ਪ੍ਰ੍ਰਗਟ ਗੁਰਾਂ ਕੀ ਦੇਹ ?
ਅਸੀਂ 10 ਗੁਰੂ ਸਾਹਿਬਾਨ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਸਿੱਖੀ ਨੂੰ ਸਮਝਣ ਲਈ ਸਾਡੇ ਕੋਲ ਗੁਰਬਾਣੀ ਅਤੇ
ਇਤਿਹਾਸ ਦੋ ਮੁਖ ਸੋਮੇ ਹਨ। ਦਸ ਗੁਰੂ ਸਾਹਿਬਾਨ ਨੇ ਜਿਥੇ 1469 ਤੋਂ 1708 ਈ. ਤਕ 239 ਸਾਲ ਦੇ ਲੰਮੇ ਸਮੇਂ ਦੀ ਪ੍ਰੈਕਟੀਕਲ ਘਾਲਣਾ ਘਾਲ ਕੇ ਸਿੱਖੀ ਨੂੰ ਇਤਿਹਾਸ ਰੂਪ ਵਿੱਚ ਰੂਪਮਾਨ ਕੀਤਾ, ਸਿੱਖੀ ਦੇ ਸਦੀਵੀਂ ਮਾਰਗ ਦਰਸ਼ਨ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਗੁਰਬਾਣੀ ਗਿਆਨ ਦੇ ਸਾਗਰ ਦੀ ਰਚਨਾ ਵੀ ਕੀਤੀ।ਗੁਰੂ ਨਾਨਕ ਸਾਹਿਬ ਵਲੋਂ ‘ਕਿਰਤ ਕਰਨਾ-ਨਾਮ ਜਪਣਾ- ਵੰਡ ਛਕਣਾ` ਦੇ ਮੁੱਢਲੇ ਸਿਧਾਂਤਾਂ ਨਾਲ ਸਿੱਖੀ ਦੀ ਆਰੰਭਤਾ ਕੀਤੀ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਪੂਜਾ ਅਕਾਲ ਕੀ- ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ- ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿਚ` ਨਾਲ ਉਸਦੀ ਸੰਪੂਰਨਤਾ ਕੀਤੀ। ਇਹ ਆਰੰਭਤਾ ਤੋਂ ਸੰਪੂਰਨਤਾ ਦਾ ਇੱਕ ਲੜੀਬੱਧ, ਸੂਤਰਬੱਧ ਪ੍ਰੋਗਰਾਮ 10 ਗੁਰੂ ਸਾਹਿਬਾਨ ਦੀ ਨਿਜੀ ਨਿਗਰਾਨੀ ਹੇਠ ਮੰਜ਼ਿਲ ਤਕ ਪਹੁੰਚਿਆ।
ਸਿੱਖ ਸਿਧਾਂਤਾਂ ਅਨੁਸਾਰ ਸਿੱਖ ਧਰਮ ਵਿੱਚ ਸ਼ਬਦ ਗੁਰੂ, ਬਾਣੀ ਗੁਰੂ, ਸ਼ਬਦ ਗੁਰ ਪੀਰਾ ਮੰਨਿਆ ਗਿਆ ਹੈ ਪਰ ਸਰੀਰ ਨੂੰ ਗੁਰੂ ਰੂਪ ਵਿੱਚ ਕਦੀ ਵੀ ਪ੍ਰਵਾਨ ਨਹੀਂ ਕੀਤਾ ਗਿਆ। ਜੇ ਐਸਾ ਮੰਨ ਲਿਆ ਜਾਵੇ ਤਾਂ ਭਾਈ ਲਹਿਣਾ ਜੀ -ਗੁਰੂ ਅੰਗਦ ਸਾਹਿਬ, ਬਾਬਾ ਅਮਰਦਾਸ ਜੀ-ਗੁਰੂ ਅਮਰਦਾਸ ਸਾਹਿਬ, ਭਾਈ
ਜੇਠਾ ਜੀ - ਗੁਰੂ ਰਾਮਦਾਸ ਸਾਹਿਬ ਆਦਿ ਦੇ ਸਰੀਰ ਤਾਂ ਉਹੀ ਰਹੇ, ਪਰ ਅਸੀਂ ਇਹਨਾਂ ਨੂੰ ਗੁਰੂ ਰੂਪ ਵਿੱਚ ਮਾਨਤਾ ਉਦੋਂ ਹੀ ਦਿੰਦੇ ਹਾਂ ਜਦੋਂ ਅਕਾਲ ਪੁਰਖ ਵਲੋਂ ਗੁਰੂ ਨਾਨਕ ਸਾਹਿਬ ਰਾਹੀਂ ਬਖਸ਼ੀ ਗੁਰੂ ਜੋਤ ਇਹਨਾਂ ਅੰਦਰ ਪ੍ਰਵੇਸ਼ ਕਰਦੀ ਹੈ।
ਉਸ ਤੋਂ ਪਹਿਲਾਂ ਇਹ ਸਿੱਖ ਰੂਪ ਵਿੱਚ ਤਾਂ ਪ੍ਰਵਾਨ ਕੀਤੇ ਜਾ ਸਕਦੇ ਹਨ ਗੁਰੂ ਰੂਪ ਵਿੱਚ ਕਦਾਚਿਤ ਨਹੀਂ।
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਰੂਪ ਵਿੱਚ ਅਕਾਲ ਪੁਰਖ ਦੀ ਬਖਸ਼ਿਸ਼ ਰੂਪੀ ਗੁਰਬਾਣੀ ਦੀ ਸੰਪਾਦਨਾ ਦੇ ਮਹਾਨ ਕਾਰਜ ਨੂੰ ਕਰਦੇ ਹੋਏ ‘ਆਦਿ ਬੀੜ` ਦਾ ਸੰਕਲਣ ਕਰਕੇ 1604 ਈ. ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪੂਰੇ ਸ਼ਾਹੀ ਜਾਹੋ ਜਲਾਲ ਨਾਲ ਪਹਿਲੀ ਵਾਰ ਪ੍ਰਕਾਸ਼ ਕੀਤਾ। ਕਹਿੰਦੇ ਇਸ ਦਿਨ ਦੇ ਮਹਾਨ ਕਾਰਜ ਦੀ ਸੰਪੂਰਨਤਾ ਉਪਰ ਕੁੱਝ ਸਿੱਖਾਂ ਨੇ ਗੁਰੂ ਪਾਤਸ਼ਾਹ ਉਪਰ ਸਵਾਲ ਕੀਤਾ-
‘ਸਤਿਗੁਰੂ ਜੀ! ਤੁਹਾਡੇ ਸਰੀਰਕ ਰੂਪ ਵਿੱਚ ਸੰਸਾਰ ਤੇ ਮੌਜੂਦ ਹੁੰਦਿਆਂ ਹੋਇਆਂ ਆਦਿ ਗ੍ਰੰਥ ਦੀ ਸੰਪਾਦਨਾ ਅਤੇ ਪ੍ਰਕਾਸ਼ ਦੀ ਲੋੜ ਕੀ ਹੈ?
`ਗੁਰੂ ਸਾਹਿਬ ਨੇ ਬੜਾ ਹੀ ਸਟੀਕ ਜਵਾਬ ਦਿਤਾ -
‘ਸਿੱਖੋ! ਸਰੀਰ ਨਾਲ ਜੁੜੋਗੇ ਤਾਂ ਵਿਛੜ ਜਾਉਗੇ, ਸਰੀਰਾਂ ਦੇ ਸਾਥ ਹਮੇਸ਼ਾਂ ਨਹੀਂ ਨਿਭਿਆ ਕਰਦੇ,ਅਸੀਂ ਇਸ ਸਮੇਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਹਾਂ, ਬਾਕੀ ਇਲਾਕਿਆਂ ਦੀ ਸੰਗਤ ਸਾਡਾ ਸਰੀਰਕ ਦੀਦਾਰ ਨਹੀਂ ਕਰ ਸਕਦੀ। ` ਦਾਸ ਦਾ ਵਿਸ਼ਵਾਸ ਹੈ ਕਿ ਜੇ ਸਾਹਿਬਾਂ ਦਾ ਇਹ ਜਵਾਬ ਸਾਡੇ ਪੱਲੇ ਬੱਝ ਜਾਵੇ ਤਾਂ ਸਿੱਖ ਸਮਾਜ ਵਿਚੋਂ ਦੇਹਧਾਰੀ ਗੁਰੂ ਡੰਮ ਦਾ ਖਾਤਮਾ ਹੋ ਸਕਦਾ ਹੈ।
ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਇ ਵਲੋਂ ਔਰੰਗਜੇਬ ਦੇ ਦਰਬਾਰ ਵਿੱਚ ਜਾ ਕੇ ਡਰ-ਲਾਲਚ-ਖੁਸ਼ਾਮਦ ਅਧੀਨ ਹੋ ਕੇ ਪਿਤਾ ਗੁਰੂ ਦੇ ਸਰੀਰ ਨਾਲ ਨਹੀਂ ਸਗੋਂ ਸ਼ਬਦ ਗੁਰੂ ਨਾਲ ਛੇੜ-ਛਾੜ ਕਰਨ ਉਪਰ ਸਤਿਗੁਰੂ ਜੀ ਨੇ ਸਿੱਖੀ ਸਿਧਾਂਤਾਂ ਦੀ ਪ੍ਰਪੱਕਤਾ ਨਾਲ ਪਹਿਰੇਦਾਰੀ ਕਰਦੇ ਹੋਏ ਜੋ ਫੈਸਲਾ ਦਿਤਾ ਉਹ ਸਾਡੇ ਲਈ ਪੱਥ-ਪ੍ਰਦਰਸ਼ਕ ਦੇ ਰੂਪ ਵਿੱਚ ਇਤਿਹਾਸ ਦੇ ਪੰਨਿਆਂ ਵਿੱਚ ਮੌਜੂਦ ਹੈ। ਪੰਜਵੇਂ ਪਾਤਸ਼ਾਹ ਵਲੋਂ ਸੰਪਾਦਤ ‘ਆਦਿ ਬੀੜ` ਵਿੱਚ ਨੌਵੇਂ ਪਾਤਸ਼ਾਹ ਦੀ ਰਚਿਤ ਬਾਣੀ ਸ਼ਾਮਲ ਕਰਦੇ ਹੋਏ ਸੰਪੂਰਨਤਾ ਕਰਨ ਉਪਰੰਤ 1708 ਈ. ਨੂੰ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਉਪਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀਂ ਗੁਰਤਾ ਗੱਦੀ ਉਪਰ ਬਿਰਾਜਮਾਨ ਕਰਕੇ 239 ਸਾਲ ਤੋਂ ਚਲੇ ਆ ਰਹੇ ਸਖਸ਼ੀ ਗੁਰੂ ਪ੍ਰੰਪਰਾ ਵਾਲੇ ਪੱਖ ਨੂੰ ਹਮੇਸ਼ਾ ਲਈ ਸਮਾਪਤ ਕਰ ਦਿਤਾ।
ਦਸ਼ਮੇਸ਼ ਪਿਤਾ ਨੇ ਪੂਰਨ ਤੌਰ ਤੇ ਇਸ ਭਰੋਸੇ ਨਾਲ ਇਸ ਕਾਰਜ ਨੂੰ ਪੂਰਾ ਕੀਤਾ ਹੋਵੇਗਾ ਕਿ ਹੁਣ ਸਿੱਖ ਐਨੇ ਸਮਝਦਾਰ ਹੋ ਚੁਕੇ ਹਨ ਇਹ ਕਦੀ ਵੀ ਦੇਹਧਾਰੀ ਗੁਰੂ ਡੰਮ ਦੇ ਜਾਲ ਵਿੱਚ ਨਹੀਂ ਫਸਣਗੇ। ਕਲਗੀਧਰ ਪਾਤਸ਼ਾਹ ਵਲੋਂ ਪ੍ਰਤੱਖ ਰੂਪ ਵਿੱਚ ਸਾਡੇ ਉਪਰ ਕੀਤਾ ਗਿਆ ਇੱਕ ਬਹੁਤ ਵੱਡਾ ਉਪਕਾਰ ਹੈ। ਹੁਣ ਵਿਚਾਰਣ ਵਾਲਾ ਪੱਖ ਹੈ ਕਿ ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਭਰੋਸੇ ਉਪਰ ਪੂਰੇ ਉਤਰ ਰਹੇ ਹਾਂ, ਜਾਂ ਨਹੀਂ? ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਹਰੀ ਸਤਿਕਾਰ ਦੇ ਨਾਮ ਉਪਰ ਜਾਣੇ-ਅਣਜਾਣੇ ਵਿੱਚ ਉਹ ਕੁੱਝ ਕਰ ਰਹੇ ਹਾਂ ਜੋ ਕਰਨਾ ਨਹੀਂ ਬਣਦਾ ਸੀ। ਸ਼ਬਦ ਗੁਰੂ ਦਾ ਸਤਿਕਾਰ ਕਿੰਨਾ ਕੁ ਕੀਤਾ ਜਾਵੇ? ਇਸ ਨੂੰ ਕਿਸੇ ਸੀਮਾ ਵਿੱਚ ਬੰਨਿਆ ਨਹੀਂ ਜਾ ਸਕਦਾ, ਪਰ ਇਸ ਦੇ ਨਾਲ-ਨਾਲ ਇਹ ਖਿਆਲ ਰੱਖਣਾ ਵੀ ਜਰੂਰੀ ਹੈ ਕਿ ਕਿਤੇ ਗੁਰਮਤਿ ਸਿਧਾਂਤ ਦੀ ਉਲੰਘਣਾ ਤਾਂ ਨਹੀ ਹੋ ਰਹੀ? ਸਤਿਕਾਰ ਜ਼ਰੂਰ ਕਰੀਏ ਪਰ ਵਹਿਮ-ਭਰਮ ਦੀਆਂ ਹੱਦਾਂ ਤੋਂ ਉਰੇ-ਉਰੇ ਰਹਿ ਕੇ, ਗੁਰੂ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਹੋਏ। ਇਸ ਵਿਸ਼ੇ ਉਪਰ ਡਾ. ਗੁਰਸ਼ਰਨਜੀਤ ਸਿੰਘ ਦੇ ਵਿਚਾਰ ਧਿਆਨ ਦੇਣ ਯੋਗ ਹਨ-‘ਗੁਰੂ ਗ੍ਰੰਥ ਸਾਹਿਬ ਨੂੰ ਕਈ ਪ੍ਰੇਮੀ ‘ਪ੍ਰਗਟ ਗੁਰਾਂ ਕੀ ਦੇਹ` ਕਰਕੇ ਮੰਨਦੇ ਹਨ। ਅਦਾਲਤ ਦੇ ਇੱਕ ਫੈਸਲੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਿਅਕਤੀ ਮੰਨ ਲਿਆ ਗਿਆ ਹੈ। ਇਸ ਕਾਰਣ ਪ੍ਰੇਮੀ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸਤਿਕਾਰ ਜਿਉਂਦੇ ਜਾਗਦੇ ਗੁਰੂ ਵਾਂਗ ਕਰਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਉਪਰ ਸਰਦੀਆਂ ਵਿੱਚ ਕੰਬਲ ਅਤੇ ਹੋਰ ਗਰਮ ਬਸਤਰ ਪਾਉਂਦੇ ਹਨ ਜਦੋਂ ਕਿ ਗਰਮੀਆਂ ਵਿੱਚ ਕੂਲਰ ਅਤੇ ਏਅਰ ਕੰਡੀਸ਼ਨ ਵੀ ਚਲਾਉਂਦੇ ਹਨ। ਪ੍ਰੰਤੂ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਮੰਨੀਏ ਨਾਂ, ਪਰ ਇਸ ਤਰਾਂ ਦਾ ਸਤਿਕਾਰ ਕਰਦੇ ਚਲੀਏ ਤਾਂ ਇਹ ਵਿਖਾਵਾ ਅੰਤ ਅੰਧ-ਵਿਸ਼ਵਾਸ ਹੀ ਬਣ ਕੇ ਰਹਿ ਜਾਵੇਗਾ।
ਦੇਹਧਾਰੀ ਗੁਰੂ ਡੰਮ ਦਾ ਪ੍ਰਭਾਵ ਸਿੱਖਾਂ ਵਿੱਚ ਬਹੁਤ ਜਿਆਦਾ ਹੈ। ਬਹੁ-ਗਿਣਤੀ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਪ੍ਰਭਾਵ ਕਾਰਣ ਹੀ ਦੇਹ ਸਰੂਪ ਮੰਨਣ ਲਈ ਮਜ਼ਬੂਰ ਹਨ। … … …. ਇਹ ਅਗਿਆਨਤਾ ਅਤੇ ਮਨਮਤ ਦਾ ਪ੍ਰਗਟਾਵਾ ਹੀ ਕਿਹਾ ਜਾਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਬਦ ਗੁਰੂ ਸਾਡੇ ਵਾਂਗ ਪੰਜ-ਭੂਤਕ ਸਰੀਰ ਨਹੀਂ ਰੱਖਦਾ। ਸ਼ਬਦ-ਗੁਰੂ ਦੇ ਚਰਨਾਂ ਜਾਂ ਹੋਰ ਅੰਗਾਂ ਦੀ ਕਲਪਨਾ ਕਰਨੀ, ਸਾਡੀ ਦਿਮਾਗੀ ਬਿਮਾਰੀ ਅਤੇ ਮਨਮਤੀ ਮਾਨਸਿਕਤਾ ਦੀ ਨਿਸ਼ਾਨੀ ਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰਾਂ ਪੰਜ-ਭੂਤਕ ਸਰੀਰ ਵਾਲਾ ਮੰਨਣਾ, ਉਸਦੀ ਵਡਿਆਈ ਦੀ ਥਾਂ ਦੋਸ਼ ਬਣ ਜਾਂਦਾ ਹੈ। ਪੰਜ -ਭੂਤਕ ਸਰੀਰ ਤਾਂ ਨਾਸ਼ ਹੋ ਜਾਂਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਤਾਂ ਜੁਗੋ ਜੁਗ ਅੱਟਲ ਹੈ। `(ਗੁਰਮਤ ਨਿਰਨਯ ਕੋਸ਼-ਪੰਨਾ 86)ਉਪਰੋਕਤ ਦਰਸਾਏ ਪ੍ਰਚਲਿਤ ਅੰਧ-ਵਿਸ਼ਵਾਸ ਦੀ ਜੜ੍ਹ ਕਿਥੇ ਹੈ?
1708 ਈ. ਤੋਂ ਲੈ ਕੇ ਲਗਭਗ ਅੰਗਰੇਜੀ ਰਾਜ ਦੇ ਆਰੰਭ ਤਕ ਸਿੱਖ ਸਮਾਜ ਅੰਦਰ ਕੋਈ ਸੰਤਵਾਦ/ਡੇਰਾਵਾਦ/ ਬਾਬਾਵਾਦ ਆਦਿ ਦਾ ਪ੍ਰਚਲਣ ਨਹੀਂ ਸੀ। ਉਸ ਸਮੇਂ ਦੌਰਾਨ ਸਿੱਖ ਸ਼ਬਦ ਗੁਰੂ ਨਾਲ ਜੁੜ ਕੇ ਉਸਦੀ ਅਗਵਾਈ ਹੇਠ ਕੈਸਾ ਸ਼ਾਨਦਾਰ ਸ਼ਹਾਦਤਾਂ/ ਪ੍ਰਾਪਤੀਆਂ ਦਾ ਇਤਿਹਾਸ ਰਚਦੇ ਰਹੇ, ਪ੍ਰਤੱਖ ਹੈ। ਪਰ ਦੂਜੇ ਪਾਸੇ ਜਦੋਂ- ਜਦੋਂ ਸਰੀਰਕ ਰੂਪ ਵਿੱਚ ਸੰਤਵਾਦ/ ਡੇਰਾਵਾਦ/ ਬਾਬਾਵਾਦ ਆਦਿ ਦਾ ਪ੍ਰਚਲਣ ਹੋਇਆ ਉਸ ਸਮੇਂ ਨਾਲ-ਨਾਲ ਸ਼ਬਦ ਗੁਰੂ ਦਾ ਦੇਹ ਰੂਪ ਵਿੱਚ ਪੂਜਣਾ ਪ੍ਰਚਲਿਤ ਹੋ ਜਾਣਾ - ਦੋਵੇਂ ਨੁਕਤੇ ਆਪਸ ਵਿੱਚ ਜੁੜੇ ਪ੍ਰਤੀਤ ਹੁੰਦੇ ਹਨ। ਲਗਦਾ ਹੈ ਕਿ ਆਪਣੇ ਸਰੀਰ ਦੀ ਪੂਜਾ ਕਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਰੂਪ ਵਿੱਚ ਹੀ ਪ੍ਰਚਾਰਣ ਨਾਲ ਉਹਨਾਂ ਦਾ ਆਪਣਾ ਉਲੂ ਸਿੱਧਾ ਕਰਨਾ ਸੌਖਾਲਾ ਹੁੰਦਾ ਸੀ ਅਤੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਰੂਪ ਵਿੱਚ ਪ੍ਰਚਲਤ ਕਰਨ ਵਾਲਿਆਂ ਲਈ ਸਭ ਤੋਂ ਵੱਧ ਆਧਾਰ ਸਾਡੇ ਧਾਰਮਿਕ ਦੀਵਾਨਾਂ ਵਿੱਚ ਅਰਦਾਸ ਤੋਂ ਬਾਅਦ ਪਰ ਜੈਕਾਰੇ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਗਾਏ ਜਾਣ ਵਾਲੇ ਦੋਹਰਿਆਂ ਦੀ ਪ੍ਰਚਲਿਤ ਰਵਾਇਤ ਵਿਚੋਂ ਮਿਲਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਉਪਰ ਤਿੰਨ ਦੋਹਰੇ ਪੜੇ ਜਾਣ ਕਰਕੇ ਬਹੁਗਿਣਤੀ ਦੀਵਾਨਾਂ ਵਿੱਚ ਵੀ ਇਹ ਪੜ੍ਹੇ ਜਾਂਦੇ ਹਨ-
