ਤਿਆਰੀਆਂ ਸਰਬਤ ਖਾਲਸੇ ਦੀਆਂ?
ਸਰਬਤ ਖਾਲਸੇ ਦਾ ਸ਼ਰਬਤ ਹੋਣ ਜਾ ਰਿਹਾ ਹੈ! ਦੂਜੀ ਵਾਰ! ਜੇ ਤੁਸੀ ਇਸ ਗੱਲ ਨੂੰ ਛਡ ਦਿਓ ਕਿ ਕਰਾ ਕੌਣ ਰਿਹਾ ਤੇ ਇਹ ਵੀ ਛੱਡ ਦਿਓ ਕਿ ਪਿੱਛਲ਼ੇ ਸਰਬਤ ਖਾਲਸੇ ਦੀਆਂ ਪ੍ਰਪਾਤੀਆਂ ਕੀ ਸਨ ਤਾਂ ਕੇਵਲ ਇਸ ਗੱਲ ਵੰਨੀ ਧਿਆਨ ਦਿਓ ਕਿ ਸਰਬਤ ਖਾਲਸਾ ਸੱਦਿਆ ਕਾਹਦੇ ਲਈ ਜਾ ਰਿਹਾ ਤਾਂ ਤੁਸੀਂ ਹੈਰਾਨ ਹਵੋਂਗੇ ਕਿ ਕਾਸੇ ਲਈ ਵੀ ਨਹੀ? ਇਨ੍ਹਾਂ ਆਪੋ ਧਾਪੀ ਰੂਹਾਂ ਕੋਲੇ ਕੋਈ ਏਜੰਡਾ ਹੈ ਹੀ ਨਹੀ ਦੇਣ ਲਈ ਤੁਹਾਨੂੰ! ਸ਼ਾਇਦ ਮਿਸਟਰ ਮਾਨ ਕੋਲੇ ਹੋਵੇ? ਹਾਂਅ! ਉਸ ਕੇਲੇ ਹੈ ਤਾਂ ਹੈ ਤੇ ਉਹ ਹੈ ੧੫੦ ਬੰਦਿਆਂ ਦੀ ਲਿਸਟ? ਉਹ ੧੫੦ ਬੰਦੇ ਸਰਬਤ ਖਾਲਸੇ ਦਾ ਸ਼ਰਬਤ ਕਰਨਗੇ ਕਿਓਂਕਿ ਉਹੀ ਤਾਂ ਏਜੰਡਾ ਹੈ ਮਿਸਟਰ ਮਾਨ ਦਾ? ਇਕ ਏਜੰਡਾ 'ਜਥੇਦਾਰਾਂ' ਕੋਲੇ ਵੀ ਹੈ ਤੇ ਉਹ ਹੈ ਕੜਾਹ ਖਾਣੇ ਗੁਰਬਖਸ਼ ਸਿਉਂ ਨੂੰ 'ਪੰਥ' ਵਿਚ ਸ਼ਾਮਲ ਕਰਨਾ?
ਇਹ ਲਿਸਟ ਜਾਰੀ ਹੋਣ ਵਾਲੀ ਨਹੀ ਸੀ ਬਲਕਿ ਭੁਲੇਖੇ ਨਾਲ ਹੋਰ ਦੀ ਹੋਰ ਕਿਤੇ ਜਾ ਵੜੀ। ਹੁਣ ਮਾਨ ਦੀ ਬੋਤਲ ਵਿਚੋਂ ਨਿਕਲੇ 'ਜਿੰਨ' ਯਾਣੀ 'ਜਥੇਦਾਰ' ਮਾਨ ਨੂੰ ਹੀ ਖਾਣ ਪੈ ਨਿਕਲੇ ਜਦ ਉਨ੍ਹਾਂ ਮਾਨ ਦੀ ਸਾਰੀ ਦੀ ਸਾਰੀ ਕਮੇਟੀ ਹੀ ਕੱਚਰੇ ਵਾਲੇ ਡੱਬੇ ਵਿਚ ਵਗਾਹ ਮਾਰੀ? ਜਾਂ ਮਾਨ ਨੇ ਆਪ ਹੀ ਮਰਵਾਈ?
