‘ਗੁਰਮਤਿ ਬਾਰੇ ਚਿੰਤਨ ਦੀ ਹੱਦ ਅਤੇ ਸਮਰਪਣ’
ਗੁਰਸਿੱਖ ਦੇ ਜੀਵਨ ਵਿਚ ਗੁਰੂ ਦੀ ਸਿੱਖਿਆ ਤੋਂ ਵੱਧ ਵੱਡਮੁੱਲੀ ਗਲ ਕੀ ਹੋ ਸਕਦੀ ਹੈ ?
ਨਿਰਸੰਦੇਹ ਕੋਈ ਨਹੀਂ! ਗੁਰੂ ਦੀ ਤਾਕੀਦ ਹੈ ਕਿ ਸਿੱਖ, ਗੁਰੂ ਦੀ ਸਿੱਖਿਆ ਨੂੰ ਵਿਚਾਰਣ ਦਾ ਜਤਨ ਕਰਦਾ ਰਹੇ ਇਸ ਲਈ ਜਾਗਰੂਕ ਸੱਜਣ ਗੁਰਮਤਿ ਬਾਰੇ ਵਿਚਾਰਾਂ ਕਰਦੇ ਰਹਿੰਦੇ ਹਨ। ਜੀਵਨ ਭਰ ਯਥਾ ਸ਼ਕਤੀ ਗੁਰਮਤਿ ਦੀ ਵਿਚਾਰ ਕਰਨ ਵਾਲੇ ਸੂਝਵਾਨ ਤੋਂ ਸੂਝਵਾਨ ‘ਸੱਜਣ’, ਅਤੇ ‘ਗੁਰੂ’ ਵਿਚਲੇ ਅੰਤਰ ਦਾ ਭਾਵ ਇਹੀ ਬਣਦਾ ਹੈ ਕਿ ਵਿਚਾਰਣ ਵਾਲਾ ਗੁਰੂ ਦੇ ਸੰਪੁਰਣ ਗਿਆਨ/ਅਚਾਰ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ। ਇਹ ਉਹ ‘ਅੰਤਰ ਸਥਿਤੀ’ ਹੁੰਦੀ ਹੈ ਜਿਸ ਵਿਚ ਸਿੱਖ, ਗੁਰੂ ਦੀ ਉਸ ਤਾਕੀਦ/ਕੀਤੇ ਨੂੰ ਵੀ ਪੱਲੇ ਬੰਨ ਕੇ ਚਲਦਾ ਹੈ ਜੋ, ਦਰਅਸਲ, ਉਸ ਦੇ ਦਿਮਾਗ ਦੀ ਬੌਧ-ਸ਼ਕਤੀ ਤੋਂ ਬਾਹਰ ਦੀ ਗਲ ਹੁੰਦੀ ਹੈ। ਉੱਥੇ ਮਨੁੱਖੀ ਬੋਧ-ਸ਼ਕਤੀ ਕੰਮ ਨਹੀਂ ਕਰਦੀ ਕੇਵਲ ‘ਸਮਰਪਣ’ ਕੰਮ ਕਰਦਾ ਹੈ। ਗੁਰਮਤਿ ਦਾ ਦਾਇਰਾ ‘ਬੇਹਦ’ ਹੈ ਅਤੇ ਸਾਡੇ ਚਿੰਤਨ ਦੀ ‘ਹਦ’ ਮਹਦੂਦ। ਇਸ ਵਾਸਤਵਿਕਤਾ ਨੂੰ ਸਾਰੇ ਮੰਨਦੇ ਹਨ। ਪਰ ਕਈ ਥਾਂ ਇਸ ਸਵਕ੍ਰਿਤੀ ਦੀ ਵਰਤੋਂ, ਚਿੰਤਨ ਦੀ ਹਉਮੇਂ, ਜਾ ਫ਼ਿਰ ਅਣਜਾਣੇ ਹੀ ਪੱਲਣ ਵਾਲੀ ਅਗਿਆਨਤਾ ਉਤੇ ਔਪਚਾਰਿਕਤਾ (Formality) ਦਾ ਪਰਦਾ ਪਾਉਂਣ ਲਈ ਕੀਤੀ ਜਾਂਦੀ ਹੈ।
ਚੇਲਾ ਆਪ ਗੁਰੂ ਦੀ ਮੁਕੱਮਲ ਸਿੱਖਿਆ/ਕੀਤੇ ਕੰਮਾਂ ਦੇ ਹਰ ਪਹਿਲੂ ਦੀ ਸਮਝ ਵਰਗਾ ਅਤਿਕਥਨੀ ਪੁਰਣ ਦਾਵਾ ਕਰ ਹੀ ਨਹੀਂ ਸਕਦਾ। ਇਸ ਵਾਸਤਵਿਕਤਾ ਨੂੰ ਸਾਰੇ ਚਿੰਤਕ ਲਿਖਦੇ-ਬੋਲਦੇ ਕਬੂਲ ਕਰਦੇ ਚਲਦੇ ਹਨ। ਪਰ ਇਸ ਨੂੰ ਪਛਾਂਣ ਕੇ ਚਲਣ ਵਾਲੇ ਘੱਟ ਨਜ਼ਰ ਆਉਂਦੇ ਹਨ। ਕਿਉਂਕਿ ਜੇ ਕਰ ਪਛਾਂਣ ਲਿਆ ਗਿਆ ਹੋਵੇ, ਤਾਂ ਉਨ੍ਹਾਂ ਲਈ, ਉਨ੍ਹਾਂ ਨੁੱਕਤਿਆਂ ਨੂੰ ਉਜਾਗਰ ਕਰਨਾ ਜ਼ਰੂਰੀ ਹੈ, ਜਿਨ੍ਹਾਂ ਪ੍ਰਤੀ ਇਹ ਸਵੀਕਾਰ ਕਰ ਲਿਆ ਗਿਆ ਹੈ ਕਿ ਐਸੇ ਨੁੱਕਤੇ ਉਨ੍ਹਾਂ ਦੀ ਮਾਨਸਕ ਬੋਧ- ਸ਼ਕਤੀ ਤੋਂ ਬਾਹਰ ਦੀ ਗਲ ਹਨ। ਇੱਥੇ, ‘ਗੁਰੂ ਅਪਾਰ ਸਨ-ਗੁਰੂ ਅਪਾਰ ਹੈ’ ਕਹਿਣ ਮਾਤਰ ਨਾਲ ਸਪਸ਼ਟਤਾ ਦੀ ਉਹ ਸਥਿਤੀ ਨਹੀਂ ਆਉਂਦੀ, ਜਿਸ ਤੋਂ ਇਹ ਸਚਮੁੱਚ ਪਤਾ ਚਲ ਸਕੇ ਕਿ ਕਿਸੇ ਚਿੰਤਕ ਨੇ, ਕਿਸੇ ਜਗ੍ਹਾ, ਗੁਰੂਆਂ ਦੇ ਅਥਾਹ ‘ਗਿਆਨ ਅਤੇ ਅਚਾਰ’ ਦੇ ਸਨਮੁੱਖ ਆਪਣੇ ਅਲਪ ਆਤਮ-ਬੋਧ ਦਾ ਸਮਰਣ ਕੀਤਾ ਹੋਈਆ ਹੈ।
ਗੁਰੂਆਂ ਦੇ ਕੀਤੇ ਕੰਮਾਂ ਬਾਰੇ ਸਰਵ-ਗਿਆਨਤਾ ਦਾ ਦਾਵਾ, ਸਮਰਪਣ ਤੋਂ ਹੀਣ ਹੀ ਹੋ ਸਕਦਾ ਹੈ, ਜਿਸ ਵਿਚ ‘ਮੈਂਨੂ ਗੁਰੂ ਦੀ ਕਹੀ-ਕੀਤੀ ਹਰ ਗਲ ਦੇ ਸਿਧਾਂਤ ਦਾ ਗਿਆਨ ਹੈ’ ਵਰਗੀ ਅਗਿਆਨਤਾ ਝੱਲਕਦੀ ਹੈ। ਜੇਕਰ ਗੁਰੂ ਹੈ ਤਾਂ ਇਹ ਗਲ ਪੱਕੀ ਹੈ ਕਿ ਕੁੱਝ ਐਸੇ ਸਿਧਾਂਤ ਵੀ ਹਨ ਜਿਨਾਂ ਬਾਰੇ ਗੁਰੂ ਦੇ ਸਿੱਖ ਨੂੰ ਸੰਪੁਰਣ ਗਿਆਨ, ਸੰਪੁਰਣ ਸਮਝ ਨਹੀਂ। ਜੇ ਕਰ ਇਹ ਗਲ ਸਾਰੇ ਮੰਨਦੇ ਹਾਂ ਤਾਂ ਇਹ ਵੀ ਮੰਨਣਾ ਪਵੇਗਾ ਕਿ ਗੁਰੂਆਂ ਦੇ ਕੀਤੇ ਕੁੱਝ ਕੌਤਕ ਅਤੇ ਦਿੱਤੇ ਹੋਏ ਕੁੱਝ ਨਿਰਦੇਸ਼, ਐਸੇ ਸਿਧਾਂਤਾਂ ਦੇ ਮੁਤਾਬਕ ਹੀ ਸਨ ਜਿਨ੍ਹਾਂ ਸਿਧਾਂਤਾਂ ਬਾਰੇ ਸਾਨੂੰ ਅੱਜੇ ਸਮਝ ਹੀ ਨਹੀਂ।
ਇਸ ਕਰਕੇ ‘ਪੁਰਾ ਨਹੀਂ ਸਮਝ ਸਕਦੇ’ ਅਤੇ ‘ਪੁਰਾ ਵੀ ਸਮਝਦੇ ਹਾਂ’ ਦੋਗਲਾਪਨ ਅਤੇ ਵਿਚਾਰਕ ਕਮਜ਼ੋਰੀ ਸੂਚਕ ਬਿਆਨ/ਵਿਚਾਰ ਹਨ, ਜਿਨ੍ਹਾਂ ਦੇ ਚੱਕਰ ਵਿਚ ਫ਼ੱਸਿਆ ਹੋਇਆ ਚਿੰਤਨ ਗੁਰੂਆਂ ਦੇ ਕੀਤੇ ਉਨ੍ਹਾਂ ਕੰਮਾਂ ਨੂੰ ਰੱਦ ਕਰਦਾ ਨਜ਼ਰ ਆਉਂਦਾ ਹੈ, ਜਿਨ੍ਹਾਂ ਦੇ ਪਿੱਛੋਕੜ ਵਿਚ ਗੁਰੂ ਦੀ ਸੋਚ/ਮੰਸ਼ਾ ਦੀ ਨਾ ਤਾਂ ਉਸ ਨੂੰ ਸਮਝ ਹੈ ਅਤੇ ਨਾ ਹੀ ਸਮਝਣ ਦੀ ਮਾਨਸਕ ਸ਼ਕਤੀ।
