ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਕਾਲ ਅਤੇ ਅਕਾਲ
ਕਾਲ ਅਤੇ ਅਕਾਲ
Page Visitors: 2749

                                      ਕਾਲ ਅਤੇ ਅਕਾਲ

     ਕਾਲ ਕੀ ਹੈ ?
    ਕਾਲ , ਸਮੇ ਨੂੰ ਕਿਹਾ ਜਾਂਦਾ ਹੈ ।
    ਕਾਲ , ਕਦ ਹੋਂਦ ਵਿਚ ਆਇਆ ?
     ਯਕੀਨਨ , ਜਦ ਪਰਮਾਤਮਾ ਨੇ , ਇਸ ਬ੍ਰਹਮੰਡ ਨੂੰ ਪੈਦਾ ਕੀਤਾ , ਉਸ ਵੇਲੇ ਤੋਂ ਹੀ ਸਮੇ ਦੀ ਸ਼ੁਰੂਆਤ ਹੋਈ । ਸਮੇ ਦੇ ਗੇੜ ਵਿਚ ਪੈਦਾ ਹੋਈ ਹਰ ਚੀਜ਼ ਨਾਸ਼ਵਾਨ ਹੈ , ਇਸ ਲਈ ਲੋਕ ਇਸ ਨੂੰ ਸਮੇ ਨਾਲੋਂ ਜ਼ਿਆਦਾ , ਮੌਤ ਕਰ ਕੇ ਮੰਨਦੇ ਹਨ । ਸਮੇ ਦੇ ਗੇੜ ਵਿਚ ਪੈਦਾ ਹੋਈ ਹਰ ਚੀਜ਼ , ਪ੍ਰਭੂ ਦੇ ਹੁਕਮ ਅਨੁਸਾਰ , ਮਾਇਆ ਦੇ ਅਧੀਨ ਚੱਲ ਰਹੀ ਹੈ । ਅਤੇ ਤਦ ਤਕ ਚਲਦੀ ਰਹੇਗੀ , ਜਦ ਤਕ ਕਰਤਾਰ ਉਸ ਨੂੰ ਆਪਣੇ ਵਿਚ ਹੀ ਨਹੀਂ ਸਮੇਟ ਲੈਂਦਾ ।

   ਅਕਾਲ ਕੀ ਹੈ ?
    ਜੋ ਚੀਜ਼ ਸਮੇ ਦੇ ਗੇੜ ਵਿਚ ਨਹੀਂ ਹੈ , ਉਹ ਅਕਾਲ ਹੈ । ਗੁਰਬਾਣੀ ਅਨੁਸਾਰ , ਇਕ ਅਕਾਲ-ਪੁਰਖ ਹੀ ਸਮੇ ਦੇ ਗੇੜ ਤੋਂ ਬਾਹਰ ਹੈ ।
   ਅਕਾਲ-ਪੁਰਖ ਕਦੋਂ , ਹੋਂਦ ਵਿਚ ਆਇਆ ?
   ਗੁਰਬਾਣੀ ਅਨੁਸਾਰ ,

