ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
ਅਸੀਂ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦਾ ਮਾਣ ਹਾਸਲ ਕਰਦੇ ਹਾਂ। ਐਸਾ ਮਾਣ ਕਰਨ ਦਾ ਹੱਕ ਸਾਡੇ ਕੋਲ ਤਾਂ ਹੀ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਦਰਸਾਏ ਅਨੁਸਾਰ ਸਹੀ ਮਾਰਗ ਦੇ ਪਾਂਧੀ ਬਣ ਕੇ ਜੀਵਨ ਬਤੀਤ ਕਰਦੇ ਹੋਈਏ। ਗੁਰਮਤਿ ਵਿਚਾਰਧਾਰਾ ਅਨੁਸਾਰ ਸ਼ਬਦ-ਬਾਣੀ ਨੂੰ ਗੁਰੂ ਆਖਿਆ ਗਿਆ ਹੈ, ਸ਼ਬਦ-ਬਾਣੀ ਦੇ ਗੁਰਤਵ ਤਕ ਸਹੀ ਰੂਪ ਵਿੱਚ ਪਹੁੰਚ ਕਰਨ ਲਈ ਇਸ ਅੰਦਰ ਦਰਸਾਏ ਗੁਰ ਉਪਦੇਸ਼ ਤਕ ਸਹੀ ਪਹੁੰਚ ਹੋਣੀ ਲਾਜ਼ਮੀ ਹੈ। ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਗੁਰਬਾਣੀ ਅੰਦਰ ਕਈ ਐਸੇ ਪ੍ਰਚਲਿਤ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸੰਗਤਾਂ ਦੇ ਚੇਤਿਆਂ ਵਿੱਚ ਵੀ ਉਕਰੇ ਹੋਏ ਹਨ, ਪਰ ਉਨ੍ਹਾਂ ਵਿਚਲੇ ਅੰਤਰੀਵ ਭਾਵ- ਗੁਰਮਤਿ ਸਿਧਾਂਤ ਤਕ ਪਹੁੰਚ ਨਾ ਹੋਣ ਕਾਰਣ ਸਹੀ ਮਾਰਗ ਦਰਸ਼ਨ ਤੋਂ ਭਟਕ ਜਾਣਾ ਸੁਭਾਵਿਕ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਇਸ ਵਿਸ਼ਾ ਅਧੀਨ ਲੇਖ ਲੜੀ ਰਾਹੀਂ ਐਸੇ ਕੁੱਝ ਕੁ ਪ੍ਰਮਾਣਾਂ ਸਬੰਧੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਨੂੰ ਸਹੀ ਰੂਪ ਦੇਣ ਲਈ ਤਿੰਨ ਹਿੱਸਿਆਂ (1. ਗੁਰਬਾਣੀ ਫੁਰਮਾਣ 2. ਆਮ ਤੌਰ ਤੇ ਪ੍ਰਚਲਿਤ ਵਿਚਾਰ 3. ਗੁਰਮਤਿ ਸਿਧਾਂਤ ਦੀ ਕਸਵੱਟੀ ਉਪਰ ਪੜਚੋਲਵੀਂ ਵਿਚਾਰ) ਵਿੱਚ ਵੰਡ ਕੇ ਸਾਹਮਣੇ ਰੱਖਦੇ ਹੋਏ ਸਪਸ਼ਟਤਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਆਸ ਹੈ ਕਿ ਗੁਰਮਤਿ ਪਾਠਕ ਇਸ ਤੋਂ ਜ਼ਰੂਰ ਹੀ ਲਾਭ ਉਠਾਉਣਗੇ।