‘ਗੁਰੂ ਹੋਣਾ’ ਆਪ ‘ਇਕ ਸਿਧਾਂਤ’ ਹੈ ਜੋ ਕਿ ਚੋਲਿਆਂ ਨੂੰ ਕਈ ਹੋਰ ਸਿਧਾਂਤ ਵੀ ਸਿੱਖਾਉਂਦਾ ਹੈ। ਗੁਰੂ ਕੇਵਲ ਉਹ ਨਹੀਂ ਹੁੰਦਾ ਜੋ ਕੇਵਲ ਸਿਖਾਉਂਦਾ ਹੈ। ਗੁਰੂ ਉਹ ਹੁੰਦਾ ਹੈ ਜੋ ਸਿੱਖਾਉਣ ਦੇ ਨਾਲ ਨਾਲ ਵਿਸ਼ੇਸ਼ਾਧਿਕਾਰ ਵੀ ਰੱਖਦਾ ਹੈ ਅਤੇ ਐਸੇ ਕੰਮ ਕਰਨ ਦੀ ਸਮਰਥਾ ਵੀ, ਜਿਨ੍ਹਾਂ ਦੀ ਸਮਝ ਸਦਿਆਂ ਵਿੱਚ ਸ਼ਾਇਦ ਕਿਸੇ ਵਿਰਲੇ ਨੂੰ ਆਉਂਦੀ ਹੈ। ਖ਼ੇਦਜਨਕ ਗਲ ਹੈ ਕਿ ‘ਗੁਰੂ ਹੋਣ ਦੇ ਸਿਧਾਂਤ’ ਬਾਰੇ ਸਾਡਾ ਧਿਆਨ ਭੱਟਕਦਾ ਜਾ ਰਿਹਾ ਹੈ। ਜਿਹੜੀ ਵਿਸ਼ੇਸ਼ ਗਲ ਸਾਨੂੰ ਸਮਝ ਨਹੀਂ ਆਉਂਦੀ, ਉਹ ਸਾਡੀ ਨਾਸਮਝੀ ਦੀ ਕਸਵਟੀ ਤੇ ਰੱਦ ਹੋ ਜਾਂਦੀ ਹੈ।
ਮੂਸ਼ਕਿਲ ਉਂਦੋਂ ਆਉਂਦੀ ਹੈ ਜਦ ਗੁਰੂਆਂ ਦੇ ਕੀਤੇ ਕਿਸੇ ਵਿਸ਼ੇਸ਼ ਕੰਮ ਨੂੰ, ‘ਗੁਰੂ ਅਪਾਰ ਸਨ, ਉਨਾਂ ਦੇ ਕਹੇ/ਕੀਤੇ ਨੂੰ ਪੁਰਾ ਸਮਝਣ ਵਿਚ ਅਸੀਂ ਅਸਮਰਥ ਹਾਂ’ ਵਰਗੀਆਂ ਲਿਖਤ ਜਾਂ ਮੋਖਿਕ ਘੋਸ਼ਨਾਵਾਂ ਦੇ ਬਾਵਜੂਦ’,
ਆਪਣੀ ਅਪੁਰਣ ਸਮਝ ਦੀ ਕਸਵਟੀ ਲਗਾ ਕੇ, ਅਸੀਂ ਉਸ ਵਿਸ਼ੇਸ਼ ਕੰਮ ਨੂੰ ਸਮਝ ਲੇਂਣ ਦਾ ਜਾਂ ਰੱਦ ਕਰ ਦੇਂਣ ਦਾ ਦਾਵਾ ਠੋਕ ਛੱਡਦੇ ਹਾਂ। ਜ਼ਰਾ ਪਾਠਕਾਂ ਨੂੰ ਦੱਸ ਤਾਂ ਦੇਈਏ ਕਿ ਅਸੀਂ ਅਸਮਰਥ ਹੈ ਕਿੱਥੇ ਹਾਂ ?
