ਧਰਮ ਪ੍ਰਚਾਰ ਦੀ ਜਿੰਮੇਵਾਰੀ ਅਤੇ ਸਾਡਾ ਕਿਰਦਾਰ
ਅਸੀਂ ਸਿੱਖ ਹਾਂ, ਅਸੀਂ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਇਸ ਲਈ ਇਹ ਜਰੂਰੀ ਹੈ ਕਿ ਸਾਨੂੰ ਸਿੱਖੀ ਅਸੂਲਾਂ ਦਾ ਪਤਾ ਹੋਵੇ। ਗੁਰਬਾਣੀ ਦੇ ਅਰਥ ਭਾਵ, ਸਿੱਖ ਇਤਿਹਾਸ ਦੀ ਵਾਕਫੀਅਤ, ਸਿੱਖ ਰਹਿਤ ਮਰਿਆਦਾ ਦੇ ਅਸੂਲ, ਸਿਖ ਫਿਲਾਸਫੀ, ਸਿੱਖ ਸਭਿਆਚਾਰ ਬਾਰੇ ਹਰ ਸਿੱਖ ਨੂੰ ਜਾਣਕਾਰੀ ਹੋਣੀ ਅਤਿ ਜਰੂਰੀ ਹੈ। ਜੇ ਸਾਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਨਹੀਂ ਤਾਂ ਅਸੀਂ ਸਿਖ ਅਖਵਾਉਣ ਦਾ ਮਾਣ ਕਿਵੇਂ ਕਰ ਸਕਦੇ ਹਾਂ।
ਅਜ ਅਸੀਂ ਪਾਠ ਕਰੀ ਜਾ ਰਹੇ ਹਾਂ, ਪਰ ਜੇ ਕੋਈ ਸਾਡੇ ਕੋਲੋਂ ਬਾਣੀ ਦੀ ਕਿਸੇ ਤੁਕ ਦੇ ਅਰਥ, ਸਿੱਖ ਇਤਿਹਾਸ ਵਿਚੋਂ ਕਿਸੇ ਘਟਨਾ ਬਾਰੇ ਪੁਛ ਲਵੇ ਤਾਂ ਅਸੀਂ ਜਵਾਬ ਨਾ ਦੇ ਸਕੀਏ ਤਾਂ ਇਹ ਸਾਡੇ ਲਈ ਕਿੰਨੀ ਸ਼ਰਮਨਾਕ ਗੱਲ ਹੋਵੇਗੀ। ਦਸ ਗੁਰੂ ਸਾਹਿਬਾਨ ਤੇ ਪੁਰਾਤਨ ਗੁਰਸਿੱਖਾਂ ਦੇ ਇਤਿਹਾਸ ਬਾਰੇ ਸਾਨੂੰ ਸੋਝੀ ਹੋਣੀ ਚਾਹੀਦੀ ਹੈ, ਜੇ ਅਸੀਂ ਆਪਣਾ ਲਾਸਾਨੀ ਇਤਿਹਾਸ ਨਹੀਂ ਜਾਣਦੇ ਤਾਂ ਅਸੀਂ ਕਿਵੇਂ ਦੂਸਰੇ ਨੂੰ ਦੱਸ ਸਕਦੇ ਹਾਂ ਕਿ ਅਸੀਂ ਕਿੰਨੇ ਵੱਡੇ ਵਿਰਸੇ ਦੇ ਮਾਲਕ ਹਾਂ। ਸਿੱਖ ਰਹਿਤ ਮਰਿਆਦਾ ਦੇ ਅਸੂਲ ਕਿਹੜੇ-ਕਿਹੜੇ ਹਨ ਇਸ ਬਾਰੇ ਵੀ ਅਸੀਂ ਅਗਿਆਨਤਾ ਵਿੱਚ ਹਾਂ। ਘਰ ਵਿੱਚ ਪਾਠ ਰੱਖਣਾ ਹੋਵੇ ਜਾਂ ਜੀਵਨ ਦਾ ਕੋਈ ਸੰਸਕਾਰ ਕਰਨਾ ਹੋਵੇ, ਇਸ ਬਾਰੇ ਗੁਰਮਤਿ ਸਾਨੂੰ ਕੀ ਪ੍ਰੇਰਣਾ ਕਰਦੀ ਹੈ, ਇਸ ਬਾਰੇ ਜਾਨਣ ਲਈ ਸਾਨੂੰ ਗ੍ਰੰਥੀ ਸਿੰਘਾਂ ਜਾਂ ਦੂਸਰੇ ਗਿਆਨੀ ਪੁਰਖਾਂ ਤੇ ਨਿਰਭਰ ਹੋਣਾ ਪੈਂਦਾ ਹੈ। ਅਸੀਂ ਇਹਨਾਂ ਦੇ ਮੁਥਾਜ ਹੋ ਕੇ ਰਹਿ ਗਏ ਹਾਂ। ਪਰ ਕੀ ਸਿੱਖ ਹੁੰਦੇ ਹੋਏ ਐਸੇ ਅਸੂਲਾਂ ਬਾਰੇ ਸਾਨੂੰ ਆਪ ਜਾਣਕਾਰੀ ਹੋਣੀ ਜਰੂਰੀ ਨਹੀਂ ?
ਅੱਜ ਅਸੀਂ ਵੇਖਦੇ ਹਾਂ ਕਿ ਸਾਡੇ ਅੰਦਰ ਜੋ ਕਮਜੋਰੀਆਂ ਆ ਰਹੀਆਂ ਹਨ, ਉਹਨਾਂ ਦਾ ਮੂਲ ਕਾਰਨ ਇਹੋ ਹੈ ਕਿ ਅਸੀਂ ਸਿੱਖੀ ਬਾਰੇ ਸੋਝੀ ਪ੍ਰਾਪਤ ਕਰਨ ਦੀ ਜਿੰਮੇਵਾਰੀ ਨਹੀ ਸਮਝੀ। ਜੇ ਸਾਨੂੰ ਗੁਰਸਿੱਖੀ ਅਸੂਲਾਂ ਬਾਰੇ ਜਾਣਕਾਰੀ ਹੋਵੇ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਜੋ ਅਣਜਾਣੇ ਵਿੱਚ ਦਾੜ੍ਹੀ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਨਸ਼ੇ ਵਰਤ ਰਹੇ ਹਨ, ਦੇਹਧਾਰੀ ਗੁਰੂ ਡੰਮ ਨੂੰ ਮੰਨ ਰਹੇ ਹਨ, ਉਹਨਾਂ ਨੌਜਵਾਨਾਂ ਨੂੰ ਗੁਰਬਾਣੀ ਦੇ ਅਸੂਲ ਦ੍ਰਿੜ ਕਰਵਾ ਕੇ, ਖੂਨ ਨਾਲ ਭਿਜੀਆਂ ਲਾਸਾਨੀ ਗਾਥਾਵਾਂ ਨਾਲ ਭਰਪੂਰ ਸਿੱਖ ਇਤਿਹਾਸ ਸੁਣਾ ਕੇ ਸਿੱਖ ਧਰਮ ਵੱਲ ਪ੍ਰੇਰ ਸਕਦੇ ਹਾਂ। ਅਜ ਜੇਕਰ ਸਾਡੇ ਨੌਜੁਆਨ ਸਿੱਖੀ ਤੋਂ ਬਾਗੀ ਹੋ ਰਹੇ ਹਨ ਤਾਂ ਇਸ ਵਿੱਚ ਉਨ੍ਹਾਂ ਵਿਚਾਰਿਆਂ ਦਾ ਕੀ ਦੋਸ਼? ਦੋਸ਼ ਤਾਂ ਸਾਡਾ ਆਪਣਾ ਹੈ, ਮਾਂ ਬਾਪ ਦਾ ਹੈ, ਸਾਡੇ ਪ੍ਰਚਾਰਕਾਂ ਦਾ ਹੈ, ਸਾਡੇ ਆਗੂਆਂ ਦਾ ਹੈ, ਜੋ ਅਜਿਹੇ ਨੌਜੁਆਨਾਂ ਨੂੰ ਸਿੱਖੀ ਦੀ ਦਾਤ ਨਹੀਂ ਦੇ ਸਕੇ।
ਅਜ ਨਾ ਤਾਂ ਸਿਖੀ ਸਾਨੂੰ ਮਾਤਾ ਪਿਤਾ ਪਾਸੋਂ ਹੀ ਮਿਲ ਰਹੀ ਹੈ, ਕਿਉਂਕਿ ਮਾਤਾ ਪਿਤਾ ਆਪ ਹੀ ਸਿੱਖੀ ਤੋਂ ਦੂਰ ਜਾ ਚੁੱਕੇ ਹਨ। ਨਾ ਹੀ ਸਿੱਖੀ ਸਾਨੂੰ ਖਾਲਸਾ ਸਕੂਲਾਂ, ਕਾਲਜਾਂ ਵਿਚੋਂ ਮਿਲ ਰਹੀ ਹੈ ਕਿਉਂਕਿ ਕਿਸੇ ਵਿਰਲੇ ਸਕੂਲ/ਕਾਲਜ ਨੂੰ ਛੱਡ ਕੇ ਸਿੱਖੀ ਬਾਰੇ ਸੋਝੀ ਦੇਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਗੁਰਦੁਆਰਿਆਂ ਵਿਚੋਂ ਸਿੱਖੀ ਦੀ ਦਾਤ ਮਿਲਣੀ ਚਾਹੀਦੀ ਸੀ ਕਿਉਂਕਿ ਗੁਰਦੁਆਰੇ ਬਣੇ ਹੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਨ, ਪਰ ਅਜ ਗੁਰਦੁਆਰਿਆਂ ਵਿਚਲੀ ਧੜੇਬੰਦੀ, ਪਾਰਟੀਬਾਜੀ, ਚੌਧਰ ਦੀ ਭੁੱਖ ਫੈਲੀ ਹੋਈ ਹੈ। ਅਜ ਸਾਡੇ ਗੁਰਦੁਆਰਿਆਂ ਵਿੱਚ ਜੋ ਪ੍ਰਚਾਰਕ ਹਨ, ਗ੍ਰੰਥੀ ਹਨ ਉਨਾਂ ਵਿਚੋਂ ਬਹੁਤ ਥੋੜਿਆਂ ਨੂੰ ਛੱਡ ਕੇ ਬਾਕੀਆਂ ਦੀ ਨਾ ਕੋਈ ਦੁਨਿਆਵੀ ਤਾਲੀਮ ਹੈ, ਨਾ ਹੀ ਧਰਮ ਦਾ ਪੂਰਾ ਗਿਆਨ ਹੈ ਅਤੇ ਨਾ ਹੀ ਧਰਮ ਪ੍ਰਚਾਰ ਦੀ ਲਗਨ ਹੈ, ਇਨ੍ਹਾਂ ਲਈ ਤਾਂ “ਰੋਟੀਆਂ ਕਾਰਣ ਪੂਰਹਿ ਤਾਲ” ਦਾ ਗੁਰਬਾਣੀ ਫੁਰਮਾਣ ਠੀਕ ਹੈ। ਸਚ ਤਾਂ ਇਹ ਹੈ ਕਿ ਧਰਮ ਪ੍ਰਚਾਰ ਦਾ ਇਹ ਖੇਤਰ ਕੇਵਲ ਮਾਇਆ ਕਮਾਉਣ ਦਾ ਸਾਧਨ ਬਣ ਕੇ ਰਹਿ ਗਿਆ ਹੈ।
ਜਦੋਂ ਅਸੀਂ ਦੂਸਰੀਆਂ ਕੌਮਾਂ, ਇਸਾਈ ਮੱਤ, ਇਸਲਾਮ ਮੱਤ ਆਦਿ ਵਲ ਝਾਤੀ ਮਾਰਦੇ ਹਾਂ ਤਾਂ ਉਨ੍ਹਾਂ ਦੇ ਪ੍ਰਚਾਰਕ ਤੇ ਪ੍ਰਚਾਰਕ ਪੈਦਾ ਕਰਨ ਵਾਲੇ ਅਦਾਰੇ ਵੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਕਿਵੇਂ ਉਨਾਂ ਨੇ ਗਿਆਰਾਂ-ਗਿਆਰਾਂ ਸਾਲ ਦਾ ਲੰਬਾ ਸਮਾਂ ਲਗਾ ਕੇ ਲਖਾਂ ਦੀ ਗਿਣਤੀ ਵਿੱਚ ਪ੍ਰਚਾਰਕ ਤਿਆਰ ਕੀਤੇ ਹਨ ਅਤੇ ਪ੍ਰਚਾਰ ਦੇ ਖੇਤਰ ਵਿੱਚ ਉਨ੍ਹਾਂ ਨੂੰ ਪੂਰੀ ਤਰਾਂ ਟਰੇਂਡ ਕੀਤਾ ਹੈ। ਪਰ ਇਸ ਪਾਸੇ ਜਦੋਂ ਅਸੀਂ ਆਪਣੇ ਪ੍ਰਚਾਰਕਾਂ ਵੱਲ ਝਾਤੀ ਮਾਰਦੇ ਹਾਂ ਤਾਂ ਰੌਣ ਹਾਕੇ ਹੋ ਕੇ ਰਹਿ ਜਾਈਦਾ ਹੈ। ਯੋਗ ਪ੍ਰਚਾਰਕਾਂ ਦੀ ਅਣਹੋਂਦ ਕਾਰਨ ਹੀ ਸਾਡਾ ਧਰਮ ਜੋ ਦੁਨੀਆਂ ਦਾ ਸਭ ਤੋਂ ਚੰਗਾ ਤੇ ਆਲਮਗੀਰ ਧਰਮ ਹੈ, ਜੋ ਹਰ ਦੇਸ ਪ੍ਰਦੇਸ ਵਿੱਚ ਕਿਸੇ ਜਾਤ-ਪਾਤ ਊਚ -ਨੀਚ, ਅਮੀਰ-ਗਰੀਬ ਵਿਚਕਾਰ ਬਿਨਾਂ ਵਿਤਕਰੇ ਦੇ ਪ੍ਰਚਾਰਿਆ ਜਾ ਸਕਦਾ ਸੀ।
ਸੋਚਣ ਦੀ ਗਲ ਹੈ ਕਿ ਇਹ ਧਰਮ ਪ੍ਰਚਾਰ ਦੀ ਜਿੰਮੇਵਾਰੀ ਕਿਸ ਦੀ ਹੈ, ਕੀ ਇਹ ਜਿੰਮੇਵਾਰੀ ਕਿਸੇ ਇੱਕ ਸੰਸਥਾਂ, ਜਾਂ ਜਥੇਬੰਦੀ ਦੀ ਹੈ। ਨਹੀ, ਇਹ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ, ਕਿ ਪਹਿਲਾਂ ਅਸੀਂ ਆਪ ਸਿੱਖੀ ਅਸੂਲਾਂ ਦੀ ਜਾਣਕਾਰੀ ਪ੍ਰਾਪਤ ਕਰੀਏ ਤੇ ਸਿੱਖੀ ਮਰਿਆਦਾ ਦੇ ਧਾਰਨੀ ਬਣੀਏ ਅਤੇ ਫਿਰ ਆਪੋ ਆਪਣੀ ਸਮਰੱਥਾ ਅਨੁਸਾਰ ਇਸ ਸੇਵਾ ਵਿੱਚ ਹਿਸਾ ਪਾਈਏ, ਗੁਰੂ ਪਾਤਸ਼ਾਹ ਬਲ ਬਖਸ਼ਣ, ਸਮਰਥਾ ਬਖਸ਼ਣ ਕਿ ਅਸੀਂ ਆਪਣੇ ਧਰਮ ਪ੍ਰਚਾਰ ਦੇ ਮੰਤਵ ਵਿੱਚ ਸਫਲ ਹੋ ਸਕੀਏ। ਅਸੀਂ ਆਪ ਵੀ ਸਿੱਖ ਬਣ ਕੇ ਨਾਮ ਜਪੀਏ ਅਤੇ ਹੋਰਾਂ ਨੂੰ ਵੀ ਨਾਮ ਜਪਣ ਦੇ ਕੰਮ ਵਿੱਚ ਲਗਾ ਸਕੀਏ ਅਤੇ ਗੁਰੂ ਰਾਮਦਾਸ ਜੀ ਦੇ ਫੁਰਮਾਣ:-
ਜਨ ਨਾਨਕ ਧੂੜਿ ਮੰਗੈ ਤਿਸ ਗੁਰਸਿਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ।।
ਅਨੁਸਾਰ ਗੁਰੂ ਦਰ ਤੇ ਪ੍ਰਵਾਨ ਹੋ ਸਕੀਏ।
====================
-ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
ਸੁਖਜੀਤ ਸਿੰਘ ਕਪੂਰਥਲਾ
ਧਰਮ ਪ੍ਰਚਾਰ ਦੀ ਜਿੰਮੇਵਾਰੀ ਅਤੇ ਸਾਡਾ ਕਿਰਦਾਰ
Page Visitors: 2695