ਕਮਲ ਸ਼ਰਮਾ ਤੇ ਗਿਆਨੀ ਗੁਰਮੁੱਖ ਸਿੰਘ ਦਰਮਿਆਨ ਹੋਈ ਮਿਲਣੀ ਦਾ ਕੌੜਾ ਸੱਚ
September 24, 2016 | By ਨਰਿੰਦਰ ਪਾਲ ਸਿੰਘ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦਰਮਿਆਨ ਹੋਈ ਮੁਲਾਕਾਤ ਮਹਿਜ ਰਸਮੀ ਮੁਲਾਕਾਤ ਨਹੀਂ ਕੁਝ ਹੋਰ ਵੀ ਸੀ। ਇਸ ਮੁਲਾਕਾਤ ਦੀਆਂ ਜਿਉਂ-ਜਿਉਂ ਪਰਤਾਂ ਖੁੱਲ੍ਹ ਰਹੀਆਂ ਹਨ ਸਿੱਖ ਪੰਥ ਦੇ ਪੰਜਵੇਂ ਤਖਤ ਦੀ ਸੇਵਾ ਵਿੱਚ ਲੱਗੇ ਗਿਆਨੀ ਗੁਰਮੁੱਖ ਸਿੰਘ ਦੀ ਭਾਜਪਾ ਨਾਲ ਸਾਂਝ ਤੇ ਨੇੜਤਾ ਹੋਰ ਵੀ ਸਪੱਸ਼ਟ ਹੋ ਗਈ ਹੈ। ਇਹ ਨੇੜਤਾ ਇਸ ਕਦਰ ਹੈ ਕਿ ਸਿੱਖ ਕੌਮ ਦੀ ਵਿਰਾਸਤੀ ਦਸਤਾਵੇਜ਼ੀ ਖਜ਼ਾਨੇ ਨੂੰ ਕਮਲ ਸ਼ਰਮਾ ਦੇ ਸਾਹਮਣੇ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 20 ਸਤੰਬਰ ਦੀ ਸ਼ਾਮ 8 ਵਜੇ ਦੇ ਕਰੀਬ ਹੀ ਇਹ ਸੰਕੇਤ ਮਿਲ ਗਿਆ ਸੀ ਕਿ ਕੋਈ ਬਹੁਤ ਹੀ ਵੱਡੀ ਸਿਆਸੀ ਸ਼ਖਸੀਅਤ ਜਥੇਦਾਰ ਨੂੰ ਮਿਲਣ ਆ ਰਹੀ ਹੈ। ਅੰਮ੍ਰਿਤਸਰ ਤੋਂ ਸਾਬਕਾ ਭਾਜਪਾ ਕੌਂਸਲਰ ਤੇ ਹੁਣ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਖਾਲਸਾ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਤੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਇਕ ਹੋਰ ਭਾਜਪਾ ਕੌਂਸਲਰ ਸਮੇਤ ਸ਼ਾਮ ਤਕਰੀਬਨ ਸਵਾ 8 ਵਜੇ ਹੀ ਦਰਬਾਰ ਸਾਹਿਬ ਪੁਜ ਗਏ ਸਨ। ਇਥੇ ਹੀ ਬੱਸ ਨਹੀਂ ਕਮਲ ਸ਼ਰਮਾ ਨੂੰ ਦਰਬਾਰ ਸਾਹਿਬ ਤੀਕ ਲਿਆਉਣ ਲਈ ਗਿਆਨੀ ਗੁਰਮੁੱਖ ਸਿੰਘ ਹੁਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਮੁਹਈਆ ਕਰਵਾਈ ਹੋਈ ਬਲੈਰੋ ਗੱਡੀ ਲੈਕੇ ਗਿਆਨੀ ਜੀ ਦੇ ਭਰਾਤਾ-ਕਮ-ਪੀ.ਏ. ਹਿੰਮਤ ਸਿੰਘ ਤਰਨਤਾਰਨ ਮਾਰਗ ਸਥਿਤ ਸਮਾਧ ਬਾਬਾ ਨੌਧ ਸਿੰਘ ਵਿਖੇ ਪੁਜੇ ਸਨ। ਉਧਰ ਜਿਉਂ ਹੀ ਕਮਲ ਸ਼ਰਮਾ ਦਰਬਾਰ ਸਾਹਿਬ ਪੁੱਜੇ ਤਾਂ ਗਿਆਨੀ ਗੁਰਮੁੱਖ ਸਿੰਘ ਹੁਰਾਂ ਆਪ ਉਨ੍ਹਾਂ ਦੀ ਅਗਵਾਈ ਅਕਾਲ ਤਖਤ ਸਾਹਿਬ ਦੇ ਧੁਰ ਉਪਰਲੀ ਛੱਤ ਸਥਿਤ ਉਸ ਵਿਸ਼ੇਸ਼ ਕਮਰੇ ਤੀਕ ਕੀਤੀ ਜਿਥੇ ਸਾਕਾ ਨਨਕਾਣਾ ਸਾਹਿਬ ਅਤੇ ਜੂਨ 1984 ਦੌਰਾਨ ਗੋਲੀਆਂ ਨਾਲ ਛੱਲਣੀ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇਸ ਕਮਰੇ ਅੰਦਰ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਇਤਿਹਾਸਕ ਸਰੂਪਾਂ ਦੀ ਸਾਂਭ ਸੰਭਾਲ ਹੋ ਰਹੀ ਹੈ ਉਸ ਬਾਰੇ ਕਦੇ ਗਿਆਨੀ ਗੁਰਮੁੱਖ ਸਿੰਘ ਜਾਂ ਕਿਸੇ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਅਜੇ ਤੀਕ ਸੰਗਤ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ।
ਇਥੇ ਹੀ ਬੱਸ ਨਹੀਂ, ਗਿਆਨੀ ਗੁਰਮੁੱਖ ਸਿੰਘ ਦੀ ਦਰਬਾਰ ਸਾਹਿਬ ਸਥਿਤ ਰਿਹਾਇਸ਼ ਦੇ ਨਾਲ ਲੱਗਦਾ ਇੱਕ ਵਿਸ਼ੇਸ਼ ਕੰਟਰੋਲ ਰੂਮ ਮੌਜੂਦ ਹੈ ਜਿਥੋਂ ਗਿਆਨੀ ਜੀ ਸਮੁੱਚੀ ਨਿਗਰਾਨੀ ਰੱਖਦੇ ਹਨ। ਜਦ ਕਦੇ ਵੀ ਕਿਧਰੇ ਪੱਤਰਕਾਰਾਂ ਨੇ ਇਨ੍ਹਾਂ ਸਰੂਪਾਂ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਤਾਂ ਗਿਆਨੀ ਗੁਰਮੁੱਖ ਸਿੰਘ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਕਹਿੰਦੇ ਰਹੇ ‘ਆਪ ਜੀ ਕਲੱ੍ਹ ਕੇਸ਼ੀਂ ਇਸ਼ਨਾਨ ਕਰਕੇ, ਨਵੇਂ ਬਸਤਰ ਪਹਿਨ ਕੇ ਤਿਆਰ-ਬਰ-ਤਿਆਰ ਹੋ ਪੁੱਜ ਜਾਵੋ ਦਰਸ਼ਨ ਕਰਵਾ ਦਿੱਤੇ ਜਾਣਗੇ’ ਲੇਕਿਨ ਕਰਵਾਏ ਕਿਸੇ ਨੂੰ ਨਹੀਂ। ਲੇਕਿਨ 20 ਸਤੰਬਰ ਦੀ ਸ਼ਾਮ ਨੂੰ ਪੁੱਜਣ ‘ਤੇ ਇਨ੍ਹਾਂ ਇਤਿਹਾਸਕ ਸਰੂਪਾਂ ਦੇ ‘ਦਰਸ਼ਨ’ ਕਰਨ ਆਏ ਕਮਲ ਸ਼ਰਮਾ ਤੇ ਬਾਕੀ ਭਾਜਪਾ ਆਗੂਆਂ ਲਈ ਗਿਆਨੀ ਜੀ ਦਾ ਜ਼ਾਬਤਾ ਕਿਥੇ ਗਿਆ ਇਹੀ ਸਵਾਲ ਸਿੱਖ ਗਲਿਆਰਿਆਂ ਵਿੱਚ ਬਾਰ-ਬਾਰ ਪੁੱਛਿਆ ਜਾ ਰਿਹਾ ਹੈ।
ਗਿਆਨੀ ਗੁਰਮੁੱਖ ਸਿੰਘ ਹੁਰਾਂ ਦੀ ਆਪਣੀ ਰਿਹਾਇਸ਼ ‘ਤੇ ਕਮਲ ਸ਼ਰਮਾ ਨਾਲ ਹੋਈ ਪੌਣੇ ਦੋ ਘੰਟੇ ਦੇ ਕਰੀਬ ਬੰਦ ਕਮਰਾ ਮੁਲਾਕਾਤ ਵੀ ਚਰਚਾ ਵਿੱਚ ਹੈ। ਇਹ ਉਹ ਪਰਖ ਦੀ ਘੜੀ ਸੀ ਜਦੋਂ ਭਾਜਪਾ ਆਗੂ ਦੀ ਅਗਵਾਈ ਕਰਨ ਆਈ ਅੰਮ੍ਰਿਤਸਰ ਭਾਜਪਾ ਦੀ ਟੀਮ ਨੂੰ ਵੀ ਮੀਟਿੰਗ ਵਾਲੇ ਕਮਰੇ ਤੋਂ ਦੂਰ ਕਰ ਦਿੱਤਾ ਗਿਆ।
ਸਵਾਲ ਇਹ ਹੈ ਕਿ ਆਖਿਰ ਕਮਲ ਸ਼ਰਮਾ, ਭਾਜਪਾ ਦੇ ਕੌਮੀ ਸਕੱਤਰ ਤਰੁੱਣ ਚੁੱਘ ਨੂੰ ਇਹ ਸਰੂਪ ਵਿਖਾਏ ਜਾਣ ਪਿੱਛੇ ਪ੍ਰਮੁਖ ਵਜਾਹ ਕੀ ਹੈ? ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ‘ਤੇ ਹੋਏ ਫੌਜੀ ਹਮਲੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਰਹੇ ਸਰੂਪ ਵਿੱਚ ਵੀ ਗੋਲੀ ਵੱਜੀ ਸੀ। ਜ਼ਿਕਰਯੋਗ ਹੈ ਕਿ ਫੌਜ ਦੀ ਗੋਲੀ ਇਸ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੱਗੀ ਸੀ। ਜੂਨ 84 ਦੇ ਫੌਜੀ ਹਮਲੇ ਦੌਰਾਨ ਦਰਬਾਰ ਸਾਹਿਬ ਦੀ ਕੇਂਦਰੀ ਇਮਾਰਤ ਨੁੰ ਲੱਗੀਆਂ 380 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਤਾਂ ਸਾਲ 1999 ਵਿੱਚ ਸੋਨੇ ਤੇ ਸੰਗਮਰਮਰ ਦੀ ਸੇਵਾ ਕਰਦਿਆਂ ਖਤਮ ਕਰ ਦਿੱਤੇ ਗਏ ਸਨ ਪਰ ਇੱਕੋ ਇੱਕ ਅਹਿਮ ਗੋਲੀ ਦੀ ਨਿਸ਼ਾਨੀ ਇਹ ਬੀੜ ਨੇ ਸੰਭਾਲੀ ਹੋਈ ਸੀ ਜਿਸਦੀ ਸੇਵਾ ਕਰਵਾਈ ਜਾ ਰਹੀ ਹੈ। ਫਿਰ ਇਸ ਪਾਵਨ ਸਰੂਪ ਦੇ ਹੀ ਦਰਸ਼ਨ ਕਿਸੇ ਭਾਜਪਾ ਆਗੂ ਨੂੰ ਵਿਸ਼ੇਸ਼ ਤੌਰ ‘ਤੇ ਕਰਵਾਏ ਜਾਣਾ ਤਖਤਾਂ ਦੀ ਸੇਵਾ ਵਿੱਚ ਲਗੇ ਲੋਕਾਂ ਦੀ ਸੋਚ ਪ੍ਰਤੀ ਗਹਿਰੀ ਸ਼ੰਕਾ ਪ੍ਰਗਟ ਕਰਦਾ ਹੈ।
ਜਾਣਕਾਰਾਂ ਅਨੁਸਾਰ ਗਿਆਨੀ ਗੁਰਮੁੱਖ ਸਿੰਘ ਨੇ ਇਸ ਸਰੂਪ ਦੇ ਭਾਜਪਾ ਆਗੂ ਨੂੰ ਦਰਸ਼ਨ ਕਰਵਾਏ ਜਾਣ ਪ੍ਰਤੀ ਅਨਜਾਣਤਾ ਪ੍ਰਗਟਾਈ ਹੈ ਪਰ ਦੂਸਰੇ ਪਾਸੇ ਕੁਝ ਦਿਨ ਪਹਿਲਾਂ ਹੀ ਗਿਆਨੀ ਗੁਰਮੁੱਖ ਸਿੰਘ ਦੀ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਹੋਈ ਵਿਸ਼ੇਸ਼ ਮੁਲਾਕਾਤ ਅਤੇ ਇਸਦੀ ਸੂਬਾ ਸਰਕਾਰ ਨੂੰ ਮਿਲੀ ਕਨਸੋਅ ਦੀ ਚਰਚਾ ਵੀ ਛਿੜ ਚੁੱਕੀ ਹੈ। ਲੇਕਿਨ ਇਹ ਸਵਾਲ ਬੜੀ ਹੀ ਤਲਖੀ ਨਾਲ ਪੁੱਛਿਆ ਜਾਵੇਗਾ ਕਿ ਆਖਿਰ ਸਿੱਖ ਕੌਮ ਦੀ ਵਿਰਾਸਤ ਨੂੰ ਕਿਸੇ ਭਾਜਪਾ ਆਗੂ ਸਾਹਮਣੇ ਕਰਨ ਦਾ ਅਧਿਕਾਰ ਗਿਆਨੀ ਗੁਰਮੁੱਖ ਸਿੰਘ ਨੂੰ ਕਿਸਨੇ ਦਿੱਤਾ ਜਦੋਂਕਿ ਜੂਨ 84 ਦੌਰਾਨ ਭਾਰਤੀ ਫੌਜ ਵਲੋਂ ਲੁੱਟੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਸਿੱਖ ਕੌਮ ਨੂੰ ਵਾਪਸ ਕਰਨ ਤੋਂ ਭਾਜਪਾ ਸਰਕਾਰ ਵੀ ਇਨਕਾਰੀ ਹੈ।