============
(ਞ) ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
(ਭਾਈ ਗੁਰਦਾਸ ਜੀ -ਵਾਰ ੧੯ ਪਉੜੀ ੬)
ਵਿਚਾਰ- ਉਪਰੋਕਤ ਵਿਸ਼ਾ ਅਧੀਨ ਪੰਕਤੀ ਸਿੱਖ ਪੰਥ ਦੇ ਸ਼੍ਰੋਮਣੀ ਵਿਆਖਿਆਕਾਰ, ਸਤਿਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਨਾਲ ਨਿਵਾਜੇ, ਸ੍ਰੀ ਗੁਰੂ ਅਰਜਨ ਦੇਵ ਦੀ ਸੁਚੱਜੀ ਅਗਵਾਈ ਹੇਠ ‘ਆਦਿ ਬੀੜ` ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਦੁਆਰਾ ਉਚਾਰਣ ਕੀਤੀ ਗਈ ਵਾਰ 19 ਵਿਚੋਂ 6 ਨੰਬਰ ਪਉੜੀ ਦੀ ਪਹਿਲੀ ਤੁਕ ਹੈ। ਭਾਈ ਗੁਰਦਾਸ ਜੀ ਵਲੋਂ ਗੁਰਮਤਿ ਸਿਧਾਂਤ ਨੂੰ ਸੁਖੈਨ ਢੰਗ ਨਾਲ ਸਮਝਾਉਣ ਲਈ ਵਾਰਾਂ-ਕਬਿਤ ਆਦਿ ਦੀ ਰਚਨਾ ਕੀਤੀ ਗਈ ਹੈ, ਜਿਨ੍ਹਾਂ ਨੂੰ ਸਮਝਣ ਨਾਲ ਸਾਨੂੰ ਗੁਰਬਾਣੀ ਵਿੱਚ ਦਰਸਾਏ ਸਿਧਾਂਤਾਂ ਨੂੰ ਜਾਨਣ ਵਿੱਚ ਸੌਖ ਹੋ ਜਾਂਦੀ ਹੈ। ਭਾਈ ਸਾਹਿਬ ਦੀ ਲਿਖਣ ਸ਼ੈਲੀ ਦੀ ਖਾਸੀਅਤ ਹੈ ਕਿ ਉਹ ਕਿਸੇ ਵੀ ਵਿਸ਼ੇ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰਨ ਤੋਂ ਪਹਿਲਾਂ ਉਸ ਸਬੰਧੀ ਪ੍ਰਮਾਣਾਂ ਦੀ ਮਾਨੋ ਝੜੀ ਲਾ ਦਿੰਦੇ ਹਨ ਅਤੇ ਆਖਰੀ ਪੰਕਤੀ ਵਿੱਚ ਜਾ ਕੇ ਗੁਰਮਤਿ ਦੀ ਗੱਲ ਕਰਦੇ ਹਨ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਸ ਪੱਖ ਨੂੰ ਧਿਆਨ ਵਿੱਚ ਜ਼ਰੂਰ ਰੱਖਿਆ ਜਾਵੇ। ਭਾਈ ਸਾਹਿਬ ਵਲੋਂ ਆਪਣੀਆਂ ਰਚਨਾਵਾਂ ਵਿੱਚ ਉਚਾਰਨ ਕੀਤੀ ਆਖਰੀ ਤੁਕ ਨੂੰ ਉਸ ਪਉੜੀ-ਕਬਿਤ ਦੇ ਰਹਾਉ ਰੂਪ ਵਿੱਚ ਲੈਣ ਦੀ ਜ਼ਰੂਰਤ ਹੈ।
ਸਿੱਖ ਧਰਮ ਅੰਦਰ ਇੱਕ ਅਖਾਣ ਬਹੁਤ ਪ੍ਰਚਲਿਤ ਹੈ ਕਿ ‘ਦਾਲ ਰੋਟੀ ਘਰ ਦੀ-ਦੀਵਾਲੀ ਅੰਮ੍ਰਿਤਸਰ ਦੀ`। ਜਿਥੇ ਅਸੀਂ ਹੋਰ ਇਤਿਹਾਸਕ ਦਿਹਾੜੇ ਕੇਂਦਰੀ ਤੌਰ ਤੇ ਵੱਖ-ਵੱਖ ਅਸਥਾਨਾਂ ਉਪਰ ਮਨਾਉਂਦੇ ਹਾਂ, ਦੀਵਾਲੀ ਨੂੰ ਸਿੱਖ ਧਰਮ ਦੇ ਸਭ ਤੋਂ ਮੁੱਖ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਥੇ ਸ਼ਰਧਾ ਭਾਵਨਾ ਨਾਲ ਜੁੜਦੀਆਂ ਹਨ ਅਤੇ ਇਸ ਅਸਥਾਨ ਤੇ ‘ਦਿਨੇ ਮੱਸਿਆ ਰਾਤ ਦੀਵਾਲੀ ` ਨੂੰ ਮੁੱਖ ਰੱਖ ਕੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਇਸ਼ਨਾਨ ਵੀ ਕਰਦੀਆਂ ਹਨ। S.G.P.C. ਵਲੋਂ ਵੀ ਇਸ ਦਿਹਾੜੇ ਉਪਰ ਵਿਸ਼ੇਸ਼ ਤੌਰ ਤੇ ਆਤਿਸ਼ਬਾਜੀ, ਦੀਪਮਾਲਾ ਦੇ ਪ੍ਰਬੰਧ ਕੀਤੇ ਜਾਂਦੇ ਹਨ। ਹਿੰਦੂ ਧਰਮ ਅੰਦਰ ਇਸ ਦਿਹਾੜੇ ਪ੍ਰਤੀ ਮਾਨਤਾ ਹੈ ਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸਨ। ਸਿੱਖ ਧਰਮ ਅੰਦਰ ਇਸ ਦਿਹਾੜੇ ਪ੍ਰਤੀ ਮਾਨਤਾ ਹੈ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਬੰਦੀ ਵਿਚੋਂ ਰਿਹਾਅ ਕਰਾਉਣ ਉਪਰੰਤ ਇਸ ਦਿਨ ਅੰਮ੍ਰਿਤਸਰ ਦੀ ਧਰਤੀ ਤੇ ਵਾਪਸ ਪਹੁੰਚੇ ਸਨ ਅਤੇ ਸਿੱਖ ਇਤਿਹਾਸ ਅੰਦਰ ਇਸ ਘਟਨਾ ਦੀ ਸਦੀਵੀ ਯਾਦ ਅੰਦਰ ਛੇਵੇਂ ਪਾਤਸ਼ਾਹ ਨੂੰ ‘ਬੰਦੀ ਛੋੜ ਦਾਤਾ` ਵੀ ਕਿਹਾ ਜਾਂਦਾ ਹੈ ਇਸ ਘਟਨਾ ਕਾਰਣ ਦੀਵਾਲੀ ਦੇ ਦਿਹਾੜੇ ਨੂੰ ਕਈ ਸਿੱਖਾਂ ਵਲੋਂ ‘ਬੰਦੀ ਛੋੜ ਦਿਵਸ` ਦਾ ਨਾਮ ਵੀ ਦਿਤਾ ਜਾਂਦਾ ਹੈ। ਜਿਥੇ ਹਿੰਦੂ ਧਰਮ ਨਾਲ ਸਬੰਧਿਤ ਲੋਕ ਇਸ ਦਿਹਾੜੇ ਨੂੰ ਧਾਰਮਿਕ ਮਾਨਤਾ ਵਜੋਂ ਮਨਾਉਂਦੇ ਹਨ, ਸਿੱਖ ਵੀ ਇਸ ਤੋਂ ਪਿੱਛੇ ਨਹੀਂ, ਉਹ ਆਪਣੇ ਘਰਾਂ, ਗੁਰਦੁਆਰਿਆਂ ਆਦਿ ਉਪਰ ਦੀਪਮਾਲਾ ਕਰਦੇ ਹੋਏ ਖੁਸ਼ੀ ਵਿੱਚ ਆਤਿਸ਼ਬਾਜੀ ਚਲਾਉਂਦੇ ਹੋਏ, ਇੱਕ ਦੂਜੇ ਨਾਲ ਮਠਿਆਈਆਂ ਦੇ ਡੱਬਿਆਂ ਦਾ ਆਦਾਨ-ਪ੍ਰਦਾਨ ਵੀ ਕਰਦੇ ਹਨ।
