ਓਦੋਂ ਅਤੇ ਹੁਣ (ਭਾਗ 2 )
4
(ੳ) ਸਿਆਣਿਆਂ ਦਾ ਕਥਨ ਹੈ ਕਿ - ‘ਸਿੱਖ ਦੀ ਕੋਈ ਜਾਤ ਨਹੀਂ, ਜਿਸ ਦੀ ਜਾਤ ਹੈ ਉਹ ਸਿੱਖ ਨਹੀਂ। `ਗੁਰਬਾਣੀ ਅੰਦਰ ਇਸ ਸਬੰਧੀ ਸਪਸ਼ਟ ਹਦਾਇਤਾਂ ਦਰਜ ਹਨ-
- ਜਾਣਹੁ ਜੋਤਿ ਨ ਪੂਛਹੂ ਜਾਤੀ ਆਗੈ ਜਾਤਿ ਨ ਹੇ।(ਆਸਾ ਮਹਲਾ ੧-੩੪੯)
- ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।।
ਇਸ ਗਰਬੁ ਤੇ ਚਲਹਿ ਬਹੁਤੁ ਬਿਕਾਰਾ।।(ਭੈਰਉ ਮਹਲਾ ੩-੧੧੨੮)
-ਜਾਤਿ ਜਨਮੁ ਨਹ ਪੂਛੀਐ ਸਚੁ ਘਰੁ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।।(ਪ੍ਰਭਾਤੀ ਮਹਲਾ ੧-੧੩੩੦)
-ਹਮਰੀ ਜਾਤਿ ਪਾਤਿ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ।।(ਸੂਹੀ ਮਹਲਾ ੪-੭੩੧)
(ਅ) ਸਿੱਖ ਮਰਿਆਦਾ ਅਨੁਸਾਰ ਸਾਡੇ ਨਾਮ ਦਾ ਪਹਿਲਾ ਹਿਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੁਕਮਨਾਮੇ ਤੋਂ ਅਤੇ ਦੂਜਾ ਹਿਸਾ ‘ਸਿੰਘ ਜਾਂ ਕੌਰ` ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਾਵਨ ਹੁਕਮਾਂ ਤਹਿਤ ਸੰਪੂਰਨ ਹੁੰਦਾ ਹੈ।
(ੲ) ਸਿੰਘ ਸਭਾ ਲਹਿਰ ਦੇ ਅਣੱਥਕ ਯਤਨਾਂ ਅਤੇ ਘਾਲਣਾ ਨਾਲ ਸਾਡੇ ਗੁਰਦੁਆਰਾ ਸਾਹਿਬਾਨ ਦੇ ਨਾਵਾਂ ਪ੍ਰਤੀ ਇਕਸਾਰਤਾ ਲਈ ਨਿਯਮ ਪ੍ਰਵਾਨਿਆ ਗਿਆ ਸੀ ਕਿ ਇਤਿਹਾਸਕ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਹਰੇਕ ਗੁਰਦੁਆਰੇ ਦਾ ਨਾਮ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ` (ਅੱਗੇ ਮੁਹੱਲਾ ਸ਼ਹਿਰ ਦਾ ਨਾਮ) ਰੱਖਿਆ ਜਾਵੇ, ਜੋ ਕੁੱਝ ਹੱਦ ਤਕ ਲਾਗੂ ਹੋਇਆ ਅੱਜ ਵੀ ਦੇਖਿਆ ਜਾ ਸਕਦਾ ਹੈ।
