੀ ਹੈ । ਕੀ ਇਹੀ ਅਕਾਲ ਤਖਤ ਨੂੰ ਮੰਨਣਾ ਹੈ? ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 7-12-2000 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਦਿੱਤਾ ਸੀ ਕਿ ਆਰ.ਐਸ.ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜੋ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਦੇ ਇਸ ਬਿਆਨ ਦੇ ਵਿਰੁੱਧ 9-12-2000 ਨੂੰ ਇਸ ਦੇ ਉਲਟ ਬਿਆਨ ਦਿੱਤਾ ਕਿ ਆਰ.ਐਸ.ਐਸ. ਦੇ ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਕੀ ਇਹ ਅਕਾਲ ਤਖਤ ਦਾ ਸਤਿਕਾਰ ਸੀ?
ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਮ੍ਰਿਤਕ ਸੰਸਕਾਰ ਦੇ ਸਿਰਲੇਖ ਹੇਠ ਪੰਨਾ ਨੰਬਰ 26 ਤੇ ਕਾਲਮ ਖ ਦੇ ਪਹਿਰੇ ਵਿੱਚ ਲਿਖਿਆ ਹੈ ਕਿ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ ਮਨਮੱਤ ਹੈ। ਇਸਦੇ ਵਿਰੁੱਧ ਸ਼੍ਰੋ:ਗੁ:ਪ੍ਰ:ਕਮੇਟੀ ਦੇ ਅਧੀਨ ਗੁਰਦੁਆਰਾ ਕੀਰਤਪੁਰ ਵਿਖੇ ਸ਼ਰੇਆਮ ਫੁੱਲ ਪਾਏ ਜਾ ਰਹੇ ਹਨ, ਸ਼੍ਰੋ:ਗੁ:ਪ੍ਰ:ਕਮੇਟੀ ਇਸ ਮਨਮੱਤ ਨੂੰ ਰੋਕਣ ਦੀ ਥਾਂ ਇਸ ਨੂੰ ਬੜਾਵਾ ਦੇ ਰਹੀ ਹੈ। ਕਰੋੜਾਂ ਰੁਪਏ ਖਰਚ ਕੇ ਫੁੱਲ ਪਾਉਣ ਲਈ ਅਸਤ ਘਾਟ ਬਣਾ ਰਹੀ ਹੈ। ਖਾਸ ਵਿਅਕਤੀਆਂ ਦੇ ਫੁੱਲ ਪਾਉਣ ਸਮੇਂ ਤਖਤਾਂ ਦੇ ਜਥੇਦਾਰ ਖੁਦ ਅਰਦਾਸਾਂ ਕਰਦੇ ਹਨ ਕੀ ਇਹ ਅਕਾਲ ਤਖਤ ਦਾ ਵਿਰੋਧ ਨਹੀਂ ਹੈ? ਇਹ ਅਕਾਲ ਤਖਤ ਦੀ ਮਰਯਾਦਾ ਕਿਸ ਲਈ ਹੈ?
ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ। ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ, ਕਾਫੀ ਖੋਜ ਪੜਤਾਲ ਤੋਂ ਬਾਅਦ 2003 ਵਿੱਚ ਇਸਨੂੰ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਸੀ। ਆਰ.ਐੱਸ.ਐੱਸ., ਤਖਤ ਪਟਨਾ ਸਾਹਿਬ, ਤਖਤ ਹਜੂਰ ਸਾਹਿਬ ਦੇ ਜਥੇਦਾਰਾਂ, ਧੁੰਮਾ ਗਰੁੱਪ ਅਤੇ ਸਮੂਹ ਡੇਰੇਦਾਰ ਸੰਤਾਂ ਨੇ ਇਸਨੂੰ ਮੰਨਣ ਦੀ ਥਾਂ ਇਸ ਦਾ ਡੱਟ ਕੇ ਵਿਰੋਧ ਕੀਤਾ। ਸਿੱਖ ਮਿਸ਼ਨਰੀ ਕਾਲਜਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਾਗਰੂਕ ਧਿਰਾਂ ਨੇ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਮੰਨਦਿਆਂ ਅਕਾਲ ਤਖਤ ਵੱਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਲਾਗੂ ਕੀਤਾ। ਸੱਤ ਸਾਲ ਇਹ ਕੈਲੰਡਰ ਲਾਗੂ ਵੀ ਰਿਹਾ । ਇਸ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਨਮਾਨਿਤ ਕਰਨ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ ਆਖ ਕੇ ਪੰਥ ਵਿੱਚੋਂ ਛੇਕਣ ਦੀ ਥਾਂ ਉਲਟਾ ਅਕਾਲ ਤਖਤ ਤੋਂ ਜਾਰੀ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆਂ ਨੂੰ ਪੰਥ ਵਿਰੋਧੀ, ਕਾਂਗਰਸ ਦੇ ਏਜੰਟ, ਅਖੌਤੀ ਵਿਦਵਾਨ ਕਹਿ ਕੇ ਭੰਡਿਆ ਗਿਆ ਅਤੇ ਅਕਾਲ ਤਕਤ ਨੂੰ ਨਾ ਮੰਨਣ ਵਾਲਿਆਂ ਨੂੰ ਪੰਥਕ ਆਖ ਕੇ ਸਤਕਾਰਿਆ ਗਿਆ। ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਿਉਂ? ਦੇ ਨਾਮ ਹੇਠ 5 ਜਨਵਰੀ 2010 ਨੂੰ ਰੋਜਾਨਾ ਅਜੀਤ ਅਖਬਾਰ ਵਿੱਚ ਅਵਤਾਰ ਸਿੰਘ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਇਸ਼ਤਿਹਾਰ ਦੇ ਕੇ ਦਲੀਲਾਂ ਇਹ ਦਿੱਤੀਆਂ ਗਈਆਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਕੇ ਪੰਥ ਨਾਲੋਂ ਅਲੱਗ ਥਲੱਗ ਹੋਏ ਸੰਤ ਸਮਾਜ ਨੂੰ ਪੰਥ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ, ਪੰਥ ਦੇ ਪੰਜਾਬ ਤੋਂ ਬਾਹਰਲੇ ਦੋ ਤਖਤ ਵੀ ਇਸ ਕੈਲੰਡਰ ਦੇ ਮੁੱਦੇ ਤੇ ਵੰਡੇ ਹੋਏ ਹਨ ਉਨ੍ਹਾਂ ਦੀ ਏਕਤਾ ਵੀ ਜਰੂਰੀ ਹੈ ਆਦਿ। ਪਰ ਕੀ ਹੁਣ ਸਮੁੱਚੇ ਤਖਤਾਂ, ਸਮੂਹ ਡੇਰੇਦਾਰ ਸੰਤਾਂ ਅਤੇ ਦਮਦਮੀ ਟਕਸਾਲ ਦੀ ਮਰਯਾਦਾ ਇੱਕ ਹੋ ਗਈ ਹੈ? ਕੀ ਹੁਣ ਸਾਰਿਆਂ ਨੇ ਅਕਾਲ ਤਖਤ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਅਪਣਾ ਲਿਆ ਹੈ? ਜਿਹੜਾ ਵਿਅਕਤੀ ਜਾਂ ਸੰਪਰਦਾ ਅਕਾਲ ਤਖਤ ਨੂੰ ਨਾ ਮੰਨੇ ਅਤੇ ਅਕਾਲ ਤਖਤ ਨੂੰ ਚੁਣੌਤੀਆਂ ਦਿੰਦਾ ਰਹੇ, ਕੀ ਅਜਿਹੇ ਵਿਅਕਤੀ ਜਾਂ ਸੰਪਰਦਾ ਦੀ ਮਨਮੱਤ ਨੂੰ ਉਲਟਾ ਅਕਾਲ ਤਖਤ ਤੇ ਲਾਗੂ ਕਰਨਾ ਹੀ ਅਕਾਲ ਤਖਤ ਨੂੰ ਮੰਨਣਾ ਹੈ? ਜਾਂ ਅਕਾਲ ਤਖਤ ਨੂੰ ਸਮਰਪਿਤ ਹੋਣਾ ਹੈ? ਅਕਾਲ ਤਖਤ ਨੂੰ ਮੰਨਣ ਵਾਲੇ ਲੋਕ ਪੰਥਕ ਹਨ ਜਾਂ ਆਪਣਾ ਹੁਕਮ ਅਕਾਲ ਤਖਤ ਨੂੰ ਮਨਵਾਉਣ ਵਾਲੇ ਪੰਥਕ ਹਨ?
