# - = ਡਰ ਕੀ ਹੈ ? = - #
ਜਦੋਂ ਤੋਂ ਹੀ ਮਨੁੱਖੀ ਜੀਵ ਨੂੰ ਜਿੰਦਗੀ ਜਿਉਣ ਦੀ ਜਾਂਚ ਆਈ ਹੈ ਉਦੋਂ ਤੋਂ ਹੀ ਕੁੱਝ ਸ਼ਾਤਰ ਦਿਮਾਗ ਮਨੁੱਖ ਇਸ ਸਮਾਜ ਵਿਚ ਪੈਦਾ ਹੋਏ ਅਤੇ ਮਨੁੱਖੀ ਜੀਵ ਦੀ ਲੁੱਟ ਕਰਨ ਲਈ ਉਨ੍ਹਾ ਨੇ ਸਾਧਨ ਪੈਦਾ ਕੀਤੇ। ਜਿਨ੍ਹਾਂ ਵਿਚੋਂ ਡਰ ਵੀ ਇਕ ਸਾਧਨ ਹੈ। 1988/89 ਵਿਚ ਮੈਨੂੰ ਕੋਲਕਤਾ ਵਿਚ ਬਿਰਲਿਆਂ ਵਿਚੋਂ ਮਧੂਕਰ ਬਿਰਲਾ ਦੇ ਘਰ ਜਾਣ ਦਾ ਮੌਕਾ ਮਿਲਿਆ ਅਤੇ ਨੌਕਰਾਂ ਨੂੰ ਉਨ੍ਹਾਂ ਦੇ ਘਰ ਤੁਰਦਿਆਂ ਅਤੇ ਕੰਮ ਕਰਦਿਆਂ ਦੇਖਿਆ। ਕੀ ਮਿਜਾਲ ਹੈ ਕੇ ਉਹ ਕਾਮੇ ਮਜ਼ਦੂਰ ਆਪਣੀ ਕਮਰ ਸਿੱਧੀ ਕਰਕੇ ਤੁਰ ਸਕਣ। ਚਾਹ ਦਾ ਕੱਪ ਦੇਣ ਮੌਕੇ ਵੀ ਉਹ ਕਾਮੇ ਧਰਤੀ ਵੱਲ ਹੀ ਝਾਕਦੇ ਹਨ। ਇਨ੍ਹਾਂ ਵਿਚੋਂ ਹੀ ਜਦੋਂ ਮੈਨੂੰ ਅਯੁਧਿਆ ਵਿਚ ਕਾਸ਼ੀ ਬਾਬੂ ਤਾਪੜੀਆ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਗੱਲ ਹੋਰ ਵੀ ਸਾਫ ਹੋ ਗਈ।
ਰਸੋਈ ਵਿਚ ਲੰਗਰ ਵਰਤਾਉਣ ਮੌਕੇ ਵੀ ਰਸੋਈਆ ਜਾਂ ਹੋਰ ਕਾਮੇ ਲੋਕ ਇਕ ਹੱਥ ਵਿਚ ਥਾਲੀ ਲੈ ਕੇ ਦੂਜੇ ਹੱਥ ਨਾਲ ਰਸਤਾ ਕੱਟਦੇ ਤੇ ਫਿਰ ਅੱਗੇ ਵੱਧਦੇ ਦੇਖੇ ਗਏ ਜਦੋਂ ਕੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਸੀ। ਪੁੱਛਣ ਤੇ ਪਤਾ ਚੱਲਿਆ ਕੇ ਕੋਈ ਬਲਾ ਰਸਤੇ ਵਿਚ ਖੜੀ ਹੋ ਸਕਦੀ ਹੈ। ਮਾਲਕ ਸਾਹਮਣੇ ਧੌਣ ਉੱਚੀ ਨਹੀਂ ਕਰਨੀ, ਕਮਰ ਸਿੱਧੀ ਨਹੀਂ ਕਰਨੀ, ਸਵਾਲ ਖੜਾ ਨਹੀਂ ਕਰਨਾ, ਆਪਣੇ ਹੱਕਾਂ ਬਾਰੇ ਗੱਲ ਨਹੀਂ ਕਰਨੀ। ਮਾਲਕ ਜੋ ਕਰਦਾ ਹੈ, ਕਹਿੰਦਾ ਹੈ, ਸੱਭ ਠੀਕ ਹੈ। ਇਹ ਹੈ ਡਰ ਜੋ ਭੋਲੇ ਭਾਲੇ ਲੋਕਾਂ ਤੇ ਪਾ ਦਿੱਤਾ ਜਾਦਾ ਹੈ ਤੇ ਉਹ ਡਰ ਦੀ ਵਜ੍ਹਾ ਕਰਕੇ ਪੀੜ੍ਹੀ ਦਰ ਪੀੜ੍ਹੀ ਮਾਲਕਾਂ ਦੀ ਚੱਕੀ ਦੇ ਪੁੜਾਂ ਵਿਚ ਪਿਸਦੇ ਰਹਿੰਦੇ ਹਨ। ਇਨ੍ਹਾਂ ਗਰੀਬਾਂ ਦੀ ਕੋਈ ਪੁਕਾਰ ਨਹੀਂ ਕੋਈ ਸੁਣਵਾਈ ਨਹੀਂ। ਇਹ ਲੋਕ ਸਦੀਆਂ ਤੋਂ ਗੁਲਾਮੀ ਦੀ ਚੱਕੀ ਪੀਸਦੇ ਪੀਸਦੇ ਹੁਣ ਇਸ ਚੱਕੀ ਦੇ ਐਸੇ ਆਦੀ ਹੋਏ ਹਨ ਕਿ ਇਸ ਗੁਲਾਮੀ ਦੀ ਚੱਕੀ ਤੋਂ ਬਗੈਰ ਜਿਵੇਂ ਇਨ੍ਹਾ ਦੀ ਮੌਤ ਹੀ ਹੋ ਜਾਵੇਗੀ।
ਇਹ ਗੱਲ ਫਰਾਂਸ ਦੇ ਇਨਕਲਾਬ ਤੋਂ ਬਾਅਦ ਜੇਲ ਕੈਦੀਆਂ ਵਿੱਚ ਵੀ ਵੇਖੀ ਗਈ। ਇਨਕਲਾਬੀ ਕੈਦੀਆਂ ਨੂੰ ਇਨਕਲਾਬ ਆਉਣ ਤੋਂ ਬਾਅਦ ਜਦੋਂ ਪਾਰਟੀ ਨੇ ਰਿਹਾ/ਅਜ਼ਾਦ ਕਰਨਾ ਚਾਹਿਆ ਤਾਂ ਇਨਕਲਾਬੀ ਕੈਦੀ ਆਪਣੇ ਆਪਣੇ ਘਰਾਂ ਨੂੰ ਜਾਣ ਲਈ ਤਿਆਰ ਹੀ ਨਹੀਂ ਸਨ। ਉਹ ਕਹਿੰਦੇ ਇਹ ਜੇਲ੍ਹ ਹੀ ਹੁਣ ਸਾਡਾ ਘਰ ਬਣ ਚੁੱਕੀ ਹੈ। ਇਹ ਲੋਕ ਤਾਂ ਹੁਣ ਮਲਕ ਭਾਗੋਆਂ ਦੇ ਘਰ ਆਪਣੀਆਂ ਖਾਣ ਵਾਲੀਆਂ ਵਸਤਾਂ ਵੀ ਆਪਣੇ ਆਪ ਹੀ ਛੱਡ ਆਉਣਗੇ। ਆਪ ਭੁੱਖੇ ਰਹਿ ਕੇ ਵੀ ਮਲਕ ਭਾਗੋਆਂ ਦੇ ਘਰ ਹੋ ਰਹੇ ਸ਼ਰਾਧਾਂ ਤੇ ਰੱਜੇ ਹੋਏ ਲੋਕਾਂ ਦੀ ਹੋ ਰਹੀ ਸੇਵਾ ਅਤੇ ਆਪਣੀ ਹੋ ਰਹੀ ਲੁੱਟ ਨੂੰ ਹੀ ਪਸੰਦ ਕਰਨਗੇ।
ਇਹ ਓਹੀ ਵੇਲਾ ਸੀ ਜਦੋਂ ਅਮਰੀਕਾ ਕਨੇਡਾ ਤੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਗੁਲਾਮੀ ਦਾ ਦੌਰ ਚੱਲ ਰਿਹਾ ਸੀ। ਮਨੁੱਖੀ ਜੀਵ ਨੂੰ ਸਿਰਫ ਜਾਨਵਰਾਂ ਦੀ ਤਰ੍ਹਾਂ ਹੀ ਖਰੀਦਿਆ ਅਤੇ ਵੇਚਿਆ ਹੀ ਨਹੀਂ ਸੀ ਜਾਂਦਾ ਸਗੋਂ ਕੰਮ ਵੀ ਪਸ਼ੂਆਂ ਦੀ ਤਰ੍ਹਾਂ ਹੀ ਲਿਆ ਜਾਂਦਾ ਸੀ। ਪੰਦਰਵੀ ਸਦੀ ਦੇ ਅਖੀਰਲੇ ਹਿਸੇ ਵਿਚ ਗੁਰੂ ਨਾਨਕ ਸਾਹਿਬ ਪੈਦਾ ਹੋਏ (15 ਅਪਰੈਲ 1469- 22 ਸਤੰਬਰ 1538), ਜਰਮਨੀ ਦਾ ਰੀਫਾਰਮਰ ਮਾਰਟਿਨ ਲੂਥਾ ਵੀ ਇਸੇ ਸਮੇਂ ਪੈਦਾ ਹੋਇਆ (10 ਨਵੰਬਰ 1483-18 ਫਰਵਰੀ 1546)ਅਤੇ ਇਟਲੀ ਦਾ ਗਲਿਲੀਓ ਵੀ ਤਕਰੀਬਨ ਗੁਰੂ ਨਾਨਕ ਅਤੇ ਮਾਰਟਿਨ ਲੂਥਾ ਜੀ ਤੋਂ 50 ਸਾਲ ਬਾਅਦ ਪੈਦਾ ਹੋਇਆ (15 ਫਰਵਰੀ 1564-8 ਜਨਵਰੀ 1642)। ਇਸ ਸਮੇਂ ਤੋ ਲੈ ਕੇ ਅੱਜ ਤਕ ਮਨੁੱਖੀ ਜੀਵ ਨੇ ਸਾਇੰਸ ਰਾਹੀਂ ਬੜੀਆਂ ਕਾਢਾਂ ਕੱਢਕੇ ਆਪਣੇ ਵਾਸਤੇ ਅਤੇ ਦੂਜਿਆਂ ਵਾਸਤੇ ਬਹੁਤ ਸੁਖ ਸਹੂਲਤਾਂ ਪੈਦਾ ਕਰ ਲਈਆਂ ਹਨ। ਮਾਰਟਿਨ ਲੂਥਾ ਨੇ ਸਿਰਫ ਕਰਿਸਚੀਅਨ ਧਰਮ ਵਿਚ ਕੁੱਝ ਤਬਦੀਲੀਆਂ ਕਰਨ ਤੇ ਹੀ ਜੋਰ ਦਿੱਤਾ ਪਰ ਗੁਰੂ ਨਾਨਕ ਹੀ ਇਕ ਐਸਾ ਯੋਧਾ ਹੋਇਆ ਹੈ ਜਿਸ ਨੇ ਬੰਦੇ ਦੀ ਮਾਨਸਿਕਤਾ ਨੂੰ ਬਦਲਣ ਅਤੇ ਪੂਰਣ ਅਜ਼ਾਦੀ ਪ੍ਰਾਪਤ ਕਰਨ ਦਾ ਤਰੀਕਾ ਮਸਝਾਇਆ ਹੈ। ਪਰ ਸਾਰੀ ਦੁਨੀਆਂ ਵਿਚ ਹਾਲੇ ਵੀ ਮਨੁੱਖੀ ਜੀਵ ਦੀ ਲੁੱਟ-ਖਸੁੱਟ ਜਾਰੀ ਹੈ।
ਬਿੱਲੀ ਰਸਤਾ ਕੱਟ ਗਈ ਵਾਪਸ ਚੱਲੋ, ਗਧਾ ਹੀਂਗਣ ਲੱਗ ਪਿਆ ਹੁਣ ਕੰਮ ਨਹੀਂ ਬਣਨਾ ਵਾਪਸ ਚੱਲੋ। ਕੋਈ ਬੁੜੀ ਖਾਲੀ ਟੋਕਰਾ ਲਈ ਆਉਂਦੀ ਮਿਲ ਪਈ ਕੰਮ ਨਹੀਂ ਬਣੇਗਾ ਵਾਪਸ ਚੱਲੋ। ਲੰਬਰਦਾਰ ਸਵੇਰੇ ਮਿਲ ਪਿਆ ਕੰਮ ਨਹੀਂ ਬਣੇਗਾ ਵਾਪਸ ਚੱਲੋ। ਤੁਰਨ ਵੇਲੇ ਐਂਨ ਮੌਕੇ ਸਿਰ ਕਿਸੇ ਨੇ ਛਿਕ ਮਾਰ ਦਿੱਤੀ ਕੰਮ ਨਹੀਂ ਬਣੇਗਾ ਵਾਪਸ ਚੱਲੋ। ਐਤਵਾਰ ਕੇਸੀ ਇਸ਼ਨਾਨ ਕਰਨ ਨਾਲ ਉਮਰ ਘੱਟਦੀ ਹੈ ਸ਼ਨਿਚਰਵਾਰ ਨਹਾਇਆ ਕਰੋ। ਐਤਵਾਰ ਕਿਸੇ ਨੂੰ ਪੈਸੇ ਨਹੀਂ ਦੇਣੇ ਜੇ ਲੈਣੇ ਹਨ ਤਾਂ ਲੈ ਆਓ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਵਹਿਮ-ਭਰਮ ਹਨ ਜੋ ਵੀ ਮਨੁੱਖੀ ਜੀਵ ਕਰਦਾ ਹੈ ਤੇ ਉਹ ਦੁੱਖ ਹੀ ਭੋਗਦਾ ਹੈ। ਬਿੱਲੀ, ਜੋ ਜੰਗਲੀ ਜਾਨਵਾਰ ਹੈ, ਨੇ ਤਾਂ ਇੱਧਰ-ਉੱਧਰ ਜਾਣਾ ਹੀ ਹੈ। ਉਸਦਾ ਤੁਹਾਡੇ ਕਿਸੇ ਕੰਮ ਨਾਲ ਕੋਈ ਵਾਸਤਾ ਨਹੀਂ। ਬੁੜੀ ਨੇ ਤਾਂ ਗੋਹੇ ਵਾਲਾ ਟੋਕਰਾ, ਰੂੜੀ ਤੇ ਗੋਹਾ ਸੁੱਟਣ ਤੋਂ ਬਾਅਦ, ਖਾਲੀ ਕਰਕੇ ਘਰ ਨੂੰ ਲੈ ਕੇ ਹੀ ਆਉਣਾ ਹੈ। ਉਸਦਾ ਤੁਹਾਡੇ ਕੰਮ ਨਾਲ ਕੋਈ ਵਾਸਤਾ ਨਹੀਂ। ਇਸੇ ਤਰ੍ਹਾਂ ਕਿਸੇ ਗਧੇ ਨੂੰ ਤੁਹਾਡੇ ਕਿਸੇ ਕੰਮ ਨਾਲ ਕੋਈ ਵਾਸਤਾ ਨਹੀਂ। ਲੰਬਰਦਾਰ ਨੂੰ ਮਿਲਣ ਨਾਲ ਕੰਮ ਵਿਗੜਨਾ ਨਹੀਂ ਤੇ ਨਾ ਨਾ-ਮਿਲਣਾ ਨਾਲ ਸੌਰਨਾ ਹੈ। ਕੋਈ ਬੰਦਾ ਚੰਗਾ ਜਾਂ ਮਾੜਾ ਨਹੀਂ ਹੁੰਦਾ ਜਿਸਦੇ ਮਿਲਣ ਜਾਂ ਨਾ-ਮਿਲਣ ਨਾਲ ਕੰਮ ਵਿਗੜ ਜਾਂ ਬਣ ਜਾਵੇ। ਅੱਜ ਪੰਜਾਬ ਦੇ ਹਰ ਪਿੰਡ ਵਿਚ ਦੋ ਦੋ ਚਾਰ ਚਾਰ ਪੁੱਛਾਂ ਦੇਣ ਵਾਲੀਆਂ ਮਾਈਆਂ ਪੈਦਾ ਹੋ ਚੁੱਕੀਆਂ ਹਨ। ਮੇਰੇ ਆਪਣੇ ਪਿੰਡ ਵਿਚ ਮੇਰੇ ਹੀ ਸਕੇ ਸਬੰਧੀਆਂ ਦੀ ਵਹੁਟੀਆਂ/ ਨੂਹਾਂ, ਜਿਹੜੀਆਂ ਆਪਣੇ ਸਹੁਰੇ ਪਿੰਡ ਰੋਟੀ ਨੂੰ ਤਰਸਦੀਆਂ ਸਨ, ਉਹ ਅੱਜ ਲੋਕਾਂ ਨੁੰ ਮੂਰਖ ਬਣਾ ਬਣਾ ਕੇ ਆਪਣੀਆ ਕੋਠੀਆਂ ਖੜੀਆਂ ਕਰ ਰਹਿਆਂ ਹਨ। ਇਸ ਸੱਭ ਕੁੱਝ ਵਹਿਮ ਭਰਮ ਦਾ ਹਿਸਾ ਹੈ ਜੋ ਡਰ ਦੀ ਉਪਜ ਹੈ।
