ਅਤਿ ਊਚਾ ਤਾ ਕਾ ਦਰਬਾਰਾ
ਅਸੀਂ ਜਦੋਂ ਆਪਣੇ ਆਲੇ ਦੁਆਲੇ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਕਿ ਇੰਨੀ ਸੁੰਦਰ, ਰਮਨੀਕ, ਵੱਖ-ਵੱਖ ਰੰਗਾਂ ਵਿੱਚ ਰੰਗੀ ਹੋਈ ਸ਼੍ਰਿਸ਼ਟੀ ਸਾਜ ਕੇ ਚਲਾਉਣ ਵਾਲਾ ਕੌਣ ਹੈ? ਗੁਰੂ ਨਾਨਕ ਸਾਹਿਬ ਨੇ ਇਸ ਸਵਾਲ ਦਾ ਜਵਾਬ ਦਿਤਾ ਹੈ ਕਿ ਇਸ ਸਭ ਕੁੱਝ ਦੇ ਪਿਛੇ ਅਕਾਲ ਪੁਰਖ ਹੀ ਹੈ, ਹੋਰ ਕੋਈ ਨਹੀਂ। ਮੂਲਮੰਤਰ ਦੇ ਰਾਹੀਂ ਐਸੀ ਹਸਤੀ ਦਾ ਚਿਤਰਨ ਕਰਦਿਆਂ ਗੁਰੂ ਸਾਹਿਬ ਨੇ ਦਰਸਾਇਆ ਕਿ ਉਸਦੀ ਪ੍ਰਾਪਤੀ ਦਾ ਸਾਧਨ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਹੋਏ ਗੁਰੂ ਕ੍ਰਿਪਾ ਦੇ ਪਾਤਰ ਬਣ ਕੇ ਹੀ ਸੰਭਵ ਹੋ ਸਕਦਾ ਹੈ।
ਐਸੇ ਮਹਾਨ ਪ੍ਰਮਾਤਮਾ ਦਾ ਟਿਕਾਣਾ ਕਿਥੇ ਹੈ, ਕੀ ਉਸ ਤਕ ਪਹੁੰਚ ਕਰਕੇ ਉਸਦਾ ਅੰਤ ਪਾਇਆ ਜਾ ਸਕਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਗੁਰੂ ਅਰਜਨ ਸਾਹਿਬ ਰਾਗ ਵਡਹੰਸ ਅੰਦਰ ਬਾਣੀ ਉਚਾਰਣ ਕਰਕੇ ਦਿੰਦੇ ਹਨ-
ਅਤਿ ਊਚਾ ਤਾ ਕਾ ਦਰਬਾਰਾ।।
ਅੰਤੁ ਨਾਹੀ ਕਿਛੁ ਪਾਰਾਵਾਰਾ।। (ਵਡਹੰਸ ਮਹਲਾ ੫-੫੬੨)
ਉਸ ਵੱਡੇ ਦਰਬਾਰ ਦੇ ਮਾਲਕ ਪ੍ਰਮਾਤਮਾ ਦੇ ਉਚੇ ਦਰ ਨੂੰ ਜਾਨਣ ਦੇ ਸਬੰਧ ਵਿੱਚ ਗੁਰਬਾਣੀ ਦਸੱਦੀ ਹੈ ਕਿ ‘ਤੂ ਬੇਅੰਤੁ ਕੋ ਵਿਰਲਾ ਜਾਣੈ` (੫੬੨) ਅਨੁਸਾਰ ਵਿਰਲੇ ਬਣ ਕੇ ਵੀ ਉਸ ਨੂੰ ਪੂਰਨ ਰੂਪ ਵਿੱਚ ਜਾਨਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਅਸੀਂ ਉਸਨੂੰ ਜਿੰਨਾ ਜਾਨਣ ਦਾ ਯਤਨ ਕਰਾਂਗੇ, ਉਹ ਹੋਰ ਅੱਗੇ ਹੀ ਅੱਗੇ ਭਾਸੇਗਾ। ਅਸੀਂ ਅੰਤ ਅਧੀਨ ਜੀਵ ਉਸ ਬੇਅੰਤ ਨੂੰ ਪੂਰਨ ਰੂਪ ਵਿੱਚ ਜਾਣ ਲੈਣ ਦੇ ਸਮਰੱਥ ਨਹੀਂ ਹੋ ਸਕਦੇ। ਇਸ ਪ੍ਰਥਾਇ ਅਸੀਂ ਰੋਜ਼ਾਨਾ ਜਪੁਜੀ ਸਾਹਿਬ ਰਾਹੀਂ ਪੜ੍ਹਦੇ ਹਾਂ-
ਏਹੁ ਅੰਤੁ ਨ ਜਾਣੈ ਕੋਇ।। ਬਹੁਤਾ ਕਹੀਐ ਬਹੁਤਾ ਹੋਇ।।
ਵਡਾ ਸਾਹਿਬੁ ਊਚਾ ਥਾਉ।। ਊਚੇ ਉਪਰਿ ਊਚਾ ਨਾਉ।।
ਏਵਡੁ ਊਚਾ ਹੋਵੈ ਕੋਇ।। ਤਿਸੁ ਊਚੇ ਕਉ ਜਾਣੈ ਸੋਇ।। (ਜਪੁ-੫)
