< ਪੰਜਾਬ ਦੀ ਰਾਜਨੀਤੀ ਅਤੇ ਆਮ ਪਾਰਟੀ >
ਗੁਰਦੇਵ ਸਿੰਘ ਸੱਧੇਵਾਲੀਆ
ਪੰਜਾਬ ਵਾਲੇ ਇਸ ਵਾਰੀ ਆਮ ਪਾਰਟੀ ਤੋਂ ਬਿਨਾ ਹੋਰ ਗੱਲ ਸੁਣਨ ਦੇ ਰਉਂ ਵਿਚ ਨਹੀਂ ਜਾਪਦੇ।
ਉਨ੍ਹਾਂ ਕਾਂਗਰਸ ਕੋਲੋਂ ਵੀ ਅਪਣੇ ਨਿਆਣੇ ਮਰਵਾ ਕੇ ਦੇਖ ਲਏ,
ਤੇ ਕਾਲੀਆਂ ਕੋਲੋਂ ਵੀ ਮਰਵਾਈ ਜਾ ਰਹੇ ਹਨ।
ਉਨ੍ਹਾਂ ਨੂੰ ਜਾਪਿਆ ਸੀ ਕਿ ਆਹ ਆਮ ਪਾਰਟੀ ਵਾਲੇ ਸ਼ਾਇਦ ਸਾਡੇ ਨਿਆਣੇ ਸਿਵਿਆਂ ਰਾਹ ਜਾਣੋਂ ਬਚਾ ਲੈਣ। ਉਹ ਜੀਅ-ਭਿਆਣੇ ਇਨ੍ਹਾਂ ਮਗਰ ਦੌੜ ਪਏ। ਜਦ ਤੁਸੀਂ ਮਰਦੇ ਹੋਵੋਂ, ਮੌਤ ਤੁਹਾਡੇ ਮਗਰ ਲੱਗੀ ਹੋਵੇ ਫਿਰ ਵੱਡੀ ਗੱਲ ਤੁਹਾਡੇ ਲਈ ਬੱਚਣਾ ਹੁੰਦਾ ਹੈ।
ਤੁਸੀਂ ਡੁੱਬ ਰਹੇ ਇਹ ਨਹੀਂ ਸੋਚਦੇ ਕਿ ਤੁਹਾਡਾ ਹੱਥ ਫੜਨ ਵਾਲਾ ਟੋਪੀ ਵਾਲਾ ਹੈ ਜਾਂ ਪੱਗ ਵਾਲਾ। ਉਹ ਦਿੱਲੀ ਤੋਂ ਆਇਆ ਹੈ ਜਾਂ ਹਰਿਆਣੇ ਤੋਂ।
ਪੰਜਾਬ ਮਰ ਰਿਹਾ ਹੈ। ਤਿਲ ਤਿਲ ਕਰਕੇ ਮਰ ਰਿਹਾ ਹੈ। ਪੰਜਾਬ ਨੂੰ ਮਾਰਨ ਵਾਲੇ ਹਾਲੇ ਹੋਰ ਸਮਾ ਚਾਹੁੰਦੇ ਹਨ। ਜਾਪਦਾ ਜਿਵੇਂ ਉਹ ਤਸੱਲੀ ਕਰਕੇ ਜਾਣਾ ਚਾਹੁੰਦੇ ਹੋਣ ਕਿ ਸਾਹ ਬਾਕੀ ਤਾਂ ਨਹੀਂ ? ਉਹ ਚਾਹੁੰਦੇ ਤੁਸੀਂ ਸਾਨੂੰ ਪੰਜ ਸਾਲ ਹੋਰ ਦਿਓ ਇਸ ਦਾ ਕ੍ਰਿਆ ਕਰਮ ਵੀ ਅਸੀਂ ਖੁਦ ਕਰਕੇ ਜਾਵਾਂਗੇ।
ਫਰੰਟਾਂ ਵਾਲੇ ਭੰਡ, ਜਰਵਾਣਿਆਂ ਦੀ ਲੰਮੀ ਉਮਰ ਦੀ ਅਰਦਾਸ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਮੌਤ ਦੀ ਖੇਤੀ ਨੂੰ ਤੁਸੀਂ ਪਾਣੀ ਕਿਵੇਂ ਦੇਣਾ ਹੈ। ਨਹੀਂ ਤਾਂ ਨਾ ਜਾਣ ਸਕਣ ਦਾ ਕੋਈ ਕਾਰਨ ਨਹੀਂ ਜਾਪਦਾ ਕਿ ਸਿੱਧੂ ਵਰਗੇ ਮਸਖਰੇ ਕਿਥੋਂ ਤਿਆਰ ਕਰਕੇ ਭੇਜੇ ਗਏ ਹਨ। ਹਿੰਦੂ ਬਾਦਲ ਨੂੰ ਹੱਥੋਂ ਨਹੀਂ ਗੁਵਾਉਂਣਾ ਚਾਹੁੰਦਾ। ਉਸ ਵਰਗਾ ਪਾਲਤੂ ਉਸ ਨੂੰ ਸਾਰੇ ਹਿੰਦੋਸਤਾਨ ਵਿਚੋਂ ਨਹੀਂ ਮਿਲ ਸਕਦਾ। ਉਹ ਹਿੰਦੂ ਦੇ 'ਹਿਡਨ-ਏਜੰਡੇ' ਨੂੰ ਬਾਖੂਬੀ ਨੇਪਰੇ ਚਾੜਨ ਵਾਲਾ ਆਗਿਆਕਾਰ ਸਿਪਾਹੀ ਹੈ। ਇਹ ਰੰਗ-ਬਰੰਗੇ ਫਰੰਟ ਬਾਦਲਕਿਆਂ ਨੂੰ ਬਚਾਉਂਣ ਲਈ ਅਹਿਮ ਕੜੀ ਹਨ।
ਬੈਂਸ ਭਰਾ ਈਮਾਨਦਾਰ ਹੋ ਸਕਦੇ ਹਨ ਪਰ ਸਿਆਣੇ ਨਹੀਂ। ਮੂਰਖ ਤੇ ਬੇਈਮਾਨ ਇੱਕੋ ਜਿੰਨੇ ਨੁਕਸਾਨਦੇਹ ਹੁੰਦੇ ਹਨ। ਉਨ੍ਹਾਂ ਦੇ ਕੇਵਲ ਕੰਮ ਕਰਨ ਦੇ ਤਰੀਕੇ ਵੱਖਰੇ ਹੁੰਦੇ ਹਨ ਪਰ ਫਰਕ ਕੋਈ ਨਹੀਂ।
ਪਰਗਟ ਸਿੰਘ ਸਿੱਧੂ ਦਾ ਲਾਈਲੱਗ। ਲਾਈਲੱਗ ਉਸ ਭੇਡ ਵਰਗਾ ਹੁੰਦਾ ਜਿਸਨੂੰ ਜਿਥੇ ਮਰਜੀ ਖੂਹ ਵਿਚ ਸੁੱਟ ਦਿਓ ਯਾਣੀ ਉਸ ਦਾ ਅਪਣਾ ਵਜੂਦ ਹੀ ਕੋਈ ਨਹੀਂ ਹੁੰਦਾ।
ਸੁੱਚਾ ਸਿੰਘ ਕਦੇ ਵੀ ਸੁੱਚਾ ਨਹੀਂ ਸੀ। ਉਸ ਦੀ ਜੂਠ ਆਮ ਪਾਰਟੀ ਦੇ ਵਹਾ ਵਿਚ ਧੋਤੀ ਗਈ ਸੀ ਪਰ ਵੱਖ ਹੋ ਕੇ ਉਸ ਅਪਣੀ ਹੀ ਜੂਠ ਫਿਰ ਤੋਂ ਅਪਣੇ ਮੂੰਹ ਤੇ ਮਲ ਲਈ ਹੈ।
ਗਾਂਧੀ ਹੁਰੀਂ ਜਾਂ ਉਨਹਾਂ ਦਾ ਫਰੰਟ ਜੇ ਭੋਰਾ ਵੀ ਸਿਆਣਾ ਹੁੰਦਾ ਤਾਂ ਚੁੱਪ ਕਾ ਰਹਿੰਦਾ ਤੇ ਪੰਜਾਬ ਵਿਚਲੇ ਗੰਦ ਨੂੰ ਨਿਕਲ ਲੈਣ ਦਿੰਦਾ। ਬੋਲਣ ਦਾ ਕੀ ਏ ਬਾਅਦ ਵੀ ਤਾਂ ਬੋਲਿਆ ਜਾ ਸਕਦਾ ਸੀ। ਗਾਂਧੀ ਹੁਰੀਂ ਪਹਿਲਾਂ ਵੀ ਇਸ ਧਰਤੀ ਤੇ ਹੀ ਸਨ ਪਰ ਆਮ ਪਾਰਟੀ ਵਿਚ ਆਉਂਣ ਤੋਂ ਬਾਅਦ ਉਨ੍ਹਾਂ ਨੂੰ ਆਦਰ ਮਿਲਿਆ। ਵਿਚਾਰਕ ਮੱਤਭੇਦ ਹੋ ਸਕਦੇ ਸਨ ਪਰ ਛੋਟੀਆਂ ਗੱਲਾਂ ਲਈ ਵੱਡੀ ਜੂਠ ਗਲ ਪਾਈ ਰੱਖਣੀ ਸਿਆਣਪ ਨਹੀਂ!
