ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਗੁਰਮਤਿ ਪ੍ਰਕਾਸ਼ ਦਾ ਨਵਾਂ ਕਾਰਨਾਮਾ
ਗੁਰਮਤਿ ਪ੍ਰਕਾਸ਼ ਦਾ ਨਵਾਂ ਕਾਰਨਾਮਾ
Page Visitors: 2975

                         ਗੁਰਮਤਿ ਪ੍ਰਕਾਸ਼ ਦਾ ਨਵਾਂ ਕਾਰਨਾਮਾ 
     ਦਰਬਾਰ ਸਾਹਿਬ ਵਿਚ ਸੰਗਤ ਵਲੋਂ ਦਸਵੰਧ ਦੇ ਰੂਪ ਵਿਚ ਚੜ੍ਹਾਏ  ਜਾਂਦੇ ਪੈਸਿਆਂ ਨਾਲ ਛਪਣ ਵਾਲੇ “ ਗੁਰਮਤਿ ਪ੍ਰਕਾਸ਼ ” ਵਲੋਂ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਵਾਲਾ , ਇਕ ਹੋਰ ਕਾਰਨਾਮਾ , ਸਾਮ੍ਹਣੇ ਆਇਆ ਹੈ । ਦਸੰਬਰ 2012 ਦੇ ਅੰਕ ਵਿਚ , ਸ਼੍ਰੋਮਣੀ ਕਮੇਟੀ ਦੇ ਭੂਤ-ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂਂਗਰ ਵਲੋਂ ਇਕ ਲੇਖ  “ ਬੀਬੀ ਭਾਗੋ ਉਰਫ ਬੇਗਮ ਜ਼ੈਨਬੁਨਿਸਾਂ ” ਛਪਿਆ ਹੈ ,ਜਿਸ ਵਿਚ ਬਡੂੰਗਰ ਜੀ ਨੇ , ਸ਼ਹੀਦਾਂ ਦੇ ਇਤਿਹਾਸ ਵਿਚ ਲਪੇਟ ਕੇ , ਗੁਰਬਾਣੀ ਦੇ ਵੇਰਵੇ ਦੇ ਕੇ , ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੇਂਦਰ ਬਣਾ ਕੇ (ਭਾਈ ਵੀਰ ਸਿੰਘ ) ਉਸ ਦੇ ਕਹੇ ਅਨੁਸਾਰ ਮਹਾਨ-ਵਿਦਵਾਨ , ਚਿੰਤਕ ਅਤੇ ਕਵੀ ਨੇ , ਬੇਗਮ ਜ਼ੈਨਬੁਨਿਸਾ ਬਾਰੇ ਇਕ “ ਕਾਵਿ-ਨਾਟ ” ਲਿਖਿਆ ਸੀ , ਜਿਸ ਦੀ ਪੜਚੋਲ ਸਰੂਪ , ਕਿਸੇ ਡਾ. ਗੁਰਬਚਨ ਸਿੰਘ ਨੇ ਇਕ ਆਚੋਲਾਤਮਕ ਨਿਬੰਧ ਸਰੂਪ ਲਿਖੀ ਪੁਸਤਕ , “ ਜ਼ੈਨਾ ਦਾ ਵਿਰਾਪ ” ਨੂੰ ਆਧਾਰ ਬਣਾ ਕੇ  , ਬੇਗਮ ਜ਼ੈਨਬੁਨਿਸਾ , ਉਰਫ  ਬੇਗਮ ਜ਼ੈਨਾ ਨੂੰ  “ ਬੀਬੀ ਭਾਗੋ ” ਦਾ ਨਾਮ ਦੇ ਕੇ , ਬੀਬੀ ਭਾਗ ਕੌਰ “ ਮਾਈ ਭਾਗੋ ” ਦੇ ਇਤਹਾਸ (ਜਿਸ ਤੋਂ ਪ੍ਰੇਰਨਾ ਲੈ ਕੇ ਸਿੱਖ ਬੱਚੀਆਂ , ਸ਼ਸਤ੍ਰ-ਧਾਰੀ ਹੋਣ ਅਤੇ ਸਵੈ-ਰੱਖਿਆ ਦੇ ਨਾਲ, ਦੂਸਰਿਆਂ ਦੀ ਰੱਖਿਆ ਬਾਰੇ ਵੀ , ਪ੍ਰੱਣ ਕਰਦੀਆਂ ਹਨ) ਨੂੰ ਵਿਗਾੜਨ ਦਾ ਕੋਝਾ ਯਤਨ ਕਰਦਿਆਂ ਮਾਤਾ ਭਾਗੋ (ਮਾਤਾ ਭਾਗ ਕੌਰ ਜੀ) ਦੇ , ਸ਼ਾਨਾਂ-ਮੱਤੇ ਇਤਿਹਾਸ ਤੇ ਉਂਗਲੀ ਰੱਖਣ ਦਾ ਉਪਰਾਲਾ ਕੀਤਾ ਹੈ ।
    ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਨੁਸਾਰ ਗੁਰੂ ਜੀ ਦੇ ਸਾਹਿਬ ਜ਼ਾਦਿਆਂ ਨੂੰ ਖਿਡਾਉਣ ਲਈ ਰਾਜਪੂਤ ਖਾਨਦਾਨ ਦੀ ਇਕ ਬੀਬੀ , ਆਪਣੇ ਪਤੀ ਸਮੇਤ , ਗੁਰੂ ਜੀ ਦੇ ਮਹਿਲਾਂ ਵਿਚ ਸੇਵਾ ਕਰਦੀ ਸੀ , ਉਸ ਦੀਆਂ ਕਈ ਸਹੇਲੀਆਂ ਸਨ , ਜੋ ਅਕਸਰ ਉਸ ਨੂੰ ਮਿਲਣ , ਅਨੰਦਪੁਰ ਸਾਹਿਬ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ । ਗੁਰੁ ਜੀ ਦੀ ਅਦੁੱਤੀ ਸ਼ਖਸੀਅਤ ਅਤੇ ਅਲੌਕਿਕ ਸਰਗਰਮੀਆਂ ਕਾਰਨ , ਸ੍ਰੀ ਅਨੰਦਪੁਰ ਸਾਹਿਬ ਉਸ ਸਮੇ ਸਾਰੇ ਪੰਜਾਬ ਦੀ  ਖਿਚ ਦਾ ਕਾਰਨ ਬਣਿਆ ਹੋਇਆ ਸੀ । ਉਸ ਦੀ ਇਕ ਸਹੇਲੀ ਸੁਹਾਗੋ , ਬਿਲਾਸਪੁਰ ਦੇ ਰਾਜੇ ਦੇ ਮਹਿਲਾਂ ਵਿਚ ਨੌਕਰਾਣੀ ਸੀ । ਉਹ ਅਕਸਰ ਸ੍ਰੀ ਅਨੰਦਪੁਰ ਸਾਹਿਬ ਆ ਕੇ ਆਪਣੀ ਸਹੇਲੀ ਨੂੰ ਮਿਲਦੀ ਸੀ ਅਤੇ ਗੁਰੁ ਜੀ ਦੇ ਵੀ ਦਰਸ਼ਨ ਕਰ ਕੇ ਨਿਹਾਲ ਹੋਇਆ ਕਰਦੀ ਸੀ ।