ਪਿੱਛਲਾ ਸਰਬਤ ਖਾਲਸਾ ਦੇਖ ਮਾਨ ਦਿਨੇ ਸੁਪਨੇ ਲੈਣ ਲੱਗ ਪਿਆ ਸੀ ਪਰ ਮਾਨ ਨੂੰ ਇਹ ਹੋ ਸਕਦਾ ਕਿ ਪਤਾ ਨਾ ਹੋਵੇ ਕਿ ਉਹ ਇਕੱਠ ਕਾਹਦਾ ਸੀ? ਜਾਂ ਫਿਰ ਮਾਨ ਦੀ ਹਾਲਤ ਉਸ ਗੱਧੈ ਵਾਲੀ ਕਿ ਇੱਕ ਘੁਮਾਰ ਗੱਧੇ ਉਪਰ ਗਣੇਸ਼ ਦੀਆਂ ਮੂਰਤੀਆਂ ਢੋਂਦਾ ਹੁੰਦਾ ਸੀ। ਜਿਧਰ ਦੀ ਗੱਧਾ ਲੰਘੇ ਲੋਕ ਉਪਰ ਰੱਖੀਆਂ ਮੂਰਤੀਆਂ ਦੇਖ ਲੰਮੇ ਹੀ ਪੈ ਜਿਆ ਕਰਨ। ਗੱਧਾ ਬੜਾ ਖੁਸ਼ ਕਿ ਆਹ ਤਾਂ ਆਦਰ ਵਾਲੀਆਂ ਵੀਹਾਂ ਪੁੱਜੀਆਂ ਪਈਆਂ! ਲੇਖੇ ਟੁੱਟ ਗਏ! ਇਸੇ ਆਦਰ ਦੀ ਮਸਤੀ ਵਿਚ ਆਇਆ ਇੱਕ ਦਿਨ ਉਹ ਸਮੇਤ ਮੂਰਤੀਆਂ ਜਿਉਂ ਲੱਗਾ ਲੇਟੇ ਮਾਰਨ! ਮੂਰਤੀਆਂ ਡਿੱਗ ਕੇ ਟੁੱਟ ਗਈਆਂ! ਅਗੋਂ ਫਿਰ ਤੁਸੀਂ ਜਾਣਦੇ ਹੀ ਹੋਂ ਕਿ ਲੋਕ ਲੰੰਮੇ ਪਏ ਕਿ ਗੱਧਾ?
ਮਾਨ ਜਾਂ ਮੋਹਕਮ ਸਿੰਘ ਵਰਗਿਆਂ ਨੂੰ ਭੁਲੇਖਾ ਸੀ ਕਿ ਉਹ ਇਕੱਠ ਖਣੀ ਸਾਡੇ ਕਾਰਨ ਹੈ ਪਰ ਉਹ ਇਕੱਠ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਗੁਸੇ ਵਿਚੋਂ ਪੈਦਾ ਹੋਇਆ ਸੀ ਤੇ ਰੋਸ ਪਿੱਛੇ ਉਨ੍ਹਾਂ ਪ੍ਰਚਾਰਕਾਂ ਦਾ ਵੱਡਾ ਹੱਥ ਸੀ ਜਿਹੜੈ ਦਿਨ ਰਾਤ ਸੜਕਾਂ ਤੇ ਬੈਠੇ ਰਹੇ। ਤੇ ਜਿਸ ਵਿਚੋਂ ਇਨ੍ਹਾਂ ਦੇ ਦਿਨੇ ਵਾਲੇ ਸੁਪਨੇ ਪੈਦਾ ਹੋਏ। ਮੋਹਕਮ ਸਿੰਘ ਦੇ ਸੁਪਨੇ ਤਾਂ ਬਹੁਤ ਦੂਰ ਲੈ ਗਏ ਸਨ ਉਸ ਨੂੰ। ਉਸ ਨੂੰ ਤਾਂ ਗਾਂਧੀ ਵੀ ਬਾਪੂ ਜਾਪਣ ਲੱਗ ਪਿਆ ਸੀ ਤੇ ਭਾਰਤੀ ਹੋਣ ਤੇ ਮਾਣ। ਉਹ ਤਾਂ ਸ਼ੀਸ਼ੇ ਅੱਗੇ ਖੜ ਸਹੁੰ ਚੁੱਕਣ ਦੀ ਰਹਿਸਲ ਵੀ ਕਰਨ ਲੱਗ ਪਿਆ ਸੀ।
ਜਥੇਦਾਰੀ ਤੇ ਆ ਜਾਉ। ਇਹ ਸਭ ਨੂੰ ਪਤੈ ਕਿ ਭਾਈ ਹਵਾਰਾ ਜਥੇਦਾਰ ਬਣਾਉਂਣਾ ਇਨਾਂ ਦਾ ਚਾਅ ਨਹੀ ਮਜਬੂਰੀ ਸੀ। ਜੇ ਉਸ ਨੂੰ ਨਾ ਬਣਾਉਂਦੇ ਤਾਂ ਬਾਕੀ ਦੇ ਤਿੰਨ ਧੂਤੇ ਕਿਵੇਂ ਹਜਮ ਕਰਾਉਂਦੇ ਲੋਕਾਂ ਨੂੰ। ਲੋਕਾਂ ਦਾ ਹਾਜਮਾ ਦਰੁਸਤ ਕਰਨ ਖਾਤਰ ਭਾਈ ਹਵਾਰਾ ਨੂੰ ਜਥੇਦਾਰ ਬਣਾਇਆ ਗਿਆ ਸੀ। ਪਰ ਤੁਸੀਂ ਨਵੀਂ ਗੱਲ ਸੁਣੀ?
ਇੱਕ ਪਿੰ੍ਰਸੀਪਲ ਪ੍ਰਮਿੰਦਰ ਸਿੰਘ ਹੈ ਕੌਮੀ ਏਕਤਾ ਤੋਂ। ਉਹ ਜਿਹਲ ਜਾ ਕੇ ਭਾਈ ਹਵਾਰਾ ਨੂੰ ਮਿਲ ਕੇ ਆਇਆ ਹੈ। ਭਾਈ ਹਵਾਰਾ ਦੀ ਪੀੜਾ ਨੂੰ ਤੁਸੀਂ ਉਸ ਰਾਹੀਂ ਸੁਣ ਸਕਦੇ ਹੋ। ਜਿਸ ਵਿਚ ਭਾਈ ਹਵਾਰਾ ਵਾਰ ਵਾਰ ਕਹਿ ਰਿਹੈ ਕਿ ਜੇ ਮੇਰੀ ਕਿਸੇ ਮੰਨਣੀ ਹੀ ਨਹੀ ਤਾਂ ਮੈਨੂੰ ਜਥੇਦਾਰ ਕਾਹਦਾ ਬਣਾਇਆ? ਇਸ ਤੋਂ ਸਾਬਤ ਹੁੰਦਾ ਉਸ ਦੀ ਸਖਸ਼ੀਅਤ ਨੂੰ ਇਹ ਲੋਕ ਰਬੜ ਦੀ ਮੋਹਰ ਤੋਂ ਵੱਧ ਕੁਝ ਨਹੀ ਸਮਝਦੇ ਕਿ ਜੀਅ ਕੀਤਾ ਤਾਂ ਠਾਹ ਠੱਪਾ ਨਹੀ ਤਾਂ ਚੁੱਪ ਰਹੋ ਭਾਈ ਸਾਹਬ!
ਪ੍ਰਿੰਸੀਪਲ ਮੁਤਾਬਕ ਭਾਈ ਹਵਾਰਾ ਨੇ ਇਹ ਗੱਲ ਬਾਰ ਬਾਰ ਦੁਹਰਾਈ ਕਿ ਇਹ ਰੋਲ ਘਚੋਲਾ ਪਾ ਕੇ ਪੰਥ ਅਪਣੀਆਂ ਵੋਟਾਂ ਨਾ ਖਰਾਬ ਕਰੇ ਬਲਕਿ ਉਸ ਪਾਰਟੀ ਦੀ ਹਮਾਇਤ ਕਰੇ ਜਿਹੜੀ ਬਾਦਲਾਂ ਨੂੰ ਗਲੋਂ ਲਾਹ ਸਕਦੀ ਹੋਵੇ ਤੇ ਸਾਡਾ ਮੇਨ ਏਜੰਡਾ ਬਾਦਲਾਂ ਨੂੰ ਪੰਜਾਬ ਗਲੋ ਲਾਹੁਣਾ ਅਤੇ ਸ਼੍ਰੋਮਣੀ ਕਮੇਟੀ ਵਿਚਲਾ ਗੰਦ ਸਮੇਟਣਾ ਹੋਣਾ ਚਾਹੀਦਾ। ਉਨ੍ਹਾਂ ਦਾ ਸਿੱਧਾ ਇਸ਼ਾਰਾ ਆਮ ਪਾਰਟੀ ਵੰਨੀ ਸੀ
ਉਧਰ ਮਾਨ ਖਿਲਾਫ ਬੋਲਣ ਵਾਲੇ ਨੂੰ ਮਾਨ ਇਹ ਕਹਿਕੇ ਗਦਾਰ ਸਾਬਤ ਕਰ ਰਹੇ ਕਿ ਇਨ੍ਹਾਂ ਦੀ ਆਮ ਪਾਰਟੀ ਨਾਲ 'ਡੀਲ ਹੋ ਗਈ ਹੈ? ਪਰ ਤੁਸੀਂ ਭਾਈ ਕਿ ਲੈਣਾ। ਹੁਕਮ ਹੈ ਸਰਬਤ ਖਾਲਸੇ ਪੁੱਜਣਾ ਸੋ ਪੁੱਜਣਾ। ਡੀਲਾਂ ਵਾਲਿਆਂ ਨੂੰ ਸਭ ਪਤਾ ਹੁੰਦਾ ਡੀਲਾਂ ਦੀਆਂ ਮੱਛੀਆਂ ਕਿਹੜੇ ਵੇਲੇ ਪਾਣੀ ਪੀਦੀਆਂ! ਨਹੀ?
-ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਤਿਆਰੀਆਂ ਸਰਬਤ ਖਾਲਸੇ ਦੀਆਂ?
Page Visitors: 2641