ਮਾਨ ਹੁਰੀਂ ਬਾਰੇ ਤਾਂ ਬਹੁਤਾ ਕਹਿਣ ਦੀ ਲੋੜ ਹੀ ਨਹੀਂ। ਐਵੇਂ ਸਮਾ ਖਰਾਬ ਕਰਨਾ। ਮਾਨ ਇੱਕ ਅਜਿਹਾ ਹਉਂ ਦਾ ਕੰਡਾ ਹੈ ਜਿਹੜਾ ਗਾਹੇ-ਬਗਾਹੇ ਪੰਜਾਬ ਦੇ ਪੈਰੀਂ ਚੁੱਭਦਾ ਰਹਿੰਦਾ। ਉਹ ਹਰੇਕ ਉਸ ਰਾਹ ਵਿਚ ਖਿਲਾਰਿਆ ਜਾਂਦਾ ਜਿਥੇ ਲੋਕ ਸੌਖਿਆਂ ਤੁਰਨ ਬਾਰੇ ਸੋਚਦੇ ਹੋਣ। ਉਸ ਦੇ ਚਹੇਤੇ ਉਸ ਦੀ ਕੁਰਬਾਨੀ ਦੀ ਦੁਹਾਈ ਜਿਹੀ ਪਾ ਕੇ ਮਾੜਾ ਮੋਟਾ ਉਸ ਨੂੰ ਸਹਿਕਦਾ ਰੱਖੀ ਆਉਂਦੇ ਹਨ ਉਂਝ ਉਹ ਖੁਦ ਵੀ ਬਾਦਲਾਂ-ਕੈਪਟਨਾਂ ਵਾਂਗ ਇੱਕ ਰਜਵਾੜਾ ਹੈ ਜਿਸ ਦਾ ਜਮੀਨੀ ਹਕੀਕਤਾਂ ਨਾਲ ਕੋਈ ਵਾਹ ਵਾਸਤਾ ਨਹੀਂ। ਉਹ ਸਰਬਤ ਖਾਲਸਾ ਵਿਚ ਚੁਣੇ ਗਏ 'ਜਥੇਦਾਰਾਂ' ਨੂੰ ਮੂਹਰੇ ਲਾ ਕੇ ਪੰਜਾਬ ਵਿਚੋਂ ਨਸ਼ੇ ਰੋਕਣ ਤੁਰਿਆ ਹੋਇਆ ਹੈ।
ਜਦ ਕਿ ਪੰਜਾਬ ਉਸ ਦੇ ਸਾਹਵੇਂ ਦਹਾਕੇ ਤੋਂ ਨਸ਼ਿਆਂ ਨਾਲ ਬੁਰੀ ਤਰ੍ਹਾਂ ਘੁਲ ਰਿਹਾ ਹੈ। ਯਾਣੀ ਚੋਣ ਸਟੰਟ!!! ਭਾਈ ਹਵਾਰਾ ਨੂੰ ਛੱਡ ਜੇ ਮਾਨ ਵਲੋਂ ਚੁਣੇ ਹੋਏ 'ਜਥੇਦਾਰਾਂ' ਦੀ ਗੱਲ ਕਰਨੀ ਹੋਵੇ ਤਾਂ ਮਾਨ ਨੇ ਐਨ 'ਟੀਸੀ ਦੇ ਬੇਰ' ਲਾਹੇ ਨੇ ਬਿੱਲਕੁਲ ਅਪਣੇ ਵਰਗੇ?
ਸੰਤ ਸਮਾਜ, ਡੇਰੇ, ਭੰਗ ਪੀਣੇ, ਸ਼੍ਰੋਮਣੀ ਕਮੇਟੀ ਵਰਗੀ ਸਭ 'ਕਤੀੜ' ਬਾਦਲਾਂ ਮਗਰ ਪੂਛਾਂ ਚੁੱਕੀ ਫਿਰਦੀ ਹੈ। ਉਨ੍ਹਾਂ ਨੂੰ ਪੰਜਾਬ ਨਾਲ ਜਾਂ ਮਰ ਰਹੀ ਸਿੱਖੀ ਨਾਲ ਜਾਂ ਸਿਵਿਆਂ ਰਾਹ ਪਈ ਨੌਜਵਾਨੀ ਨਾਲ ਕੋਈ ਲੈਣਾ ਦੇਣਾ ਨਹੀਂ।
ਸਿੱਖਾਂ ਵਿਚੋਂ ਸੂਝਵਾਨ ਲੋਕ, ਪ੍ਰਚਾਰਕ ਜਾਂ ਮਿਸ਼ਨਰੀ ਧੜੇ ਅੰਦਰੋਂ ਚਾਹੁੰਦੇ ਹਨ ਕਿ ਬਾਦਲਾਂ ਵਰਗੀ ਗਦੂਦ ਪੰਜਾਬ ਗਲੋਂ ਲੱਥ ਜਾਏ ਭਵੇਂ ਕਿਵੇਂ ਲੱਥੇ।
ਆਮ ਪਾਰਟੀ ਵਲੋਂ ਗੁਰਪ੍ਰੀਤ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਬਣਾਉਂਣ ਤੋਂ ਜਾਪਦਾ ਕਿ ਦਿੱਲੀ ਵਾਲੇ ਪੰਜਾਬ ਦੀ ਸਾਇਕੀ (psychology) ਨੂੰ ਛੇਤੀ ਸਮਝ ਗਏ ਹਨ। ਉਨ੍ਹਾਂ ਨੂੰ ਜਾਪਦਾ ਕਿ ਜੇ ਲੰਮਾ ਸਮਾ ਚਲਣਾ ਤਾਂ ਇਥੇ ਲੀਡਰ ਘੁੱਗੀ ਵਰਗੇ ਹੀ ਚੁਣਨੇ ਪੈਣਗੇ। ਪੰਜਾਬ ਧੜਿਆਂ ਦੇ ਰਾਹ ਛੇਤੀ ਪੈਂਦਾ ਹੈ। ਬਹੁਤ ਛੇਤੀ ਤੇ ਧੜਿਆਂ ਵਾਲੇ ਉਨ੍ਹੀ ਪਹਿਲੇ ਹੱਲੇ ਹੀ ਛਾਂਗ ਮਾਰੇ। ਬਾਦਲ ਦੇ ਕੋਈ ਸਿੰਗ ਨਹੀਂ ਲੱਗੇ ਕਿ ਉਹ ਪੰਜਾਬ ਵਿਚ ਕਾਮਯਾਬ ਰਾਜਨੀਤੀ ਕਰ ਰਿਹਾ ਹੈ। ਉਸ ਕੀ ਕੀਤਾ ਬਾਗੀ ਸੁਰ ਵਾਲੇ ਯਾਣੀ ਧੜੇ ਖੜੇ ਕਰਨ ਵਾਲੇ ਕੱਢ ਕੇ ਪਾਸੇ ਮਾਰੇ ਤੇ ਬੁਰਕੀ ਚੂਰੀ ਤੇ 'ਗੰਗਾਰਾਮ' ਕਹਿਣ ਵਾਲੇ ਤੋਤੇ ਉਸ ਅਪਣੇ ਰਾਜਨੀਤਕ ਚਿੜੀਆ ਘਰ ਵਿਚ ਪਾਲ ਲਏ। ਪੰਜਾਬ ਦੀ 'ਅਕਾਲੀ' ਰਾਜਨੀਤੀ ਵਿਚ ਨਿੱਤ ਛਿੱਤਰੀਂ ਦਾਲ ਵੰਡੀਦੀ ਸੀ ਪਰ ਹੁਣ ਹੈ ਨਹੀਂ! ਕਿਉਂ?ਤੁਹਾਨੂੰ ਜਾਪਦਾ ਕਿ ਸੁੱਚੇ, ਸਿੱਧੂ, ਬੈਂਸ... ਕੇਜਰੀਵਾਲ ਨੂੰ ਪੰਜਾਬ ਵਿਚ ਚਲਣ ਦਿੰਦੇ? ਪਰ ਉਨ੍ਹਾਂ ਦੇ ਮੁਕਾਬਲੇ ਘੁੱਗੀ ਹੁਰੀਂ ਸੀਲ ਗਊਆਂ। ਜੇ ਉਹ ਪਹਿਲਿਆਂ ਦੇ ਛਿੱਤਰ ਵੀ ਫੇਰਨਾ ਚਾਹੇ ਤਾਂ ਬਾਕੀਆਂ ਦੇ ਪਿੱਛਲੇ ਹੇਜ ਜਾਗ ਪੈਂਣੇ ਸਨ ਉਨ੍ਹਾਂ ਮੁਕਾਬਲੇ ਘੁੱਗੀ ਬਿੱਲਕੁਲ ਸੂਤ ਬੈਠਦਾ। ਤੁਸੀਂ ਘੁੱਗੀ ਨੂੰ ਉਸ ਦੇ ਰਾਜਨੀਤਕ ਤਜਰਬੇ ਤੋਂ ਦੇਖ ਰਹੇ ਹੋਂ ਪਰ ਤੁਹਾਨੂੰ ਕਿਸ ਕਿਹਾ ਉਥੇ ਘੁੱਗੀ ਦਾ ਤਜਰਬਾ ਚਲਣਾ! ਕਿ ਚਲਣਾ?
…………………………..
ਨੋਟ:- ਮੈਂ ਇਕ ਲੇਖ ਸ਼ੁਰੂ ਕੀਤਾ ਸੀ (ਸਿੱਖ 2017 ਦੀਆਂ ਚੋਣਾਂ ਦਾ ਲਾਹਾ ਕਿਵੇਂ ਲੈ ਸਕਦੇ ਹਨ ?) ਜਿਸ ਦੀ ਪਹਿਲੀ ਕਿਸਤ ਵਿਚ ਇਹ ਸਾਫ ਕੀਤਾ ਸੀ ਕਿ ਸਿੱਖਾਂ ਨੂੰ ਰਾਜਨੀਤੀ ਅਤੇ ਧਰਮ ਅਲੱਗ ਕਰਨ ਦੀ ਲੋੜ ਹੈ, ਤਾਂ ਜੋ ਸਿੱਖ ਪੰਜਾਬ ਤੋਂ ਬਾਹਰ ਨਿਕਲ ਕੇ, ਸਹੀ ਰਾਜਨੀਤੀ ਕਰਦਿਆਂ, ਪੰਜਾਬ ਵਿਚਲੇ ਰਾਜਨੀਤਕ ਮਗਰਮੱਛਾਂ ਤੋਂ ਬਚ ਸਕਣ। ਇਸ ਦੀ ਦੂਸਰੀ ਕਿਸਤ ਵਿਚ ਇਸ ਦੇ ਕਾਰਨਾਂ ਤੇ ਵਿਚਾਰ ਕਰਨਾ ਬਾਕੀ ਸੀ। ਪਰ ਅੱਜ ਸੱਧੇਵਾਲੀਆ ਜੀ ਦਾ ਇਹ ਲੇਖ ਸਾਮ੍ਹਣੇ ਆਇਆ, ਇੰਜ ਜਾਪਿਆ ਕਿ ਉਨ੍ਹਾਂ ਕਾਰਨਾਂ ਦਾ ਸੱਧੇਵਾਲੀਆ ਜੀ ਨੇ ਮੇਰੇ ਨਾਲੋਂ ਵੱਧ ਸੁਚੱਜੇ ਢੰਗ ਨਾਲ ਵਿਸਲੇਸ਼ਨ ਕਰ ਦਿੱਤਾ ਹੈ, ਇਸ ਲਈ ਉਸ ਲੇਖ ਦਾ ਦੂਸਰਾ ਭਾਗ ਨਹੀਂ ਪਾਇਆ ਜਾਵੇਗਾ। ਅਮਰ ਜੀਤ ਸਿੰਘ ਚੰਦੀ
ਗੁਰਦੇਵ ਸਿੰਘ ਸੱਧੇਵਾਲੀਆ
< ਪੰਜਾਬ ਦੀ ਰਾਜਨੀਤੀ ਅਤੇ ਆਮ ਪਾਰਟੀ >
Page Visitors: 2657