ਸਿੱਖਾਂ ਨੂੰ ਅਖੌਤੀ ਦਸ਼ਮ ਗ੍ਰੰਥ ਰਾਹੀਂ ਪੱਕੇ ਹਿੰਦੂ ਬਣਾਉਣ ਵਾਲ਼ੀ ਪੁਆੜੇ ਦੀ ਜੜ੍ਹ ਕੌਣ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
1. ਪਹਿਲੇ ਨੰਬਰ ਉੱਤੇ ਅੰਗ੍ਰੇਜ਼ ਸਰਕਾਰ ਵਾਲ਼ੀ ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ !
ਪਹਿਲੇ ਨੰਬਰ ਉੱਤੇ ਸੰਨ 1945 ਵਾਲ਼ੀ ਅੰਗ੍ਰੇਜ਼ ਸਰਕਾਰ ਸਮੇਂ ਬਣੀ ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿੱਸ ਨੇ ਪੱਕੇ ਤੌਰ ਤੇ ਸਿੱਖਾਂ ਨੂੰ ਦੁਰਗਾ ਮਾਈ ਪਾਰਬਤੀ ਅਤੇ ਮਹਾਂ ਕਾਲ਼ ਦੀਆਂ, ਬ੍ਰਾਹਮਣਵਾਦੀਆਂ ਵਲੋਂ ਦਸਵੇਂ ਗੁਰੂ ਜੀ ਦੇ ਨਾਂ ਨਾਲ਼ ਲਿਖੀਆਂ ਫ਼ਰਜ਼ੀ ਰਚਨਾਵਾਂ ਨੂੰ ਪੜ੍ਹਨ ਲਾਇਆ। ਸ਼੍ਰੋ. ਕਮੇਟੀ ਨੇ ਇਹ ਸਿੱਖੀ-ਮਾਰੂ ਕੰਮ ‘ਸਿੱਖ ਰਹਿਤ ਮਰਯਾਦਾ’ ਬਣਾਉਣ ਦੀ ਆੜ ਵਿੱਚ ਪੰਜਵੇਂ ਗੁਰੂ ਜੀ ਵਲੋਂ ਸਿੱਖ ਕੌਮ ਲਈ ਬਣਾਏ ਅਤੇ ਦਸਵੇਂ ਗੁਰੂ ਜੀ ਵਲੋਂ ਦਮਦਮੀ ਬੀੜ ਲਿਖਣ ਸਮੇਂ ਪ੍ਰਵਾਨੇ ਨਿੱਤ-ਨੇਮ (ਛਾਪੇ ਦੀ ਬੀੜ ਦੇ ਪਹਿਲੇ 13 ਪੰਨੇਂ) ਨੂੰ ਭੰਗ ਕਰਕੇ ਕੀਤਾ।
ਸ਼੍ਰੋ. ਕਮੇਟੀ ਨੇ ਸਪੱਸ਼ਟ ਤੌਰ ਉੱਤੇ ਸੰਨ 1925 ਵਿੱਚ ਬਣੀ RSS ਦਾ ਅਤੇ ਅੰਗ੍ਰੇਜ਼ ਸਰਕਾਰ ਦੇ ਪਿੱਠੂ, ਸ਼੍ਰੋ. ਕਮੇਟੀ ਵਿੱਚ ਲਏ, 36 ਮੈਂਬਰਾਂ ਦਾ ਬ੍ਰਾਹਮਣਵਾਦੀ ਪ੍ਰਭਾਵ ਕਬੂਲਿਆ। ਫ਼ਰਜ਼ੀ ਰਚਨਾਵਾਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵੀ ਬਣਾ ਦਿੱਤੀਆਂ ਗਈਆਂ ਅਤੇ ਅਰਦਾਸਿ ਰਾਹੀਂ ਵੀ ਦੁਰਗਾ ਭਗਉਤੀ ਨੂੰ ਪਹਿਲਾਂ ਸਿਮਰਨਾ ਜ਼ਰੂਰੀ ਕਰ ਦਿੱਤਾ ਜਿਸ ਨਾਲ਼ ਸਿੱਖਾਂ ਦੇ ਅੰਦਰ ਦੁਰਗਾ ਦੇਵੀ/ਮਹਾਂਕਾਲ਼ ਨਾਲ਼ ਨੇੜਤਾ ਵਧਦੀ ਗਈ।
ਸ਼੍ਰੋ. ਕਮੇਟੀ ਉੱਤੇ ਸਿੱਖਾਂ ਦੇ ਬਣੇ ਵਿਸ਼ਵਾਸ ਨਾਲ਼ ਸਿੱਖ ਕਰਮ ਕਰਕੇ ਹਿੰਦੂ ਬਣਦੇ ਗਏ। ਇੱਸ ਦਾ ਸਿੱਟਾ ਹੀ ਅੱਜ ਬੰਗਲਾ ਸਾਹਿਬ, ਪਟਨਾ ਸਾਹਿਬ ਆਦਿਕ ਗੁਰਦੁਆਰਿਆਂ ਤੋਂ ਨੌਰਾਤਿਆਂ ਦੇ ਦਿਨਾ ਵਿੱਚ ਦੁਰਗਾ ਮਾਈ ਪਾਰਬਤੀ ਦੀ, ਉਸ ਦੀ ਦੈਂਤਾਂ ਨਾਲ਼ ਲੜਾਈ ਵਿੱਚ ਹੋਈ ਜਿੱਤ ਦੀ ਬੱਲੇ-ਬੱਲੇ ਕਰ ਕੇ , ਪੂਜਾ ਕੀਤੀ ਜਾਂਦੀ ਹੈ ਜੋ ਪ੍ਰਤਖ ਤੌਰ ਤੇ ਗੁਰਦੁਆਰਿਆਂ ਨੂੰ ਹਿੰਦੂ ਮੰਦਰਾਂ ਵਿੱਚ ਤਬਦੀਲ ਕਰਨ ਦੀ ਬ੍ਰਾਹਮਣਵਾਦੀ ਚਾਲ ਹੈ। ਗੁਰੂ-ਬਖ਼ਸ਼ਿਆ ਨਿੱਤ-ਨੇਮ ਬਦਲੀ ਕਰਨ ਤੋਂ ਭਾਵ ਸੀ ਸਿੱਖਾਂ ਨੂੰ ਹਿੰਦੂ ਮਤੀਏ ਦਸ਼ਮ ਗ੍ਰੰਥ ਨਾਲ਼ ਜੋੜ ਕੇ ਹਿੰਦੂ ਬਣਾਉਣਾ। ਅਖੌਤੀ ਦਸ਼ਮ ਗ੍ਰੰਥ ਨੂੰ ਪੱਕੇ ਤੌਰ ਉੱਤੇ ਸਿੱਖਾਂ ਨਾਲ਼ ਜੋੜਨ ਲਈ ਹੀ ਹਿੰਦੂ ਮੱਤ ਦੇ ਪ੍ਰਭਾਵ ਨਾਲ਼ ਨਿੱਤ-ਨੇਮ, ਅਰਦਾਸਿ ਅਤੇ ਅੰਮ੍ਰਿਤ ਸੰਚਾਰ ਵਿੱਚ ਇਸ ਹਿੰਦੂ ਮੱਤ ਦੇ ਗ੍ਰੰਥ ਦੀਆਂ ਰਚਨਾਵਾਂ ਪਾਈਆਂ ਗਈਆਂ ਸਨ।
2. ਦੂਜੇ ਨੰਬਰ ਉੱਤੇ ਮੌਜੂਦਾ ਸ਼੍ਰੋ. ਕਮੇਟੀ ਦੇ ਪੱਕੇ ਤੌਰ ਉੱਤੇ ਸਿੱਖਾਂ ਨੂੰ ਹਿੰਦੂ ਬਣਾਉਣ ਦੇ ਯਤਨ!