ਇਸ ਲਈ ਵਿਚਾਰਨ ਦੀ ਲੋੜ ਹੈ ਕਿ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਧੜੇ ਦੀ ਹੋਈ ਜਿੱਤ, ਅਕਾਲ ਤਖਤ ਦੀ ਜਿੱਤ ਹੈ ਜਾਂ ਹਾਰ? ਅਸਲ ਗੱਲ ਤਾਂ ਇਹ ਹੈ ਜਿੰਨਾ ਚਿਰ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਪੁਜਾਰੀਆਂ ਨੂੰ ਅਕਾਲ ਤਖਤ ਦੇ ਮਾਲਕ ਸਮਝਦੀ ਰਹੇਗੀ ਉਨਾ ਚਿਰ ਅਕਾਲ ਤਖਤ ਦੀ ਕਦੇ ਜਿੱਤ ਹੋ ਹੀ ਨਹੀਂ ਸਕਦੀ। ਜਿੰਨਾ ਚਿਰ ਸਿੱਖ ਕੌਮ ਗੁਰਬਾਣੀ ਦੇ ਹੁਕਮਾਂ ਨੂੰ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਥਾਂ ਤੇ ਤਨਖਾਹਦਾਰ ਪੁਜਾਰੀਆਂ ਦੇ ਸਿਆਸੀ ਬੋਲਾਂ ਕਬੋਲਾਂ ਨੂੰ ਹੁਕਮਨਾਮੇ ਮੰਨਦੀ ਰਹੇਗੀ ਉਨਾ ਚਿਰ ਧੜਾ ਭਾਵੇਂ ਕੋਈ ਵੀ ਜਿੱਤੇ ਪਰ ਅਕਾਲ ਤਖਤ ਹਾਰਦਾ ਹੀ ਰਹੇਗਾ। ਅਕਾਲ ਤਖਤ ਦੇ ਸੱਚ ਜਾਂ ਸਿਧਾਂਤ ਨੂੰ ਸਮਝੇ ਤੋਂ ਬਗੈਰ, ਸਿੱਖ ਕੌਮ ਅਕਾਲ ਤਖਤ ਦੇ ਨਾਮ ’ਤੇ ਗੁਮਰਾਹ ਹੋ ਕੇ ਗੂੜ੍ਹੀ ਨੀਂਦ ਸੋ ਚੁੱਕੀ ਹੈ। ਹੋ ਸਕਦੈ ਇਹ ਹੁਣ ਜਾਗ ਵੀ ਨਾ ਸਕੇ, ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜੀ ਵਿਦਵਾਨ ਖੋਜਾਂ ਕਰਨਗੇ ਤਾਂ ਇਹ ਗੱਲ ਵਿਸ਼ੇਸ਼ ਖੋਜ ਦਾ ਵਿਸ਼ਾ ਹੋਵੇਗੀ ਕਿ ਜਿੰਨ੍ਹਾਂ ਨੂੰ ਅਕਾਲ ਤਖਤ ਤੋਂ ਮਾਨ ਸਨਮਾਨ ਮਿਲਦੇ ਰਹੇ ਹਨ ਉਨ੍ਹਾਂ ਨੇ ਸਿੱਖ ਕੌਮ ਨਾਲ ਕੀ-ਕੀ ਗੱਦਾਰੀਆਂ ਕੀਤੀਆਂ ਹਨ, ਅਤੇ ਜਿੰਨ੍ਹਾਂ ਨੂੰ ਅਕਾਲ ਤਖਤ ਦੇ ਨਾਮ ਤੇ ਪੰਥ ਵਿੱਚੋਂ ਛੇਕਿਆ ਜਾਂਦਾ ਰਿਹਾ ਹੈ ਉਨ੍ਹਾਂ ਦੀਆਂ ਸਿੱਖ ਕੌਮ ਲਈ ਕੀ-ਕੀ ਘਾਲਣਾ ਤੇ ਕੁਰਬਾਨੀਆਂ ਹਨ।