(ਸ) ਦਸ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਸਿੱਖ ਸ਼ਹੀਦ, ਸਿੱਖ ਯੋਧੇ ਆਦਿ ਇਤਿਹਾਸ ਦੇ ਸਰਬ ਸਾਂਝੇ ਮਹਾਨ ਨਾਇਕ ਹਨ। ਪਰ ਅਜੋਕੇ ਸਮੇਂ ਇਹਨਾਂ ਪੱਖਾਂ ਉਪਰ ਜਦੋਂ ਪੜਚੋਲਵੀਂ ਨਜ਼ਰ ਨਾਲ ਵੇਖਦੇ ਹਾਂ ਤਾਂ ਤਸਵੀਰ ਉਲਟ ਹੀ ਦਿਖਾਈ ਦਿੰਦੀ ਹੈ। ਅੱਜ ਅਸੀਂ ਆਪਣੀ ਪਹਿਚਾਣ ਦੱਸਣ ਲਈ ਸਿੱਖ ਮਰਿਆਦਾ ਅਨੁਸਾਰੀ ਨਾਮ ਦੀ ਥਾਂ ਤੇ ਕੋਈ ਢਿਲੋਂ ਸਾਹਿਬ, ਭਾਟੀਆ ਸਾਹਿਬ, ਬਾਵਾ ਸਾਹਿਬ, ਸਿੱਧੂ ਸਾਹਿਬ, ਸੋਢੀ ਸਾਹਿਬ, ਸਾਹਨੀ ਸਾਹਿਬ …. . ਆਦਿ ਬਣ ਗਏ ਹਾਂ। ਇੱਕ ਵਿਦਵਾਨ ਦਾ ਇਸ ਪ੍ਰਥਾਏ ਬਹੁਤ ਖੂਬਸੂਰਤ ਸ਼ਿਅਰ ਹੈ-
ਤੁਮ ਸਿੱਧੂ ਭੀ ਹੋ, ਤੁਮ ਸੋਢੀ ਭੀ ਹੋ, ਤੁਮ ਸਾਹਨੀ ਭੀ ਹੋ।
ਤੁਮ ਸਭੀ ਕੁੱਝ ਹੋ, ਪਰ ਜ਼ਰਾ ਯੇਹ ਤੋ ਬਤਾਓ ਗੁਰਸਿੱਖ ਭੀ ਹੋ।
ਅਜ ਅਸੀਂ ਆਪ ਜਾਤਾਂ-ਪਾਤਾਂ ਵਿੱਚ ਵੰਡਿਆਂ ਨੇ ਦਸ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਸਿੱਖ ਸ਼ਹੀਦਾਂ, ਸਿੱਖ ਯੋਧਿਆਂ ਆਦਿ ਨੂੰ ਵੀ ਆਪਣੀ-ਆਪਣੀ ਜਾਤ ਬਰਾਦਰੀ ਨਾਲ ਜੋੜ ਕੇ ਵੰਡਣ ਦਾ ਯਤਨ ਕਰ ਰਹੇ ਹਾਂ। ਜਿਵੇਂ ਉਦਾਹਰਣ ਦੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅਸੀਂ ਪਾਠ-ਕੀਰਤਨ ਕਰਨ ਜਾਂ ਸੁਨਣ ਸਮੇਂ ਕਿਸਦੀ ਬਾਣੀ ਉਚਾਰਣ ਕੀਤੀ ਹੋਈ ਹੈ, ਵੱਲ ਕਦੀ ਧਿਆਨ ਨਹੀਂ ਦਿੰਦੇ, ਵਿਤਕਰਾ ਨਹੀਂ ਕਰਦੇ ਪ੍ਰੰਤੂ ਜਦੋਂ ਜਨਮ ਦਿਹਾੜੇ ਮਨਾਉਣ ਦੀ ਗੱਲ ਆਉਂਦੀ ਹੈ ਤਾਂ ਸਾਡਾ ਰਵਈਆ ਕੁੱਝ ਹੋਰ ਹੋ ਜਾਂਦਾ ਹੈ। ਕਬੀਰ ਜੀ ਦਾ ਜੁਲਾਹਾ ਬ੍ਰਾਦਰੀ, ਨਾਮਦੇਵ ਜੀ ਦਾ ਛੀਂਬਾ ਬ੍ਰਾਦਰੀ, ਰਵਿਦਾਸ ਜੀ ਦਾ ਚਮਾਰ ਬ੍ਰਾਦਰੀ ਆਦਿ ਵਲੋਂ ਜਨਮ ਦਿਹਾੜੇ ਮਨਾਉਣੇ ਉਹਨਾਂ ਦੀ ਜਿੰਮੇਵਾਰੀ ਸਮਝਣ ਲੱਗ ਪੈਂਦੇ ਹਾਂ।ਅਜ ਰਾਜਨੀਤੀ ਦੇ ਪ੍ਰਭਾਵ ਅਧੀਨ ਭਾਈ ਮੱਖਣ ਸ਼ਾਹ ਨੂੰ ਵਿਸ਼ੇਸ਼ ਤੌਰ ਤੇ ‘ਲੁਬਾਣਾ ਸਿੱਖ` ਭਾਈ ਜੈਤਾ ਜੀ (ਜੋ ਬਾਅਦ ਵਿੱਚ ਅੰਮ੍ਰਿਤਪਾਨ ਕਰਕੇ ਜੀਵਨ ਸਿੰਘ ਬਣੇ) ਨੂੰ ‘ਮਜ਼ਹਬੀ ਸਿੱਖ`, ਭਾਈ ਮੋਤੀ ਰਾਮ ਨੂੰ ‘ਮਹਿਰਾ ਸਿੱਖ` ਵਜੋਂ ਪ੍ਰਚਾਰ ਕੇ ਉਹਨਾਂ ਮਹਾਨ ਨਾਇਕਾਂ ਨੂੰ ਇੱਕ ਬਰਾਦਰੀ ਦੇ ਦਾਇਰੇ ਵਿੱਚ ਬੰਨ ਕੇ ਛੁਟਿਆਉਣ ਦੇ ਯਤਨ ਕਰਦੇ ਹਾਂ ਜਦੋਂ ਕਿ ਇਹ ਸਾਰੇ ਸਿੱਖ ਇਤਿਹਾਸ ਦੇ ਕੌਮੀ ਨਾਇਕ ਵਜੋਂ ਅਨਮੋਲ
ਹੀਰੇ ਹਨ, ਇਹਨਾਂ ਦੀ ਵਡਿਆਈ ਜਾਤ-ਪਾਤ ਕਰਕੇ ਨਹੀਂ, ਸਗੋਂ ਇਹਨਾਂ ਦੀ ਸਿੱਖੀ ਕਰਣੀ ਕਰਕੇ ਹੈ।ਅਜ ਅਸੀਂ ਜਾਤਾਂ ਪਾਤਾਂ ਵਿੱਚ ਵੰਡਿਆਂ ਹੋਇਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰੇ ਵੀ ਵੰਡ ਕੇ ਰੱਖ ਲਏ ਹਨ। ਇਸ ਪੱਖ ਨੂੰ ਸਪਸ਼ਟਤਾ ਦੇਣ ਲਈ ਨਿਮਨ ਲਿਖਿਤ ਗਾਥਾ ਵਾਚਣ ਯੋਗ ਹੈ-ਇੱਕ ਬਜ਼ੁਰਗ ਬਾਬਾ ਚਲਦਿਆਂ-ਚਲਦਿਆਂ ਇੱਕ ਵੱਡੇ ਨਗਰ ਵਿੱਚ ਪਹੁੰਚਿਆ।
ਰਾਤ ਦਾ ਸਮਾਂ ਹੋ ਗਿਆ ਤਾਂ ਇੱਕ ਨੌਜਵਾਨ ਨੂੰ ਬਾਬਾ ਪੁੱਛਦਾ ਹੈ
"ਕਾਕਾ! ਮੈਂ ਗੁਰਦੁਆਰੇ ਜਾਣਾ ਹੈ, ਰਾਤ ਕੱਟਣੀ ਹੈ, ਮੈਨੂੰ ਗੁਰਦੁਆਰਾ ਸਾਹਿਬ ਦਾ ਰਸਤਾ ਦੱਸ ਦਿਉ। "
ਉਸ ਨੌਜੁਆਨ ਨੇ ਬਾਬੇ ਨੂੰ ਸਵਾਲ ਕੀਤਾ
"ਬਾਬਾ ਜੀ! ਕਿਹੜੇ ਗੁਰਦੁਆਰੇ ਜਾਣਾ ਹੈ?