ਇਸ ਦਿਹਾੜੇ ਪ੍ਰਤੀ ਸਿੱਖ ਸੰਗਤਾਂ ਦੀ ਅਥਾਹ ਸ਼ਰਧਾ ਨੂੰ ਵੇਖਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਹੋਰ ਗੁਰਦੁਆਰਿਆਂ ਅੰਦਰ ਚਲ ਰਹੇ ਕੀਰਤਨ ਦੌਰਾਨ ਭਾਈ ਗੁਰਦਾਸ ਜੀ ਦੀ ਵਿਸ਼ਾ ਅਧੀਨ ਪਉੜੀ ਦੀ ਪਹਿਲੀ ਤੁਕ ਨੂੰ ਸਥਾਈ ਬਣਾ ਕੇ ਗਾਇਆ ਜਾਂਦਾ ਹੈ ਅਤੇ ਇਹ ਸਮਝਿਆ-ਸਮਝਾਇਆ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਦੀਵਾਲੀ ਦੇ ਦੀਵਿਆਂ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਪੂਰਨ ਮਾਨਤਾ ਦਿੱਤੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ LIVE TELECAST ਹੋਣ ਕਰਕੇ ਇਹ ਸਭ ਕੁੱਝ ਸੰਸਾਰ ਦੇ ਵੱਖ-ਵੱਖ ਕੋਨਿਆਂ ਤੱਕ ਸਹਿਜੇ ਹੀ ਪੁੱਜ ਜਾਂਦਾ ਹੈ। ਇਸ ਸਭ ਕੁੱਝ ਨਾਲ ਸੰਗਤਾਂ ਵਿੱਚ ਇਸ ਦਿਹਾੜੇ ਦੀਪਮਾਲਾ ਕਰਨ, ਆਤਿਸ਼ਬਾਜੀ ਪ੍ਰਤੀ ਹੋਰ ਵਧੇਰੇ ਉਤਸ਼ਾਹ ਪੈਦਾ ਹੁੰਦਾ ਹੈ।
ਲਗਦਾ ਹੈ ਕਿ ਗੁਰਬਾਣੀ ਦੇ ਸਪਸ਼ਟ ਸਿਧਾਂਤ ‘ਵਖਤ ਵੀਚਾਰੇ ਸੁ ਬੰਦਾ ਹੋਇ` (੮੩) ਨੂੰ ਭੁੱਲ ਕੇ ਅਸੀਂ ‘ਦੇਖਾ ਦੇਖੀ ਸਭ ਕਰੇ` (੨੭) ਵਾਲੇ ਮਾਰਗ ਦੇ ਪਾਂਧੀ ਬਣ ਜਾਂਦੇ ਹਾਂ। ਅੱਜ ਸੰਸਾਰ ਪੱਧਰ ਤੇ ਆਵਾਜ਼ ਉਠ ਰਹੀ ਹੈ ਕਿ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਇਸ ਸਬੰਧੀ ਸਾਨੂੰ ਹਰੇਕ ਨੂੰ ਜਾਗਰੂਕ ਹੋ ਕੇ ਇਸ ਪ੍ਰਦੂਸ਼ਨ ਨੂੰ ਰੋਕਣ ਲਈ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਪਰ ਇਸ ਦਿਨ ਅਸੀਂ ਦੀਪਮਾਲਾ- ਆਤਿਸ਼ਬਾਜੀ ਦੇ ਰਾਹੀਂ ਪ੍ਰਦੂਸ਼ਨ ਵਿੱਚ ਸਗੋਂ ਹੋਰ ਵਾਧਾ ਕਰ ਦਿੰਦੇ ਹਾਂ, ਜਿਸ ਕਾਰਣ ਆਮ ਮਨੁੱਖਾਂ ਲਈ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਵਿਗਿਆਨੀਆਂ ਵਲੋਂ ਬਾਰ-ਬਾਰ ਚਿਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਵੀ ਕਿ ਦਿਨੋ ਦਿਨ ਵਧਦੇ ਪ੍ਰਦੂਸ਼ਣ ਕਾਰਣ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਚਮਕ ਅਤੇ ਵਿਰਾਸਤੀ ਪੱਖ ਨੂੰ ਨੁਕਸਾਨ ਹੋ ਰਿਹਾ ਹੈ, ਪਤਾ ਨਹੀਂ S.G.P.C ਇਸ ਪਾਸੇ ਕਿਉਂ ਨਹੀਂ ਸੋਚ ਰਹੀਂ? ਲਗਦਾ ਹੈ ਕਿ ਪਹਿਲ ਕੁਦਰਤ/ਵਿਰਾਸਤ ਦੀ ਸੰਭਾਲ ਨਾਲੋਂ ਗੋਲਕ ਨੂੰ ਹੈ। ਅੱਜ ਲੋੜ ਹੈ ਕਿ ਇਸ ਸਭ ਕਾਸੇ ਦੇ ਸਨਮੁੱਖ ਇਸ ਦਾ ਯੋਗ ਬਦਲ ਤਲਾਸ਼ਣ ਦੀ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਵੀ ਆਹਟ ਨਾ ਹੋਵਣ। ਸਾਡੇ ਬਹੁ-ਗਿਣਤੀ ਰਾਗੀ ਸਿੰਘ ਵੀ ਇਸ ਦਿਹਾੜੇ ਪ੍ਰਤੀ ਸ਼ਰਧਾ ਨੂੰ ਹੋਰ ਵਧਾਉਣ ਲਈ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ` ਵਾਲੀ ਪੰਕਤੀ ਨੂੰ ਸਥਾਈ ਬਣਾ ਕੇ ਬਾਰ-ਬਾਰ ਕੀਰਤਨ ਕਰਦੇ ਹੋਏ ਇਸ ਪੱਖ ਨੂੰ ਹੋਰ ਬੜਾਵਾ ਦੇਈ ਜਾਂਦੇ ਹਨ।
ਇਸ ਸਬੰਧ ਵਿੱਚ ਸਹੀ ਸੇਧ ਲੈਣ ਲਈ ਸਾਨੂੰ ਭਾਈ ਗੁਰਦਾਸ ਜੀ ਦੀ ਉਚਾਰਣ ਕੀਤੀ ਗਈ ਵਿਸ਼ਾ ਅਧੀਨ ਪੂਰੀ ਪਉੜੀ ਦੇ ਅਰਥਾਂ ਨੂੰ ਸਾਹਮਣੇ ਰੱਖਣ ਦੀ ਜ਼ਰੂਰਤ ਹੈ-
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ।। ੬।।(ਭਾਈ ਗੁਰਦਾਸ ਜੀ-ਵਾਰ ੧੯ ਪਉੜੀ ੬)
ਅਰਥ- ਜਿਵੇਂ ਅਸੀਂ ਵੇਖਦੇ ਹਾਂ ਕਿ ਦੀਵਾਲੀ ਦੀ ਰਾਤ ਨੂੰ ਹਰ ਘਰ ਵਿੱਚ ਖੁਸ਼ੀ ਨਾਲ ਦੀਵੇ ਬਾਲੇ ਜਾਂਦੇ ਹਨ, ਜੋ ਕੁੱਝ ਚਿਰ ਮਗਰੋਂ ਬੁਝ ਜਾਂਦੇ ਹਨ।
