ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੱਸ ਗੁਰੂ ਸਾਹਿਬਾਨ ਦੀ ਆਤਮਕ ਜੋਤ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਵੱਡੀਆਈ ਨੂੰ ਸ਼ਬਦਾਂ ਵਿੱਚ ਬੰਨਣਾ ਔਖਾ ਹੈ। ਬਹੁਤ ਕੁੱਝ ਕਿਹਾ ਜਾਂਦਾ ਹੈ ਗੁਰੂ ਲਈ। ਜ਼ਾਹਰ ਹੈ ‘ਗੁਰੂ’ ਦੀਆਂ ਬਹੁਤ ਸਾਰੀਆਂ ਇਲਾਹੀ ਗੁਣਕਾਰੀ ਵ੍ਰਿਤਿਆਂ ਹਨ। ਉਸ ਅੰਦਰ ਬਹੁਤ ਸਾਰੇ ਅਪਾਰ ਗੁਣਾਂ ਦਾ ਸਮਾਵੇਸ਼ ਹੈ। ਹਰ ਇੱਕ ਗੁਣ ਦਾ ਵਿਸਤਾਰ ਬਹੁਤ ਵੱਡਾ ਹੈ। ਇਸ ਲਈ ਗੁਰੂ ਨੂੰ, ਕਿਸੇ ਇੱਕ ਗੁਣ ਵਿੱਚ ਬੰਨਣਾ ਸੰਭਵ ਨਹੀਂ। ਗੁਰੂ ਨੂੰ ਇੱਕ ਗੁਣ ਵਿੱਚ ਹੀ ਬੰਨਣ ਦਾ ਜਤਨ ਸਿਆਣਪ ਨਹੀਂ ਬਲਕਿ ਸੰਕੀਰਣਤਾ ਜਾਂ ਅਗਿਆਨਤਾ ਹੈ।
ਇਸ ਅਗਿਆਨਤਾ ਦਾ ਨਮੂਨਾ ਉਸ ਵੇਲੇ ਵੇਖਣ ਨੂੰ ਮਿਲਦਾ ਹੈ, ਜਿਸ ਵੇਲੇ, ਕੋਈ ‘ਗੁਰੂ ਗ੍ਰੰਥ’ ਨੂੰ ਗੁਰੂ ਕਹਿਣ ਦੇ ਬਜਾਏ ਉਸ ਲਈ ਕੇਵਲ, ਇਕੋ ਗੁਣ ਦੇ ਸੂਚਕ ਸ਼ਬਦ ਨੂੰ ‘ਗੁਰੂ’ ਦੀ ਜਗ੍ਹਾ ਸਥਾਈ ਰੂਪ ਵਿੱਚ ਵਰਤਨ ਦਾ ਯਤਨ ਕਰੇ। ਮਸਲਨ ਅਜਕਲ ਗੁਰੂ ਗ੍ਰੰਥ ਸਾਹਿਬ ਜੀ ਲਈ ‘ਸੱਚ ਦਾ ਗਿਆਨ ਸਾਡਾ ਗੁਰੂ ਹੈ’ ਵਰਗੀ ਅਗਿਆਨਤਾ ਪੜਨ/ਸੁਣਨ ਨੂੰ ਮਿਲਦੀ ਹੈ ਜਾਂ ਗੁਰੂ ਨੂੰ ਕੇਵਲ ‘ਪੰਥ’ (ਰਸਤਾ) ਕਰਕੇ ਪਰਿਭਾਸ਼ਤ ਕਰਨ ਦੀ ਚੇਸ਼ਟਾ ਹੁੰਦੀ ਹੈ।
ਸੱਚ ਦਾ ਗਿਆਨ ਕੀ ਹੈ? ਪਹਿਲਾਂ ਇਸ ਦੀ ਸਮਝ ਜ਼ਰੂਰੀ ਹੈ। ਸੰਸਾਰ ਦੇ ਸਮਸਤ ਗਿਆਨ ਵਿੱਚ ਸੱਚ ਹੈ। ਬਿਨ੍ਹਾ ਗਿਆਨ ਦੇ ਨਾ ਚੋਰੀ ਹੋ ਸਕਦੀ ਹੈ ਨਾ ਹੀ ਬਲਾਤਕਾਰ! ਬਿਨ੍ਹਾ ਗਿਆਨ ਦੇ ਨਾ ਬੇਇਮਾਨੀ ਹੋ ਸਕਦੀ ਹੈ ਨਾ ਹੀ ਧੌਖਾਧੜੀ। ਬਿਨ੍ਹਾਂ ਗਿਆਨ ਦੇ ਨਾ ਐਟਮ ਬੰਮ ਬਣ ਸਕਦਾ ਹੈ ਅਤੇ ਨਾ ਹੀ ਮਾਰੀਆ ਜਾ ਸਕਦਾ ਹੈ। ਬਿਨ੍ਹਾਂ ਸ਼ਰਾਬ ਦੀਆਂ ਅਲਾਮਤਾਂ ਦੇ ਗਿਆਨ ਦੇ, ਸ਼ਰਾਬ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ। ਬਿਨ੍ਹਾਂ ਅਸ਼ਲੀਲਤਾ ਅਤੇ ਵਿਭਚਾਰ ਦੇ ਗਿਆਨ ਦੇ ਅਸ਼ਲੀਲਤਾ ਦੀ ਪਛਾਣ ਅਤੇ ਉਸਦਾ ਤਿਆਗ ਸੰਭਵ ਨਹੀਂ। ਪਰ ਰੂਪ, ਪਰ ਨਿੰਦਾ, ਪਰ ਧਨ ਦੇ ਗਿਆਨ ਬਿਨ੍ਹਾਂ ਪਰ ਰੂਪ ਪਰ ਨਿੰਦਾ ਪਰ ਧਨ ਦਾ ਤਿਆਗ ਸੰਭਵ ਨਹੀਂ। ਚੋਰੀ ਝੂਠ ਨਹੀਂ ਹੁੰਦੀ ਗਲਤ ਹੁੰਦੀ ਹੈ। ਵਿਭਚਾਰ ਇੱਕ ਸੱਚ ਹੈ ਜੋ ਝੂਠ ਨਹੀਂ ਬਲਕਿ ਗਲਤ ਹੁੰਦਾ ਹੈ। ਅਸ਼ਲੀਲਤਾ ਝੂਠ ਨਹੀਂ ਬਲਕਿ ਗਲਤ ਹੁੰਦੀ ਹੈ।
ਤਾਲਾ ਤੋੜਨ ਦਾ ਗਿਆਨ ਚੌਰੀ ਵਿੱਚ ਸਹਾਈ ਹੁੰਦਾ ਹੈ, ਤੇ ਚਾਬੀ ਗੁਆਚਣ ਤੇ ਘਰ ਦੇ ਮਾਲਕ ਦੇ ਕੰਮ ਵੀ ਆਉਂਦਾ ਹੈ। ਕਾਮ ਦਾ ਗਿਆਨ ਬਲਾਤਕਾਰ ਅਤੇ ਵਿਭਚਾਰ ਲਈ ਵਰਤਦਾ ਹੈ ਅਤੇ ਪਵਿੱਤਰ ਗ੍ਰਸਤ ਲਈ ਵੀ। ਪਿਆਰ ਦਾ ਗਿਆਨ ਇੱਕ ਪੁਰਸ਼ ਨੂੰ ਮਾਂ, ਧੀ ਭੇਂਣ ਅਤੇ ਪਤਨੀ ਪ੍ਰਤੀ ਸਬੰਧਾਂ ਨੂੰ ਨਿਰਧਾਰਨ ਕਰਨ ਵਿੱਚ ਸਹਾਈ ਹੁੰਦੇ ਵੱਖ-ਵੱਖ ਰੂਪਾਂ ਵਿੱਚ ਰੂਪਮਾਨ ਹੁੰਦਾ ਹੈ। ਅਤੇ ਇਹੀ ਗਿਆਨ ਇੱਕ ਇਸਤਰੀ ਵਾਸਤੇ ਬਾਪ, ਬੇਟਾ, ਭਰਾ ਅਤੇ ਪਤੀ ਪ੍ਰਤੀ ਆਪਣੇ ਸਬੰਧ ਨੂੰ ਸਮਝਣ ਵਿੱਚ ਸਹਾਈ ਹੁੰਦਾ ਹੈ।