" ਉਹ ਬਜ਼ੁਰਗ ਕਹਿਣ ਲੱਗਾ "ਬੇਟਾ! ਗੁਰਦੁਆਰਾ ਤਾਂ ਗੁਰਦੁਆਰਾ ਹੀ ਹੁੰਦਾ ਹੈ, ਇਹ ਤੇਰਾ ਸਵਾਲ ਅਸਚਰਜ ਜਿਹਾ ਹੈ।
" ਨੌਜਵਾਨ ਕਹਿਣ ਲੱਗਾ
"ਨਹੀਂ ਬਾਪੂ ਜੀ! ਮੇਰਾ ਮਤਲਬ ਹੈ ਕਿ ਸਾਡੇ ਨਗਰ ਵਿੱਚ ਤੁਸੀਂ ਦੱਸੋ ਕਿ ਜੱਟਾਂ ਦੇ ਗੁਰਦੁਆਰੇ ਜਾਣਾ ਹੈ ਜਾਂ ਬਾਵਿਆਂ ਦੇ ਗੁਰਦੁਆਰੇ ਜਾਣਾ ਹੈ ਜਾਂ
ਭਾਪਿਆਂ ਦੇ ਗੁਰਦੁਆਰੇ ਜਾਣਾ ਹੈ, ਜਾਂ ਛੀਂਬਿਆਂ ਦੇ ਗੁਰਦੁਆਰੇ ਜਾਣਾ ਹੈ, ਦੱਸੋ! ਕਿਹੜੇ ਗੁਰਦੁਆਰੇ ਜਾਣਾ ਹੈ?
"ਬਜ਼ੁਰਗ ਕਹਿਣ ਲੱਗਾ "ਪੁੱਤਰਾ! ਮੈਂ ਸਿੱਖਾਂ ਦੇ ਗੁਰਦੁਆਰੇ ਜਾਣਾ ਹੈ।
" ਨੌਜਵਾਨ ਹੈਰਾਨ ਹੋ ਕੇ ਕਹਿਣ ਲੱਗਾ, "ਬਾਬਾ ਜੀ! ਸਾਡੇ ਨਗਰ ਵਿੱਚ ਹੋਰ ਵੀ ਗੁਰਦੁਆਰੇ ਹਨ, ਪਰ ਸਿੱਖਾਂ ਦਾ ਗੁਰਦੁਆਰਾ ਤਾਂ ਕੋਈ ਵੀ ਨਹੀ।
"ਉਪਰੋਕਤ ਦਰਸਾਏ ਗਏ ਨੁਕਤਿਆਂ ਪ੍ਰਤੀ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਸਵੈ-ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਅਸੀਂ ਕਿੰਨੇ ਮਹਾਨ ਵਿਰਸੇ ਦੇ ਮਾਲਕ ਹੁੰਦੇ ਹੋਏ ਵੀ ਜਾਣੇ-ਅਣਜਾਣੇ ਵਿੱਚ ਸਿੱਖੀ ਦੇ ਵਰਤਮਾਨ ਨੂੰ ਵਿਗਾੜਣ ਦੇ ਕੋਝੇ ਯਤਨਾਂ ਵਿੱਚ ਲੱਗੇ ਹੋਏ ਹਾਂ। ਸਾਡੇ ਵੱਡ ਵਡੇਰਿਆਂ ਨੇ ਤਾਂ ਸਾਨੂੰ ਸ਼ਾਨਦਾਰ ਸਿੱਖੀ ਦੇ ਪੂਰਨੇ ਪਾ ਕੇ ਦਿੱਤੇ ਹਨ, ਅਸੀਂ ਆਪਣੇ ਵਾਰਸਾਂ ਨੂੰ ਕੀ ਦੇ ਕੇ ਜਾਵਾਂਗੇ ਜਿਸ ਨਾਲ ਸਿੱਖ ਕੌਮ ਦਾ ਭਵਿੱਖ (Future)ਉਜਵਲ ਹੋ ਸਕੇ। ਇਸ ਪ੍ਰਤੀ ਸੁਚੇਤ ਹੋ ਕੇ ਸੋਚਣਾ ਅਤੇ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ।
ਜਿਨ ਕੌਮੋ ਕੋ ਅਪਨੀ ਵਿਰਾਸਤ ਕਾ ਅਹਿਸਾਸ ਨਹੀਂ ਹੋਤਾ।ਉਨ ਕੌਮੋ ਕਾ ਕੋਈ ਇਤਿਹਾਸ ਨਹੀਂ ਹੋਤਾ।
==========
ਦਾਸਰਾ ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ201, ਗਲੀ ਨਬੰਰ 6, ਸੰਤਪੁਰਾਕਪੂਰਥਲਾ (ਪੰਜਾਬ)
(98720-76876, 01822-276876)e-mail -
sukhjit.singh69@yahoo.com