ਮੇਰੀ ਕਿਸੇ ਸੰਤਾਂ, ਬਾਬਿਆਂ, ਅਕਾਲੀਆਂ, ਜਥੇਦਾਰਾਂ, ਸ਼੍ਰੋ:ਗੁ:ਪ੍ਰ:ਕਮੇਟੀ ਜਾਂ ਟਕਸਾਲੀਆਂ ਨਾਲ ਕੋਈ ਦੁਸ਼ਮਣੀ ਜਾਂ ਨਿੱਜੀ ਵਿਰੋਧਤਾ ਨਹੀਂ ਹੈ। ਇਹ ਜੋ ਕੁੱਝ ਮੈਂ ਲਿਖਿਆ ਹੈ ਇਸ ਬਾਰੇ ਬਹੁਤਿਆਂ ਨੂੰ ਪਤਾ ਹੈ ਕਿ ਸੰਤ ਬਾਬੇ, ਅਕਾਲੀ, ਜਥੇਦਾਰ, ਸ਼੍ਰ:ਗੁ:ਪ੍ਰ:ਕਮੇਟੀ ਅਤੇ ਟਕਸਾਲੀ ਅਕਾਲ ਤਖਤ ਨੂੰ ਜਾਂ ਅਕਾਲ ਤਖਤ ਦੇ ਕਹੇ ਜਾਂਦੇ ਹੁਕਮਨਾਮਿਆਂ ਨੂੰ ਜਾਂ ਅਕਾਲ ਤਖਤ ਵੱਲੋਂ ਪ੍ਰਮਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਯਾਦਾ ਨੂੰ ਕਿੰਨਾ ਕੁ ਮੰਨਦੇ ਹਨ। ਇਸ ਬਾਰੇ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਹੈ। ਜਿੰਨੀ ਕੁ ਜਾਣਕਾਰੀ ਆਮ ਮਿਲਦੀ ਹੈ ਜਿਸ ਤੋਂ ਲਗਭਗ ਸਾਰੇ ਹੀ ਜਾਣੂ ਹਨ ਬੱਸ ਉਸੇ ਵਿੱਚੋਂ ਕੁੱਝ ਕੁ ਉਦਹਾਰਣਾਂ ਨੂੰ ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਅਕਾਲ ਤਖਤ ਨੂੰ ਕੌਣ ਮੰਨਦਾ ਹੈ ਤੇ ਕੌਣ ਨਹੀਂ ਮੰਨਦਾ?
ਹਰਲਾਜ ਸਿੰਘ ਬਹਾਦਰਪੁਰ
ਹਰਲਾਜ ਸਿੰਘ ਬਹਾਦਰਪੁਰ
ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਮਹਾਨ ਦਾ ਸ਼ੋਰ ਪਾਉਣ ਵਾਲੇ ਖੁਦ ਇਸਨੂੰ ਕਿੰਨਾ ਕੁ ਮੰਨਦੇ ਹਨ ?
Page Visitors: 2866