ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
‘ਇਹ ਤਾਂ ਨਾਸਤਿਕਤਾ ਫੈਲਾ ਕੇ ਹੀ ਛੱਡਣਗੇ???’
‘ਇਹ ਤਾਂ ਨਾਸਤਿਕਤਾ ਫੈਲਾ ਕੇ ਹੀ ਛੱਡਣਗੇ???’
Page Visitors: 2818

              ‘ਇਹ ਤਾਂ ਨਾਸਤਿਕਤਾ ਫੈਲਾ ਕੇ ਹੀ ਛੱਡਣਗੇ???’
 ਜੇਕਰ ਆਪਣੇ ਆਪ ਨੂੰ ਸੁਚੇਤ ਅਖਵਾਉਂਦੇ ਅਜੋਕੇ ਅਖੌਤੀ ਵਿਦਵਾਨਾਂ ਤੋਂ ਸਿੱਖ ਪੰਥ ਸੁਚੇਤ ਨਾ ਹੋਇਆ ਤਾਂ ਇਹ ਗੁਰਮਤਿ ਨੂੰ ਨਾਸਤਿਕਤਾ ਦੀ ਰੰਗਤ ਦੇ ਕੇ ਸਿੱਖਾਂ ਨੂੰ ਨਾਸਤਿਕ ਬਣਾ ਕੇ ਹੀ ਛੱਡਣਗੇ।ਦੁਨਿਆਵੀ ਪੜ੍ਹਾਈ ਪੜ੍ਹੇ ਹੋਏ ਅਖੌਤੀ ਗੁਰਮਤਿ ਦੇ ਵਿਦਵਾਨਾਂ ਨੇ ਕਾਫੀ ਸਮੇਂ ਤੋਂ ਨਾਸਤਿਕਤਾ ਫੈਲਾਉਣ ਵਾਲੇ ਪਾਸੇ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ।ਹੁਣ ਤੱਕ ਆਮ ਸਿੱਖਾਂ ਨੂੰ ਇਹ ਭੁਲੇਖਾ ਸੀ ਕਿ ਇਹ ਗੁਰਮਤਿ ਵਿੱਚ ਆ ਵੜੇ ਬ੍ਰਹਮਣੀ ਕਰਮ-ਕਾਂਡਾਂ ਤੋਂ ਪੰਥ ਨੂੰ ਸੁਚੇਤ ਕਰ ਰਹੇ ਹਨ ਅਤੇ ਪੰਥ ਦੇ ਭਲੇ ਲਈ ਕੰਮ ਕਰ ਰਹੇ ਹਨ।ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਆਮ ਸਿੱਖਾਂ ਵਿੱਚ ਇਨ੍ਹਾਂ ਦੇ ਇਸ ਚੰਗੇ ਕੰਮ ਦੀ ਆੜ ਪਿੱਛੇ ਛੁਪੀ ਇਨ੍ਹਾਂ ਦੀ ਅਸਲੀ ਮਾਨਸਿਕਤਾ ਅਤੇ ਅਸਲੀ ਇਰਾਦੇ ਜਾਹਰ ਹੋਣੇ ਸ਼ੁਰੂ ਹੋ ਗਏ ਹਨ।
ਗੁਰਮਤਿ ਦੇ ਇਹ ਅਖੌਤੀ ਵਿਦਵਾਨ ਗੁਰਮਤਿ ਦੇ ਸੰਕਲਪ; ਆਤਮਾ, ਪਰਮਾਤਮਾ, ਕਰਮ-ਫਲ, ਆਵਾਗਵਣ ਨੂੰ ਨਹੀਂ ਮੰਨਦੇ।ਪਰ ਗੁਰਬਾਣੀ ਫੁਰਮਾਣ ਨੂੰ ਕਿਵੇਂ ਰੱਦ ਕਰਨ? ਇਸ ਮਕਸਦ ਲਈ ਇਨ੍ਹਾਂਨੇ ਗੁਰਬਾਣੀ ਦੇ ਅਰਥ ਹੀ ਬਦਲ ਕੇ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਵਿੱਚ ਵਾੜਨ ਦਾ ਕੰਮ ਅਰੰਭਿਆ ਹੋਇਆ ਹੈ।ਪਰ ਜਦੋਂ ਇਨ੍ਹਾਂ ਅਖੌਤੀ ਵਿਦਵਾਨਾਂ ਦੀਆਂ ਕੀਤੀਆਂ ਵਿਆਖਿਆਵਾਂ ਵਿੱਚੋਂ ਉੱਠਦੇ ਸਵਾਲ ਇਨ੍ਹਾਂ ਤੇ ਕੀਤੇ ਜਾਂਦੇ ਹਨ ਤਾਂ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦੇ। ਜਦੋਂ ਇਨ੍ਹਾਂ ਦੁਆਰਾ ਕੀਤੀ ਗਈ ਕਿਸੇ ਪ੍ਰੋਢਾਵਾਦੀ ਵਿਆਖਿਆ ਬਾਰੇ ਪੁੱਛਿਆ ਜਾਂਦਾ ਹੈ ਕਿ ਇਹ ਭਾਵਾਰਥ ਕਿਸ ਆਧਾਰ ਤੇ ਕੀਤੇ ਗਏ ਹਨ?ਜਾਂ ‘ਕੀ ਗੁਰਬਾਣੀ ਵਿੱਚੋਂ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹਨ ਜਿਸ ਵਿੱਚ ਸਾਫ ਲਿਖਿਆ ਹੋਵੇ ਕਿ ਚਾਹੇ ਕੋਈ ਗੁਰਮੁਖ ਹੋਵੇ ਜਾਂ ਮਨਮੁਖ ਇਸ ਜਨਮ ਤੋਂ ਬਾਅਦ ਕਿਸੇ ਦਾ ਵੀ ਮੁੜ ਜਨਮ ਨਹੀਂ ਹੁੰਦਾ’।
