*ਮੁਰਦਾ ਸਰੀਰ ਨੂੰ ਕਿਵੇਂ ਬਿਲੇ ਲਾਇਆ ਜਾਵੇ**?** ਬਾਰੇ ਵਿਚਾਰ ਚਰਚਾ*
*ਅਵਤਾਰ ਸਿੰਘ ਮਿਸ਼ਨਰੀ (**5104325827**)*
ਮਹਾਨ ਕੋਸ਼ ਅਨੁਸਾਰ ਮੁਰਦਾ-ਮੋਇਆ ਹੋਇਆ, ਮ੍ਰਿਤਕ, ਪ੍ਰਾਣ ਰਹਿਤ। ਕਿਸੇ ਵੀ ਤਰੀਕੇ ਜਾਂ ਹਾਦਸੇ ਨਾਲ ਜਦ ਸਰੀਰ ਚੋਂ ਪ੍ਰਾਣ ਨਿਕਲ ਜਾਣ, ਉਸ ਸਰੀਰ ਨੂੰ ਮੁਰਦਾ ਜਾਂ ਮ੍ਰਿਤਕ ਕਿਹਾ ਜਾਂਦਾ ਹੈ। ਜੀਵਾਂ ਦੇ ਜਨਮ ਅਤੇ ਮਰਨ ਪ੍ਰਭੂ ਦੇ ਭਾਣੇ*-*ਹੁਕਮ ਵਿੱਚ ਹੁੰਦੇ ਹਨ*
-ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥(੪੭੨)* ਜੋ ਜਨਮਿਆਂ ਉਸ ਨੇ ਮਰਨਾ ਹੈ*
-ਜੋ ਜਨਮੈ ਸੋ ਜਾਨਹੁ ਮੂਆ**॥੩੭੫**)**)
*ਹੁਣ ਸਵਾਲ ਪੈਦਾ ਹੁੰਦੇ ਹਨ ਕਿ ਮੁਰਦਾ ਸਰੀਰ ਨੂੰ ਬਿਲੇ ਕਿਵੇਂ ਲਾਇਆ ਜਾਵੇ?
ਮੁਰਦਾ ਸਰੀਰ ਸਾੜਿਆ, ਡੋਬਿਆ, ਦਫਨਾਇਆ ਜਾਂ ਜੰਗਲੀਂ ਪਾਇਆ ਜਾਵੇ? ਸਾਰੇ ਮਨੁੱਖਾ ਦੇ ਸਰੀਰਾਂ ਦਾ ਜਨਮ ਇੱਕਸਾਰ ਤਰੀਕੇ ਨਾਲ ਹੋਇਆ ਹੈ। ਜਦ ਸਰੀਰ ਦੀ ਤਾਕਤ ਅਤੇ ਪ੍ਰਾਣ (ਆਕਸੀਜਨ) ਖਤਮ ਹੋ ਜਾਂਦੀ ਅਤੇ ਸਰੀਰ ਕੋਈ ਹਰਕਤ ਜਾਂ ਕ੍ਰਿਆ ਕਰਮ ਨਹੀਂ ਕਰ ਸਕਦਾ, ਸਿਆਣੇ ਲੋਕ, ਵੈਦ ਅਤੇ ਡਾਕਟਰ ਉਸ ਨੂੰ ਮੁਰਦਾ ਐਲਾਨ ਦਿੰਦੇ ਹਨ। ਮਰਨ ਉਪ੍ਰੰਤ ਵੀ ਸਭ ਦਾ ਸਰੀਰ ਇੱਕਸਾਰ ਮੁਰਦਾ ਹੁੰਦਾ ਹੈ। ਫਿਰ ਵੱਖ ਵੱਖ ਮਜਹਬਾਂ, ਕੌਮਾਂ ਅਤੇ ਕਬੀਲਿਆਂ ਦੇ ਲੋਕ ਮੁਰਦਾ ਸਰੀਰ ਨੂੰ ਬਿਲੇ ਲਾਉਣ ਲਈ ਵੱਖਰੇ ਵੱਖਰੇ ਕਰਮਕਾਂਡੀ ਤਰੀਕੇ ਕਿਉਂ ਵਰਤਦੇ ਹਨ?