ਜੀਵਨ ਦੇ ਉੱਚੇ ਮੁੱਲਾਂ ਦਾ ਗਿਆਨ ਤਾਂ ਹੀ ਹੋ ਸਕਦਾ ਹੈ ਕਿ ਉੱਚ ਜੀਵਨ ਮੁੱਲਾਂ ਤੋਂ ਹੀਨ ਅਵਸਥਾ ਦੀ ਸਮਝ ਮਨੁੱਖ ਨੂੰ ਹੋਵੇ। ਇਸ ਲਈ ਕੁਦਰਤ ਦਾ ਸਮਸਤ ਗਿਆਨ ਕਿਸੇ ਨਾ ਕਿਸੇ ਰੂਪ ਵਿੱਚ ਸੱਚ ਹੈ। ਹਾਂ ਸਮਸਤ ਗਿਆਨ ਦੇ ਇਸ ਪਸਾਰੇ ਵਿੱਚ ਸਹੀ ਅਤੇ ਗਲਤ ਦੀ ਪਛਾਣ ਦੇਂਣ ਵਾਲਾ ਗੁਰੂ ਹੈ। ਗੁਰੂ ਸਮਸਤ ਗਿਆਨ ਰੂਪਾਂ ਤੋਂ ਸਿੱਖ ਨੂੰ ਜਾਣੂ ਕਰਵਾਉਂਦਾ ਹੈ।
ਜੇ ਕਰ ‘ਗੁਰੂ ਗ੍ਰੰਥ’ ਨੂੰ ਗੁਰੂ ਨਾ ਕਹਿੰਦੇ ਹੋਏ, ‘ਸਾਡਾ ਗੁਰੂ ਸੱਚ ਦਾ ਗਿਆਨ ਹੈ’ ਕਿਹਾ ਜਾਏ ਤਾਂ ਚੋਰੀ ਚਕਾਰੀ, ਬੇਇਮਾਨੀ ਅਤੇ ਅਸ਼ਲੀਲਤਾ, ਵਿਭਚਾਰ ਆਦਿ ਦਾ ਗਿਆਨ ਵੀ ਸਿੱਖਾਂ ਦਾ ਗੁਰੂ ਕਿਵੇਂ ਨਾ ਹੋਇਆ? ਤੇ ਫ਼ਿਰ ਸੰਸਾਰ ਦੀ ਹਰ ਪੁਸਤਕ ਵਿਚਲਾ ਗਿਆਨ, ਸਿੱਖਾਂ ਦਾ ਗੁਰੂ ਕਿਵੇਂ ਨਾ ਹੋ ਗਿਆ? ਜ਼ਾਹਰ ਹੈ ਕਿ ਗੁਰੂ ਸੱਚ ਦਾ ਗਿਆਨ ਨਹੀਂ, ਬਲਕਿ ਗੁਰੂ ਕੁਦਰਤ ਦੇ ਤਾਣੇ-ਬਾਣੇ ਵਿੱਚ ਪਸਰੇ ਸਮਸਤ ਗਿਆਨ ਦੇ ਪਸਾਰੇ ਬਾਰੇ ਸਹੀ-ਗਲਤ ਜਾਂ ਉੱਚਿਤ ਅਤੇ ਅਨੁਚਿਤ ਬਾਰੇ ਗਿਆਨ ਦੇਂਣ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਸੰਸਾਰ ਦੀ ਹਰ ਸ਼ੈਅ ਵਿੱਚ ਗਿਆਨ ਹੈ ਪਰ ਸੰਸਾਰ ਦੀ ਹਰ ਸ਼ੈਅ ਸਿੱਖਾਂ ਦਾ ਗੁਰੂ ਨਹੀਂ।
