ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
= * ਜਿਉਂਦਿਆਂ ਕਿਵੇਂ ਮਰੀਦਾ ਹੈ * =
= * ਜਿਉਂਦਿਆਂ ਕਿਵੇਂ ਮਰੀਦਾ ਹੈ * =
Page Visitors: 2767

=  *  ਜਿਉਂਦਿਆਂ ਕਿਵੇਂ ਮਰੀਦਾ ਹੈ  *  =
ਸਲੋਕ ਮ:2॥
 ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥
 ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥
 ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥
 ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ
॥1॥ ਪੰਨਾ 139॥
ਅਰਥ:- ਅੱਖਾਂ ਨੂੰ ਪਰਾਇਆ ਰੂਪ ਵੇਖਣ ਦੀ ਵਾਦੀ ਤੋਂ ਵਰਜ ਕੇ ਜਗਤ ਨੂੰ ਵੇਖਣਾ, ਇਹ ਹੈ “ਅਖੀ ਬਾਝਹੁ ਵੇਖਣਾ”। ਕੰਨਾਂ ਨੂੰ ਨਿੰਦਾ ਸੁਨਣ ਵਲੋਂ ਰੋਕਣਾ, ਇਹ ਹੈ “ਵਿਣੁ ਕੰਨਾ ਸੁਨਣਾ”। ਪੈਰਾਂ ਨੂੰ ਮੰਦੇ ਕੰਮਾਂ ਵਲ ਦੌੜਣ ਤੋਂ ਰੋਕ ਕੇ ਚੰਗੇ ਪਾਸੇ ਤੋਰਣਾ, ਇਹ ਹੈ “ਪੈਰਾ ਬਾਝਹੁ ਚਲਣਾ”। “ਵਿਣੁ ਹਥਾ ਕਰਣਾ”-ਪਰਾਇਆ ਨੁਕਸਾਨ ਕਰਣ ਵਲੋਂ ਹਥਾਂ ਨੂੰ ਰੋਕ ਕੇ ਰਖਣਾ। ਜੀਭ ਨੂੰ ਮੰਦੇ/ਲਚਰ ਸ਼ਬਦ ਬੋਲਣ ਤੋਂ ਵਰਜ ਰੱਖਣਾ ਅਤੇ ਨਿੰਦਾ ਦੀ ਵਾਦੀ ਤੋਂ ਹਟਾ ਕੇ ਬੋਲਣ ਦਾ ਕੰਮ ਲੈਣਾ, ਇਹ ਹੈ “ਜੀਭੈ ਬਾਝਹੁ ਬੋਲਣਾ”, ਜਿਉਂਦਿਆਂ ਇਸ ਤਰ੍ਹਾਂ ਮਰੀਦਾ ਹੈ। ਹੇ ਨਾਨਕ ! ਪ੍ਰਭੂ ਖਸਮ ਦਾ ਹੁਕਮ ਪਛਾਣੀਏ ਤਾਂ ਹੀ ਉਸ ਨੂੰ ਮਿਲੀਦਾ ਹੈ। ਭਾਵ ਜੇ ਸਮਝ ਵਿਚ ਆ ਜਾਵੇ ਕਿ ਪ੍ਰਭੂ ਦਾ ਹੁਕਮ ਇੰਦ੍ਰਿਆਂ ਨੂੰ ਕਿਸ ਤਰ੍ਹਾਂ ਵਰਤਣ ਦਾ ਹੈ ਤਾਂ ਪ੍ਰਭੂ ਨੂੰ ਮਿਲ ਪਈਦਾ ਹੈ।
ਵਿਆਖਿਆ:-  ਇਸ ਸਲੋਕ ਵਿਚ ਸ੍ਰੀ ਗੁਰੂ ਅੰਗਦ ਜੀ ‘ਜੀਵਤ ਮਰਣਾ’ ਦੇ ਲੱਛਣ ਦਸ ਰਹੇ ਹਨ।
“ਜੀਵਤ ਮਰਣਾ” ਦੇ ਲੱਛਣ ਸ੍ਰੀ ਗੁਰੂ ਨਾਨਕ  ਜੀ ਇਉਂ ਦਸਦੇ ਹਨ:-
 “ਆਸਾ ਭੀਤਰਿ ਰਹੈ ਨਿਰਾਸਾ……………………॥ਜੀਵਤਿਆ ਇਉ ਮਰੀਐ॥ ਪੰਨਾ 877॥
 ਸ੍ਰੀ ਗੁਰੂ ਅਮਰਦਾਸ ਜੀ ਦਸਦੇ ਹਨ:-
  “ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ॥ ਪੰਨਾ 34॥
ਸ੍ਰੀ ਗੁਰੂ ਰਾਮਦਾਸ ਜੀ ਨੇ ਫ਼ੁਰਮਾਇਆ ਹੈ:-
 ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ॥ ਪੰਨਾ 775॥
ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਇਉਂ ਫ਼ੁਰਮਾਉਂਦੇ ਹਨ:-
 ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ॥ ਪੰਨਾ750॥   
ਇਹ ਹੈ ਆਪਾ ਭਾਵ ਤਿਆਗ ਦੀ ਪੂਰਨ ਅਵਸਥਾ ।ਇਹ ਹੈ ਪਰਮ ਵੈਰਾਗ ਦੀ ਹਾਲਤ, ਜਦੋਂ ਵੈਰਾਗੀ ਨੂੰ ਸੰਸਾਰ ਦੇ ਪਦਾਰਥ, ਪੁਰਖ ਕਿ ਪਿਆਰ ਕੋਈ ਵੀ ਨਹੀਂ ਲੁਭਾ ਸਕਦਾ। ਗੁਰੂ ਘਰ ਵਿਚ ਇਹ ਨਿਰੀ ‘ਮਨਫੀ’ (Negative) ਅਵਸਥਾ ਨਹੀਂ, ਇਸ ਤੌਂ ਅਗੇ ‘ਮੁਸਬਤ’ (Positive) ਅਵਸਥਾ ਦੱਸੀ ਹੈ:-
“ਜਵਿਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ॥”  ਪੰਨਾ 332 (ਅਰਥ:-ਆਪਾ ਭਾਵ ਤੋਂ ਮਰੇ, ਪਰ ਫਿਰ ਜੀਉ ਪਵੇ।
ਇਹੋ ਗਲ ਗੁਰੂ ਜੀ ਨੇ ਇਸ ਸਲੋਕ ਵਿਚ ਦੱਸੀ ਹੈ। ਪਹਿਲਾਂ “ਜੀਵਤ ਮਰਣਾ” ਦੇ ਲੱਛਣ ਦੱਸੇ ਹਨ ਤੇ ਫਿਰ ‘ਮੁਸਬਤ’ ਅਵਸਥਾ ਦੱਸੀ ਹੈ:-
 “ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥”
ਆਪਾ ਭਾਵ ਗਵਾ ਕੇ ਉਸ ‘ਮਨਫੀ’ ਹਾਲਤ ਵਿਚ ਨਹੀਂ ਰਹਿਣਾ, ਪਰ ਵਾਹਿਗੁਰੂ ਦੇ ਮੇਲ ਦੀ ‘ਮੁਸਬਤ’ ਅਵਸਥਾ ਵਿਚ ਜਾਣਾ ਹੈ।
ਸੁਰਜਨ ਸਿੰਘ-----+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.