ਸਾਡੇ ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਅਸੀਂ ਤਾਂ ਥੋੜੀ ਬੁੱਧੀ ਦੇ ਮਾਲਕ ਹੋਣ ਕਰਕੇ ਪ੍ਰਮੇਸ਼ਰ ਦੀ ਥਾਹ ਨਹੀ ਪਾ ਸਕਦੇ, ਪਰ ਗੁਰੂ ਸਾਹਿਬਾਨ ਤਾਂ ਸਰਬ ਕਲਾ ਸਮਰੱਥ ਹਨ, ਉਹਨਾਂ ਨੇ ਤਾਂ ਪ੍ਰਭੂ ਨੂੰ ਪੂਰਨ ਰੂਪ ਵਿੱਚ ਜਾਣ ਹੀ ਲਿਆ ਹੋਵੇਗਾ।
ਇਸ ਪ੍ਰਸ਼ਨ ਦਾ ਉਤਰ ਸ੍ਰੀ ਗੁਰੂ ਅਰਜਨ ਸਾਹਿਬ ਰਾਗ ਦੇਵਗੰਧਾਰੀ ਅੰਦਰ ਦਿੰਦੇ ਹਨ ਕਿ ਉਹਨਾਂ ਨੇ ਪ੍ਰਮੇਸ਼ਰ ਦੇ ਦੀਦਾਰ ਕੀਤੇ ਹਨ, ਉਹ ਸਾਰਿਆਂ ਤੋਂ ਵੱਡਾ ਹੈ, ਪਰ ‘ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ` (੪੭੫) ਨੂੰ ਸਾਹਮਣੇ ਰੱਖਦੇ ਹੋਏ ਉਸ ਦੇ ਵੱਡੇ ਪਣ ਨੂੰ ਬਿਆਨ ਕਰਨਾ ਮੁਸ਼ਕਿਲ ਹੈ, ਕਿਸੇ ਵਸਤੂ ਪਦਾਰਥ ਜੀਵ ਬਾਰੇ ਸਮਝਾਉਣ ਲਈ ਕਿਸੇ ਹੋਰ ਨਾਲ ਤੁਲਨਾ ਕਰਕੇ ਹੀ ਦਸਿਆ ਜਾ ਸਕਦਾ ਹੈ, ਪਰ ਉਸ ਮਾਲਕ ਦੇ ਬਰਾਬਰ ਹਸਤੀ ਸੰਸਾਰ ਵਿੱਚ ਹੈ ਹੀ ਕੋਈ ਨਹੀਂ, ਇਸ ਲਈ ਉਸਨੂੰ ਬਿਆਨ ਕਰਨਾ ਅਸੰਭਵ ਹੈ-
ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ।।
ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ।। ੧।। ਰਹਾਉ।।
ਬਹੁ ਬੇਅੰਤ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ।।
ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ।। ੧।। (ਰਾਗ ਦੇਵਗੰਧਾਰੀ ਮਹਲਾ ੫-੫੩੪)
ਇਸ ਵਿਸ਼ੇ ਦੇ ਸਬੰਧ ਵਿੱਚ ਭਗਤ ਕਬੀਰ ਜੀ ਆਪਣੇ ਸਲੋਕ ਰਾਹੀਂ ਦਸਦੇ ਹਨ ਕਿ ਜੇਕਰ ਸੱਤ ਸਮੁੰਦਰਾਂ ਦੇ ਪਾਣੀ ਦੀ ਸਿਆਹੀ ਵੀ ਬਣਾ ਲਈ ਜਾਵੇ, ਸਾਰੀ ਸ਼੍ਰਿਸ਼ਟੀ ਵਿੱਚ ਲੱਗੇ ਹੋਏ ਰੁੱਖਾਂ ਬਿਰਖਾਂ ਦੀਆਂ ਕਲਮਾਂ ਘੜ ਲਈਆਂ ਜਾਣ, ਸਾਰੀ ਧਰਤੀ ਨੂੰ ਕਾਗਜ ਰੂਪ ਵਿੱਚ ਵਰਤ ਲਿਆ ਜਾਵੇ ਤਾਂ ਵੀ ਪਰਮਾਤਮਾ ਦੇ ਗੁਣ ਪੂਰਨ ਰੂਪ ਵਿੱਚ ਲਿਖੇ ਜਾ ਸਕਣੇ ਸੰਭਵ ਨਹੀਂ ਹੋਣਗੇ-
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ।।
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ।। ੮੧।। (ਸਲੋਕ ਕਬੀਰ ਜੀ-੧੩੬੮)
ਜਦੋਂ ਤੋਂ ਪ੍ਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਸ੍ਰਿਸ਼ਟੀ ਦੇ ਅਨੇਕਾਂ ਜੀਵ ਉਸਨੂੰ ਜਾਨਣ ਦੀ ਕੋਸ਼ਿਸ਼ ਕਰਦੇ ਰਹੇ, ਕਈ ਧਰਮ ਗ੍ਰੰਥ ਰਚੇ ਗਏ, ਕਈ ਦੇਵੀ ਦੇਵਤੇ, ਅਵਤਾਰੀ ਪੁਰਸ਼ ਆਪਣੇ-ਆਪਣੇ ਸਮੇਂ ਉਪਰ ਸੰਸਾਰ ਅੰਦਰ ਆਏ, ਪਰ ਉਹਨਾਂ ਵਿਚੋਂ ਕੋਈ ਵੀ ‘ਅਤਿ ਊਚਾ ਤਾ ਕਾ ਦਰਬਾਰਾ` ਵਾਲੇ ਪਰਮ ਪਿਤਾ ਪ੍ਰਮੇਸ਼ਰ ਦਾ ਪਾਰਾਵਾਰ ਨਹੀ ਪਾ ਸਕਿਆ ਅਤੇ ਨਾ ਹੀ ਆਉਣ ਵਾਲੇ ਸਮੇਂ ਅੰਦਰ ਕੋਈ ਐਸਾ ਕਰ ਸਕੇਗਾ। ਜਿਵੇਂ ਗੁਰਬਾਣੀ ਫੁਰਮਾਣ ਹਨ-
ਮਹਿਮਾ ਨ ਜਾਨਹਿ ਬੇਦ।। ਬ੍ਰਹਮੇ ਨਹੀ ਜਾਨਹਿ ਭੇਦ।।
ਅਵਤਾਰ ਨ ਜਾਨਹਿ ਅੰਤੁ।। ਪਰਮੇਸਰੁ ਪਾਰਬ੍ਰਹਮ ਬੇਅੰਤੁ।। (ਰਾਮਕਲੀ ਮਹਲਾ ੫-੮੯੪)
ਅਸੀਂ ਪ੍ਰਮੇਸ਼ਰ ਦੇ ਅੰਤ ਨੂੰ ਪਾਉਣ ਵਾਲੇ ਮਾਰਗ ਦੇ ਪਾਂਧੀ ਬਨਣ ਦੀ ਬਿਜਾਏ ਉਸਦੇ ਗੁਣਾਂ ਨੂੰ ਗਾਉਣ ਵਾਲੇ ਮਾਰਗ ਤੇ ਚਲਣਾ ਹੈ। ਪ੍ਰਭੂ ਸਾਡੇ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਅਤੇ ਸਾਡੇ ਤੋਂ ਬਾਅਦ ਵੀ ਮੌਜੂਦ ਰਹੇਗਾ। ਉਸ ਦਾ ਸਭ ਤੋਂ ਵੱਡਾ ਗੁਣ ਹੀ ਇਹੀ ਹੈ ਕਿ ਪ੍ਰਭੂ ਦੇ ਬਰਾਬਰ ਨਾ ਕੋਈ ਹੋਇਆ ਹੈ ਅਤੇ ਨਾ ਕੋਈ ਹੋਵੇਗਾ। ਇਸ ਪ੍ਰਥਾਇ ਨਿਤਨੇਮ ਦੀ ਬਾਣੀ ਰਹਿਰਾਸ ਸਾਹਿਬ ਅੰਦਰ ਗੁਰੂ ਨਾਨਕ ਸਾਹਿਬ ਸਾਡਾ ਮਾਰਗ ਦਰਸ਼ਨ ਕਰਦੇ ਹਨ-
ਨ ਓੁਹੁ ਮਰੈ ਨ ਹੋਵੈ ਸੋਗੁ।। ਦੇਦਾ ਰਹੈ ਨ ਚੂਕੈ ਭੋਗੁ।।
ਗੁਣੁ ਏਹੋ ਹੋਰੁ ਨਾਹੀ ਕੋਇ।। ਨਾ ਕੋ ਹੋਆ ਨ ਕੋ ਹੋਇ।। (ਆਸਾ ਮਹਲਾ ੧-੯)
ਅਤਿ ਊਚੇ ਦਰਬਾਰ ਵਾਲਾ ਅਕਾਲਪੁਰਖ ਤਾਂ ‘ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ` (੯੪੯) ਦਾ ਮਾਲਕ ਹੈ। ਉਸ ਤਖਤ ਦੇ ਮੁਕਾਬਲੇ ਕੋਈ ਦੁਨਿਆਵੀ ਰਾਜ ਭਾਗਾਂ ਦੇ ਮਾਲਕ ਬਰਾਬਰੀ ਨਹੀਂ ਕਰ ਸਕਦੇ। ਸੰਸਾਰੀ ਰਾਜ ਭਾਗ ਤਾਂ `ਚਾਰ ਦਿਨ ਕੀ ਚਾਨਣੀ ਫਿਰ ਅੰਧੇਰੀ ਰਾਤ` ਵਾਲੀ ਗੱਲ ਹੈ। ਦੁਨੀਆਂ ਦੇ ਰਾਜ ਭਾਗਾਂ ਦੇ ਮਾਲਕ ਅਖਵਾਉਣ ਵਾਲਿਆਂ ਦੀ ਤਾਂ ਸਮਾਂ ਸੀਮਾਂ, ਹੱਦਬੰਦੀ ਕਿਤੇ ਨ ਕਿਤੇ ਜ਼ਰੂਰ ਖਤਮ ਹੋ ਜਾਣੀ ਹੈ, ਉਸ ਤੋਂ ਬਾਅਦ ਨਵੇਂ ਰਾਜੇ ਦਾ ਰਾਜ ਆਰੰਭ ਹੋ ਜਾਵੇਗਾ। ਪ੍ਰਭੂ ਪ੍ਰਮੇਸ਼ਰ ਦਾ ਰਾਜ ਭਾਗ ਸਦਾ ਵਾਸਤੇ ਅਟੱਲ ਹੈ ਅਤੇ ਰਹੇਗਾ। ਇੰਨੇ ਵੱਡੇ, ਅਤਿ ਊਚੇ ਦਰਬਾਰ ਦੇ ਮਾਲਕ ਦੇ ਗੁਣ ਗਾਉਂਦੇ ਹੋਏ ਸਾਨੂੰ ਬਲਿਹਾਰ ਜਾਣਾ ਹੀ ਬਣਦਾ ਹੈ-
ਗੁਸਾਈਂ ਪਰਤਾਪੁ ਤੁਹਾਰੋ ਡੀਠਾ।।
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ।। ੧।। ਰਹਾਉ।।
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ।।
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ।। (ਸਾਰਗ ਮਹਲਾ ੫-੧੨੩੫)
ਅਥਵਾ
ਹਉ ਬਲਿਹਾਰੀ ਸਾਚੇ ਨਾਵੈ।। ਰਾਜੁ ਤੇਰਾ ਕਬਹੁ ਨ ਜਾਵੈ।।
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ।। (ਵਡਹੰਸ ਮਹਲਾ ੧-੫੬੭)
ਅਸੀਂ ਜਦੋਂ ਸੰਸਾਰ ਦੇ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤਾਂ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਦੁਨਿਆਵੀ ਰਾਜ ਭਾਗਾਂ ਦੇ ਮਾਲਕ ਹੁੰਦੇ ਹੋਏ ਵੀ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਉਹੀ ਬਣ ਸਕੇ, ਜੋ ਸਚੇ ਪ੍ਰਮੇਸ਼ਰ, ਸਚੇ ਗੁਰੂ ਨਾਲ ਜੁੜ ਕੇ ਸਚ ਤੇ ਅਧਾਰਤ ਰਾਜ ਭਾਗ ਚਲਾਉਣ ਵਾਲੇ ਬਣੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਵਲੋਂ ਮਹਾਰਾਜਾ ਹੁੰਦਿਆਂ ਹੋਇਆਂ ਵੀ ਆਪਣੇ ਰਾਜ ਭਾਗ ਦਾ ਨਾਮ ‘ਦਰਬਾਰੇ ਖਾਲਸਾ` ਰੱਖਿਆ ਗਿਆ, ਉਹ ਆਪਣੇ ਨਿੱਜੀ ਨਾਮ ਨਾਲੋਂ ਸਤਿਗੁਰੂ ਸਾਹਿਬਾਨ ਦੇ ਨਾਮ ਦੀ ਪ੍ਰਸਿੱਧੀ ਵੇਖਣ ਦਾ ਜਿਆਦਾ ਚਾਹਵਾਨ ਸੀ, ਉਸ ਵਲੋਂ ਦਰਬਾਰੇ ਖਾਲਸਾ ਦੀ ਤਿਆਰ ਕੀਤੀ ਗਈ ਮੋਹਰ ਅਤੇ ਸਿੱਕਾ ਵੀ ਅਕਾਲ ਪੁਰਖ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਹੀ ਜਾਰੀ ਕੀਤਾ ਗਿਆ।