ੳ. ਸ਼੍ਰੋ. ਕਮੇਟੀ ਵਿੱਚ RSS ਦੇ ਮੈਂਬਰ ਨੂੰ ਮੁੱਖ ਸਕੱਤ੍ਰ ਰੱਖਣਾ ਜੋ ਬ੍ਰਾਹਮਣਵਾਦੀ ਨੀਤੀਆਂ ਨੂੰ ਸਿੱਖਾਂ ਉੱਪਰ ਲਾਗੂ ਕਰਨ ਲਈ ਹੀ ਰੱਖਿਆ ਗਿਆ ਹੈ ਤਾਂ ਜੁ ਸਿੱਖ ਗੁਰਦੁਆਰਿਆਂ ਵਿੱਚ ਹਿੰਦੂ ਰੀਤਾਂ ਰਸਮਾਂ ਖੁੱਲ੍ਹ ਕੇ ਚਾਲੂ ਕਰਵਾਈਆਂ ਜਾਣ। ਸਿੱਖ ਕੌਮ ਦਾ 3 ਲੱਖ 45 ਹਜ਼ਾਰ ਰੁਪਿਆ ਇਸ ਮੁੱਖ ਸਕੱਤ੍ਰ ਨੂੰ ਮਹੀਨੇ ਦੀ ਤਨਖ਼ਾਹ ਅਤੇ ਰਹਾਇਸ਼ ਦੇ ਕਿਰਾਏ ਵਜੋਂ ਦਿੱਤਾ ਜਾ ਰਿਹਾ ਹੈ ਗੋਲ੍ਹਕ ਨੂੰ ਸੰਨ੍ਹ ਲਾਉਣ ਵਾਲ਼ੀ ਗੱਲ ਵੀ ਹੈ।
ਅ. ਸ਼੍ਰੋ. ਕਮੇਟੀ ਵਲੋਂ ਬੰਗਲਾ ਸਹਿਬ ਵਿੱਚ ਹਿੰਦੂ ਮੱਤ ਦੀ ਦੇਵੀ ਦੁਰਗਾ ਮਾਈ ਪਾਰਬਤੀ ਦੀ ਹੋ ਰਹੀ ਕਥਾ ਉੱਪਰ ਰੋਕ ਨਾ ਲਾਉਣੀ ਹੀ, ਇਸ ਗੱਲ ਦਾ ਸਬੂਤ ਹੈ ਕਿ ਸ਼੍ਰੋ ਕਮੇਟੀ ਨੂੰ RSS ਮੈਂਬਰ ਮੁੱਖ ਸਕੱਤ੍ਰ ਹੀ ਚਲਾ ਰਿਹਾ ਹੈ।
ੲ. ਸ਼੍ਰੋ. ਕਮੇਟੀ ਵਲੋਂ ‘ਸਿੱਖ ਰਹਤ ਮਰਯਾਦਾ’ ਵਿੱਚ ਤਬਦੀਲੀ ਕਰਕੇ ਲਿਖ ਦਿੱਤਾ ਗਿਆ ਕਿ ਗੁਰਦੁਆਰੇ ਵਿੱਚ ਦਸਮ ਬਾਣੀ ਦਾ ਵੀ ਕੀਰਤਨ ਹੋ ਸਕਦਾ ਹੈ। ਇਹ ਵੀ ਸਿੱਖਾਂ ਨੂੰ ਹਿੰਦੂ ਬਣਾਉਣ ਦੀ ਇੱਕ ਸਾਜਿਸ਼ ਹੈ। ਸਭ ਨੂੰ ਪਤਾ ਹੈ ਕਿ ਦਸਮ ਬਾਣੀ ਵਾਰੇ ਸਾਰੀ ਸਿੱਖ ਕੌਮ ਵਿੱਚ ਮੱਤਭੇਦ ਹਨ। ਬਿਨਾਂ ਕਿਸੇ ਕੌਮੀ ਫ਼ੈਸਲੇ ਤੋਂ ਸ਼੍ਰੋ. ਕਮੇਟੀ ਦਾ ਅਜਿਹਾ ਕਰਨਾ ਹੀ ਸਿੱਖਾਂ ਨੂੰ ਹਿੰਦੂ ਬਣਾਉਣਾ ਹੈ ਕਿਉਂਕਿ ਕਹੀ ਜਾਂਦੀ ਦਸਮ ਬਾਣੀ ਵਿੱਚ ਜੋ ਕੁੱਝ ਵੀ ਬ੍ਰਾਹਮਣਵਾਦੀਆਂ ਵਲੋਂ ਜੋੜਿਆ ਗਿਆ ਹੈ ਉਸ ਵਿੱਚ ਹਿੰਦੂ ਮੱਤ ਦੇ ਸ਼ਿਵ ਪੁਰਾਣ, ਭਾਗਵਤ ਪੁਰਾਣ ਅਤੇ ਸ਼ਿਵ ਪੁਰਾਣ ਵਿੱਚੋਂ ਨਕਲ ਕੀਤੀਆਂ ਕਹਾਣੀਆਂ ਨੂੰ ਹੀ ਕਵਿਤਾਇਆ ਗਿਆ ਹੈ ਜੋ ਸਿੱਖਾਂ ਨੂੰ ਪੜ੍ਹਾ ਕੇ ਉਨ੍ਹਾਂ ਨੂੰ ਹਿੰਦੂ ਮੱਤ ਨਾਲ਼ ਜੋੜਨਾ ਹੀ ਹੈ।
3. ਤੀਜੇ ਨੰਬਰ ਉੱਤੇ ਸਿੱਖਾਂ ਨੂੰ ਹਿੰਦੂ ਮੱਤ ਦੇ ਸ਼ਰਧਾਲੂ ਬਣਾਉਣ ਵਿੱਚ ਯੋਗਦਾਨ ਪਾਉਣ ਵਾਲ਼ੇ !
ਦਿੱਲ਼ੀ ਦੇ ਗੁਰਦੁਆਰੇ ਵਿੱਚ ਹੋਈ ‘ਵਾਰ ਦੁਰਗਾ ਕੀ’ ਦੀ ਕਈ ਦਿਨ ਹੁੰਦੀ ਕਥਾ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਅਤੇ ਦੁਰਗਾ ਮਾਈ ਪਾਰਬਤੀ ਦੀਆਂ ਸਿਫ਼ਤਾਂ ਹੁੰਦੀਆਂ ਸੁਣ ਦੇਖ ਕੇ ਅਤੇ ਹਜ਼ੂਰ ਸਾਹਿਬ ਤੋਂ ਬੰਬਈ ਤਕ ਕੱਢੀ ਜਾਣ ਵਾਲ਼ੀ ਦਸ਼ਮ ਗ੍ਰੰਥ ਯਾਤਰਾ ਦਾ ਜਿਨ੍ਹਾਂ ਸਿੱਖ ਸੰਸਥਾਵਾਂ, ਜਥੇਦਾਰਾਂ, ਪ੍ਰਧਾਨਾ, ਚੇਅਰਮੈਨਾਂ ਆਦਿਕ ਨੇ ਵਿਰੋਧ ਨਹੀਂ ਕੀਤਾ ਉਹ ਸੱਭ ਸਿੱਖਾਂ ਨੂੰ ਹਿੰਦੂ ਮੱਤ ਨਾਲ਼ ਜੋੜਨ ਵਿੱਚ ਸਹਾਇਤਾ ਕਰਨ ਵਾਲ਼ੇ ਹਨ।
ਸ਼ਾਬਾਸ਼! ਉਨ੍ਹਾਂ ਵੀਰਾਂ ਜਾਂ ਜਥਿਆਂ ਦੇ ਜਿਨ੍ਹਾਂ ਨੇ ਦਸ਼ਮ ਗ੍ਰੰਥ ਰਾਹੀਂ ਜਲੂਸ ਕੱਢਣ ਵਿਰੁੱਧ ਆਵਾਜ਼ ਉਠਾਈ ਹੈ। ਅਖੰਡ ਕੀਰਤੀਨੀ ਜਥਾ ਵਧਾਈ ਦਾ ਹੱਕਦਾਰ ਹੈ ਜਿੱਸ ਨੇ ਦਸ਼ਮ ਗ੍ਰੰਥ ਰਾਹੀਂ ਹਜ਼ੂਰ ਸਾਹਿਬ ਤੋਂ ਬੰਬਈ ਤਕ ਜਲੂਸ ਕੱਢਣ ਦਾ ਡੱਟ ਕੇ ਵਿਰੋਧ ਕੀਤਾ ਹੈ। ਸਿੱਖਾਂ ਨੂੰ ਦਸਵੇਂ ਪਾਤਿਸ਼ਾਹ ਜੀ ਵਲੋਂ ਥਾਪੇ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਦੁੂਰ ਕਰਕੇ ਹਿੰਦੂ ਮੱਤ ਦੇ ਸ਼ਿਵ ਪੁਰਾਣ, ਭਾਗਵਤ ਪੁਰਾਣ, ਮਾਰਕੰਡੇ ਪੁਰਾਣ ਆਦਿਕ ਗ੍ਰੰਥਾਂ ਦੀਆਂ ਕਹਾਣੀਆਂ ਨਾਲ਼ ਜੋੜਕ ਕੇ ਹਿੰਦੂ ਮੱਤ ਵਿੱਚ ਸ਼ਾਮਲ ਕਰਨ ਲਈ ਹੀ ਅਖੌਤੀ ਦਸ਼ਮ ਗ੍ਰੰਥ ਨੂੰ ਹਿੰਦੂਤਵ ਦੇ ਪ੍ਰਭਾਵ ਹੇਠ ਉਭਾਰਿਆ ਜਾ ਰਿਹਾ ਹੈ।
ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਸ਼੍ਰੋ. ਕਮੇਟੀ ਅਤੇ ਇਸ ਦੇ ਅਧੀਨ ਜਥੇਦਾਰਾਂ ਨੂੰ ਹਿੰਦੂਤਵ ਦੇ ਏਜੰਡੇ ਵਿਰੁੱਧ ਬੋਲਣ ਤੇ ਆਪਣੇ ਅਹੁਦੇ ਖੁੱਸ ਜਾਣ ਦਾ ਡਰ ਤਾਂ ਸਤਾਅ ਰਿਹਾ ਹੈ, ਪਰ ਸਿੱਖਾਂ ਵਲੋਂ ਹਿੰਦੂ ਮੱਤ ਅਪਨਾਅ ਲੈਣ ਦਾ ਕੋਈ ਡਰ ਨਹੀਂ ਹੈ। ਦੁਨੀਆਂ ਦੀ ਕਿਸੇ ਕਿਤਾਬ (ਗ੍ਰੰਥ) ਨੂੰ ਸਿੱਖਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਨਮਾਨਿਆ ਨਹੀਂ ਜਾ ਸਕਦਾ। ਜੇ ਕੋਈ ਹੋਰ ਗ੍ਰੰਥ ਸੱਚੇ ਗੁਰੂ ਗ੍ਰੰਥ ਬਰਾਬਰ ਨਹੀਂ ਸਨਮਾਨਿਆ ਜਾ ਸਕਦਾ ਤਾਂ ਉਸ ਗ੍ਰੰਥ ਦੀ ਕੋਈ ਰਚਨਾ ਵੀ ਸੱਚੀ ਬਾਣੀ ਦੇ ਬਰਾਬਰ ਸਨਮਾਨੀ ਨਹੀਂ ਜਾ ਸਕਦੀ, ਭਾਵ, ਧੁਰ ਕੀ ਗੁਰਬਾਣੀ ਦਾ ਦਰਜਾ ਨਹੀਂ ਰੱਖ ਸਕਦੀ।
ਕਸ਼ਮੀਰਾ ਸਿੰਘ (ਪ੍ਰੋ.) U.S.A.
ਸਿੱਖਾਂ ਨੂੰ ਅਖੌਤੀ ਦਸ਼ਮ ਗ੍ਰੰਥ ਰਾਹੀਂ ਪੱਕੇ ਹਿੰਦੂ ਬਣਾਉਣ ਵਾਲ਼ੀ ਪੁਆੜੇ ਦੀ ਜੜ੍ਹ ਕੌਣ ?
Page Visitors: 2688