ਕੋਈ ਨਹੀਂ ਦੱਸਦਾ ਕਿ ਕਿਥੇਂ ਹਾਂ ! ਇਸ ਦਾ ਇੱਕ ਕਾਰਣ ਹੈ। ਉਹ ਇਹ- ਕਿ ਚਿੰਤਨ ਵਿਚ ਕਿੱਧਰੇ ਵੀ ਸਮਰਪਣ ਨਹੀਂ ਹੈ! ਕਈ ਥਾਂ, ਕੇਵਲ ਗੁਰਬਾਣੀ ਪ੍ਰਤੀ ਆਪਣੀ ਨਿਜੀ ਸਮਝ ਦੀ ਕਸਵਟੀ ਹੈ! ਗੁਰੂ ਕਿਸੇ ਦੀ ਮਨੋਪਲੀ (Monopoly) ਨਹੀਂ ਹੁੰਦਾ! ਨਾ ਮਨਮੁਖ ਦੀ ਨਾ ਹੀ ਗੁਰਮੁੱਖ ਦੀ! ਵੱਧ ਜਾਂ ਘੱਟ, ਉਹ ਦੋਹਾਂ ਦੀ ਪਕੜ ਤੋਂ ਬਾਹਰ ਹੁੰਦਾ ਹੈ।
ਕੀ ਸਾਡੀ ਨਜ਼ਰੇ, ਗੁਰੂ ਦਾ ਕੀਤਾ ਕੋਈ ਐਸਾ ਕੰਮ ਹੈ, ਜਿਸ ਬਾਰੇ ਅਸੀਂ ਫ਼ਿਰਾਖਦਿਲ ਸਮਰਪਣ ਭਾਵ ਨਾਲ ਇਹ ਕਹਿ ਸੱਕੀਏ ਕਿ-ਗੁਰੂ ਨੇ ਐਸਾ ਕਿਉਂ ਕੀਤਾ ਇਹ ਗੁਰੂ ਨੂੰ ਹੀ ਪਤਾ ਹੋਵੇਗਾ ? ਇਸ ਸਵਾਲ ਦਾ ਜਵਾਬ ਅੱਜ ਦੇ ਚਿੰਤਨ ਵਿਚ ਨਹੀਂ ਝੱਲਕ ਰਿਹਾ।
ਇਸ ਲਈ ਗੁਰੂਆਂ ਨੂੰ ਇੱਝ ਪਰਖਿਆ ਜਾ ਰਿਹਾ ਹੈ ਜਿਵੇਂ ਕਿ ਉਹ ਕੇਵਲ ਸਮਾਜਕ,ਆਰਥਕ ਅਤੇ ਰਾਜਨੀਤਕ ਦਰਸ਼ਨ ਸ਼ਾਸਤਰ ਦੇ ਹੋਏ ਪਲੇਟੋ,ਸੁਕਰਾਤ,ਐਰਿਸਟੋਟਲ ਵਰਗੇ ਫ਼ਿਲਾਸਫ਼ਰਾਂ ਦੀ ਕਤਾਰ ਵਿਚ ਖੜੇ ਫ਼ਿਲਾਸਫ਼ਰ ਮਾਤਰ ਸਨ। ਇਹ ਠੀਕ ਗਲ ਨਹੀਂ! ਸਾਡਾ ਕੰਮ ਤਾਂ ਉਸਦੇ ਕੀਤੇ ਕਿਸੇ ਵਿਸ਼ੇਸ਼ ਕੰਮ ਨੂੰ ਬਿਨਾ ਸਮਝੇ ਸਵੀਕਾਰ ਕਰਨਾ ਹੀ ਹੈ ਕਿਉਂਕਿ ਉਹ ਕੀਤਾ ਹੋਇਆ ਕੰਮ, ਸਾਡੀ ਬੋਧ ਸ਼ਕਤੀ ਤੋਂ ਬਾਹਰ ਦੀ ਗਲ ਹੈ।
ਅੱਜ ਦੇ ਚਿੰਤਨ ਵਿਚ ਦੋ ਪ੍ਰਕਾਰ ਦੀ ਘਾਟ ਹੈ।
ਪਹਿਲੀ ਘਾਟ ਇਹ ਕਿ ਗੁਰੂਆਂ ਦੇ ਕਹੇ-ਕੀਤੇ ਨੂੰ ਮਨਮਤੀ ਢੰਗ ਨਾਲ ਗਲਤ ਬਿਆਨ ਕਰਨਾ !