ਗੁਰਬਾਣੀ ਸਾਨੂੰ ਦਸਦੀ ਹੈ ਕਿ ‘ਅੰਤਿ ਊਚਾ ਤਾ ਕਾ ਦਰਬਾਰਾ` ਦੇ ਮਾਲਕ ਪ੍ਰਮੇਸ਼ਰ ਦੇ ਦਰ ਉਪਰ
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭਿ ਮਾਰਿ ਕਢੋਇ।।
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ।। (ਵਾਰ ਸਿਰੀ ਰਾਗ- ਮਹਲਾ ੪-੮੯)
ਅਨੁਸਾਰ ਸੱਚ ਨਾਲ ਜੁੜਿਆਂ ਦੀ ਜਿੱਤ ਅਤੇ ਕੂੜ ਨਾਲ ਜੁੜਿਆਂ ਦੀ ਹਾਰ ਹੋਣੀ ਅੱਟਲ ਸਚਾਈ ਹੈ। ਸੱਚੇ ਪ੍ਰਮੇਸ਼ਰ ਨਾਲ ਜੁੜ ਕੇ ਮਨੁੱਖ ਨੇਕੀ ਦੇ ਮਾਰਗ ਅਤੇ ਉਸ ਨਾਲੋਂ ਟੁੱਟ ਕੇ ਬਦੀ ਦੇ ਮਾਰਗ ਦਾ ਪਾਂਧੀ ਬਣਦਾ ਹੈ। ਜਿਵੇਂ ਸਾਡੇ ਹਿੰਦੋਸਤਾਨ ਦੀ ਧਰਤੀ ਉਪਰ ਦੁਸਹਿਰੇ ਦਾ ਤਿਉਹਾਰ ਵੀ ਬਦੀ ਉਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਹਰ ਸਾਲ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਹੋਏ ਮਿਲਣ ਵਾਲੀ ਸਿਖਿਆ ਨੂੰ ਪੱਲੇ ਬੰਨਣ ਦੀ ਲੋੜ ਹੈ।
ਸਾਨੂੰ ਚਾਹੀਦਾ ਹੈ ਕਿ ਅਤਿ ਊਚੇ ਦਰਬਾਰ ਦੇ ਮਾਲਕ ਪ੍ਰਮੇਸ਼ਰ ਦੇ ਬੇਅੰਤ ਗੁਣਾਂ ਨੂੰ ਗਾਉਂਦੇ ਹੋਏ, ਕਮਾਉਂਦੇ ਹੋਏ, ਕੁਰਬਾਨ ਜਾਂਦੇ ਹੋਏ ਉਸ ਦੀ ਸ਼ਰਨ ਵਿੱਚ ਜਾ ਕੇ ਪੂਰਨ ਭਰੋਸੇ ਨਾਲ ਇਹ ਅਰਦਾਸ ਕਰੀਏ-
ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ।।
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ।।
ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ।।
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ।। (ਬਿਲਾਵਲ ਮਹਲਾ ੫-੮੦੨)
============
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - sukhjit.singh69@yahoo.com
ਸੁਖਜੀਤ ਸਿੰਘ ਕਪੂਰਥਲਾ
ਅਤਿ ਊਚਾ ਤਾ ਕਾ ਦਰਬਾਰਾ
Page Visitors: 2683