ਮੋਟੇ ਤੌਰ ਤੇ ਈਸਾਈ, ਮੁਸਾਈ ਅਤੇ ਮੁਸਲਿਮ ਮੁਰਦਾ ਸਰੀਰ ਨੂੰ ਦਫਨਾਉਂਦੇ, ਹਿੰਦੂ ਅਤੇ ਸਿੱਖ ਸਾੜਦੇ ਅਤੇ ਕੁਝ ਪਾਣੀ ਵਿੱਚ ਰੋੜ ਦਿੰਦੇ ਹਨ। ਮੁਸਲਮਾਨਾਂ ਦਾ ਯਕੀਨ ਹੈ ਕਿ ਇੱਕ ਦਿਨ ਐਸਾ ਆਵੇਗਾ, ਜਦ ਹਿਸਾਬ ਕਿਤਾਬ ਹੋਵੇਗਾ ਅਤੇ ਮੁਹੰਮਦ ਰਸੂਲ ਅੱਲ੍ਹਾ ਤੇ ਦ੍ਰਿੜ ਵਿਸ਼ਵਾਸ਼ ਰੱਖਣ ਵਾਲਿਆਂ ਦੀਆਂ ਮੁਰਦਾ ਦੇਹਾਂ ਨੂੰ ਕਬਰ ਚੋਂ ਉਠਾ ਕੇ, ਬਹਿਸ਼ਤ ਭੇਜ ਦਿਤਾ ਜਾਵੇਗਾ ਅਤੇ ਨਾਸਤਕ ਦੋਜਖਾਂ ਦੀ ਅੱਗ ਵਿੱਚ ਸਾੜੇ ਜਾਣਗੇ ਪਰ ਅੱਜ ਤੱਕ ਐਸਾ ਹੋਇਆ ਨਹੀਂ ਜਦ ਦਾ ਵੀ ਇਸਲਾਮ ਹੋਂਦ ਵਿੱਚ ਆਇਆ ਹੈ। ਜਮਾਨਾ ਬਦਲਨ, ਮਨੁਖੀ ਸਮਾਜ ਵਿਕਸਤ ਹੋਨ, ਕਬਰਾਂ ਦੀ ਧਰਤੀ ਘੱਟ ਜਾਣ ਅਤੇ ਬੀਮਾਰੀਆ ਤੋਂ ਬਚਣ ਖਾਤਰ ਅੱਜ ਬਹੁਤੇ ਈਸਾਈ ਵੀ ਮੁਰਦਿਆਂ ਨੂੰ ਸਸਕਾਰਨ ਲੱਗ ਪਏ ਹਨ।
ਆਓ ਇਸ ਬਾਰੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦਾ ਉਪਦੇਸ਼ ਵਾਚੀਏ। ਗੁਰੂ ਸਾਹਿਬ ਤਾਂ ਫੁਰਦਮਾਂਦੇ ਹਨ ਕਿ*
-ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਹਿ ਸਮਾਹਿ॥੨॥ (੬੪੮)*
ਭਾਵ ਕਈ ਮੁਰਦਾ ਸਰੀਰਾਂ ਨੂੰ ਸਾੜਦੇ, ਕਈ ਦਫਨਾਦੇ, ਕਈ ਕੁੱਤਿਆਂ ਆਦਿਕ ਪਸ਼ੂਆਂ ਅੱਗੇ ਪਾਂਦੇ, ਕਈ ਪਾਣੀ ਵਿੱਚ ਰੋੜਦੇ ਅਤੇ ਕਈ ਖੂਹ ਵਿੱਚ ਸੁੱਟ ਦਿੰਦੇ ਹਨ।
ਗੁਰੂ ਨਾਨਕ ਸਾਹਿਬ ਫੁਰਮਾਂਦੇ ਹਨ ਕਿ ਇਨ੍ਹਾਂ ਉਪ੍ਰੋਕਤ ਕ੍ਰਿਆਵਾਂ ਤੋਂ ਬਾਅਦ ਕੋਈ ਦਾਹਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਜੀਵ ਕਿੱਥੇ ਜਾ ਕੇ ਸਮਾ ਭਾਵ ਮਿਲ ਜਾਂਦੇ ਹਨ?