ਦੂਜੀ ਘਾਟ ਗੁਰੂਆਂ ਦੇ ਕਹੇ-ਕੀਤੇ ਬਾਰੇ, ਬਿਨਾਂ ਕਿੱਧਰੇ ਸਮਰਪਣ ਭਾਵ ਦੀ ਨਿਸ਼ਾਨਦੇਹੀ ਵਖਾਏ, ਗੁਰੂਆਂ ਦੇ ਹਰ ਕੰਮ ਨੂੰ, ਗੁਰਮਤਿ ਪ੍ਰਤੀ ਨਿਜੀ ਸਮਝ ਦੀ ਕਸਵਟੀ ਰਾਹੀਂ ਠੀਕ ਜਾਂ ਰੱਦ ਪ੍ਰਚਾਰਨਾ !
ਐਸਾ ਨਹੀਂ ਕਿ ਅਸੀਂ ਗੁਰਮਤਿ ਬਿਲਕੁਲ ਨਹੀਂ ਸਮਝਦੇ। ਗੁਰੂ ਨੇ ਕਈ ਥਾਂ ਸਾਨੂੰ ਸੁਮਤ ਬਖ਼ਸ਼ੀ ਹੈ। ਚਿੰਤਨ ਦੇ ਸਦਕੇ, ਗੁਰੂ ਦਰਸ਼ਨ ਦੇ ਵਿਲੱਖਣ ਪੱਖ ਸਾਡੀ ਸਮਝ ਵਿਚ ਆ ਰਹੇ ਹਨ। ਪਰ ਨਾਲ ਹੀ ਜੇਕਰ ਗੁਰੂ ਅਪਾਰ ਹੈ, ਅਥਾਹ ਗਿਆਨ ਦਾ ਸੋਮਾਂ ਹੈ, ਤਾਂ ਕਿਸ ਨੁੱਕਤੇ ਤੇ ? ਜੇ ਕਰ ਗੁਰੂ ਅਪਾਰ ਹੈ ਤਾਂ ਕਿਸ 'ਕੀਤੇ' ਤੇ ?
ਗੁਰੂ ਦੀ ਲਿਖੀ ਅਤੇ ਗੁਰੂਆਂ ਦੇ ਕੀਤੇ ਉਹ ਕਿਹੜੇ ਕੰਮ ਹਨ ਜਿਨ੍ਹਾਂ ਬਾਰੇ ਸਾਨੂੰ ਪੁਰਨਗਿਆਨ ਨਹੀਂ?
ਬਿਨਾਂ ਆਪਣਿਆਂ ਅਲਪ ਮਾਨਸਕ ਹੱਦਾ ਦੀ ਅਸਮਰਥਾ ਦੀ ਨਿਸ਼ਾਨਦੇਹੀ ਕੀਤੇ-‘ਅਸੀਂ ਪੁਰਾ ਨਹੀਂ ਸਮਝ ਸਕਦੇ’ ਵਰਗੇ ਔਪਚਾਰਿਕ (Formal) ਬਿਆਨ ਦਾ ਕੀ ਮਾਇਨਾ ਅਤੇ ਕੀ ਮੁੱਲ ?