ਆਗਿਆ ਭਾਈ ਅਕਾਲ ਕੀ, ਤਬੀ ਚਲਾਯੋ ਪੰਥ।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ।ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ ਲੇਹ।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।
ਉਕਤ ਦੋਹਰੇ ਗੁਰੂ ਸਾਹਿਬ ਦੇ ਉਚਾਰਣ ਕੀਤੇ ਹੋਏ ਨਹੀਂ ਹਨ ਅਤੇ ਗੁਰਬਾਣੀ ਵੀ ਨਹੀਂ ਹਨ। ਜਿਸ ਰੂਪ ਵਿੱਚ ਅਸੀਂ ਅੱਜ ਪੜ੍ਹਦੇ ਹਾਂ, ਪਹਿਲੇ ਦੋ ਦੋਹਿਰੇ ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ਵਿਚੋਂ ਲਏ ਗਏ ਹਨ ਅਤੇ ਤੀਜਾ ਦੋਹਰਾ ਭਾਈ ਨੰਦ ਲਾਲ ਜੀ ਰਚਿਤ ਰਹਿਤਨਾਮੇ (ਤਨਖਾਹਨਾਮਾ ਭਾਈ ਨੰਦ ਲਾਲ) ਵਿਚੋਂ ਲਿਆ ਗਿਆ ਹੈ।
‘ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ` ਨੂੰ ਅਧਾਰ ਬਣਾ ਕੇ ਸਿੱਖ ਧਰਮ ਦੇ ਮੂਲ ਸਿਧਾਂਤ ‘ਪੂਜਾ ਅਕਾਲ ਕੀ - ਪਰਚਾ ਸ਼ਬਦ ਕਾ -ਦੀਦਾਰ ਖਾਲਸੇ ਕਾ-ਆਤਮਾ ਗ੍ਰੰਥ ਵਿੱਚ - ਸਰੀਰ ਪੰਥ ਵਿਚ` ਦਾ ਪੂਰਨ ਰੂਪ ਵਿੱਚ ਉਲੰਘਣ ਕੀਤਾ ਜਾ ਰਿਹਾ ਪ੍ਰਤੱਖ ਰੂਪ ਵਿੱਚ ਵਰਤਦਾ ਦਿਖਾਈ ਦੇ ਰਿਹਾ ਹੈ।
ਇਸ ਤੀਜੀ ਪੰਕਤੀ ਸਬੰਧੀ ਡਾ. ਜਸਵੰਤ ਸਿੰਘ ਨੇਕੀ ਦੇ ਵਿਚਾਰ ਧਿਆਨ ਗੋਚਰੇ ਲਿਆਉਣੇ ਲਾਹੇਵੰਦ ਰਹਿਣਗੇ-‘ਤੀਜੀ ਗੱਲ ਗੁਰੂ ਗ੍ਰੰਥ ਸਾਹਿਬ ਨੂੰ ‘ਪ੍ਰਗਟ ਗੁਰਾਂ ਕੀ ਦੇਹ` ਸਮਝਣਾ ਹੈ।
ਇਹ ਗੱਲ ਗੁਰਮਤਿ ਸਿਧਾਂਤ ਅਨੁਸਾਰ ਸਹੀ ਨਹੀਂ, ਸੰਦੇਹ ਜਨਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਦੀ ਜੋਤ ਹੈ, ਦੇਹ ਨਹੀਂ। ਗੁਰੂ ਦਾ ਸਰੀਰਕ ਦੀਦਾਰ ਤਾਂ ਖਾਲਸੇ ਵਿੱਚ ਹੈ … ਜਾਪਦਾ ਹੈ ‘ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ` ਵਾਲਾ ਦੋਹਿਰਾ ਦੇਹਧਾਰੀ ਗੁਰੂ ਦੇ ਸਿਧਾਂਤ ਨੂੰ ਰੱਦਣ ਵਾਸਤੇ ਪ੍ਰਚਲਿਤ ਕੀਤਾ ਗਿਆ ਹੈ। `(ਅਰਦਾਸ-ਪੰਨਾ 342, 343)ਸਪਸ਼ਟ ਹੈ ਕਿ ਪ੍ਰਗਟ ਗੁਰਾਂ ਕੀ ਦੇਹ ਵਾਲੇ ਸ਼ਬਦ ਜਿਥੇ ਦੇਹਧਾਰੀ ਗੁਰੂ ਡੰਮ ਪ੍ਰਥਾ ਦਾ ਵਿਰੋਧ ਕਰਦੇ ਹਨ ਪਰ ਉਸਦੇ ਨਾਲ-ਨਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਆਖਣ ਦੀ ਭੁੱਲ ਵੀ ਕਰਦੇ ਹਨ। ਗਿਆਨੀ ਗਿਆਨ ਸਿੰਘ ਵਲੋਂ ‘ਪੰਥ ਪ੍ਰਕਾਸ਼` ਗ੍ਰੰਥ ਅੰਦਰ ਰਚਿਤ ਇਹਨਾਂ ਦੋਹਰਿਆਂ ਦੇ ਮੂਲ ਵਲ ਜਦੋਂ ਅਸੀਂ ਪੜਚੋਲ ਕਰਕੇ ਵੇਖਦੇ ਹਾਂ ਤਾਂ ਗੱਲ ਨਿਤਰ ਕੇ ਕੁੱਝ ਹੋਰ ਹੀ ਸਾਹਮਣੇ ਆ ਜਾਂਦੀ ਹੈ। ਇਸ ‘ਪੰਥ ਪ੍ਰਕਾਸ਼` ਗ੍ਰੰਥ ਦੀ ਰਚਨਾ ਸੰਬਧੀ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ-
‘ਸ੍ਰ. ਰਤਨ ਸਿੰਘ ਭੰਗੂ ਜੀ (ਪੁਤਰ ਸ੍ਰ. ਰਾਇ ਸਿੰਘ- ਪੋਤਰਾ ਸ੍ਰ. ਮਹਿਤਾਬ ਸਿੰਘ ਮੀਰਾਕੋਟ) ਦੇ ਪੰਥ ਪ੍ਰਕਾਸ਼ ਦੀ ਕਵਿਤਾ ਛੰਦ ਸ਼ਾਸ਼ਤ੍ਰ ਦੇ ਨਿਯਮਾਂ ਅਨੁਸਾਰ ਨਾ ਦੇਖਕੇ ਲੋਂਗੌਵਾਲ ਨਿਵਾਸੀ ਗਯਾਨੀ ਗਯਾਨ ਸਿੰਘ ਜੀ ਨੇ ਉਸ ਵਿੱਚ ਬਹੁਤ ਪ੍ਰਸੰਗ ਹੋਰ ਮਿਲਾਕੇ ਸੰਮਤ 1924 (1867 ਈ.) ਵਿੱਚ ਨਵਾਂ ‘ਪੰਥ ਪ੍ਰਕਾਸ਼` ਰਚਿਆ ਜਿਸ ਦੀ ਪਹਿਲੀ ਐਡੀਸ਼ਨ 1937 (1880 ਈ.) ਵਿੱਚ ਛਪੀ ਹੈ।(ਮਹਾਨ ਕੋਸ਼-ਪੰਨਾ 794)ਮਹਾਨ ਕੋਸ਼ ਦੀ ਉਕਤ ਲਿਖਤ ਤੋਂ ਇਹ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਤੋਂ ਬਹੁਤ ਚਿਰ ਬਾਅਦ ਉਨੀਵੀਂ ਸਦੀ ਵਿੱਚ ਗਿਆਨੀ ਗਿਆਨ ਸਿੰਘ ਦੁਆਰਾ ‘ਪੰਥ ਪ੍ਰਕਾਸ਼` ਦੀ ਰਚਨਾ ਕੀਤੀ ਗਈ। ਇਸ ਦੇ ਉਲਟ ਇਹੀ ਦੋਹਿਰੇ ਭਾਈ ਪ੍ਰਹਲਾਦ ਸਿੰਘ ਜੀ ਦੇ ਰਹਿਤਨਾਮੇ ਵਿੱਚ ਵੀ ਅੰਕਿਤ ਮਿਲਦੇ ਹਨ ਜਿਨ੍ਹਾਂ ਦਾ ਸਰੂਪ ਉਥੇ ਕੁੱਝ ਹੋਰ ਹੈ।
ਭਾਈ ਪ੍ਰਹਲਾਦ ਸਿੰਘ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਹੋਣ ਦੀ ਗੱਲ ਕਰਦੇ ਹੋਏ ਰਹਿਤਨਾਮਾ ਲਿਖਦੇ ਹਨ।
ਸ੍ਰ. ਪਿਆਰਾ ਸਿੰਘ ਪਦਮ ਵਲੋਂ ਸੰਪਾਦਿਤ ਪੁਸਤਕ ‘ਰਹਿਤਨਾਮੇ` ਵਿੱਚ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਵਲੋਂ ਪੰਨਾ 67 ਉਪਰ ਮੂਲ ਰੂਪ ਵਿੱਚ ਉਚਾਰਣ ਕੀਤੇ ਗਏ ਦੋਵੇਂ ਦੋਹਰਿਆਂ ਦਾ ਸਰੂਪ ਇਸ ਤਰਾਂ ਦਿਤਾ ਗਿਆ ਹੈ-
- ਗੁਰੂ ਖਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹੁ। ੨੪।-
ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਯੋ ਪੰਥ।ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ। ੩੦
।ਉਪਰੋਕਤ ਸਾਰੀ ਵਿਚਾਰ ਤੇ ਇਹਨਾਂ ਦੇ ਰਚਨਾ ਕਾਲ ਤੋਂ ਇਹ ਪੱਖ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਇਹਨਾਂ ਦੋਹਰਿਆਂ ਦਾ ਮੌਲਿਕ ਰੂਪ ਭਾਈ ਪ੍ਰਹਲਾਦ ਸਿੰਘ ਦਾ ਹੀ ਹੈ। ਇਸ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਵਲੋਂ (ਗੁਰਮਤਿ ਮਾਰਤੰਡ-ਪੰਨਾ ੩੩੧) ਸਪਸ਼ਟ ਨਿਰਣਾ ਦਿਤਾ ਗਿਆ ਹੈ ਕਿ ਹੁਣ ਇਹ ਪਾਠ ਕਈ ਸਿੱਖਾਂ ਨੇ ਆਪ ਹੀ ਮਨਘੜਤ ਬਣਾ ਲਿਆ ਹੈ। ਇਹਨਾਂ ਦੋਹਰਿਆਂ ਵਿੱਚ ਗਿਆਨੀ ਗਿਆਨ ਸਿੰਘ ਨੇ ਕੁੱਝ ਤਬਦੀਲੀਆਂ ਕੀਤੀਆਂ ਹਨ ਜਿਵੇਂ
‘ਗੁਰੂ ਖਾਲਸਾ ਮਾਨੀਅਹ` ਦੀ ਥਾਂ ਤੇ ‘ਗੁਰੂ ਗ੍ਰੰਥ ਜੀ ਮਾਨਯੋ`-
‘ਜੋ ਸਿਖ ਮੋ ਮਿਲਬੇ ਚਹਿਹ` ਦੀ ਥਾਂ ਤੇ ਜੋ ਪ੍ਰਭ ਕੋ ਮਿਲਬੋ ਚਹੈ`-
‘ਖੋਜ ਇਨਹੁ ਮਹਿ ਲੇਹੁ` ਦੀ ਥਾਂ ਤੇ ‘ਖੋਜ ਸ਼ਬਦ ਮਹਿ ਲੇਹ` ਆਦਿ।
ਬਸ ਇਹੀ ਤਬਦੀਲੀਆਂ ਹੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਰੂਪ ਵਿੱਚ ਮੰਨਣ ਵਾਲੇ ਪਾਸੇ ਲਿਜਾਂਦੀਆਂ ਹਨ। ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਦੋਵਾਂ ਲਿਖਤਾਂ (ਭਾਈ ਪ੍ਰਹਲਾਦ ਸਿੰਘ- ਗਿਆਨੀ ਗਿਆਨ ਸਿੰਘ) ਵਿਚੋਂ ਸਿੱਖ ਵਿਚਾਰਧਾਰਾ ਅਨੁਸਾਰ ਕਸਵੱਟੀ ਉਪਰ ਪੂਰਾ ਕੌਣ ਉਤਰਦਾ ਹੈ?
ਸਿੱਖ ਸਿਧਾਂਤ ‘ਪੂਜਾ ਅਕਾਲ ਕੀ- ਪਰਚਾ ਸ਼ਬਦ ਕਾ- ਦੀਦਾਰ ਖਾਲਸੇ ਕਾ- ਆਤਮਾ ਗ੍ਰੰਥ ਵਿੱਚ – ਸਰੀਰ ਪੰਥ ਵਿੱਚ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਉਪਰ ਭਾਈ ਪ੍ਰਹਲਾਦ ਸਿੰਘ ਦੇ ਉਚਾਰਣ ਕੀਤੇ ਬਚਨ ਪ੍ਰਤੱਖ ਰੂਪ ਵਿੱਚ ਪੂਰੀ ਤਰਾਂ ਪੂਰੇ ਉਤਰਦੇ ਹੋਏ ਸਾਹਮਣੇ ਆਉਂਦੇ ਹਨ।ਭਾਈ ਪ੍ਰਹਲਾਦ ਸਿੰਘ ਰਚਿਤ ਦੋਹਰੇ ਅਨੁਸਾਰ ਸਰੀਰ ਕਰਕੇ ਖਾਲਸਾ ਹੀ ਸਤਿਗੁਰਾਂ ਦਾ ਪ੍ਰਗਟ ਰੂਪ ਹੈ ਜੋ ਪੂਰੀ ਤਰਾਂ ਗੁਰਮਤਿ ਅਨੁਕੂਲਤਾ ਵਿੱਚ ਹੈ। ਜਿਵੇਂ ਸਾਡੀ ਮਰਯਾਦਾ ਹੈ ਕਿ ਆਤਮਕ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਗੁਰੂ ਦਾ ਸਰੀਰਕ ਰੂਪ ਵਿੱਚ ਪ੍ਰਤੀਨਿਧਤਵ ਕਰਦੇ ਹੋਏ ਅੰਮ੍ਰਿਤਪਾਨ ਕਰਾਉਂਦੇ ਹਨ ਅਤੇ ਨਗਰ ਕੀਰਤਨ ਸਮੇਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਕਰਦੇ ਹਨ। ਇਸ ਤਰਾਂ ਗੁਰਮਤਿ ਸਿਧਾਂਤ ‘ਆਤਮਾ ਗ੍ਰੰਥ ਵਿਚ-ਸਰੀਰ ਪੰਥ ਵਿਚ` ਦਾ ਪ੍ਰੈਕਟੀਕਲ ਪ੍ਰਤੱਖ ਰੂਪ ਵਿੱਚ ਵਰਤਦਾ ਦਿਖਾਈ ਦਿੰਦਾ ਹੈ। ਇਸਦੇ ਉਲਟ ਸ਼ਬਦ ਗੁਰੂ ਨੂੰ ਦੇਹ ਸਰੂਪ ਵਿੱਚ ਮੰਨਣ ਵਾਲੇ ਲੋਕਾਂ ਵਲੋਂ ਦਿਤੀ ਜਾਂਦੀ ਦਲੀਲ ਕਿ ਸਾਡੇ ਮਹਾਂਪੁਰਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਰੂਪ ਮੰਨ ਕੇ ਪ੍ਰਾਪਤੀ ਕੀਤੀ ਹੈ ਕੇਵਲ ਢੁੱਚਰਬਾਜ਼ੀ, ਅੰਧ-ਵਿਸ਼ਵਾਸ, ਅਗਿਆਨਤਾ ਦੀ ਸ਼ਿਖਰ ਤੋਂ ਵੱਧ ਕੋਈ ਵੀ ਵਜ਼ਨ ਨਹੀ ਰੱਖਦੀ ਹੈ।ਹੋ ਸਕਦਾ ਹੈ ਇਹਨਾਂ ਤਬਦੀਲੀਆਂ ਪਿਛੇ ਗਿਆਨੀ ਗਿਆਨ ਸਿੰਘ ਦੇ ਮਨ ਅੰਦਰਲੀ ਭਾਵਨਾ ਵਿੱਚ ਕੋਈ ਖੋਟ ਨਾ ਹੀ ਹੋਵੇ ਸਗੋਂ ਵਧਦੇ ਹੋਏ ਦੇਹਧਾਰੀ ਗੁਰੂ ਡੰਮ ਨੂੰ ਠੱਲ ਪਾਉਣ ਲਈ ਹੀ ਯਤਨ ਹੋਵੇ।ਪ੍ਰੰਤੂ ਇਸਦੇ ਨਾਲ-ਨਾਲ ਇਹ ਪੱਖ ਵਿਚਾਰ ਵਿੱਚ ਰੱਖਣਾ ਵੀ ਜ਼ਰੂਰੀ ਸੀ ਕਿ ਜਿਵੇਂ ਸਰੀਰਕ ਰੋਗਾਂ ਦੀ ਨਵਰਿਤੀ ਲਈ ਡਾਕਟਰ ਸਮੇਂ ਅਨੁਸਾਰ ਦਵਾਈ ਅਤੇ ਪ੍ਰਹੇਜ਼ ਦਸਦਾ ਹੈ, ਪਰ ਹਮੇਸ਼ਾ ਲਈ ਨਹੀਂ ਸਗੋਂ ਕੁੱਝ ਸਮੇਂ ਬਾਅਦ ਇਸ ਨੂੰ ਬੰਦ ਕਰਨਾ ਵੀ ਜ਼ਰੂਰੀ ਹੁੰਦਾ ਹੈ। ਲਗਦਾ ਹੈ ਕਿ ‘ਪ੍ਰਗਟ ਗੁਰਾਂ ਕੀ ਦੇਹ` ਉਸ ਸਮੇਂ ਦੀ ਲੋੜ ਹੋਵੇਗੀ, ਸ਼ਾਇਦ ਅਸੀਂ ਬੰਦ ਕਰਨਾ ਭੁੱਲ ਗਏ ਹਾਂ।
ਸਿਖ ਇਤਿਹਾਸ ਅੰਦਰ ‘ਮਸੰਦ` ਗੁਰੂ ਰਾਮਦਾਸ ਸਾਹਿਬ ਵਲੋਂ ਦਸਵੰਧ ਦੀ ਕਾਰ ਭੇਟਾ ਸੰਗਤਾਂ ਤੋਂ ਗੁਰੂ ਘਰ ਤਕ ਪਹੁੰਚਾਉਣ ਵਾਸਤੇ ਆਪ ਚਲਾਈ ਪ੍ਰਥਾ ਨੂੰ ਨੇਪੜੇ ਚਾੜ੍ਹਣ ਹਿਤ ਸਹਿਯੋਗੀ ਗੁਰਸਿਖ ਪਦਵੀ ਸੀ। ਪ੍ਰੰਤੂ ਇਸੇ ਪਦਵੀ ਵਾਲੇ ਜੇ ਸਿਖੀ ਕਿਰਦਾਰ ਤੋਂ ਨੀਵੇਂ ਹੋ ਗਏ ਤਾਂ ਇਹਨਾਂ ਮਸੰਦਾਂ ਦੀਆਂ ਕਰਤੂਤਾਂ ਨੂੰ ਵੇਖ ਕੇ ਸਮੇਂ ਦੀਆਂ ਲੋੜਾਂ ਅਨੁਸਾਰ ਇਸ ਪ੍ਰਥਾ ਨੂੰ ਦਸਵੇਂ ਜਾਮੇ ਅੰਦਰ ਤੁਰੰਤ ਬੰਦ ਵੀ ਕਰ ਦਿਤਾ ਗਿਆ ਸੀ। ਸ਼ਾਇਦ ਅਸੀਂ ਇਸ ਇਤਿਹਾਸਕ ਪੱਖ ਤੋਂ ਸੇਧ ਲੈਣ ਦੀ ਵੀ ਜ਼ਰੂਰਤ ਨਹੀਂ ਸਮਝੀ।