ਜਾਂ ‘ਕੀ ਇਹ ਗੁਰਬਾਣੀ ਦੀ ਕੋਈ ਇਕ ਵੀ ਉਦਾਹਰਣ ਪੇਸ਼ ਕਰ ਸਕਦੇ ਹਨ ਜਿਸ ਵਿੱਚ ਲਿਖਿਆ ਹੋਵੇ ਕਿ ਸਭ ਦੇ ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਨਾਲ ਦੀ ਨਾਲ ਭੁਗਤਿਆ ਜਾ ਰਿਹਾ ਹੈ, ਕਿਸੇ ਦੇ ਵੀ ਕਰਮਾਂ ਦੇ ਲੇਖੇ ਦੀ ਦੇਣ-ਦਾਰੀ ਇਹ ਜੀਵਨ ਖਤਮ ਹੋਣ ਤੋਂ ਬਾਅਦ ਬਾਕੀ ਨਹੀਂ ਰਹਿੰਦੀ?’ ਤਾਂ ਸਿੱਧਾ ਜਵਾਬ ਦੇਣ ਦੀ ਬਜਾਏ ਉਲਟਾ ਗੁਰਬਾਣੀ ਦੀਆਂ ਕੁਝ ਕੁ ‘ਆਤਮਕ ਮੌਤ’ ਵਾਲੀਆਂ ਉਦਾਹਰਣਾਂ ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ ! ਗੁਰਮਤਿ ਇਸ ਜਨਮ ਤੋਂ ਬਾਅਦ ਜਨਮ ਹੋਣ ਦਾ ਖੰਡਣ ਕਰਦੀ ਹੈ ਇਸ ਸੰਬੰਧੀ ਇਕ ਵੀ ਉਦਾਹਰਣ ਪੇਸ਼ ਨਹੀਂ ਕੀਤੀ ਜਾਂਦੀ।ਕਿਸੇ ਵੀ ਸਵਾਲ ਦੇ ਜਵਾਬ ਵਿੱਚ ਇਨ੍ਹਾਂ ਕੋਲ ਇੱਕੋ ਹੀ ਜਵਾਬ ਹੈ, ਕ ਆਤਮਕ ਮੌਤ ਵਾਲੀਆਂ ਪੰਗਤੀਆਂ ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ । ਅਤੇ ਆਪਣਾ ਪ੍ਰੋਢਾਵਾਦੀ ਫਾਰਮੁਲਾ ਸਹੀ ਸਿੱਧ ਕਰਨ ਲਈ ਉਹ ਉਦਾਹਰਣਾਂ ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂਦੇ ਸਿਰਫ ਭਾਵਾਰਥ ਹੀ ਕੀਤੇ ਜਾ ਸਕਦੇ ਹਨ, ਸਿੱਧੇ ਅਰਥ ਹੋ ਹੀ ਨਹੀਂ ਸਕਦੇ।ਪਰ ਇਹ ਲੋਕ ਭੁੱਲ ਜਾਂਦੇ ਹਨ ਕਿ ਇਸ ਤਰ੍ਹਾਂ ਦੇ ਸ਼ਬਦਾਂ ਦੇ ਭਾਵਾਰਥ ਕਰਦੇ ਵਕਤ ਪ੍ਰੋ: ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿੱਚੋਂ ਹੀ ਭਰਪੂਰ ਮਿਸਾਲਾਂ ਦੇ ਕੇ ਹਰ ਜਗ੍ਹਾ ਤੇ ਗੱਲ ਸਾਫ ਕਰ ਦਿੱਤੀ ਹੈ ਕਿ ਇਹ ਭਾਵਾਰਥ ਕਿਸ ਆਧਾਰ ਤੇ ਕੀਤੇ ਗਏ ਹਨ ਅਤੇ ਕਿਉਂ ਕੀਤੇ ਗਏ ਹਨ।ਪਰ ਇਸ ਦੇ ਉਲਟ ਇਨ੍ਹਾਂ ਅਖੌਤੀ ਵਿਦਵਾਨਾਂ ਕੋਲੋਂ ਜਿਹੜਾ ਸਵਾਲ ਪੁੱਛਿਆ ਗਿਆ ਹੋਵੇ ਉਸ ਦਾ ਜਵਾਬ ਦੇਣ ਦੀ ਬਜਾਏ ਇੱਕੋ ਹੀ ਜਵਾਬ ਹੈ, ਕਿ ਆਤਮਕ ਮੌਤ ਵਾਲੀਆਂ ਉਦਾਹਰਣਾਂ ਪੇਸ਼ ਕਰ ਦਿਉ । 
ਪ੍ਰੋਢਾਵਾਦੀ ਫਾਰਮੁਲਾ ਇਨ੍ਹਾਂਨੂੰ ਐਸੀ ਗਿੱਦੜ ਸਿੰਙੀ ਲੱਭੀ ਹੈ ਜਿਸ ਅਧੀਨ ਇਨ੍ਹਾਂਨੂੰ ਪੂਰੀ ਖੁਲ੍ਹ ਮਿਲੀ ਹੋਈ ਹੈ ਕਿ ਜੋ ਮਰਜੀ ਅਰਥ ਕਰੀ ਜਾਵੋ, ਕੋਈ ਪੁੱਛਣ ਦੱਸਣ ਵਾਲਾ ਨਹੀਂ।ਇਹ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਦੀ ਆਪਣੀ ਆਪਣੀ ਵੱਖਰੀ ਸੋਚ ਹੁੰਦੀ ਹੈ, ਅਤੇ ਇਸ ਤਰ੍ਹਾਂ ਤਾਂ ਹਰ ਵਿਅਕਤੀ ਗੁਰਬਾਣੀ ਦੇ ਆਪਣੀ ਹੀ ਮਰਜੀ ਦੇ ਅਰਥ ਕਰਕੇ ਪ੍ਰਚਾਰੀ ਜਾਵੇਗਾ । ਉਸ ਹਾਲਤ ਵਿੱਚ ਗੁਰਬਾਣੀ ਦੇ ਅਸਲੀ ਸੁਨੇਹੇ ਦਾ ਕੀ ਬਣੇਗਾ? ਇਨ੍ਹਾਂ ਅਖੌਤੀ ਵਿਦਵਾਨਾਂ ਦੀਆਂ ਪ੍ਰੋਢਾਵਾਦੀ ਵਿਆਖਿਆਵਾਂ ਵਿੱਚੋਂ ਬਹੁਤ ਸਾਰੇ  ਸਵਾਲ ਖੜ੍ਹੇ ਹੋ ਰਹੇ ਹਨ ਜਿਨ੍ਹਾਂ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ।ਅਤੇ ਪ੍ਰੋਢਾਵਾਦੀ ਵਿਆਖਿਆਵਾਂ ਵਿੱਚ ਇਕ ਖਰਾਬੀ ਹੋਰ ਹੈ।ਉਹ ਇਹ ਕਿ ਅੱਜ ਸਿੱਖਾਂ ਵਿੱਚ ਆਪ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਨ ਵਿਚਾਰਨ ਦੀ ਆਦਤ ਬਹੁਤ ਘੱਟ ਹੈ।ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਗੁਰਬਾਣੀ ਨੂੰ ਆਪ ਅਰਥਾਂ ਸਮੇਤ ਪੜ੍ਹਨ ਵਿਚਾਰਨ ਦਾ ਰੁਝਾਨ ਪੈਦਾ ਹੋ ਗਿਆ ਤਾਂ ਦੁਧ ਦਾ ਦੁਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਹੈ।
ਉਸ ਵਕਤ ਇਨ੍ਹਾਂਦੀਆਂ ਪ੍ਰੋਢਾਵਾਦੀ ਵਿਆਖਿਆਵਾਂ ਰੱਦ ਕਰ ਦਿੱਤੀਆਂ ਜਾਣਗੀਆਂ ਤਾਂ ਇਨ੍ਹਾਂ ਦੀ ਕੀਤੀ ਕਰਾਈ ਸਾਰੀ ਖੂਹ-ਖਾਤੇ ਪੈ ਜਾਵੇਗੀ । ਇਸ ਲਈ ਇਨ੍ਹਾਂਨੇ ਇਕ ਨਵੀਂ ਸਕੀਮ ਘੜ ਲਈ ਹੈ । ਉਸ ਸਕੀਮ ਅਧੀਨ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਗਲਤੀਆਂ ਲੱਭਣ ਵਾਲੇ ਪਾਸੇ ਲੱਗ ਗਏ ਹਨ । ਇਹ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਕਿਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਐਸੀਆਂ ਗੱਲਾਂ ਲੱਭ ਜਾਣ ਜਿਨ੍ਹਾਂ ਤੋਂ ਇਹ ਸਿਧ ਹੋ ਸਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਤਾਰਾ ਕਰਨ ਵਾਲਿਆਂ ਨੇ ਗਲਤੀਆਂ ਕੀਤੀਆਂ ਹਨ । ਇਹ ਸਿੱਧ ਕਰਨ ਤੋਂ ਇਨ੍ਹਾਂ ਦਾ ਮਕਸਦ ਹੈ ਕਿ ਜਿਹੜੀਆਂ ਗੱਲਾਂ ਇਨ੍ਹਾਂ ਦੀ ਸੋਚ ਮੁਤਾਬਕ ਫਿਟ ਨਹੀਂ ਬੈਠਦੀਆਂ, ਜਾਂ ਜਿਨ੍ਹਾਂ ਦੇ ਪ੍ਰੋਢਾਵਾਦੀ ਅਰਥ ਕਰਨ ਵਿੱਚ ਇਨ੍ਹਾਂਨੂੰ ਦਿੱਕਤ ਆਉਂਦੀ ਹੈ, ਉਨ੍ਹਾਂਨੂੰ ਉਤਾਰੇ ਦੇ ਵਕਤ ਹੋਈਆਂ ਗਲਤੀਆਂ ਕਰਾਰ ਦੇ ਕੇ ਇਹ ਪ੍ਰਚਾਰਿਆ ਜਾਵੇ ਕਿ ਇਹ ਬਾਣੀ ਗੁਰੂ ਸਾਹਿਬਾਂ ਦੀ ਨਹੀਂ, ਬਾਅਦ ਵਿੱਚ ਕਿਸੇ ਨੇ ਦਰਜ ਕਰ ਦਿੱਤੀ ਹੈ ।
ਆਪਣਾ ਪੱਖ ਸਹੀ ਸਾਬਤ ਕਰਨ ਲਈ ਇਹ ਅਖੌਤੀ ਵਿਦਵਾਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 13 ਅਤੇ ਪੰਨਾ 663 ਤੇ ਆਏ ਆਰਤੀ ਦੇ ਸ਼ਬਦ ਪੇਸ਼ ਕਰਕੇ ਕਹਿੰਦੇ ਹਨ ਕਿ “ਦੇਖੋ ਜੀ ਇਨ੍ਹਾਂ ਦੋਨਾਂ ਇਕੋ ਜਿਹੇ ਸ਼ਬਦਾਂ ਵਿੱਚ ਲਗਾਂ ਮਾਤਰਾਂ ਦੇ ਛੇ ਫਰਕ ਹਨ । ਇਹ ਲਾਜਮੀ ਉਤਾਰੇ ਦੇ ਵਕਤ ਹੋਈਆਂ ਗਲਤੀਆਂ ਦੇ ਕਾਰਣ ਹੀ ਹਨ।ਇਸ ਲਈ ਮੰਨਣਾ ਪਏਗਾ ਕਿ ਉਤਾਰੇ ਦੇ ਵਕਤ ਗਲਤੀਆਂ ਹੋਈਆਂ ਹਨ”।