ਇਸ ਤਰਾਂ ਰਾਤ ਵੇਲੇ ਵੱਡੇ-ਛੋਟੇ ਤਾਰੇ ਅਸਮਾਨ ਵਿੱਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ ਪਰ ਦਿਨ ਚੜ੍ਹਦੇ ਹੀ ਖਤਮ ਹੋ ਜਾਂਦੇ ਹਨ।
ਬਾਗਾਂ ਵਿੱਚ ਤਰਾਂ -ਤਰਾਂ ਦੇ ਫੁੱਲ ਖਿੜਦੇ ਹਨ, ਪਰ ਕੁੱਝ ਚਿਰ ਹੀ ਪੂਰੇ ਖਿੜਦੇ ਹਨ ਕਿ ਮਾਲੀ ਉਨ੍ਹਾਂ ਨੂੰ ਚੁਣ-ਚੁਣ ਕੇ ਤੋੜ ਲੈਂਦਾ ਹੈ।
ਯਾਤਰੀਆਂ ਦੇ ਟੋਲਿਆਂ ਦੇ ਟੋਲੇ ਤੀਰਥਾਂ ਪੁਰ ਯਾਤਰਾ ਕਰਨ ਜਾਂਦੇ ਹਨ ਤੇ ਅੱਖਾਂ ਨਾਲ ਦੇਖਦੇ ਹਾਂ ਕਿ ਮੁੜ ਤੀਰਥਾਂ ਨੂੰ ਖਾਲੀ ਕਰ ਆਉਂਦੇ ਹਨ।
ਹਰਿਚੰਦਉਰੀ ਵਾਂਗ ਸੰਸਾਰ ਵਿੱਚ ਅਨੇਕਾਂ ਅਜਿਹੀਆਂ ਨਗਰੀਆਂ ਤੋਂ ਝਾਤੀ ਦਿਖਾਵੇ ਮਾਤ੍ਰ ਦਿਸਦੀ ਹੈ, ਖਤਮ ਹੋ ਜਾਂਦੀ ਹੈ ਤੇ ਉਜੜ ਜਾਂਦੀ ਹੈ।
ਪਰ ਅਸਲ ਵਿੱਚ ਜੋ ਜੀਵਨ ਦਾ ਸੁਖ ਫਲ ਸ਼ਬਦ ਦੀ ਦਾਤ ਪ੍ਰਭੂ ਦਾ ਸਿਮਰਨ ਤੇ ਭਜਨ ਹੈ ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ।
ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਭਾਈ ਗੁਰਦਾਸ ਜੀ ਇਸ ਪਉੜੀ ਰਾਹੀਂ ਕਿਸੇ ਵੀ ਤਰਾਂ ਨਾਲ ਦੀਵਾਲੀ ਵਾਲੀ ਰਾਤ ਦੀਪਮਾਲਾ ਵਾਲੇ ਦੀਵੇ ਬਾਲਣ ਦੀ ਪ੍ਰੋੜਤਾ ਨਹੀਂ ਕਰ ਰਹੇ, ਸਗੋਂ ਇਨ੍ਹਾਂ ਦੀਵਿਆਂ ਦੇ ਹਵਾਲੇ ਰਾਹੀਂ ਵੀ ਉਹੀ ਸੱਚ ਦਰਸਾ ਰਹੇ ਹਨ ਜੋ ਦੂਸਰੀਆਂ ਪੰਕਤੀਆਂ ਵਿੱਚ ਹੈ, ਭਾਵ ਕਿ ਸੰਸਾਰ ਅੰਦਰ ਵੱਖ-ਵੱਖ ਵਸਤਾਂ ਦੀ ਨਾਸ਼ਮਾਨਤਾ, ਥੋੜ ਚਿਰਾ ਜੀਵਨ। ਇਸੇ ਤਰਾਂ ਬਾਕੀ ਸੰਸਾਰੀ ਸੁੱਖ ਵੀ ਥੋੜ ਚਿਰੇ ਹੀ ਹਨ, ਅਸਲ ਸਦੀਵੀ ਸੁੱਖ ਤਾਂ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਚਲਣ ਵਾਲੀ ਜੀਵਨ ਜਾਚ ਦੇ ਧਾਰਨੀ ਗੁਰਮੁਖਾਂ ਦੇ ਹਿੱਸੇ ਹੀ ਆਉਂਦਾ ਹੈ, ਜੋ ਕਿ ਇਸ ਪਉੜੀ ਦੀ ਛੇਵੀਂ ਅਤੇ ਆਖਰੀ ਤੁਕ ਵਿੱਚ ਦਰਸਾਇਆ ਗਿਆ ਹੈ। ਜੇਕਰ ਛੇਵੀਂ ਤੁਕ ਨੂੰ ਸਥਾਈ ਬਣਾ ਕੇ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਜਾਵੇ ਤਾਂ ਕਦੀ ਵੀ ਭੁਲੇਖਾ ਨਹੀਂ ਪਵੇਗਾ ਅਤੇ ਕਿਸੇ ਵੀ ਤਰਾਂ ਗੁਰਮਤਿ ਸਿਧਾਂਤ ਦੀ ਉਲੰਘਣਾ ਨਹੀਂ ਹੋਵੇਗੀ। ਸੁਚੇਤ ਹੋ ਕੇ ਇਸ ਪਾਸੇ ਸੋਚਣ ਅਤੇ ਚਲਣ ਦੀ ਜ਼ਰੂਰਤ ਹੈ।
… … … … … … … …
ਇਸ ਲੇਖ ਰਾਹੀਂ ਦਿਤੇ ਗਏ ਵਿਸ਼ਾ ਅਧੀਨ ਫੁਰਮਾਣ ਕੇਵਲ ਇਸ਼ਾਰੇ ਮਾਤਰ ਲਏ ਗਏ ਹਨ, ਇਸ ਤਰਾਂ ਹੋਰ ਵੀ ਅਨੇਕਾਂ ਫੁਰਮਾਣ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਆਪਣੀ ਨਾ-ਸਮਝੀ ਕਾਰਣ ਆਪਣੀ ਮਤਿ ਦੇ ਦਾਇਰੇ ਅੰਦਰ ਹੀ ਕਰੀ ਜਾ ਰਹੇ ਹਾਂ। ਐਸਾ ਕਰਨਾ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਚੱਲਣਾ ਹੈ। ਗੁਰਬਾਣੀ ਦੇ ਭਾਵ-ਅਰਥ ਆਪਣੀ ਮਨਿ ਦੀ ਮਤਿ ਅਨੁਸਾਰ ਕਰਨ ਦੀ ਬਜਾਏ ਗੁਰੂ ਦੀ ਮਤਿ ਅਨੁਸਾਰ ਸਮਝਣ ਦਾ ਯਤਨ ਕਰਾਂਗੇ ਤਾਂ ਹੀ ਸਹੀ ਅਰਥਾਂ ਵਿੱਚ ‘ਗੁਰਬਾਣੀ ਇਸੁ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ` (੬੭) ਦੀ ਪ੍ਰਾਪਤੀ ਹੋਣੀ ਸੰਭਵ ਹੋ ਕੇ ਜੀਵਨ ਸਫਲਤਾ ਤਕ ਪਹੁੰਚ ਸਕਣ ਦੇ ਸਮਰੱਥ ਬਣ ਸਕਾਂਗੇ।
============
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ/ ਲੇਖਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)
e-mail - sukhjit.singh69@yahoo.com
ਸੁਖਜੀਤ ਸਿੰਘ ਕਪੂਰਥਲਾ
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ
Page Visitors: 2849