    ਬਿਲਾਸ ਪੁਰ ਦੀ ਰਾਣੀ ਚੰਪਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਸ਼ਰਧਾਲੂ ਸੀ , ਇਸ ਕਰ ਕੇ ਵੀ ਸੁਹਾਗੋ ਦਾ ਆਉਣਾ-ਜਾਣਾ ਸ੍ਰੀ ਆਨੰਦਪੁਰ ਸਾਹਿਬ ਬਣਿਆ ਰਹਿੰਦਾ ਸੀ , ਸੁਹਾਗੋ ਦੇ ਨਾਲ ਉਸ ਦੀ ਧੀ ਭਾਗੋ ਨੂੰ ਵੀ ਗੁਰੁ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਹਿੰਦਾ ਸੀ , ਇਸ ਕਰ ਕੇ ਉਹ ਗੁਰੂ ਘਰ ਤੇ ਸ਼ਰਧਾ-ਭਾਵਨਾ ਰਖਦੀ ਸੀ । ਬੀਬੀ ਭਾਗੋ ਦਾ ਵਿਆਹ , ਉਸ ਦੇ ਮਾਂ-ਬਾਪ ਨੇ ਸਰਹੰਦ ਦੇ ਨੇੜੇ ਹੀ ਕਿਸੇ ਥਾਂ ਕਰ ਦਿੱਤਾ । ਜਦੋਂ ਡੋਲਾ ਜਾ ਰਹਾ ਸੀ , ਤਾਂ ਸਰਹੰਦ ਦੇ ਨਵਾਬ ਦੇ ਸਿਪਾਹੀਆਂ ਨੇ ਉਸ ਦਾ ਡੋਲਾ ਲੁੱਟ ਲਿਆ , ਤੇ ਬੀਬੀ ਭਾਗੋ , ਨਵਾਬ ਦੇ ਮਹਿਲਾਂ ਵਿਚ ਪਹੁੰਚ ਗਈ , ਨਵਾਬ ਉਸ ਨੂੰ ਪ੍ਰੇਸ਼ਾਨ ਕਰ ਕੇ , ਮੁਸਲਮਾਨ ਬਣਾ ਲੈਂਦਾ ਹੈ , ਅਤੇ ਉਹ ਬੀਬੀ ਭਾਗੋ ਤੋਂ ਬੇਗਮ ਜ਼ੈਨਬੁਨਿਸਾਂ (ਜ਼ੈਨਾ ਬੇਗਮ) ਬਣ ਜਾਂਦੀ ਹੈ । 
     ਜਦ ਗੰਗੂ ਦੀ ਸਾਜ਼ਿਸ਼ ਨਾਲ ਛੋਟੇ ਸਾਹਿਬਜ਼ਾਦੇ , ਨਵਾਬ ਸਰਹੰਦ ਦੀ ਕੈਦ ਵਿਚ ਪਹੁੰਚ ਜਾਂਦੇ ਹਨ , ਤਾਂ ਜ਼ੈਨਾ ਬੇਗਮ ਉਨ੍ਹਾਂ ਦੇ ਬਚਾਅ ਲਈ , ਸਰਹੰਦ ਦੇ ਨਵਾਬ , ਵਜ਼ੀਰ ਖਾਨ ਕੋਲੋਂ ਪ੍ਰੱਣ ਲੈ ਲੈਂਦੀ ਹੈ , ਪਰ ਜਦ ਨਵਾਬ ਇਹ ਪ੍ਰੱਣ ਪੂਰਾ ਨਹੀਂ ਕਰਦਾ , ਤਾਂ ਜ਼ੈਨਾ ਬੇਗਮ , ਨਵਾਬ ਨੂੰ ਲਾਨ੍ਹਤਾਂ ਪਾਉਂਦੀ , ਆਪਣੇ ਸੀਨੇ ਵਿਚ ਖੰਜਰ ਮਾਰ ਕੇ ਜਾਨ ਦੇ ਦੇਂਦੀ ਹੈ ।
    ਇਹ ਤਾਂ ਸੀ ਸ਼੍ਰੋਮਣੀ ਕਮੇਟੀ ਦੇ ਭੂਤ-ਪ੍ਰਧਾਨ ਦਾ ਕਾਰਨਾਮਾ , ਨਾਲ ਹੀ ਗੁਰਮਤਿ ਪ੍ਰਕਾਸ ਦੇ ਸੰਪਾਦਕ ਜੀ ਦਾ ਕਾਰਨਾਮਾ ਵੀ ਹਾਜ਼ਰ ਹੈ ।