ਇਸ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ-6, ਪੰਨਾ-9 ਅਤੇ ਪੰਨਾ-347 ਤੇ ਦਰਜ ਇੱਕੋ ਜਿਹੇ ਤਿੰਨ ਸ਼ਬਦਾਂ ਦੀਆਂ ਉਦਾਹਰਣਾਂ ਦੇ ਕੇ ਇਹ ਨੁਕਤਾ ਸਾਫ ਕਰ ਦਿੱਤਾ ਗਿਆ ਹੈ ਕਿ ਇਹ ਉਤਾਰੇ ਦੇ ਵਕਤ ਹੋਈਆਂ ਗਲਤੀਆਂ ਹਰਗਿਜ ਨਹੀਂ । ਉਦਾਹਰਣਾਂ ਅਤੇ ਇਨ੍ਹਾਂ ਨਾਲ ਵਿਚਾਰ ਹੇਠਾਂ ਪੇਸ਼ ਕੀਤੇ ਜਾ ਰਹੇ ਹਨ:-

(1) ਸੋ ਦਰੁ -- ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ -- ਨਾਦ ਅਨੇਕ ਅਸੰਖਾ ਕੇਤੇ -- ਵਾਵਣਹਾਰੇ॥ਕੇਤੇ -- ਰਾਗ ਪਰੀ ਸਿਉ ਕਹੀਅਨਿ ਕੇਤੇ -- ਗਾਵਣਹਾਰੇ॥ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ਗਾਵਹਿ -- ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ਗਾਵਹਿ -- ਈਸਰੁ ਬਰਮਾ ਦੇਵੀ ਸੋਹਨਿ -- ਸਦਾ ਸਵਰੇ॥ ਗਾਵਹਿ -- ਇੰਦ ਇੰਦਾਸਣਿ ਬੈਠੇ ਦੇਵਤਿਆਂ ਦਰਿ ਨਾਲੇ॥ਗਾਵਹਿ -- ਸਿਧ ਸਮਾਧੀ ਅੰਦਰਿ ਗਾਵਹਿ -- ਸਾਧ ਵਿਚਾਰੇ॥ਗਾਵਨਿ -- ਜਤੀ ਸਤੀ ਸੰਤੋਖੀ ਗਾਵਹਿ -- ਵੀਰ ਕਰਾਰੇ॥ਗਾਵਨਿ -- ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥ਗਾਵਹਿ -- ਮੋਹਨੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥ਗਾਵਨਿ -- ਰਤਨ ਉਪਾਏ ਤੇਰੇ ਅਠ ਸਠਿ ਤੀਰਥ ਨਾਲੇ॥ਗਾਵਹਿ -- ਜੋਧ ਮਹਾ ਬਲ ਸੂਰਾ ਗਾਵਹਿ -- ਖਾਣੀ ਚਾਰੇ॥ਗਾਵਹਿ -- ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ -- ਧਾਰੇ॥ ਸੇਈ ਤੁਧੁ ਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ਹੋਰਿ ਕੇਤੇ -- ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ਜੋ ਤਿਸੁ ਭਾਵੈ ਸੋਈ ਕਰਸੀ -- ਹੁਕਮੁ ਨ ਕਰਣਾ ਜਾਈ॥ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ-6)।
(2) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ॥ਗਾਵਨਿ ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥ਗਾਵਨਿ ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥ਗਾਵਨਿ ਤੁਧ ਨੋ ਇੰਦ੍ਰ ਇੰਦ੍ਰਸਣਿ ਬੈਠੇ ਦੇਵਤਿਆ ਦਰਿ ਨਾਲੇ॥ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧ ਨੋ ਸਾਧ ਬੀਚਾਰੇ॥ਗਾਵਨਿ ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ॥ਗਾਵਨਿ ਤੁਧ ਨੋ ਮੋਹਨੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ॥