ਕੈਟੇਗਰੀ

ਤੁਹਾਡੀ ਰਾਇ

New Directory Entries


ਪਲਵਿੰਦਰ ਕੌਰ ਮਾਨੋਚਾਹਲ
- * ਜਿਨੑ ਕੇ ਬੰਕੇ ਘਰੀ ਨ ਆਇਆ * -
- * ਜਿਨੑ ਕੇ ਬੰਕੇ ਘਰੀ ਨ ਆਇਆ * -
Page Visitors: 2706

-  *  ਜਿਨੑ ਕੇ ਬੰਕੇ ਘਰੀ ਨ ਆਇਆ  *  -
ਅਜੋਕੇ ਸਿੱਖ ਸੰਘਰਸ਼ ਦੌਰਾਨ ਸਿੱਖ ਬੀਬੀਆਂ ਦੇ ਹਾਲਾਤ
1984 ਦੇ ਸਾਕਾ ਨੀਲੇ ਤਾਰੇ ਤੋਂ ਉਪਰੰਤ ਸਿੱਖ ਕੌਮ ਵਿੱਚ ਉੱਥਲ-ਪੁੱਥਲ ਮੱਚ ਗਈ ਸੀ। ਸਿੱਖ ਨੌਜਵਾਨ ਲੜੇ, ਮਾਰੇ ਗਏ, ਮਰਵਾਏ ਗਏ। ਹਰੇਕ ਲੜਾਈ ਦੀ ਤਰਾਂ ਇਸ ਵਿੱਚ ਵੀ ਬੀਬੀਆਂ ਨਾਲ ਬਦਸਲੂਕੀ, ਬੇਪਤੀ ਹੋਈ, ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਗਈਆਂ । ਜਿਹੜੀਆਂ ਕਦੇ ਆਪਣੇ ਘਰਾਂ ਦੇ ਵਿੱਚ ਸਰਦਾਰੀ ਭੋਗਦੀਆਂ ਸਨ ਲਹਿਰ ਦੀ ਸਮਾਪਤੀ ਤੋਂ ਬਾਦ ਖੁੱਲੇ ਟਰੱਸਟਾਂ ਵਿੱਚ ਰਹਿਣ ਲਈ ਮਜਬੂਰ ਹੋਈਆਂ। ਸਰਕਾਰੀ ਤੰਤਰ ਨੇ ਤਾਂ ਤਸ਼ੱਦਦ ਕੀਤਾ ਹੀ ਪਰ ਆਪਣਿਆਂ ਨੇ ਵੀ ਕੋਈ ਘੱਟ ਨਹੀਂ ਕੀਤੀ । ਬਹੁਤੀਆਂ ਮਾਵਾਂ ਵਿਚਾਰੀਆਂ ਮਾਨਸਿਕ ਪਰੇਸ਼ਾਨੀ ਤੇ ਸਰਕਾਰੀ ਜਬਰ ਤੇ ਫਿਰ ਆਪਣਿਆਂ ਦੀ ਅਣਦੇਖੀ ਕਾਰਨ ਨਰਕ ਵਰਗਾ ਜੀਵਨ ਬਤੀਤ ਕਰਦੀਆਂ ਰਹੀਆਂ ਤੇ ਅਜੇ ਕਈ ਕਰ ਰਹੀਆਂ ਨੇ । ਆਪਣੇ ਰਾਜ ਦੇ ਸੁਪਨੇ ਦਿਖਾਉਣ ਵਾਲਿਆਂ ਨੇ ਕਦੇ ਬਾਬੇ ਨਾਨਕ ਦੀ ਆਵਾਜ਼ ਵੀ ਨਹੀਂ ਸੁਣੀ ਕਿ ਔਰਤ ਵਿੱਚ ਵੀ ਮਰਦ ਵਰਗੀ ਹੀ ਜਾਨ ਹੈ, ਉਹ ਵੀ ਜਿਉਣਾ ਚਾਹੁੰਦੀ ਹੈ, ਕੌਮ ਦੇ ਸੰਘਰਸ਼ ਵਿੱਚ ਉਹ ਵੀ ਪਿਸੀ ਹੈ ਤੇ ਬਾਦ ਵਿੱਚ ਵੀ ਰੁਲੀ ਹੈ।
ਸਰਕਾਰ, ਸਟੇਟ ਨਾਲ ਟੱਕਰ ਲੈਣ ਵਾਲੇ ਤਾਂ ਘਰੋਂ ਨਿਕਲ ਗਏ ਪਰ ਪਿੱਛੇ ਮਾਵਾਂ ਰਹਿ ਗਈਆਂ, ਪਤਨੀਆਂ ਰਹਿ ਗਈਆਂ ਸਰਕਾਰੀ ਪੁਲਿਸ ਨਾਲ ਸਵਾਲ –ਜਵਾਬ ਕਰਨ ਲਈ, ਉਹਨਾਂ ਦੀਆਂ ਕੱਪੜੇ ਉਤਾਨ ਵਾਲੀਆਂ ਨਿਗਾਹਵਾਂ ਅੱਗੇ ਖੜਨ ਲਈ। ਘਰ ਦੇ ਸਾਰੇ ਬੰਦੇ ਆਸੇ –ਪਾਸੇ ਹੋ ਜਾਂਦੇ ਸਨ ਤੇ ਸਰਕਾਰੀ ਬਘਿਆੜਾਂ ਦਾ ਸਾਹਮਣਾ ਸਿਰਫ ਬੀਬੀਆ ਨੇ ਕਰਨਾ। ਬੰਦਿਆ ਦੀ ਗੈਰ-ਹਾਜ਼ਰੀ ਵਿੱਚ ਰਿਸ਼ਤੇਦਾਰੀ, ਘਰਦੇ ਕੰਮ ਤੇ ਨਾਲ ਅਪਣੇ ਬੱਚਿਆਂ ਨੂੰ ਸਾਂਭਣਾ।
ਜਵਾਨ ਹੁੰਦੀਆਂ ਧੀਆਂ, ਨੂੰਹਾਂ ਨੂੰ ਬਚਾਉਦੀਆਂ ਬਜ਼ੁਰਗ ਮਾਈਆਂ ਵੀ ਸਰਕਾਰੀ ਤੰਤਰ ਦੇ ਤਸ਼ੱਦਦ ਦਾ ਸ਼ਿਕਾਰ ਹੋ ਗਈਆਂ। ਬਜ਼ੁਰਗ ਮਾਵਾਂ ਤੱਕ ਦੇ ਵੀ ਕੱਪੜੇ ਉਤਾਰ ਬੇਪਤੀ ਕੀਤੀ ਗਈ ਭਾਰਤੀ ਲੋਕਤੰਤਰ ਵਿੱਚ।
ਜਿੱਥੇ ਖਾੜਕੂ ਜਥੇਬੰਦੀਆਂ ਸਰਕਾਰ ਨਾਲ ਛਾਤੀ ਡਾਹਕੇ ਲੜੀਆਂ ਉੱਥੇ ਘਟੀਆ ਕਿਸਮ ਦੇ ਅਨਸਰ ਸਰਕਾਰੀ ਸ਼ਹਿ ਤੇ ਜਾਂ ਅਪ ਘਟੀਆ ਕਿਰਦਾਰ ਵਾਲੇ ਵੀ ਜਥੇਬੰਦੀਆਂ ਵਿੱਚ ਸ਼ਾਮਿਲ ਰਹੇ ਤੇ ਲੋਕਾਂ ਦੇ ਘਰਾਂ ਵਿੱਚ ਪ੍ਰਸ਼ਾਦੇ ਵੀ ਛਕਦੇ ਰਹੇ ਤੇ ਬੀਬੀਆਂ ਦੀ ਇੱਜ਼ਤ ਨੂੰ ਹੱਥ ਵੀ ਪਾਉਂਦੇ ਰਹੇ। ਸਿੱਖੀ ਰੂਪ ਵਿੱਚ ਲੁਕੇ ਬਘਿਆੜ ਜਥੇਬੰਦੀਆਂ ਦੀ ਅਪਸੀ ਦੁਸ਼ਮਣੀ ਦੀ ਆੜ ਵਿੱਚ ਵੀ ਧੀਆਂ ਭੈਣਾ ਦੀ ਇੱਜ਼ਤ ਰੋਲਦੇ ਰਹੇ। ਬੀਬੀਆਂ ਨੇ ਆਪਣੀ ਤੇ ਆਪਣੀਆਂ ਧੀਆਂ ਦੀ ਪੱਤ ਸਰਕਾਰ ਤੇ ਅਖੌਤੀ ਪੰਥਕਾਂ ਤੋਂ ਬਚਾਈ। ਦੋਨਾਂ ਪੁੜਾਂ ਵਿੱਚ ਬੀਬੀਆਂ ਹੀ ਪਿਸੀਆਂ।