                             ਜਾ ਕੀ ਲੀਲਾ ਕੀ ਮਿਤਿ ਨਾਹਿ ॥ ਸਗਲ ਦੇਵ ਹਾਰੇ ਅਵਗਾਹਿ ॥
                             ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ ਸੂਤਿ ॥
     (284)
    ਜਿਸ ਪ੍ਰਭੂ ਦੀ (ਜਗਤ ਰੂਪੀ) ਖੇਡ ਦਾ ਹਿਸਾਬ , ਕੋਈ ਨਹੀਂ ਲਾ ਸਦਕਾ , ਦੇਵਤਿਆਂ ਨੂੰ ਮੰਨਣ ਵਾਲੇ ਵੀ ਇਹੀ ਆਖਦੇ ਹਨ ਕਿ , ਉਸ ਪ੍ਰਭੂ ਨੂੰ ਖੋਜ-ਖੋਜ ਕੇ , ਸਾਰੇ ਦੇਵਤੇ ਵੀ ਹਾਰ ਗਏ ਹਨ । ਅਜਿਹੇ ਪਰਮ-ਪਿਤਾ ਪਰਮਾਤਮਾ ਦੇ ਜਨਮ ਬਾਰੇ , ਉਸ ਦਾ ਪੁਤ੍ਰ (ਕੋਈ ਮਨੁੱਖ) ਕੀ ਜਾਣ ਸਕਦਾ ਹੈ ? ਬਸ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਉਸ ਨੇ ਆਪਣੇ ਹੁਕਮ ਰੂਪੀ ਧਾਗੇ ਵਿਚ , ਇਹ ਸਾਰੀ ਰਚਨਾ ਪਰੋਈ ਹੋਈ ਹੈ । (ਸ੍ਰਿਸ਼ਟੀ ਦੀ ਹਰ ਚੀਜ਼ ਉਸ ਕਰਤਾ-ਪੁਰਖ ਦੇ ਹੁਕਮ ਵਿਚ ਚੱਲ ਰਹੀ ਹੈ । ਕਾਲ ਵੀ ਇਸ ਸ੍ਰਿਸ਼ਟੀ ਦੀਆਂ ਚੀਜ਼ਾਂ ਵਿਚੋਂ ਇਕ ਚੀਜ਼ ਹੀ ਹੈ)
   ਗੁਰਬਾਣੀ ਉਸ ਦੀ ਹੋਂਦ ਬਾਰੇ , ਕੁਝ ਇਸ ਤਰ੍ਹਾਂ ਵੀ ਸੇਧ ਦੇਂਦੀ ਹੈ ,
                     ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥
                     ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥
                     ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥
                     ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥
                     ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥
7॥  (949)
   ਜਦੋਂ ਵਾਹਗੁਰੂ ਨੇ , ਇਹ ਜਗਤ , ਪੈਦਾ ਨਹੀਂ ਸੀ ਕੀਤਾ  , ਉਸ ਵੇਲੇ (ਬੇਅੰਤ ਸਮਾ) ਕੁਝ ਵੀ ਬਣਿਆ ਹੋਇਆ ਨਹੀਂ ਸੀ , (ਜਦੋਂ ਸੂਰਜ ਆਦਿ ਕੁਝ ਵੀ ਨਹੀਂ ਸੀ , ਤਾਂ ਹਨੇਰਾ ਹੀ ਹਨੇਰਾ ਹੋਵੇਗਾ , ਕਿਉਂਕਿ ਚਾਨਣ ਕਰਨ ਲਈ , ਸਾਧਨ ਦੀ ਲੋੜ ਹੁੰਦੀ ਹੈ , ਹਨੇਰਾ ਕਰਨ ਲਈ , ਕੋਈ ਸਾਧਨ ਨਹੀਂ ਕਰਨਾ ਪੈਂਦਾ) ਤਾਂ ਪ੍ਰਭੂ ਨੇ , ਇਹ ਖੇਡ ਪੈਦਾ ਕਰਨ ਲਈ , ਆਪ ਹੀ ਵਿਚਾਰ ਕੀਤੀ । ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ , ‘ਤੇ ਆਪ ਹੀ ਜੀਵਾਂ ਨੂੰ , ਇਸ ਵਿਚ ਵਿਚਰਨ ਦੀ ਅਕਲ ਦਿੱਤੀ । ਉਸ ਨੇ ਬੁੱਧ-ਵਾਨ ਬੰਦਿਆਂ ਰਾਹੀਂ , ਆਪ ਹੀ ਸਿਮ੍ਰਿਤੀਆਂ ਅਤੇ ਸ਼ਾਸਤ੍ਰ ਰੂਪ ਧਰਮ ਪੁਸਤਕਾਂ ਬਣਾ ਕੇ , ਪੁੱਨ ਅਤੇ ਪਾਪ ਦਾ ਨਖੇੜਾ ਕੀਤਾ ।
    ਜਿਸ ਮਨੁੱਖ ਨੂੰ ਵੀ ਇਹ ਸਾਰਾ ਰਾਜ਼ ਸਮਝਾਉਂਦਾ ਹੈ , ਉਹੀ (ਗੁਰੁ ਨਾਨਕ ਜੀ ਵਾਙ) ਇਸ ਖੇਡ ਨੂੰ ਸਮਝਦਾ ਹੈ , ਉਸ ਦਾ ਹੀ ਮਨ , ਠੀਕ ਰਾਹ ਦੱਸਣ ਵਾਲੇ ਸ਼ਬਦ (ਗੁਰੂ) ਵਿਚ , ਪਤੀਜ ਜਾਂਦਾ ਹੈ , ਸ਼ਰਧਾ ਧਾਰ ਲੈਂਦਾ ਹੈ । ਉਸ ਨੂੰ ਹੀ ਸਮਝ ਆ ਜਾਂਦੀ ਹੈ , ਕਿ ਹਰੇਕ ਵਿਚ , ਪ੍ਰਭੂ ਆਪ ਹੀ ਵਰਤ ਰਿਹਾ ਹੈ , ਅਤੇ ਜਿਸ ਤੇ ਉਹ ਆਪ ਹੀ ਬਖਸ਼ਿਸ਼ ਕਰਦਾ ਹੈ , ਉਸ ਨੂੰ ਮਾਇਆ ਦੇ ਪ੍ਰਭਾਵ ਵਿਚੋਂ ਕੱਢ ਕੇ , ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ ।
   ਬਹੁਤ ਸਾਫ ਜ਼ਾਹਰ ਹੈ ਕਿ ਇਕ (ਅਕਾਲ) ਨੇ ਦੂਸਰੇ (ਕਾਲ) ਨੂੰ ਬਣਾਇਆ ਹੈ । ਦੋਵਾਂ ਨੂੰ ਕਿਸ ਆਧਾਰ ਤੇ , ਬਰਾਬਰ ਰੱਖਿਆ ਜਾ ਸਕਦਾ ਹੈ ?    ਸੂਝਵਾਨ ਸਿੱਖਾਂ ਦੇ ਵਿਚਾਰਨ ਦੀ ਗੱਲ ਹੈ ।   

                                               ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.