ਗਾਵਨਿ ਤੁਧ ਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥ਗਾਵਨਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥ਸੇਈ ਤੁਧ ਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥ ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ ਸਾਚੀ ਨਾਈ॥ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥ਸੋ ਪਾਤਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ-9)
(3) ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹਾਲੇ॥ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ॥ਗਾਵਨ੍ਹਿ ਤੁਧ ਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ॥ ਗਾਵਨ੍ਹਿ ਤੁਧ ਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ॥ਗਾਵਨ੍ਹਿ ਤੁਧ ਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ॥ਗਾਵਨ੍ਹਿ ਤੁਧ ਨੋ ਇੰਦ੍ਰ ਇੰਦ੍ਰਸਣਿ ਬੈਠੇ ਦੇਵਤਿਆ ਦਰਿ ਨਾਲੇ॥ਗਾਵਨਿ ਤੁਧ ਨੋ ਸਿਧ ਸਮਾਧੀ ਅੰਦਰਿ ਗਾਵਨ੍ਹਿ ਤੁਧ ਨੋ ਸਾਧ ਬੀਚਾਰੇ॥ਗਾਵਨ੍ਹਿ ਤੁਧ ਨੋ ਜਤੀ ਸਤੀ ਸੰਤੋਖੀ ਗਾਵਨਿ ਤੁਧ ਨੋ ਵੀਰ ਕਰਾਰੇ॥ਗਾਵਨਿ ਤੁਧ ਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ॥ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ॥ਗਾਵਨ੍ਹਿ ਤੁਧ ਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ॥ਗਾਵਨਿ ਤੁਧ ਨੋ ਜੋਧ ਮਹਾਬਲ ਸੂਰਾ ਗਾਵਨਿ ਤੁਧੁ ਨੋ ਖਾਣੀ ਚਾਰੇ॥ਗਾਵਨ੍ਹਿ ਤੁਧ ਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ॥ਸੇਈ ਤੁਧ ਨੋ ਗਾਵਨ੍ਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ਹੋਰਿ ਕੇਤੇ ਤੁਧ ਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ॥ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ ਸਾਚੀ ਨਾਈ॥ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ਰੰਗੀ ਰੰਗੀ ਭਾਤੀ -- ਜਿਨਸੀ ਮਾਇਆ ਜਿਨਿ ਉਪਾਈ॥ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ॥ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ॥ਸੋ ਪਾਤਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ॥ (ਪੰਨਾ-347)।
ਇਨ੍ਹਾਂ ਉੱਪਰ ਦਿੱਤੇ ਸ਼ਬਦਾਂ ਵਿੱਚ ਆਪਸ ਵਿੱਚ ਅਨੇਕਾਂ ਹੀ ਫ਼ਰਕ ਹੋਣ ਦੇ ਬਾਵਜੂਦ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪਿਆ।ਇਹ ਕੋਈ ਇੱਤਫ਼ਾਕ ਨਹੀਂ ਕਿ ਉਤਾਰੇ ਦੇ ਵਕਤ ਉਹੀ ਲਫ਼ਜ਼ ਬਦਲ ਗਏ ਜਿਨ੍ਹਾਂ ਦੇ ਬਦਲਣ ਨਾਲ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪਿਆ ਅਤੇ ਸਾਰੇ ਲਫ਼ਜ਼ ਇਨ੍ਹਾਂ ਵੱਖ ਵੱਖ ਰੂਪਾਂ ਵਿੱਚ ਪਹਿਲਾਂ ਤੋਂ ਹੀ ਵਰਤੋਂ ਵਿੱਚ ਸਨ ।‘.. .. ..’ ਵਾਲਿਆਂ ਦਾ ਇਹ ਕਹਿਣਾ ਕਿ “ਇਹ ਬਿਨਾ ਸ਼ੱਕ ਉਤਾਰਾ ਕਰਨ ਵੇਲੇ ਹੋਈ ਗ਼ਲਤੀ ਹੈ।.. ਭਾਵ ਕਿ ਉਤਾਰੇ ਵੇਲੇ ਲਗਾਂ ਮਾਤਰਾਵਾਂ ਵਿੱਚ ਗ਼ਲਤੀ ਹੋਣ ਦੀ ਗੁੰਜਾਇਸ਼ ਹੈ”।
ਇਹ ਗੁਰਬਾਣੀ ਦੇ ਅਰਥ ਆਪਣੀ ਮਰਜੀ ਦੇ ਘੜਨ ਲਈ ਅਤੇ ਆਪਣੀ ਹੀ ਘੜੀ ਹੋਈ ਫ਼ਲੌਸਫ਼ੀ ਲਾਗੂ ਕਰਨ ਲਈ ‘.. .. ..’ ਵਾਲਿਆਂ ਦੀ ਵਾਧੂ ਦੀ ਦਲੀਲ ਹੈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਇਨ੍ਹਾਂ ਵਿਦਵਾਨਾਂ ਦੁਆਰਾ ਉਤਾਰੇ ਦੇ ਵਕਤ ਹੋਈਆਂ ਗਲਤੀਆਂ ਕਹਿਕੇ ਇਕ ਹੋਰ ਦਲੀਲ ਪੇਸ਼ ਕੀਤੀ ਗਈ, ਜੋ ਕਿ ਹੇਠਾਂ ਲਿਖੇ ਮੁਤਾਬਕ ਹੈ:- ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 176 ਤੇ ਗੁਰੂ ਅਰਜਨ  ਜੀ ਦਾ ਇਕ ਸ਼ਬਦ ਹੈ ਜਿਸ ਦਾ ਨੰਬਰ ਪਿੱਛੇ ਸ਼ਬਦਾਂ ਵਿੱਚ ਚੱਲੇ ਆ ਰਹੇ ਨੰਬਰਾਂ ਮੁਤਾਬਕ ‘ਨੰਬਰ-71’ ਪੈਣਾ ਚਾਹੀਦਾ ਸੀ । ਲੇਕਿਨ ਕਿਸੇ ਕਾਰਣ ਪੈਣੋਂ ਰਹਿ ਗਿਆ । ਅਤੇ ਇਹ ‘71’ ਨੰਬਰ ਇਸ ਤੋਂ ਅਗਲੇ ਸ਼ਬਦ ਤੇ ਪੈ ਕੇ ਸ਼ਬਦਾਂ ਦੀ ਗਿਣਤੀ ਲਿਖਣੀ ਸ਼ੁਰੂ ਹੋ ਗਈ । ਇਸ ਹਿਸਾਬ ਨਾਲ ਅੱਗੋਂ ਨੰਬਰਾਂ ਦੀ ਗਿਣਤੀ ਲਿਖਦੇ ਵਕਤ ਪੰਨਾ 200 ਤੱਕ ਹਰ ਸ਼ਬਦ ਦੇ ਅਖੀਰ ਵਿੱਚ ਇੱਕ ਨੰਬਰ ਦਾ ਫਰਕ ਚਲਿਆ ਗਿਆ।ਜਿੱਥੇ ਅਸਲ ਵਿੱਚ ਕੁਲ ਜੋੜ 175 ਹੋਣਾ ਚਾਹੀਦਾ ਸੀ, ਪਰ ਇੱਕ ਨੰਬਰ ਦਾ ਫਰਕ ਪੈਣ ਕਰਕੇ ਇਹ ਜੋੜ ‘174’ ਬਣ ਗਿਆ।ਪਰ ਇਨ੍ਹਾਂ ਅੰਕਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਇਸ ਸੰਗ੍ਰਹਿ ਦੇ ਆਪਣੇ ਸ਼ਬਦਾਂ ਦਾ ਜੋੜ ਜਿਸ ਨੂੰ ਕਿ ਇੱਥੇ ਛੋਟਾ ਜੋੜ ਕਿਹਾ ਗਿਆ ਹੈ, ਇਹ ਉਸ ਪਹਿਲੇ ਸ਼ਬਦ ਨੂੰ ਨਾਲ ਲੈ ਕੇ ਠੀਕ ਚਲਿਆ ਆ ਰਿਹਾ ਹੈ।ਜੋ ਕਿ ‘105’ ਹੋਣਾ ਚਾਹੀਦਾ ਸੀ ਅਤੇ ‘105’ ਹੀ ਲਿਖਿਆ ਗਿਆ ਹੈ।ਪਰ ਭਾਈ ਗੁਰਦਾਸ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੇ ਜਾਣ ਦੇ ਵਕਤ ਹੀ ਪੰਨਾ 200 ਤੇ ਜਾ ਕੇ ਅੰਕਾਂ ਦੇ ਫਰਕ ਵਾਲੀ ਗਲਤੀ ਦਾ ਪਤਾ ਲੱਗਣ ਤੇ ਪਿਛਲੇ ਸਾਰੇ ਅੰਕਾਂ ਨੂੰ ਕੱਟ-ਵੱਢ ਕੇ ਦਰੁਸਤ ਕਰਨ ਦੀ ਬਜਾਏ ਇਹ ਵੱਡਾ ਜੋੜ ਅੱਗੋਂ ਲਿਖਣਾ ਬੰਦ ਕਰ ਦਿੱਤਾ ਗਿਆ, ਅਤੇ ਛੋਟਾ ਜੋੜ ਉਸੇ ਤਰ੍ਹਾਂ ਅੱਗੇ ਵੀ ਲਿਖਿਆ ਜਾਂਦਾ ਰਿਹਾ।ਪਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਨੌਵੇਂ ਪਾਤਸ਼ਾਹ ਜੀ ਵਾਲੇ ਸਾਰੇ ਸ਼ਬਦਾਂ ਦਾ ਜੋੜ ਅਤੇ ਇੱਕ ਸ਼ਬਦ ਜਿਸ ਦਾ ਨੰਬਰ ਪੈਣਾ ਛੁੱਟ ਗਿਆ ਸੀ ਉਸ ਨੂੰ ਨਾਲ ਮਿਲਾ ਕੇ ਵੱਡੇ ਜੋੜ ਵਾਲੇ ਅੰਕਾਂ ਨੂੰ ਦਰੁਸਤ ਕਰਕੇ ਲਿਖ ਦਿੱਤਾ ਗਿਆ ।
ਪਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਹੋਈ ਅੰਕਾਂ ਦੀ ਗਲਤੀ ਨਾਲ ਕੋਈ ਛੇੜ-ਛਾੜ ਨ ਕੀਤੀ ਪਰ ਅਖੀਰ ਵਿੱਚ ਪੰਨਾ 220 ਤੇ ਕੁਲ ਸ਼ਬਦਾਂ ਦਾ ਜੋੜ ਜੋ ਕਿ ਇੱਕ ਛੁੱਟ ਚੁਕੇ ਨੰਬਰ ਨੂੰ ਨਾਲ ਮਿਲਾ ਕੇ 251 ਬਣਦਾ ਸੀ ਉਹੀ ਠੀਕ ਜੋੜ ਲਿਖ ਦਿੱਤਾ ਗਿਆ । ਧਿਆਨ ਦੇਣ ਦੀ ਜਰੂਰਤ ਹੈ ਕਿ 150 ਸ਼ਬਦਾਂ ਤੱਕ ਇੱਕ ਅੰਕ ਦਾ ਫਰਕ ਨਿਯਮਿਤ ਰੂਪ ਵਿੱਚ ਚੱਲ ਰਿਹਾ ਹੈ।ਅਤੇ ਨਾਲ-ਨਾਲ ਛੋਟੇ ਜੋੜ ਵਾਲੇ ਅੰਕਾਂ ਦਾ ਜੋੜ ਬਿਨਾਂ ਗਲਤੀ ਬਿਲਕੁਲ ਠੀਕ ਚੱਲਿਆ ਆ ਰਿਹਾ ਹੈ । ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਤਾਰਾ ਕਰਨ ਵਾਲਾ ਕਾਤਿਬ ਇਕ ਜੋੜ ਨੂੰ ਹਰ ਥਾਂ ਬਿਲਕੁਲ ਸਹੀ ਉਤਾਰੀ ਜਾ ਰਿਹਾ ਹੈ, ਅਤੇ ਦੂਸਰਾ ਵੱਡਾ ਜੋੜ ਹਰ ਥਾਂ ਗਲਤ ਹੀ ਉਤਾਰੀ ਜਾ ਰਿਹਾ ਹੈ ।
ਲਗਾਤਾਰ 150 ਵਾਰੀਂ ਉਤਾਰੇ ਦੀ ਗਲਤੀ? ਕਿਸੇ ਵੀ ਤਰੀਕੇ ਨਾਲ ਮੰਨੀ ਜਾਣ ਵਾਲੀ ਗੱਲ ਨਹੀਂ।ਇਸ ਵਿਸ਼ੇ ਤੇ ਮੇਰਾ ਅਤੇ ਕੁਝ ਵਿਦਵਾਨਾਂ ਦਾ ਕਾਫੀ ਵਿਚਾਰ ਵਟਾਂਦਰਾ ਹੋਇਆ ਸੀ ਪਰ ਇਹ ਲੋਕ ਕਿਸੇ ਗੱਲ ਤੇ ਨਹੀਂ ਆਏ ਅਤੇ ਨਾ ਹੀ ਮੇਰੇ ਕਿਸੇ ਸਵਾਲ ਦਾ ਜਵਾਬ ਦਿੱਤਾ ਗਿਆ।ਉਲਟਾ ਵਿਚਾਰ ਚਰਚਾ ਵਿੱਚੋਂ ਮੈਨੂੰ ਹੀ ਰੁਖਸਤ ਕਰ ਦਿੱਤਾ ਗਿਆ।ਉਹ ਇਸ ਲਈ ਕਿ ਇਨ੍ਹਾ ਦਾ ਮਕਸਦ ਤਾਂ ਕਿਸੇ ਵੀ ਤਰ੍ਹਾਂ ਉਤਾਰੇ ਦੇ ਵਕਤ ਹੋਈਆਂ ਗਲਤੀਆਂ ਸਾਬਤ ਕਰਨਾ ਹੈ ਜਿਸ ਨਾਲ ਕਿ ਇਹ ਲੋਕ ਗੁਰਬਾਣੀ ਵਿੱਚੋਂ ਸੌਖਿਆਂ ਹੀ ਉਹ ਸ਼ਬਦ ਕਢ੍ਹ ਸਕਣ ਜਿਹੜੇ ਇਨ੍ਹਾਂ ਦੀ ਸੋਚ ਮੁਤਾਬਕ ਫਿਟ ਨਹੀਂ ਬੈਠਦੇ।