ਮੇਰੀ ਆਪਣੀ ਜ਼ਿਦਗੀ ਕਹਾਣੀ ਇਹ ਹੈ ਕਿ ਜਦੋਂ ਮੈਂ ਪਿੰਡੋਂ ਉੱਠ ਕੇ ਅੰਮ੍ਰਤਸਰ ਸ਼ਹਿਰ ਆ ਗਿਆ ਤਾਂ ਮੈਂ ਵੀ ਸ਼ਹਿਰੀਆਂ ਦੇ ਪਾਖੰਡ ਦੇਖ ਦੇਖ ਕੇ ਪਾਖੰਡੀ ਬਣ ਗਿਆ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ, ਡਿਉਡੀ ਕੋਲ ਪੈਰਾਂ ਦੀ ਮੈਲ ਨਾਲ ਗੰਦੇ ਹੋਏ ਪਾਣੀ ਦੀਆਂ ਚੁਲੀਆਂ ਭਰਨੀਆਂ, ਸਰੋਵਰ ਦੇ ਪਾਣੀ ਦੀਆਂ ਚੁਲੀਆਂ ਭਰਨੀਆਂ, ਦੁੱਖ ਭੰਜਨੀ ਬੇਰੀ ਨੂੰ ਮੱਥਾ ਟੇਕਣਾ, ਦਰਬਾਰ ਸਾਹਿਬ ਤੋਂ ਗ੍ਰੰਥੀ ਕੋਲੋਂ ਫੁੱਲ ਲੈ ਕੇ ਆਪਣੀ ਪੱਗ ਵਿਚ ਟੰਗਣੇ ਆਦਿ। ਇਹ ਸਾਰਾ ਕੁੱਝ ਸ਼ਹਿਰੀ ਲੋਕਾਂ ਦੀ ਨਕਲ ਕਰਨ ਕਰਕੇ ਹੋਇਆ ਜੋ ਵਹਿਮ-ਭਰਮ ਤੇ ਡਰ ਕਰਕੇ ਹੋਇਆ। ਸਾਲ ਬਾਅਦ ਜਦੋਂ ਮੈਂ ਪਿੰਡ ਆ ਗਿਆ ਤਾਂ ਆਪਣੇ ਜਮਾਤੀਆਂ ਨਾਲ ਮਿਲ ਕੇ ਲੋਕਾਂ ਦੇ ਕੀਤੇ ਟੂਣੇ ਵਾਲੇ ਕੁੱਕੜ ਤੇ ਸ਼ਰਾਬ ਚੁੱਕ ਲਿਆਉਣੀ ਸਾਡਾ ਕੰਮ ਬਣ ਗਿਆ ਕਿਉਂਕਿ ਸਾਡਾ ਡਰ ਲਹਿ ਗਿਆ ਸੀ ਅਤੇ ਅਸੀਂ ਵਾਹਿਮਾਂ ਭਰਮਾਂ ਚੋਂ ਬਾਹਰ ਨਿਕਲ ਗਏ ਸਾਂ ਭਾਂਵੇਂ ਗੁਰਬਾਣੀ ਦਾ ਕੋਈ ਗਿਆਨ ਨਹੀਂ ਸੀ।
ਯੂਰਪੀਅਨ ਮੁਲਕਾਂ ਵਿਚ ਵੀ ਇਸ ਡਰ ਦੀ ਉਪਜ ਵੱਖਰੇ ਵੱਖਰੇ ਵਹਿਮਾਂ ਭਰਮਾਂ ਰਾਹੀਂ ਦੇਖੀ/ਸੁਣੀ ਜਾ ਸਕਦੀ ਹੈ। ਹੱਥ ਰੇਖਾਵਾਂ ਪੜ੍ਹਨ ਵਾਲੇ ਇੱਥੇ ਵੀ ਹਨ। ਹੱਥ ਰੇਖਾ ਪੜ੍ਹਨ ਵਾਲੇ ਡਰ ਦੀ ਬਾਰਸ਼ ਨਾਲ ਮਨੁੱਖੀ ਜੀਵ ਨੂੰ ਡਰਾ ਕੇ ਖੂਬ ਪੈਸੇ ਬਟੋਰਦੇ ਵੇਖੇ ਜਾ ਸਕਦੇ ਹਨ। 1983 ਦੀ ਜਰਮਨੀ ਤੋਂ ਕਠਮੰਡੂ (ਨੇਪਾਲ) ਫੇਰੀ ਦੌਰਾਨ ਮੈਂ ਆਪਣੇ ਜਰਮਨ ਮਿਤਰਾਂ ਨਾਲ ਯੁਗੋਸਲਾਵੀਆ ਦੇ ਪੇਂਡੂ ਇਲਾਕੇ ਵਿਚ ਸੜਕਾਂ ਦੇ ਕੰਢੇ ਇਕ ਛੋਟੀ ਜਿਹੀ ਸੰਦੂਕੜੀ ਵਿਚ ਦੇਵੀ ਦੇਵਤੇ ਖੜੇ ਕੀਤੇ ਦੇਖੇ ਹਨ। ਜਿਨ੍ਹਾਂ ਬਾਰੇ ਪੁੱਛਣ ਤੇ ਪਤਾ ਚੱਲਿਆ ਕਿ ਇਹ ਦੇਵੀ ਦੇਵਤੇ ਭੂਤਾਂ-ਪਰੇਤਾਂ ਤੋਂ ਸਾਡੀ ਰੱਖਿਆ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਕੋਈ ਬਲਾ ਸਾਡੇ ਪਿੰਡ ਵਿਚ ਦਾਖਲ ਨਹੀਂ ਹੁੰਦੀ। ਜਦੋਂ ਮੈਂ ਇਹ ਸਵਾਲ ਕੀਤਾ ਕਿ ਭੂਤਾਂ-ਪਰੇਤਾਂ ਨੂੰ ਇਸ ਸੜਕ ਰਾਹੀਂ ਤੁਹਾਡੇ ਪਿੰਡ ਵਿਚ ਦਾਖਲ ਹੋਣ ਦੀ ਕੀ ਲੋੜ ਹੈ? ਭੂਤ-ਪਰੇਤ ਤਾਂ ਬਗੈਰ ਸੜਕ ਤੋਂ ਹੀ ਪਿੰਡਾਂ ਵਿਚ ਦਾਖਲ ਹੋ ਸਕਦੇ ਹਨ। ਉਨ੍ਹਾ ਨੇ ਕਿਹੜਾ ਮਰਸੀਡਜ਼ ਬਿਨਜ਼ ਤੇ ਬੈਠ ਕੇ ਆਉਣਾ ਹੈ ਤਾਂ ਉਨ੍ਹਾਂ ਵਿਚਾਰੇ ਗਰੀਬੀ ਦੇ ਮਾਰੇ ਯੂਗੋਸਲਾਵੀਅਨ ਲੋਕਾਂ ਕੋਲ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਹਾਲੋਵੀਨ ਦਾ ਤਿਓਹਾਰ ਵੀ ਆਉਣ ਵਲਾ ਹੀ ਹੈ। ਇਹ ਵੀ ਡਰ ਦੀ ਉਪਜ਼ ਹੀ ਹੈ।
ਗਉੜੀ ਮਹਲਾ ੧ ॥
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
ਅਨ ਭੈ ਵਿਸਰੇ ਨਾਮਿ ਸਮਾਇਆ ॥੧॥
ਕਿਆ ਡਰੀਐ ਡਰੁ ਡਰਹਿ ਸਮਾਨਾ ॥
ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥{ਪੰਨਾ 154}
ਗੁਰੂ ਨਾਨਕ ਸਾਹਿਬ ਫੁਮਾਉਂਦੇ ਹਨ ਕਿ ਜਿਸ ਜਿਸ ਨੇ ਵੀ ਸੱਚ/ ਪਰਮਾਤਮਾ ਨਾਲ ਸਾਂਝ ਪਾਈ ਤੇ ਹੋਰਨਾਂ ਨੂੰ ਵੀ ਸਾਂਝ ਪਾਉਣ ਲਈ ਪਰੇਰਿਆ, ਸੱਚ ਦੇ ਗਿਆਨ ਨੂੰ ਪਛਾਣ ਲਿਆ ਉਨ੍ਹਾ ਦੇ ਸਾਰੇ ਦੁਨਿਆਵੀ ਡਰ ਖਤਮ ਹੋ ਗਏ। ਉਹ ਗੁਰਮੁਖ ਲੋਕ ਆਪ ਅਤੇ ਹੋਰ ਸਾਰੇ ਗੁਰੂ ਦੇ ਗਿਆਨ ਨੂੰ ਸਮਝ ਕੇ ਪਰਮਾਤਮਾ ਦੇ ਡਰ ਵਿਚ ਸਮਾ ਗਏ।
ਗਉੜੀ ਮਹਲਾ ੫ ॥