ਗਿਆਨੀ ਗਿਆਨ ਸਿੰਘ ਰਚਿਤ ਦੋਹਰੇ ਦੇ ਸ਼ਬਦ ‘ਪ੍ਰਗਟ ਗੁਰਾਂ ਕੀ ਦੇਹ` ਦੀ ਆੜ ਹੇਠ ਸਿਧਾਂਤਕ ਉਲੰਘਣਾ ਕਰਦੇ ਹੋਏ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਹ ਸਰੂਪ ਵਿੱਚ ਪ੍ਰਚਾਰਣ ਲਈ ਸਭ ਤੋਂ ਵੱਧ ਜਿੰਮੇਵਾਰ ਸੰਸਥਾ ਨਾਨਕਸਰ ਅਤੇ ਉਸ ਨਾਲ ਜੁੜੀਆਂ ਵੱਖ-ਵੱਖ ਸੰਪਰਦਾਵਾਂ, ਸੰਗਤਾਂ ਹਨ। ਇਹਨਾਂ ਦੀ ਵੇਖਾ-ਵੇਖੀ ਅੰਧ-ਵਿਸ਼ਵਾਸ, ਅਗਿਆਨਤਾ ਵੱਸ ਕੋਈ ਦਰਗਾਹੀ ਨਕਸ਼ੇ ਦੇ ਨਾਮ ਹੇਠ ਮਨੁੱਖੀ ਨਿਰਮਿਤ ਸਚਖੰਡ ਉਸਾਰ ਕੇ ਬੈਠ ਗਿਆ ਹੈ, ਗਰਮੀ ਸਰਦੀ ਦੇ ਪ੍ਰਭਾਵ ਅਧੀਨ ਮੰਨ ਕੇ ਸ਼ਬਦ ਗੁਰੂ ਲਈ ਏਅਰ ਕੰਡੀਸ਼ਨ, ਕੂਲਰ, ਹੀਟਰ, ਗਰਮ-ਸਰਦ ਰੁਮਾਲੇ ਆਦਿ ਦੇ ਪ੍ਰਬੰਧ ਆਮ ਦੇਖੇ ਜਾ ਸਕਦੇ ਹਨ। ਕਈ ਦੇਹ ਰੂਪ ਮੰਨਦੇ ਹੋਏ ਕਿਵਾੜ ਬੰਦ ਕਰਕੇ ਮੂਰਤੀਆਂ ਵਾਂਗ ਭੋਗ ਲਗਾ ਰਹੇ ਹਨ, ਕੋਈ ਬਾਬਾ ਸੀਸ ਤੇ ਸਰੂਪ ਲੈ ਕੇ ਪੈਦਲ, ਕੋਈ ਹੈਲੀਕਾਪਟਰ ਵਿੱਚ ਸੈਰ ਕਰਾਉਣ ਦੇ ਅਡੰਬਰ ਕਰ ਰਿਹਾ ਹੈ। ਕੋਈ ਮਨੁੱਖੀ ਬਸਤਰਾਂ ਵਾਂਗ ਬਸਤਰ ਪਾਉਣ ਦੇ ਪ੍ਰਪੰਚ ਕਰ ਰਿਹਾ ਹੈ। ਅੱਜ ਇਸੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸਬੰਧੀ ਲਿਖਣ- ਬੋਲਣ ਸਮੇਂ ‘ਅੰਕ-ਪੰਨਾ-ਅੰਗ` ਦਾ ਝਗੜਾ ਰੱਬ ਨੇੜੇ ਕਿ ਘਸੁੰਨ ਤਕ ਪਹੁੰਚਿਆ ਹੋਇਆ ਆਮ ਦੇਖਣ ਨੂੰ ਮਿਲਦਾ ਹੈ।
ਅਜੋਕੇ ਸਮੇਂ ਦੌਰਾਨ ਅਕਸਰ ਹੀ ਗੁਰਦੁਆਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖ ਆਸਣ/ ਪ੍ਰਕਾਸ਼ ਅਸਥਾਨਾਂ ਉਪਰ ਪਾਵਨ ਸਰੂਪ ਅਗਨਭੇਂਟ ਹੋਣ ਸਬੰਧੀ ਦੁਰਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਦੇ ਅਸਲ ਕਾਰਣਾਂ ਵਲ ਨਿਰਪੱਖਤਾ ਨਾਲ ਝਾਤੀ ਮਾਰਣ ਦੀ ਥਾਂ ਤੇ ਇਹਨਾਂ ਲਈ ਸ਼ਰਾਰਤੀ ਅਨਸਰਾਂ ਨੂੰ ਜਿੰਮੇਵਾਰ ਦਸਦੇ ਹੋਏ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ। ਜਦੋਂ ਕਿ ਇਸ ਸਬੰਧੀ ਅਸਲੀਅਤ ਇਹ ਹੈ ਕਿ ‘ਪ੍ਰਗਟ ਗੁਰਾਂ ਕੀ ਦੇਹ` ਵਾਲੀ ਭਾਵਨਾ ਤਹਿਤ 90% ਤੋਂ ਵੱਧ ਦੁਰਘਟਨਾਵਾਂ ਗਰਮੀ-ਸਰਦੀ-ਸਜਾਵਟ ਆਦਿ ਦੇ ਕੀਤੇ ਬਿਜਲਈ ਪ੍ਰਬੰਧਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਣ ਹੀ ਵਾਪਰ ਰਹੀਆਂ ਹਨ। ਐਸਾ ਵਾਪਰਣ ਤੋਂ ਬਾਅਦ ਸਾਡੇ ਜਥੇਦਾਰ, ਰਾਜਨੀਤਕ, ਧਾਰਮਿਕ, ਸਮਾਜਕ ਆਗੂ ਆਪਣੇ-ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਹਿਤ ਮਗਰਮੱਛ ਦੇ ਹੰਝੂ ਵਹਾਉਣ ਲਈ ਜ਼ਰੂਰ ਪਹੁੰਚ ਜਾਂਦੇ ਹਨ। ਪਸ਼ਚਾਤਾਪ ਸਮਾਗਮਾਂ ਸਮੇਂ ਭਾਸ਼ਣਬਾਜ਼ੀਆਂ ਕਰਦੇ ਹੋਏ ਸਭ ਕੁੱਝ ਸ਼ਰਾਰਤੀ ਅਨਸਰਾਂ ਦੇ ਖਾਤੇ ਵਿੱਚ ਪਾ ਕੇ ਇਸ ਤਰਾਂ ਦੀ ਮੰਦਭਾਗੀ ਘਟਨਾ ਦੀ ਅਗਲੀ ਉਡੀਕ ਵਿੱਚ ਵਿਦਾ ਹੋ ਜਾਂਦੇ ਹਨ। ਐਸੇ ਸਮਿਆਂ ਤੇ ਇਸ ਸਬੰਧ ਵਿੱਚ ਲੋੜੀਂਦੀ ਅਗਾਊਂ ਚੇਤਨਤਾ ਵਾਲੇ ਪ੍ਰਬੰਧ ਕਰਨ ਸਬੰਧੀ ਕੋਈ ਵੀ ਜਿੰਮੇਵਾਰੀ ਨਿਭਾਉਣ ਲਈ ਲੋੜ ਨਹੀਂ ਸਮਝੀ ਜਾਂਦੀ।ਜੇ ਸ਼ਬਦ ਗੁਰੂ ਨੂੰ ਸਰੀਰ ਰੂਪ ਮੰਨਦੇ ਰਹੇ ਤਾਂ ਸਰੀਰ ਦੀਆਂ ਲੋੜਾਂ ਤਾਂ ਹੋਰ ਵੀ ਬਹੁਤ ਹੁੰਦੀਆਂ ਹਨ। ਗੱਲ ਇਥੇ ਹੀ ਖਤਮ ਨਹੀਂ ਹੁੰਦੀ, ਇਸ ਤੋਂ ਅੱਗੇ ਵੀ ਜਿਸ ਦੇ ਜੋ ਮਨ ਵਿੱਚ ਆਉਂਦਾ ਹੈ, ਬਿਨਾ ਸੋਚੇ -ਸਮਝੇ- ਵਿਚਾਰੇ ਆਪਣੀ ਮਨਮਰਜ਼ੀ ਨਾਲ ਹੀ ਇਸ ਪਾਸੇ ਤੁਰੀ ਜਾਂਦਾ ਹੈ। ਪਤਾ ਨਹੀਂ ਇਸ ਸਭ ਕੁੱਝ ਦਾ ਅੰਤ ਕਦੋਂ, ਕਿਥੇ, ਕਿਸ ਰਾਹੀਂ, ਕਿਵੇਂ ਹੋਵੇਗਾ?