     ਇਸ ਤੋਂ ਦੱਸ ਸਫੇ ਮਗਰੋਂ , ਸ੍ਰ, ਬਲਦੇਵ ਸਿੰਘ (ਰੂਪ ਨਗਰ) ਦਾ ਲਿਖਿਆ  “ ਭਾਈ ਸੰਗਤ ਸਿੰਘ ਜੀ ”  ਰੂਪੀ  “ਇਕਾਂਗੀ ਨਾਟਕ ”  ਪੇਸ਼ ਕੀਤਾ ਗਿਆ ਹੈ , ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੈਨਾ ਬੇਗਮ ਦਾ ਗੁਰੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ , ਅਤੇ ਜ਼ੈਨਾ ਬੇਗਮ ਨੂੰ , ਭਾਈ ਸੰਗਤ ਸਿੰਘ ਜੀ ਦੇ ਸੀਸ ਨੂੰ ਗੁਰੁ ਗੋਬਿੰਦ ਸਿੰਘ ਜੀ ਦਾ ਸੀਸ ਸਮਝ ਕੇ ਰੋਂਦਿਆਂ , ਵਿਰਲਾਪ ਕਰਦਿਆਂ ਵਿਖਾਇਆ ਗਿਆ ਹੈ ਅਤੇ ਭਾਈ ਸੰਗਤ ਸਿੰਘ ਜੀ ਦੇ ਸੀਸ ਦਾ ਸਸਕਾਰ ਕਰਦਿਆਂ ਅਤੇ ਨਵਾਬ ਵਜ਼ੀਰ ਖਾਨ ਕੋਲੋਂ , ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਲੈ ਕੇ ਸੰਭਾਲਦੇ ਵਿਖਾਇਆ ਗਿਆ ਹੈ ।
    ਭਗਵਾਨ ਹੀ , ਇਨ੍ਹਾਂ ਵਿਦਵਾਨਾਂ ਤੋਂ ਪੰਥ ਨੂੰ ਬਚਾਏ , ਕੀ ਇਹ ਇਨ੍ਹਾਂ ਦੀ ਪਾਲਿਸੀ ਹੈ ਕਿ ਇਹ ਉਨ੍ਹਾਂ ਚੀਜ਼ਾਂ ਦੀ ਪ੍ਰੋੜ੍ਹਤਾ ਸਰੂਪ ਹੀ ਲੇਖ ਲਿਖਦੇ ਹਨ , ਜਿਨ੍ਹਾਂ ਨਾਲ ਕੱਲ ਨੂੰ ਇਤਿਹਾਸ ਹੋਰ ਗੰਧਲਾ ਕੀਤਾ ਜਾ ਸਕੇ ।  
  ਇਕ ਸਿੱਖ (ਭਾਈ ਵੀਰ ਸਿੰਘ) ਨੇ , ਬੇਗਮ ਜ਼ੈਨਬੁਨਿਸਾ ਬਾਰੇ ਇਕ ਕਾਵਿ-ਨਾਟ (ਕਵਿਤਾ ਵਿਚ ਨਾਟਕ) ਲਿਖਿਆ , ਜਿਸ ਨੂੰ ਆਧਾਰ ਬਣਾ ਕੇ , ਦੂਸਰੇ ਸਿੱਖ (ਡਾ. ਗੁਰਬਚਨ ਸਿੰਘ) ਨੇ ਉਸ ਉਪਰ ਇਕ ਆਲੋਚਨਾਤਮਕ ਨਿਬੰਧ ਸਰੂਪ ਪੁਸਤਕ , “ ਜ਼ੈਨਾ ਦਾ ਵਿਰਾਪ ” ਲਿਖ ਮਾਰਿਆ । ਤੀਸਰੇ ਸਿੱਖ (ਪ੍ਰੋ. ਕਿਰਪਾਲ ਸਿੰਘ ਬਡੂੰਗਰ) ਨੇ ਉਸ ਨੂੰ ਆਧਾਰ ਬਣਾ ਕੇ  , ਬੇਗਮ ਜ਼ੈਨਬੁਨਿਸਾ , ਉਰਫ  ਬੇਗਮ ਜ਼ੈਨਾ ਨੂੰ  “ ਬੀਬੀ ਭਾਗੋ ” ਦਾ ਨਾਮ ਦੇ ਕੇ , ਬੀਬੀ ਭਾਗ ਕੌਰ “ ਮਾਈ ਭਾਗੋ ” ਦੇ ਇਤਹਾਸ ਤੇ ਉਂਗਲੀ ਰੱਖਣ ਦਾ ਮੌਕਾ ਦੇ ਦਿੱਤਾ । ਚੌਥੇ ਸਿੱਖ , ਸ੍ਰ, ਬਲਦੇਵ ਸਿੰਘ (ਰੂਪ ਨਗਰ) ਵਾਲੇ ਦੇ ਲਿਖੇ ਇਕਾਂਕੀ ਨਾਟਕ “ ਭਾਈ ਸੰਗਤ ਸਿੰਘ ਜੀ ”  ਜਿਸ ਵਿਚ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੈਨਾ ਬੇਗਮ ਦਾ ਗੁਰੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਪੰਜਵੇਂ ਸਿੱਖ (ਗੁਰਮਤਿ ਪ੍ਰਕਾਸ਼) ਦੇ ਸੰਪਾਦਕ ਨੇ , ਇਨ੍ਹਾਂ ਸਾਰਿਆ ਨੂੰ ਇਕੱਠਾ ਕਰ ਕੇ , ਬੇਗਮ ਜ਼ੈਨਾ ਨੂੰ ਮਾਈ ਭਾਗੋ ਹੋਣ ਦਾ ਇਤਿਹਾਸ ਰਚਣ ਲਈ ਪੂਰੀ ਭੂਮਿਕਾ ਤਿਆਰ ਕਰ ਦਿੱਤੀ ਹੈ । 
   ਜਿਸ ਦੇ ਆਧਾਰ ਤੇ ਮਾਈ ਭਾਗੋ , ਸਿੱਖ ਬੀਬੀਆਂ ਦਾ ਰੋਲ-ਮਾਡਲ ਨਾ ਰਹਿ ਕੇ ਇਕ ਅਜਿਹੀ ਔਰਤ ਬਣ ਜਾਵੇਗੀ , ਜੋ ਸਰਹੰਦ ਦੇ ਨਵਾਬ ਦੇ ਦਬਾਅ ਹੇਠ , ਇਕ ਸਿੱਖ ਤੋਂ ਮੁਸਲਮਾਨ ਬਣ ਕੇ , ਨਵਾਬ ਵਜ਼ੀਰ ਖਾਨ ਦੀ ਬੇਗਮ “ ਜ਼ੈਨਾ ਬੇਗਮ ” ਬਣ ਗਈ ਸੀ । ਅਜਿਹੇ , ਪੰਥ ਦੇ ਮਹਾਨ ਸਤਿਕਾਰਿਤ ਸਿੱਖਾਂ ਬਾਰੇ ਪੰਥ ਨੇ ਕੀ ਕਰਨਾ ਹੈ ? ਇਹ ਤਾਂ ਉਹੀ ਜਾਣ ਸਕਦੇ ਹਨ । ਪਰ ਇਹ ਸਾਰੀਆਂ ਗੱਲਾਂ , ਸਿੱਖਾਂ ਦੇ ਪੈਸਿਆਂ ਨਾਲ ਛਪਦੀ  “ ਗੁਰਮਤਿ ਪ੍ਰਕਾਸ਼ ” ਦੇ  ਦਸੰਬਰ 2012  ਦੇ ਅੰਕ ਵਿਚ ਪੜ੍ਹਿਆ ਜਾ ਸਕਦਾ ਹੈ ।
      ( ਜਦ ਕਿ ਇਤਿਹਾਸਿਕ ਤੱਥਾਂ ਅਨੁਸਾਰ ਜ਼ੈਨਾ ਬੇਗਮ ਦਾ , ਵਿਆਹ ਤੋਂ ਪਹਿਲਾਂ ਪੰਜਾਬ ਨਾਲ ਕੋਈ ਸਬੰਧ ਹੀ ਨਹੀਂ ਸੀ , ਉਸ ਦਾ ਪਿਛੋਕੜ , ਈਰਾਨ ਨਾਲ ਸਬੰਧਿਤ ਸੀ ) 
                                                         ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.