ਸੋ ਸਾਨੂੰ ਜੀਵਤ ਲੋਕਾਂ ਨੂੰ ਮੁਰਦਾ ਸਰੀਰ ਨੂੰ ਬਿਲੇ ਲਾਉਣ ਦਾ ਵਹਿਮ ਭਰਮ ਨਹੀਂ ਕਰਨਾ ਚਾਹੀਦਾ, ਜਿਵੇ ਵੀ ਸਮਾਂ ਅਸਥਾਨ ਮਿਲੇ ਓਵੇਂ ਹੀ ਕਰ ਲੈਣਾ ਚਾਹੀਦਾ ਹੈ। ਸਾੜਨ ਦਾ ਤਰੀਕਾ ਸ਼ਾਇਦ ਇਸ ਕਰਕੇ ਚੰਗਾ ਮੰਨਿਆ ਗਿਆ ਹੈ ਕਿ ਇੱਕ ਤਾਂ ਬਦਬੂ ਅਤੇ ਦੂਜਾ ਬੀਮਾਰੀਆਂ ਨਹੀਂ ਫੈਲਦੀਆਂ। ਅੱਜ ਸਭ ਤੋਂ ਵਧੀਆ ਤਰੀਕਾ ਬਿਜਲੀ ਦੀਆਂ ਭੱਠੀਆਂ ਹਨ ਜਿੰਨ੍ਹਾਂ ਕਰਕੇ, ਸਮੇਂ, ਧਰਤੀ ਅਤੇ ਰੁੱਖਾਂ ਦਾ ਵੀ ਬਚਾ ਹੋ ਜਾਂਦਾ ਹੈ। ਰੁੱਖ ਸਾਨੂੰ ਆਕਸੀਜਨ, ਫਲ ਫਰੂਟ, ਭੋਜਨ, ਦਵਾਈਆਂ ਅਤੇ ਜੀਵਨ ਦਿੰਦੇ ਹਨ। ਦਫਨਾਉਣ ਨਾਲ ਇੱਕ ਤਾਂ ਧਰਤੀ ਦਾ ਮੁੱਲ ਤਾਰਨਾ ਪੈਂਦਾ ਅਤੇ ਦੂਜਾ ਸਰੀਰ ਵਿੱਚ ਕੀੜੇ ਕਿਰਮ ਪੈਦਾ ਹੋ ਜਾਂਦੇ ਹਨ। ਹੁਣ ਸੰਸਾਰ ਭਰ ਦੀ ਅਬਾਦੀ ਵਧ ਜਾਣ ਕਰਕੇ, ਕਈ ਥਾਈਂ ਦਫਨਾਉਣ ਦੀ ਸਮੱਸਿਆ ਆ ਜਾਂਦੀ ਹੈ। ਪਾਣੀ ਵਿੱਚ ਸੁੱਟਣ ਨਾਲ ਜਲ ਜੀਵ ਮਾਸ ਖਾ ਸਕਦੇ ਹਨ ਪਰ ਪਾਣੀ ਦੂਸ਼ਤ ਹੁੰਦਾ ਅਤੇ ਬੀਮਾਰੀਆਂ ਵੀ ਫੈਲਦੀਆਂ ਹਨ। ਦੂਰ ਦੁਰਾਡੇ ਜੰਗਲਾਂ ਬੇਲਿਆਂ ਵਿੱਚ ਸੁੱਟਣਾਂ ਵੀ ਸੌਖਾ ਨਹੀਂ ਪਰ ਕੁਝ ਜਨਵਰਾਂ ਦੀ ਖੁਰਾਕ ਜਰੂਰ ਬਣ ਜਾਂਦੀ ਹੈ। ਖੂਹਾਂ ਵਿੱਚ ਸੁੱਟਣਾਂ ਤਾਂ ਬਹੁਤ ਹੀ ਭੈੜੀ ਗੱਲ ਹੈ ਜਿੱਥੋਂ ਪੁਰਾਣੇ ਜਮਾਨੇ ਵਿੱਚ ਤਾਂ ਕੀ, ਕਈ ਥਾਈਂ ਅੱਜ ਵੀ ਲੋਕ ਪਾਣੀ ਪੀਂਦੇ ਹਨ।
ਭਲਿਓ ਜਿਉਂ ਜਮਾਨਾ ਬਦਲਦਾ, ਵਿਗਿਆਨਕ ਕਾਢਾਂ ਨਿਕਲਦੀਆਂ, ਹਰ ਤਰ੍ਹਾਂ ਸਮਾਜ ਦੀ ਤਰੱਕੀ ਹੁੰਦੀ, ਰਹਿਣ-ਸਹਿਣ ਵਿੱਚ ਤਬਦੀਲੀ ਆਉਂਦੀ ਅਤੇ ਸੁੱਖ ਸਹੂਲਤਾਂ ਬਦਲਦੀਆਂ ਨੇ, ਸਾਨੂੰ ਵੀ ਆਪਣੇ ਜਿੰਦਗੀ ਦੇ ਰਹਿਣ-ਸਹਿਣ ਅਤੇ ਜਨਮ-ਮਰਨ ਦੇ ਕਿਰਆ ਕਰਮ ਬਦਲਨੇ ਚਾਹੀਦੇ ਹਨ। ਹੁਣ ਵਿਗਿਆਨ ਅਤੇ ਇਲੇਕਟ੍ਰੌਣਿਕ ਮੀਡੀਏ ਕਰਕੇ ਸਾਰਾ ਸੰਸਾਰ ਹੀ ਗਲੋਬਲ ਹੋ ਕੇ, ਇੱਕ ਸਾਂਝਾ ਪਿੰਡ ਬਣ ਚੁੱਕਾ ਹੈ।
ਹੁਣ ਮਿੰਟਾਂ ਸਕਿੰਟਾਂ ਅਤੇ ਕੁਝ ਘੰਟਿਆਂ ਵਿੱਚ ਅਸੀਂ ਸੰਸਾਰ ਭਰ ਦਾ ਚਕਰ ਲਾ ਲੈਂਦੇ ਹਾਂ। ਵਿਸ਼ਵ ਭਾਸ਼ਾ ਅੰਗ੍ਰੇਜੀ ਸਾਰੀ ਦੁਨੀਆਂ ਵਿੱਚ, ਸਾਡਾ ਇੱਕ ਦੂਜੇ ਨਾਲ ਤਾਲ ਮੇਲ ਵਧਾ ਰਹੀ ਹੈ। ਦੋ-ਭਾਸ਼ੀਏ (ਇੰਟ੍ਰਪ੍ਰੇਟਰ) ਦੀ ਸਹੂਲਤ ਨਾਲ ਵੀ ਅਸੀਂ ਇੱਕ ਦੂਜੇ ਨਾਲ ਗੱਲ ਬਾਤ ਕਰ ਸਕਦੇ ਹਾਂ। ਇਸ ਕਰਕੇ ਅਜੋਕਾ ਪੜ੍ਹਿਆ ਲਿਖਿਆ ਅਤੇ ਵਿਕਸਤ ਅਧੁਨਿਕ ਮਨੁੱਖ ਭਾਵੇਂ ਉਹ ਬੱਚਾ, ਜਵਾਨ ਜਾਂ ਬੁੱਢਾ ਹੈ, ਪੁਰਾਣੇ ਥੋਥੇ ਜਾਂ ਅਜੋਕੇ ਸਮੇ ਵਿੱਚ ਰੁਕਾਵਟਾਂ ਪਾਉਣ ਵਾਲੇ, ਮਜਹਬੀ ਰੀਤਾਂ ਰਿਵਾਜਾਂ ਅਤੇ ਧਰਮ ਦੇ ਨਾਂ ਤੇ ਚਲਾਏ ਵੱਖ ਵੱਖ ਕਰਮਕਾਂਡਾਂ ਨੂੰ ਛੱਡ ਕੇ, ਇਨ੍ਹਾਂ ਦੇ ਅਖੌਤੀ ਭੈ ਅਤੇ ਵਹਿਮ ਭਰਮ ਤੋਂ ਮੁਕਤ ਹੋ ਰਿਹਾ ਹੈ।
ਸੰਸਾਰ ਦੇ ਸਾਰੇ ਮਜਹਬਾਂ ਅਤੇ ਕੌਮਾਂ ਦੇ ਸਮੂੰਹ ਪ੍ਰਾਣੀਓਂ ਜਰਾ ਠੰਡੇ ਦਿਲ ਦਿਮਾਗ ਅਤੇ ਬਿਬੇਕ ਬੁੱਧੀ ਦੀ ਵਰਤੋਂ ਕਰਕੇ ਸੋਚੋ ਕਿ ਜਦ ਰੱਬ ਇੱਕ, ਜਿਸ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਅਤੇ ਧਰਮੀ ਜੀਵਨ ਜੀਓਣ ਦੀ ਅਕਲ ਦਿੱਤੀ। ਫਿਰ ਅਸੀਂ ਵੱਖ ਵੱਖ ਮਜਹਬਾਂ ਦੇ ਅਖੌਤੀ ਪੁਜਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ, ਆਪਣੀ ਰੋਜੀ ਰੋਟੀ ਲਈ ਚਲਾਏ ਵੱਖ ਵੱਖ ਧਰਮ ਕਰਮ ਅਤੇ ਥੋਥੇ ਕਰਮਕਾਂਡਾਂ ਦੇ ਭਰਮਜਾਲ ਵਿੱਚ ਫਸ ਕੇ, ਆਪਸ ਵਿੱਚ ਕਿਉਂ ਲੜਦੇ ਹਾਂ?
ਕੀ ਇਹ ਪੁਰਾਤਨ ਰੀਤਾਂ ਰਸਮਾਂ ਜੋ ਵਕਤੀ ਪੁਜਰੀਆਂ ਦੀਆਂ ਚਲਾਈਆਂ ਹੋਈਆਂ ਨੇ, ਨੂੰ ਛੱਡ ਨਹੀਂ ਸਕਦੇ?