ਇਸ ਵਿਸ਼ੇ ਨਾਲ ਸਬੰਧਿਤ ਸ੍ਰ. ਰਘਬੀਰ ਸਿੰਘ ਬੀਰ ਦੀ ਪੁਸਤਕ ਰਮਜ਼ੀ ਕਹਾਣੀਆਂ ਵਿਚੋਂ ‘ਖੋਜੀ ਦੀ ਨਿਰਾਸਤਾ` ਕਹਾਣੀ ਨੂੰ ਪੜ੍ਹ ਕੇ ਸਮਝਣ ਦੀ ਲੋੜ ਹੈ। ਲੇਖਕ ਨੇ ਜੋ ਰਮਜ਼ ਭਰਪੂਰ ਨੁਕਤੇ ਨੂੰ ਉਠਾ ਕੇ ਖੋਜੀ ਦੀ ਖੋਜ ਭਰਪੂਰ ਪੁਸਤਕ ਨੂੰ ਪੜ੍ਹਣ-ਘੋਖਣ- ਵਿਚਾਰਣ ਦੀ ਬਜਾਏ ਕੇਵਲ ਵਧੀਆ ਤੋਂ ਵਧੀਆ ਤਰੀਕੇ ਨਾਲ ਬਾਹਰੀ ਸਤਿਕਾਰ ਕਰਨ ਵਾਲੇ ਪੱਖ ਨੂੰ ਸਾਹਮਣੇ ਰੱਖਦੇ ਹੋਏ ਨਿਰਾਸ਼ ਖੋਜੀ ਦਾ ਚਿਤਰਨ ਕੀਤਾ ਗਿਆ ਹੈ। ਇਹ ਖੋਜੀ ਕੋਈ ਹੋਰ ਨਹੀਂ ਗੁਰੂ ਅਰਜਨ ਸਾਹਿਬ ਵਲ ਇਸ਼ਾਰਾ ਕੀਤਾ ਗਿਆ ਹੈ। ਅਜ ਸਾਡੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇਵਲ ਵੱਧ ਤੋਂ ਵੱਧ ਬਾਹਰੀ ਸਤਿਕਾਰ ਨੂੰ ਵੇਖਦੇ ਹੋਏ ਸਤਿਗੁਰੂ ਵੀ ਨਿਰਾਸ਼ ਹੀ ਹੋਣਗੇ। ਲੋੜ ਤਾਂ ਇਸ ਗੱਲ ਦੀ ਹੈ ਕਿ ਗੁਰੂ ਸਿਧਾਂਤਾਂ ਦੇ ਅੰਦਰ ਰਹਿੰਦਿਆਂ ਬਹਿਰੂਨੀ ਸਤਿਕਾਰ ਦੇ ਨਾਲ-ਨਾਲ ਪਿਉ ਦਾਦੇ ਦੇ ਖਜ਼ਾਨੇ ਰੂਪੀ ਸ਼ਬਦ ਗੁਰੂ ਨੂੰ ਵਿਚਾਰਦੇ ਹੋਏ ਉਸ ਵਿੱਚ ਦਰਸਾਏ ਹੁਕਮਾਂ ਦੀ ਪਾਲਣਾ ਵਾਲੇ ਅੰਦਰੂਨੀ ਸਤਿਕਾਰ ਨੂੰ ਪ੍ਰਮੁੱਖਤਾ ਦਿਤੀ ਜਾਵੇ। ਇਸੇ ਵਿੱਚ ਹੀ ਸਾਡਾ ਆਪਣਾ ਅਤੇ ਸਿੱਖ ਸਮਾਜ ਦਾ ਭਲਾ ਹੈ। ਗਿਆਨ ਭਰਪੂਰ ਸ਼ਬਦ ਗੁਰੂ ਨਾਲ ਜੁੜ ਕੇ ਹੀ ਜੀਵਨ ਮੰਜ਼ਿਲ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਯਾਦ ਰੱਖੀਏ-
- ਸਬਦੁ ਗੁਰੁ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।।(ਸੋਰਠਿ ਮਹਲਾ ੧-੬੩੫)
- ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ।।(ਸੋਰਠਿ ਮਹਲਾ ੩-੬੦੧)
- ਕਿਆ ਭਵੀਐ ਸਚਿ ਸੂਚਾ ਹੋਇ।।ਸਾਚ ਸਬਦੁ ਬਿਨੁ ਮੁਕਤਿ ਨ ਕੋਇ।।(ਰਾਮਕਲੀ ਮਹਲਾ ੧ ਸਿਧ ਗੋਸਟਿ -੯੩੮)
ਦਾਸ ਵਲੋਂ ਦਿਤੇ ਗਏ ਉਕਤ ਵਿਚਾਰਾਂ ਸਬੰਧੀ ਕੋਈ ਦਾਅਵੇਦਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਹ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦਾਸ ਜਿੰਨੀ ਕੁ ਮੱਤ ਲੈ ਸਕਿਆ ਹੈ, ਉਸ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ।
ਦਾਸਰਾ-
ਸੁਖਜੀਤ ਸਿੰਘ,
(98720-76876, 01822-276876)
ਸੁਖਜੀਤ ਸਿੰਘ ਕਪੂਰਥਲਾ
ਪ੍ਰ੍ਰਗਟ ਗੁਰਾਂ ਕੀ ਦੇਹ ?
Page Visitors: 2742