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥
ਡਰੁ ਚੂਕਾ ਦੇਖਿਆ ਭਰਪੂਰਿ ॥੧॥
ਸਤਿਗੁਰ ਅਪਨੇ ਕਉ ਬਲਿਹਾਰੈ ॥
ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥{ਪੰਨਾ 186}॥
ਅਸਲ ਵਿਚ ਮਨੁਖੀ ਜੀਵ ਜਿਤਨਾ ਚਿਰ ਪਰਮਾਤਮਾ ਤੋਂ ਆਪਣੇ ਆਪ ਨੂੰ ਦੂਰ ਸਮਝਦਾ ਹੈ ਉਤਨਾ ਚਿਰ ਉਹ ਡਰਦਾ ਹੀ ਰਹਿੰਦਾ ਹੈ ਅਤੇ ਡਰ ਨਾਲ ਹੀ ਸਹਿਮਿਆ ਹੋਇਆ ਮਰ ਜਾਂਦਾ ਹੈ। ਜਦੋਂ ਹੀ ਉਸ ਨੇ ਇਹ ਡਰ ਖਤਮ ਕਰ ਦਿੱਤਾ ਤਾਂ ਉਸ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਮੇਰੇ ਅੰਦਰ ਹੀ ਹੈ। ਇਸ ਕਰਕੇ ਮੈਂ ਆਪਣੇ ਗਿਆਨ ਗੁਰੂ ਤੋਂ ਬਲਹਾਰ ਜਾਂਦਾ ਹਾਂ ਕਿਉਂਕਿ ਇਹ ਗਿਆਨ ਗੁਰੂ ਮੈਨੂੰ ਹਰ ਮੁਸ਼ਕਲ ਵਿਚੋਂ ਪਾਰ ਲੰਘਾਵੇਗਾ ਵਿਚਕਾਰ ਨਹੀਂ ਛੋਡੇਗਾ।
ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}
ਭਗਤ ਰਵੀਦਾਸ ਜੀ ਤਾਂ ਕੋਈ ਝਮੇਲਾ ਰਹਿਣ ਹੀ ਨਹੀਂ ਦਿੰਦੇ ਜਦੋਂ ਉਹ ਲਿਖਦੇ ਹਨ ਕਿ ਉਹ ਪਰਮਾਤਮਾ ਤਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਜੋ ਬਿਲਕੁੱਲ ਸੱਚ ਹੈ। ਰੱਬ ਵੱਸਦਾ ਹੀ ਮਨੁੱਖੀ ਜੀਵ ਦੇ ਦਿਮਾਗ ਵਿਚ ਹੈ।
ਮੁਹੰਮਦ ਇਕਬਾਲ ਗੁਰੂ ਨਾਨਕ ਸਾਹਿਬ ਬਾਰੇ:
ਫਿਰ ਉੱਠੀ ਸਦਾ ਆਖਰ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ
# 647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
# - = ਡਰ ਕੀ ਹੈ ? = - #
Page Visitors: 2728