ਪੁੱਤਰ ਮਾਰੇ ਗਏ ਕਈਆਂ ਦੇ ਪਤੀ ਗਏ, ਧੀਆਂ ਦੇ ਪਿਤਾ ਚਲੇ ਗਏ। ਬਹੁਤੀਆਂ ਧੀਆਂ ਪੜ੍ਹ ਨਹੀਂ ਸਕੀਆਂ ਕਿਉਂਕਿ ਪੁਲਿਸ ਦੇ ਡਰ ਤੋਂ ਘਰੋਂ ਸਕੂਲ ਨਹੀਂ ਸੀ ਜਾਂਦੀਆਂ, ਘਰ ਤੋਂ ਸਕੂਲ ਦਾ ਰਾਹ ਮੌਤ ਦੀ ਘਾਟੀ ਤੋਂ ਘੱਟ ਨਹੀਂ ਸੀ। ਸਰਕਾਰੀ ਤੰਤਰ ਸਿੱਖ ਬੀਬੀਆਂ ਦੀ ਇੱਜ਼ਤ ਲੁੱਟਣ ਲਈ ਆਦਮ- ਬੋ, ਆਦਮ -ਬੋ ਕਰਦਾ ਸੀ। ਕੌਮ ਦੇ ਮਰਦ ਖਤਮ ਕਰ ਦੇਣੇ, ਨੌਜਵਾਨ ਕੋਹ ਦੇਣੇ ਤੇ ਅੱਗੇ ਜਾਕੇ ਕੌਮ ਦੇ ਬੱਚਿਆਂ ਨੂੰ ਤਿਆਰ ਕਰਨ ਵਾਲੀਆਂ ਔਰਤਾਂ ਨੂੰ ਪੜਾਈ ਤੋਂ ਅਨਪੜ ਕਰ ਦੇਣਾ ਇੱਕ ਲੰਮੀ ਸਾਜ਼ਿਸ ਸੀ। ਸਾਡੀ ਮਾਂ ਨੇ ਵੀ ਮੇਰੀਆਂ ਵੱਡੀਆਂ ਜਵਾਨ ਭੈਣਾਂ ਨੂੰ ਤੇ ਸਾਨੂੰ ਛੋਟੀਆਂ ਨੂੰ ਪੁਲਿਸ ਤੋਂ ਬਚਾਉਣ ਲਈ ਕੋਠੇ ਲਿੱਪਣ ਲਾ ਦੇਣਾ ਤੇ ਪੁਲਿਸ ਨੂੰ ਕਹਿਣਾ ਕਿ ਇਹ ਸਾਡੀ ਕੰਮ ਵਾਲੀ ਬੀਬੀ ਦੀਆਂ ਕੁੜੀਆਂ ਨੇ ਤੇ ਸਾਨੂੰ ਉਹੋ ਕਾਮੀ ਚਾਚੀ ਆਪਣੀ ਮਾਂ ਲੱਗਣੀ ਜਿਸ ਕਰੇ ਅਸੀਂ ਬਚ ਜਾਂਦੀਆਂ ਰਹੀਆਂ। ਇਹ ਚਾਚੀ ਅਖੌਤੀ ਮਜ਼ਬੀ ਜ਼ਾਤ ਦੀ ਹੀ ਸੀ, ਜਿਸ ਕਰਕੇ ਅਸੀਂ ਬਚ ਜਾਂਦੀਆਂ ਤੇ ਸਾਡੇ ਰਾਜ ਕਾਇਮ ਕਰਨ ਦੀਆਂ ਗੱਲਾਂ ਕਰਨ ਵਾਲੇ ਇਹਨਾਂ ਦੇ ਹੱਥੋਂ ਨਾ ਖਾਂਦੇ ।
ਮਾਵਾਂ ਨੇ ਤਾਂ ਪੁੱਤ ਗਵਾਏ ਤੇ ਫਿਰ ਪਤਨੀਆਂ ਜਿੰਨਾਂ ਨੇ ਆਪਣੇ ਸਿਰ ਦੇ ਸਾਈਂ ਇਸ ਹਨੇਰੀ ਵਿੱਚ ਗਵਾਏ, ਉਹ ਅੱਜ ਵੀ ਰੁਲਦੀਆਂ ਹਨ । ਕਈ ਬੀਬੀਆ ਅਜਿਹੀਆਂ ਵੀ ਹਨ ਜਿਨਾਂ ਦੇ ਸਿਰ ਦੇ ਸਾਈਂ ਨੂੰ ਸਰਕਾਰ ਨੇ ਖਾਧਾ, ਦੁਬਾਰਾ ਪਰਿਵਾਰ ਵਿੱਚ ਹੀ ਵਿਆਹ ਕੀਤਾ ਤਾਂ ਉਸ ਸਾਈਂ ਨੂੰ ਵੀ ਸਰਕਾਰੀ ਤੰਤਰ ਖਾ ਗਿਆ ਤੇ ਆਪ ਬੱਚਿਆਂ ਸਮੇਤ ਥਾਣੇ ਰਹੀਆਂ ਅਤੇ ਰਹਿੰਦੀ ਕਸਰ ਦਿਓਰਾਂ, ਜੇਠਾਂ ਨੇ ਕੱਢ ਲਈ ਦੋ –ਚਾਰ ਏਕੜ ਉਹਨਾਂ ਹਿੱਸੇ ਆਉਂਦੀ ਜ਼ਮੀਨ ਵੀ ਆਪਣੇ ਨਾਮ ਲਵਾ ਲਈ। ਜਿੰਨਾਂ ਘਰਾਂ ਦੇ ਕਈ ਮਰਦ ਸ਼ਹੀਦ ਹੋਏ ਤੇ ਇੱਕ ਦੋ ਬਚ ਗਏ ਤਾਂ ਉਹਨਾਂ ਨੇ ਬਾਹਰੋਂ ਆਈ ਸਹਾਇਤਾ ਆਪ ਹੀ ਗਬਨ ਕਰ ਲੈਣੀ । ਘਰਾਂ ਦੇ ਕੰਮ ਤੱਕ ਹੀ ਸੀਮਿਤ ਰਹਿਣ ਵਾਲੀਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਦੇ ਨਾਂ ਤੇ ਕੀ –ਕੀ ਕੀਤਾ ਗਿਆ ।
ਸ਼ਹੀਦ ਪਰਿਵਾਰਾਂ ਨੂੰ ਸਾਂਭਣ ਵਾਲੇ ਟਰੱਸਟਾਂ ਨੇ ਵੀ ਪੱਖਪਾਤ ਕੀਤਾ । ਕਈ ਮਾਵਾਂ ਸਿਰਫ ਅਪਣੇ ਟਰੱਸਟਾਂ ਦੇ ਉਦਘਾਟਨ ਤੇ ਮਸ਼ਹੂਰੀ ਲਈ ਵਰਤ ਲਈਆਂ ਜਾਂਦੀਆਂ ਸੀ । ਕਈਆਂ ਦੀ ਫੋਟੋ ਅਪਣੇ ਮੈਗਜ਼ੀਨਾਂ ਵਿੱਚ ਬਿਨਾਂ ਦੱਸੇ ਛਾਪਕੇ ਲੋਕਾਂ ਤੋਂ ਪੈਸੇ ਇਕੱਠੇ ਕਰ ਲਏ ਜਾਂਦੇ ਹਨ। ਪੁਲਿਸ ਦੇ ਤਸ਼ੱਦ ਤੋਂ ਬਾਅਦ ਆਪਣਿਆਂ ਦੇ ਮਾਨਸਿਕ ਤਸ਼ੱਦਦ ਵਿੱਚ ਅੱਜ ਤੱਕ ਤੜਫਦੀਆਂ ਨੇ । ਆਪਣੇ ਘਰਾਂ ਦੀ ਸਰਦਾਰੀ ਗਵਾ ਚੁੱਕੀਆਂ ਆਪਣੇ ਰਿਸ਼ਤੇਦਾਰਾਂ ਅਤੇ ਅਖੌਤੀ ਪੰਥਕਾਂ ਹੱਥੋਂ ਜ਼ਲੀਲ ਹੁੰਦੀਆਂ ਹਨ । ਧੀਆਂ ਦੇ ਰਿਸ਼ਤਿਆਂ ਸਮੇਂ ਵੀ ਜਥੇਬੰਦੀਆਂ ਦੇ ਆਪਸੀ ਮਤਭੇਦ ਸਾਹਮਣੇ ਆ ਖੜੇ। ਘਰਦੇ ਮਰਦ ਕੁੜੀਆਂ ਲਈ ਆਏ ਰਿਸ਼ਤੇ ਨੂੰ ਇਉਂ ਹੀ ਸੋਚਦੇ ਸਨ ਕਿ ਕੋਈ ਇਹਨਾਂ ਦੀ ਵਿਰੋਧੀ ਜਥੇਬੰਦੀ ਵਾਲਾ ਜਾਣਬੁੱਝ ਕੇ ਉਹਨਾਂ ਦੀ ਧੀ ਜਾਂ ਭੈਣ ਲਈ ਰਿਸ਼ਤਾ ਲੈਕੇ ਆਇਆ ਹੈ । ਇਹ ਖਾੜਕੂ ਜਥੇਬੰਦੀਆਂ ਦੀ ਆਪਸੀ ਦੁਸ਼ਮਣੀ ਕਰਕੇ ਹੈ ਤੇ ਇਸਦੇ ਵਿੱਚ ਵੀ ਕੁੜੀਆਂ ਹੀ ਪਿਸੀਆਂ ।
ਸ਼ਹੀਦਾਂ ਦੀਆਂ ਧੀਆਂ ਨਾਲ ਵਿਆਹ ਕਰਵਾਉਣ ਦੇ ਚਾਹਵਾਨ ਵੀ ਕਈ ਵਾਰੀ ਉਹ ਆਉਂਦੇ ਸਨ, ਜੋ ਪਹਿਲਾਂ ਵਿਦੇਸ਼ ਵਿੱਚ ਦੋ –ਦੋ ਬੱਚਿਆਂ ਦੇ ਪਿਓ ਤੇ ਤਲਾਕਸ਼ੁਦਾ ਹਨ । ਆਪਣੇ ਤੋਂ 10-15 ਸਾਲ ਛੋਟੀਆਂ ਕੁੜੀਆਂ ਨਾਲ ਵਿਆਹ ਕਰਵਾ ਵਿਦੇਸ਼ੀਂ ਲੈ ਆਉਂਦੇ ਤੇ ਇਧਰ ਆ ਉਹ ਵਿਚਾਰੀ ਫਿਰ ਕਿੱਥੇ ਜਾਵੇ । ਵਿਦੇਸ਼ ਲੈਕੇ ਜਾਣ ਦੇ ਝਾਂਸੇ ਦੇਕੇ ਕਈ ਅਖੌਤੀ ਪੰਥਕਾਂ ਨੇ ਵੀ ਕੁੜੀਆਂ ਦੀ ਪੱਤ ਰੋਲੀ ਵਿਦੇਸ਼ ਲਿਆਕੇ ।
ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਵਾਲਿਆ ਬਹੁਤਿਆਂ ਨੇ ਵੀ ਇਹਨਾਂ ਸਿੱਖ ਬੀਬੀਆਂ ਦੀ ਦੁਰਗਤੀ ਕੀਤੀ । ਬਰਸੀਆਂ ਮਨਾਉਣ ਵਾਲੇ ਇਹਨਾਂ ਬੀਬੀਆਂ ਨੂੰ ਸਨਮਾਨਿਤ ਕਰਨ ਦਾ ਡਰਾਮਾ ਆਮ ਸ਼ਹੀਦੀ ਬਰਸੀਆਂ ਤੇ ਕੀਤਾ ਜਾਂਦਾਂ ਹੈ। ਸ਼ਾਲ, ਕੱਪੜੇ ਇਹਨਾਂ ਨੂੰ ਦਿੱਤੇ ਜਾਂਦੇ ਹਨ ਕਈ ਵਿਚਾਰੀਆਂ ਮਾਵਾਂ ਦਾ ਪੱਧਰ ਇੰਨਾ ਨਹੀਂ ਹੈ ਕਿ ਉਹ ਕਿਸੇ ਖਾਲਿਸਤਾਨ ਦੇ ਜਾਂ ਰਾਜ ਦੇ ਸੁਪਨੇ ਦੀਆ ਗੱਲਾਂ ਸਮਝ ਸਕਣ । ਉਹ ਵਿਚਾਰੀਆਂ ਤਾਂ ਰੋਟੀ ਪਕਾਉਣ ਤੋਂ ਭਾਂਡੇ ਮਾਜਣ ਤੱਕ ਹੀ ਜਾਣਦੀਆਂ ਹਨ, ਕਿਉਂਕਿ ਅਖੌਤੀ ਸਮਾਜ ਨੇ ਉਹਨਾਂ ਦੀ ਤਰੱਕੀ ਜ਼ਰੂਰੂ ਨਹੀਂ ਸਮਝੀ। ਸ਼ਾਲ, ਸਿਲਾਈ ਮਸ਼ੀਨਾਂ ਪਿੱਛੇ ਉਹ ਬਹਿਸ ਪੈਂਦੀਆਂ ਹਨ ਕਿ ਮੈਨੂੰ ਉਹ ਨਹੀਂ ਮਿਲਿਆ ਆਹ ਨਹੀਂ ਮਿਲਿਆ ਤੇ ਬਰਸੀਆ ਦੇ ਪ੍ਰਬੰਧ ਇਹਨਾਂ ਸਨਮਾਨ ਸਮਾਰੋਹਾਂ ਵਿੱਚ ਉਹਨਾਂ ਸਿੱਧੀਆਂ -ਸਾਧੀਆਂ ਬੀਬੀਆਂ ਦਾ ਤਮਾਸ਼ਾ ਬਣਦਾ ਦੇਖਦੇ ਹਨ ਤੇ ਅਗਲੀ ਬਰਸੀ ਤੇ ਫਿਰ ਬਣਾਉਂਦੇ ਹਨ ।
ਅੱਜ ਦੇ ਅਖੌਤੀ ਇਨਕਲਾਬੀ ਲੇਖਕਾਂ ਨੇ ਬੜੇ ਨਾਵਲ ਲਿਖੇ ਸੰਘਰਸ਼ ਤੇ ਵਧਾ ਚੜਾਕੇ , ਅਨਹੋਣੀਆਂ ਬਹਾਦਰੀਆਂ ਦੀਆਂ ਬਾਤਾਂ ਵੀ ਪਾ ਦਿੱਤੀਆਂ ਪਰ ਘਰਾਂ ਵਿੱਚ ਗਮਾਂ ਦੀ ਭੱਠੀ ਵਿੱਚ ਤਪਦੀਆਂ ਔਰਤਾਂ ਦੀ ਬਾਤ ਕਿਸੇ ਨੇ ਨਹੀਂ ਪਾਈ। ਮਰਨ ਵਾਲੇ ਇੱਕ ਵਾਰੀ ਹੀ ਮਰ ਗਏ ਪਰ ਇਹ ਵਿਚਾਰੀਆਂ ਨਿੱਤ-ਨਿੱਤ ਮਰਦੀਆਂ ਹਨ ਪਰ ਕੋਈ ਖਾੜਕੂ ਕਲਮ ਨਹੀਂ ਚੱਲੀ ।
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ" ਸਿਰਫ ਸਟੇਜਾਂ ਤੋਂ ਕਹਿਣ ਲਈ ਹੈ । ਸਿੱਖਾਂ ਵਿੱਚ ਵੱਡੇ ਪੱਧਰ ਤੇ ਅੱਜ ਵੀ ਔਰਤਾਂ ਨਾਲ ਵਿਤਕਰਾ ਹੁੰਦਾ ਹੈ। ਕੌਮਾਂ ਦੇ ਮਰਦ ਸੰਘਰਸ਼, ਤਾਂ ਹੀ ਲੜ ਜਿੱਤ ਸਕਦੇ ਹਨ ਜੇਕਰ ਘਰ ਦੀਆਂ ਔਰਤਾਂ ਨਾਲ ਖੜੀਆਂ ਹੋ ਜਾਣ । ਇਸ ਸੰਘਰਸ਼ ਵਿੱਚ ਵੀ ਬੀਬੀਆਂ ਨੇ ਜਾਨਾਂ ਦਿੱਤੀਆਂ, ਪੱਤਾਂ ਗਵਾਈਆਂ ਪਰ ਇਸ ਸੰਘਰਸ਼ ਦਾ ਧੱਕੇ ਨਾਲ ਮਾਲਕ ਬਣ ਰਹੀਆਂ ਟਕਸਾਲਾਂ ਸਿੱਖੀ ਵਿੱਚ ਬੀਬੀਆ ਨੂੰ ਕੋਈ ਹੱਕ ਦੇਣ ਲਈ ਤਿਆਰ ਨਹੀਂ। ਗੁਰੂ ਸਾਹਿਬ ਨੇ ਸਭ ਨੂੰ ਇੱਕ ਕਰ ਦਿੱਤਾ ਪਰ ਇਹਨਾਂ ਅਨੁਸਾਰ ਬੀਬੀਆ ਖੰਡੇ ਦੀ ਪਾਹੁਲ ਨਹੀਂ ਛਕਾ ਸਕਦੀਆਂ, ਅਖੰਡ ਪਾਠਾਂ ਵਿੱਚ ਰੌਲ ਨਹੀਂ ਲਾ ਸਕਦੀਆਂ , ਦਰਬਾਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀਆਂ ।