ਜਿੱਥੇ ਗੁਰੂ ਦੀ ਦੁਰਅੰਦੇਸ਼ੀ ਹੈ ਉੱਥੇ ਸਾਡੀ ਪੁਰੀ ਪਹੰਚ ਨਹੀਂ। ਜਿੱਥੇ ਗੁਰੂ ਆਲੌਕਿਕਤਾ ਦਾ ਧਾਰਨੀ ਹੈ ਉੱਥੇ ਵੀ ਸਾਡੀ ਪਹੁੰਚ ਨਹੀਂ। ਉਪਰੋਕਤ ਗੁਣਾਂ ਦੇ ਸੰਧਰਭ ਵਿਚ ਗੁਰੂਆਂ ਦੇ ਕਹੇ-ਕੀਤੇ ਨੂੰ ਅਸੀਂ ਪੁਰੀ ਤਰ੍ਹਾਂ ਨਹੀਂ ਸਮਝ ਸਕਦੇ ਕਿਉਂਕਿ ਉਸ ਦੁਰਅੰਦੇਸ਼ੀ ਅਤੇ ਆਲੋਕਿਕਤਾ ਨੂੰ ਸਮਝਣ ਲਈ ਸਾਡੀ ਸਮਝ ਦੇ ਭਾਂਡੇ ਬਹੁਤ ਛੋਟ ਹਨ ਅਤੇ ਕਈ ਥਾਂ ਬੰਧ ਵੀ। ਫ਼ਿਰ ਇਸ ਵਾਸਤਵਿਕਤਾ ਅਤੇ ਸਵੈ ਸਵਕ੍ਰਿਤੀ ਦੀ ਸਥਿਤੀ ਵਿਚ, ਨਿਰਸੰਦੇਹ, ਕਈ ਥਾਂ ਅਸੀਂ ਆਪਣੀ ਅਪੂਰਣ ਸਕਝ ਦੀ ਕਸਵਟੀ ਨੂੰ ਗੁਰਮਤਿ ਸਿਧਾਂਤ ਦੀ ਕਸਵਟੀ ਵਰਗਾ ਵਰਤਣ ਦੀ ਨਾ-ਸਮਝੀ ਕਰ ਰਹੇ ਹਾਂ।
ਜੇਕਰ ਗੁਰੂ ਪੁਰੇ ਸਨ ਅਤੇ ਪੁਰੇ ਹਨ ਤਾਂ ਨਿਰਸੰਦੇਹ ਸਾਨੂੰ ਉਹ ਨੁਕਤੇ ਤਾਂ ਪਤਾ ਹੋਂਣੇ ਚਾਹੀਦੇ ਹਨ ਜਿਸ ਤੋਂ ਇਹ ਪਤਾ ਚਲ ਸਕੇ ਕਿ ਅਸੀਂ ਕਹਿੜੀ ਜਗ੍ਹਾ ਅਪੁਰਣ ਸਮਝ ਰੱਖਦੇ ਹਾਂ। ਜਿੱਥੇ ਸਿਧਾਂਤ ਸਾਡੀ ਸਮਝ ਤੋਂ ਬਾਹਰ ਹਨ, ਉੱਥੇ ਗੁਰੂ ਦੇ ਕਹੇ-ਕੀਤੇ ਨੂੰ ਆਪਾ ਭਾਵ ਗੁਆ ਕੇ ਪੁਰਣ ਸਮਰਪਣ ਨਾਲ ਸਵੀਕਾਰ ਕਰ ਲੇਂਣਾ ਚਾਹੀਦਾ ਹੈ। ਨਹੀਂ ਤਾਂ ‘ਗੁਰੂ ਅਪਾਰ ਸਨ’ ਵਰਗੇ ਛੱਦਮ ਤਕੱਲੁੱਫ਼ਾਂ (Pseudo Formalities) ਦੀ ਕੋਈ ਲੋੜ ਨਹੀਂ ਪ੍ਰਤੀਤ ਹੁੰਦੀ।
ਜਿਸਨੂੰ ਸੰਪੁਰਣ ਸਮਝ ਹੈ ਉਸ ਨੂੰ ਮੁਬਾਰਕ ਹੈ। ਪਰ ਜੋ ਕੋਈ ਸੰਪੁਰਣ ਸਮਝ ਦਾ ਦਾਵਾ ਨਹੀਂ ਕਰਦਾ ਉਹ ਕਿੱਧਰੇ ਕਿਸੇ ਥਾਂ ਸਮਰਪਣ/ਵਿਸ਼ਵਾਸ ਜਾਹਰ ਤਾਂ ਕਰੇ ! ਕਿ ਨਹੀਂ?
ਹਰਦੇਵ ਸਿੰਘ,ਜੰਮੂ
ਹਰਦੇਵ ਸਿੰਘ ਜਮੂੰ
‘ਗੁਰਮਤਿ ਬਾਰੇ ਚਿੰਤਨ ਦੀ ਹੱਦ ਅਤੇ ਸਮਰਪਣ’
Page Visitors: 2767