ਉੱਪਰ ਦਿੱਤੀ ਵਿਚਾਰ ਵਿੱਚ ਬਹੁਤ ਹੀ ਗੰਭੀਰਤਾ ਨਾਲ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੁਰੂ ਅਰਜਨ ਸਾਹਿਬ ਜੀ ਦੀ ਲਿਖਤ, ਚਾਹੇ ਉਹ ਸਿਰਫ ਅੰਕਾਂ ਨਾਲ ਹੀ ਸੰਬੰਧਤ ਸੀ, ਨਾਲ ਵੀ ਕੋਈ ਛੇੜ-ਛਾੜ ਨਹੀਂ ਕੀਤੀ।ਇਸ ਲਈ ਗੁਰੂ ਗ੍ਰੰਥ ਸਾਹਿਬ ਜੀ  ਵਿੱਚਲੇ ਕਿਸੇ ਵੀ ਮਸਲੇ ਬਾਰੇ ਕੋਈ ਫੈਸਲਾ ਕਰਦੇ ਵਕਤ ਸਿੱਖ ਪੰਥ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਜਰੂਰਤ ਹੈ। ਐਸ ਵਕਤ ਹਾਲਾਤ ਐਸੇ ਬਣੇ ਹੋਏ ਹਨ ਕਿ ਫਿਲਹਾਲ ਗੁਰੂ ਗ੍ਰੰਥ ਸਾਹਿਬ ਵਿੱਚਲੀ ਕਿਸੇ ਵੀ ਛੋਟੀ ਤੋਂ ਛੋਟੀ ਗੱਲ (ਚਾਹੇ ਉਹ ਬਿੰਦੀ “ ਂ ” ਜਾਂ ਅਧਕ “ ੱ ” ਦੀ ਗੱਲ ਕਿਉਂ ਨਾ ਹੋਵੇ) ਬਾਰੇ ਕੋਈ ਛੇੜ ਛਾੜ ਕਰਨ ਦਾ ਮੌਕਾ ਨਹੀਂ ਹੈ ।
   ਐਸ ਵਕਤ ਗੁਰੂ ਗ੍ਰੰਥ ਸਾਹਿਬ ਨਾਲ ਜਰਾ ਜਿੰਨੀ ਵੀ ਛੇੜ-ਛਾੜ ਕਰਨ ਦਾ ਮਤਲਬ ਹੈ ਇਨ੍ਹਾਂ ਅਖੌਤੀ ਵਿਦਵਾਨਾਂ, ਮੀਣੇ ਮਸੰਦਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਝਪਟ ਕੇ ਪੈਣ ਦਾ ਸੱਦਾ ਦੇਣਾ।ਜੋ ਕਿ ਬੜੀ ਨੀਝ ਲਗਾ ਕੇ ਇਸ ਤਾਕ ਵਿੱਚ ਬੈਠੇ ਹਨ ਕਿ ਕਦੋਂ ਇਨ੍ਹਾਂਨੂੰ ਗੁਰੂ ਗ੍ਰੰਥ ਸਾਹਿਬ’ਚੋਂ ਇਨ੍ਹਾਂ ਦੀ ਸੋਚ ਮੁਤਾਬਕ ਫਿਟ ਨਾ ਬੈਠਣ ਵਾਲੇ ਸ਼ਬਦ ਕਿਸੇ ਨਾ ਕਿਸੇ ਬਹਾਨੇ ਹਟਾ ਦੇਣ ਦਾ ਮੌਕਾ ਮਿਲੇ।

ਉਹ ਵੀਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਗਲਤੀਆਂ ਦੇ ਛੇਤੀ ਤੋਂ ਛੇਤੀ ਸੁਧਾਰ ਦੀ ਗੱਲ ਕਰ ਰਹੇ ਹਨ, ਪਹਿਲਾਂ ਜੋ ਸਭ ਕੁਝ ਠੀਕ ਠਾਕ ਹੈ, ਉਸ ਬਾਰੇ ਤਾਂ ਭੁਲੇਖੇ ਦੂਰ ਕਰ ਲੈਣ । ਗੁਰਬਾਣੀ ਦੀਆਂ ਉਹ ਵਿਆਖਿਆਵਾਂ ਜਿਨ੍ਹਾ ਦਾ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਖਿਆਵਾਂ ਨਾਲ ਫਰਕ ਹੈ, ਪਹਿਲਾਂ ਉਹ ਫਰਕ ਤਾਂ ਮਿਟਾ ਲੈਣ।ਇਨ੍ਹਾਂ ਦੀਆਂ ਜਿਹੜੀਆਂ ਵਿਆਖਿਆਵਾਂ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਖਿਆਵਾਂ ਨਾਲ ਮੇਲ ਨਹੀਂ ਖਾਂਦੀਆਂ, ਪ੍ਰੋ: ਸਾਹਿਬ ਜੀ ਦੀਆਂ ਉਨ੍ਹਾਂ ਵਿਆਖਿਆਵਾਂ ਨੂੰ ਤਰਕ ਨਾਲ ਰੱਦ ਕਰਕੇ ਗੁਰਬਾਣੀ ਉਦਾਹਰਣਾਂ ਦੇ ਕੇ ਆਪਣੀਆਂ ਵਿਆਖਿਆਵਾਂ ਪਹਿਲਾਂ ਸਹੀ ਤਾਂ ਸਾਬਤ ਕਰ ਲੈਣ । ਇਨ੍ਹਾਂ ਦੀਆਂ ਵਿਆਖਿਆਵਾਂ ਤੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਤਾਂ ਦੇ ਲੈਣ, ਫੇਰ ਅੰਕਾਂ ਦੀਆਂ ਗਲਤੀਆਂ, ਰਾਗ ਮਾਲਾ ਦੀ ਗਲਤੀ, ਮੂਲ ਮੰਤਰ ਦੇ ਅੱਗੇ ਪਿੱਛੇ ਲਿਖੇ ਹੋਣ ਦਾ ਫਰਕ .. ਜਿਨ੍ਹਾਂ ਨਾਲ ਗੁਰਮਤਿ ਫਲੌਸਫੀ ਤੇ ਕੋਈ ਅਸਰ ਵੀ ਨਹੀਂ ਪੈਂਦਾ ਬਾਰੇ ਫੇਰ ਗੱਲ ਕਰ ਲਈ ਜਾਵੇ ।
ਜਸਬੀਰ ਸਿੰਘ ਵਿਰਦੀ (ਕੈਲਗਰੀ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.