ਵਾਹ! ਕੈਸੀ ਸਿੱਖੀ ਹੈ ਇਹਨਾਂ ਦੀ, ਬੀਬੀਓ ਮਰ ਜਾਓ, ਅਪਣੀ ਇੱਜ਼ਤ ਲੁਟਾ ਲਓ ਪਰ ਤੁਹਾਨੂੰ ਹੱਕ ਕੋਈ ਨਹੀਂ । ਇਸਤਰੀ ਨੂੰ ਨਿੰਦਣ ਵਾਲਾ ਬਚਿੱਤਰ ਨਾਟਕ ਇਹਨਾ ਨੂੰ ਪ੍ਰਵਾਨ ਹੈ ਪਰ ਮਹਾਨ ਗੁਰਬਾਣੀ ਦਾ ਪਾਠ ਬੀਬੀਆਂ ਨਹੀਂ ਕਰ ਸਕਦੀਆਂ ।
ਪੰਥ ਦਿਓ ਅਖੌਤੀ ਵਾਰਸੋ, ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲਿਓ ਪਹਿਲਾਂ ਇਹਨਾਂ ਦੀ ਵੀ ਜੂਨ ਤਾਂ ਸੁਧਰ ਜਾਣ ਦਿਓ । ਦੂਜਿਆਂ ਤੋਂ ਹੱਕ ਮੰਗਣ ਵਾਲਿਓ ਆਪਣੇ ਘਰ, ਧਰਮ ਵਿੱਚ ਤਾਂ ਬਰਾਬਰੀ ਲੈ ਆਓ । ਜਦੋਂ ਤੱਕ ਕਿਸੇ ਕੌਮ ਦੀ ਔਰਤ ਵਿੱਦਿਆ ਨਾ ਪੜ ਲਵੇ ਉਸ ਕੌਮ ਵਿੱਚੋਂ ਸਮਝਦਾਰ ਤੇ ਕਿਸੇ ਨਿਸ਼ਾਨੇ ਤੇ ਪਹੁੰਚਣ ਵਾਲਾ ਆਗੂ ਪੈਦਾ ਨਹੀਂ ਹੋ ਸਕਦਾ । ਮਾਵਾਂ ਹੀ ਬੱਚੇ ਪਾਲਦੀਆਂ ਹਨ ਤੇ ਕੌਮ ਦਾ ਭਵਿੱਖ ਤਿਆਰ ਕਰਦੀਆਂ ਹਨ । ਸਿੱਖ ਬੀਬੀਓ ਆਪਣੀਆਂ ਧੀਆਂ ਨੂੰ ਪੜਾਓ । ਸਿੱਖ ਨੌਜਵਾਨੋ ਆਪਣੀਆਂ ਭੈਣਾਂ ਨੂੰ ਵਿੱਦਿਅਕ ਹੋਣ ਦਿਓ ।
ਗੁਰੂ ਗਰੰਥ ਸਾਹਿਬ ਜੀ ਦਾ ਸਿਧਾਂਤ ਆਪਣੇ ਘਰਾਂ ਵਿੱਚ ਪਰਪੱਕ ਕਰੋ ਤੇ ਆਪਣੇ ਬੱਚਿਆਂ ਨੂੰ ਵੱਧ-ਤੋਂ ਵੱਧ ਵਿੱਦਿਆ ਪੜਾਓ ।
ਪਲਵਿੰਦਰ ਕੌਰ ਮਾਨੋਚਾਹਲ ਵਰਨਨ, ਬੀ.ਸੀ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.