ਇੰਝ ਹੀ ਗੁਰੂ ਨੂੰ ਕੇਵਲ ਇੱਕ ਪੰਥ (ਰਸਤਾ) ਕਹਿਣ ਵਿੱਚ ਵੀ ਭੁੱਲ ਹੈ। ਰਸਤਾ ਤਾਂ ਕੇਵਲ ਗੁਰੂ ਦੀਆਂ ਅਪਾਰ ਅਲਾਮਤਾਂ ਵਿਚੋਂ ਇੱਕ ਅਲਾਮਤ ਹੈ।
ਗੁਰੂ ਪਰਮਾਤਮਾ ਦਾ ਬੌਧ ਹੈ! ਗੁਰੂ ਮਾਰਗ ਹੈ, ਮਾਰਗ ਦਰਸ਼ਕ ਹੈ, ਤੇ ਹਮਸਫਰ ਵੀ। ਗੁਰੂ ਅੰਮ੍ਰਿਤ ਦਾ ਸਾਗਰ ਹੋਂਣ ਦੇ ਨਾਲ ਸੰਸਾਰ ਦੇ ਭਵਜਲ ਵਿੱਚ ਕਿਸ਼ਤੀ ਅਤੇ ਖੇਵਣਹਾਰ ਵੀ ਹੈ। ਗੁਰੂ ਪਛਾਂਣ ਕਰਨ ਵਾਲਾ ਹੈ। ਗੁਰੂ ਪਛਾਂਣ ਦੇਂਣ ਵਾਲਾ ਹੈ। ਗੁਰੂ ਸਹੀ ਜਾਂ ਗਲਤ ਬਾਰੇ ਗਿਆਨ ਦੇਂਣ ਵਾਲਾ ਹੈ। ਗੁਰੂ ਅੰਦਰ ਪ੍ਰਸਾਦਿ ਵੀ ਹੈ ਅਤੇ ਫ਼ਿਟਕਾਰ ਵੀ। ਗੁਰੂ ਪਰਮਾਤਮਾ ਦੇ ਗੁਣਾਂ ਦਾ ਧਾਰਨੀ ਹੈ। ਉਹ ਆਪਣੇ ਸੰਧਰਭ ਵਿੱਚ ਇੱਕ ਹੈ, ਸੱਚਾ ਹੈ, ਅਕਾਲ ਹੈ, ਸਾਕਾਰ ਮੁਰਤ ਹੈ, ਅਜੂਨੀ ਹੈ ਨਿਰਭਉ ਹੈ ਨਿਰਵੈਰ ਹੈ!
ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਰਸਤਾ’ ਜਾਂ ‘ਸੱਚ ਦਾ ਗਿਆਨ’ ਵਰਗੇ ਛੋਟੇ ਵਿਸ਼ੇਸ਼ਣਾਂ ਵਿੱਚ ਬੰਨਣ ਦੀ ਕੌਸ਼ਿਸ਼ ਵਿੱਚ ਸਿਆਣਪ ਨਹੀਂ। ਗੁਰੂ ਦੀ ਵੱਡੀਆਈ ਛੋਟੇ ਦ੍ਰਿਸ਼ਟੀਕੋਂਣ ਵਿੱਚ ਨਹੀਂ ਸਮਾ ਸਕਦੀ।
ਦਸ਼ਮੇਸ਼ ਜੀ ਦਾ ਹੁਕਮ ਹੈ ‘ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ’
ਹਰਦੇਵ ਸਿੰਘ, ਜੰਮੂ
ਹਰਦੇਵ ਸਿੰਘ ਜਮੂੰ
ਸਿੱਖਾਂ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
Page Visitors: 2764