ਭਲਿਓ ਜੇ ਅਸੀਂ ਅੱਜ ਜਮਾਨੇ ਦੇ ਤਰੱਕੀ ਕਰਕੇ ਬਦਲਨ ਨਾਲ, ਬੈਲ ਗੱਡੀਆਂ, ਮਿੱਟੀ ਦੇ ਚੁੱਲ੍ਹੇ, ਚੋਲੇ,ਚਾਦਰੇ, ਗਿਲਤੀਆਂ ਛੱਡ ਕੇ ਮੋਟਰ ਕਾਰਾਂ, ਹਵਾਈ ਜਹਾਜਾਂ, ਗੈਸ ਚੁੱਲ੍ਹਿਆਂ, ਪੈਂਟਾਂ ਕਮੀਜ਼ਾਂ ਦੀ ਵਰਤੋਂ ਕਰਨ ਲੱਗ ਪਏ ਹਾਂ ਤਾਂ ਕੀ ਮੁਰਦੇ ਨੂੰ ਬਿਲਾ ਲਾਉਣ ਦੀ ਰਸਮ ਨਹੀਂ ਬਦਲ ਸਕਦੇ? ਜਾਂ ਮਹਜਬੀ ਕਟੜਤਾ ਵਾਲੀ ਮਰਦਿਆਂ ਨੂੰ ਬਿਲੇ ਲਾਉਣ ਦੀ ਲਕੀਰ ਦੇ ਫਕੀਰ ਬਣੇ ਰਹਿਣ ਦੀ, ਪੁਰਾਣੀ ਰੀਤ ਛੱਡ ਕੇ, ਸਰਬਸਾਂਝੀ ਅਧੁਨਿਕ ਰੀਤ ਨਹੀਂ ਅਪਣਾ ਸਕਦੇ? ਜਾਂ ਸਮੇਂ ਅਸਥਾਨ ਨਾਲ ਜਿਵੇਂ ਕੋਈ ਮੁਰਦੇ ਨੂੰ ਬਿਲੇ ਲਾਵੇ ਠੀਕ ਹੈ, ਵਹਿਮ ਭਰਮ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਦਾ ਫੁਰਮਾਨ ਹੈ*
-ਜੇ ਮਿਰਤਕ ਕਉ ਚੰਦਨ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟੀ ਜਾਈ॥੩॥ (੧੧੬੦)*
ਧਿਆਨ ਦਿਓ! ਪੰਜ ਤੱਤ ਆਪੋ ਆਪਣੇ ਵਜੂਦ ਵਿੱਚ ਸਮਾ ਜਾਂਦੇ ਹਨ*
-ਪਵਨੈ ਮਹਿ ਪਵਨ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
ਮਾਟੀ ਮਾਟੀ ਹੋਈ ਏਕ॥ ਰੋਵਣਹਾਰੇ ਕੀ ਕਵਨੁ ਟੇਕ॥ (ਗੁਰੂ ਗ੍ਰੰਥ)
*ਇਸ ਕਰਕੇ ਮੁਰਦਾ ਸਰੀਰ ਨੂੰ ਬਿਲੇ ਲਾਉਣ ਦਾ ਵਹਿਮ ਨਹੀਂ ਕਰਨਾ ਚਾਹੀਦਾ। ਆਸ ਹੈ ਕਿ ਸਿਆਣੇ ਅਤੇ ਵਿਚਾਰਵਾਨ ਮਾਈ ਭਾਈ ਇਸ ਤੇ ਗੰਭੀਰਤਾ ਨਾਲ ਵਿਚਾਰ ਕਰਕੇ, ਅੱਗੇ ਵੱਧਣ ਦਾ ਲਾਹੇਵੰਦ ਜਤਨ ਕਰਨਗੇ ਨਾਂ ਕਿ ਪੁਜਾਰੀਆਂ ਦੀਆਂ ਚਲਾਈਆਂ ਹੋਈਆਂ, ਮਨੁੱਖਤਾ ਲੋਟੂ ਥੋਥੀਆਂ ਰੀਤਾਂ ਰਸਮਾਂ ਵਿੱਚ ਉੱਲਝ ਕੇ, ਬੇਗਿਆਨੇ ਅਤੇ ਬੇਧਿਆਨੇ ਹੋ, ਆਪਣੇ ਆਪ ਨੂੰ ਲੁਟਾਈ ਜਾਣਗੇ।
ਅਵਤਾਰ ਸਿੰਘ ਮਿਸ਼ਨਰੀ
*ਮੁਰਦਾ ਸਰੀਰ ਨੂੰ ਕਿਵੇਂ ਬਿਲੇ ਲਾਇਆ ਜਾਵੇ**?** ਬਾਰੇ ਵਿਚਾਰ ਚਰਚਾ*
Page Visitors: 2743