ਪੰਥ ਇਕ ਜੁਟ ਹੋਵੇ ਅਤੇ ਜੇਲਾਂ ਵਿਚ ਬੰਦ ਸਿਖਾਂ ਦੀ ਸਾਰ ਲਵੇ
ਲਖਵਿੰਦਰ ਸਿੰਘ ਲੱਖਾ ਨਾਲ ਕੀਤੀ ਕੁਝ ਜਥੇਬੰਦੀਆਂ ਨਾਲ ਮੀਟਿੰਗ
ਭਾਈ ਲੱਖਾ ਦੀ ਉਮਰ ਕੈਦ ਦੀ ਸਜਾ ਪੂਰੀ ਹੋਈ ਉਸ ਨੂੰ ਜੇਲ ਚੋਂ ਰਿਹਾਅ ਕਰਨ ਦੀ ਮੰਗ ਉਠੀ
ਪਟਿਆਲਾ (ਗੁਰਨਾਮ ਸਿੰਘ ਅਕੀਦਾ) : ਅੱਜ 18 ਸਾਲਾਂ ਬਾਅਦ ਪਟਿਆਲਾ ਆਪਣੀ ਭੈਣ ਦੇ ਵਿਆਹ ਵਿਚ ਅਸੀਰਵਾਦ ਦੇਣ ਲਈ ਭਾਰੀ ਪੁਲਸ ਸੁਰਖਿਆ ਵਿਚ ਆਏ ਭਾਈ ਲਖਵਿੰਦਰ ਸਿੰਘ ਲੱਖਾ ਨਾਲ ਗੁਰੂਨਾਨਕ ਨਗਰ ਵਿਚ ਭਾਈ ਮਨੀ ਸਿੰਘ ਗੁਰੁਦਆਰਾ ਸਾਹਿਬ ਵਿਚ ਕੁਝ ਜਥੇਬੰਦੀਆਂ ਨੇ ਮੀਟਿੰਗ ਵੀ ਕੀਤੀ ਜਿਸ ਵਿਚ ਕਿ ਹਰਪਾਲ ਸਿੰਘ ਚੀਮਾਂ ਪੰਚ ਪ੍ਰਧਾਨੀ ਤੋਂ, ਪ੍ਰੋ. ਮਹਿੰਦਰਪਾਲ ਸਿੰਘ ਮਾਨਦਲ ਤੋਂ, ਸਰਬਜੀਤ ਸਿੰਘ ਦਲ ਖਾਲਸਾ ਤੋਂ, ਕੁਲਬੀਰ ਕੌਰ ਧਾਮੀ ਗੁਰੂਆਸਰਾ ਟਰੱਸਟ ਤੋਂ, ਐਡਵੋਕੇਟ ਅਮਰ ਸਿੰਘ ਚਹਿਲ, ਅਤੇ ਹੋਰ ਕਈ ਵਿਆਕਤੀ ਜਿਨ੍ਹਾਂ ਵਿਚ ਹਰਬੰਸ ਕੌਰ, ਜਸਵੰਤ ਸਿੰਘ ਬਹਾਦਰਕੇ, ਹਰਪਾਲ ਸਿੰਘ ਸਹੀਦਗੜ੍ਹ, ਗੁਰਮੁੱਖ ਸਿੰਘ ਡਡਹੇੜੀ, ਆਦਿ ਹਾਜਰ ਸਨ, ਇਸ ਮੀਟਿੰਗ ਵਿਚ ਇਹ ਵਿਸੇਸ਼ ਕਰਕੇ ਵਿਚਾਰਿਆ ਗਿਆ ਕਿ ਬੇਅੰਤ ਸਿੰਘ ਬੰਬ ਕਾਂਡ ਵਿਚ ਜਿਨ੍ਹਾਂ ਸਿੰਘਾਂ ਉਮਰ ਕੈਦ ਹੋਈ ਸੀ, ਉਨ੍ਹਾਂ ਦੀ ਉਮਰ ਕੈਦ ਪੂਰੀ ਹੋ ਗਈ ਹੈ ਉਨ੍ਹਾਂ ਨੂੰ ਛੁਡਾਉਣ ਲਈ ਪੈਰਵੀ ਕਰਨੀ ਜਰੂਰੀ ਹੈ। ਇਸ ਸਮੇਂ ਭਾਈ ਲੱਖਾ ਨੇ ਆਪਣੇ ਵਕੀਲ ਸ੍ਰੀ ਅਮਰ ਸਿੰਘ ਚੈਹਲ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਸਾਇਦ ਮੈਂ ਜਲਦੀ ਹੀ ਆਪਣੇ ਪਰਵਾਰ ਦੀ ਸੇਵਾ ਕਰਨ ਲਈ ਬਾਹਰ ਆ ਜਾਵਾਂਗਾ। ਇਸ ਤੋਂ ਇਲਾਵਾ ਹੋਰ ਵੀ ਕਈ ਪੰਥਕ ਰਵ੍ਯਾਇਤਾਂ ਅਨੁਸਾਰ ਗੱਲਾਂ ਹੋਈਆਂ। ਇਸ ਸਮੇਂ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਲਖਵਿੰਦਰ ਸਿੰਘ ਦਾ ਪਰਵਾਰ ਬਹੁਤ ਹੀ ਦੁੱਖੀ ਹੈ ਅਤੇ ਗੁਰਬਤ ਵਿਚੋਂ ਦਿਨ ਕੱਟ ਰਿਹਾ ਹੈ ਪੰਥ ਨੂੰ ਚਾਹੀਦਾ ਹੈ ਉਸ ਦੀ ਰਾਖੀ ਕੀਤੀ ਜਾਵੇ। ਅਤੇ ਉਸ ਨੇ ਕਿਹਾ ਕਿ ਹੁਣ ਜਰੂਰੀ ਹੋਗਿਆ ਹੈ ਕਿ ਜਿਨ੍ਹਾਂ ਦੀ ਉਮਰ ਕੈਦ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਰਿਹਅ ਕੀਤਾ ਜਾਵੇ।
ਭਾਈ ਲੱਖਾ ਦੇ ਮਕਾਨ ਵਿਚ ਅੱਜ ਇਕ ਬੈਡ ਵੀ ਨਹੀਂ ਹੈ
ਖਾਨਦਾਨ ਬਰਬਾਦ ਹੋ ਗਿਆ ਸਾਡਾ ਪਰ ਪੰਥ ਨੇ ਸਾਨੂੰ ਪੁਛਿਆ ਤੱਕ ਨਹੀਂ : ਭਾਈ ਲੱਖਾ ਦਾ ਭਰਾ
ਅਸੀਂ ਸਾਇਦ ਗਰੀਬ ਜਾਤੀ ਵਿਚੋਂ ਹਾਂ ਤਾਂ ਕਰਕੇ ਜਾਂ ਫਿਰ ਹੋਰ ਕਾਰਨ ਹੋਣਗੇ
ਪਟਿਆਲਾ (ਗੁਰਨਾਮ ਸਿੰਘ ਅਕੀਦਾ) : ਜਿਨ੍ਹਾਂ ਲੋਕਾਂ ਨੇ ਪੰਥ ਦੇ ਲੇਖੇ ਲਾਈ ਹੈ ਉਨ੍ਹਾਂ ਦੀ ਹੀ ਨਹੀਂ ਸਗੋਂ ਪਰਵਾਰ ਨੂੰ ਵੀ ਸਮੇਂ ਨੇ ਨਹੀਂ ਬਖਸ਼ਿਆ, ਜਿਸ ਤਹਿਤ ਅੱਜ 18 ਸਾਲਾਂ ਬਾਅਦ ਲਖਵਿੰਦਰ ਸਿੰਘ ਆਪਣੇ ਉਸ ਘਰ ਵਿਚ ਆਇਆ ਜਿਸ ਵਿਚ ਕਿ ਇਕ ਬੈਡ ਵੀ ਨਹੀਂ ਸੀ, ਆਨਨ ਫਾਨਨ ਵਿਚ ਹੀ ਵਿਆਹ ਕਰਕੇ ਗੁਰੂ ਨਾਨਕ ਨਗਰ ਪਟਿਆਲਾ ਦੀ 9 ਨੰਬਰ ਗਲੀ ਵਿਚ ਸਥਿਤ ਮਕਾਨ ਦੇ ਮੁਹਰਲੇ ਭਾਗ ਨੂੰ ਸਫੇਦੀ ਕਰਾਈ ਸੀ, ਇਸ ਮਕਾਨ ਵਿਚ ਲਖਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਰਹਿੰਦੇ ਸਨ ਜੋ ਕਿ ਪਿਛਲੇ ਦਿਨੀ ਅਮ੍ਰਿਤਸਰ ਪੁਲਸ ਵਿਚੋਂ ਸੇਵਾ ਮੁਕਤ ਹੋਏ ਹਨ, ਪਰ ਉਹਨ੍ਹਾਂ ਦੇ ਇਸ ਮਕਾਨ ਤੇ ਇਕ ਔਰਤ ਨੇ ਕੁਝ ਲੋਕਾਂ ਨਾਲ ਮਿਲ ਕੇ ਕਬਜਾ ਕਰ ਲਿਆ ਸੀ, ਜਿਸ ਨੇ ਇਸ ਘਰ ਦਾ ਸਾਰਾ ਹੀ ਸਮਾਨ ਸਾੜ ਦਿਤਾ ਸੀ ਜੋ ਕਿ ਭਾਈ ਲੱਖਾ ਦੇ ਪਰਵਾਰ ਦਾ ਸੀ, ਜਿਸ ਕਰਕੇ ਉਸ ਔਰਤ ਖਿਲਾਫ ਕੇਸ ਦਰਜ ਹੋਇਆ, ਹੁਣ ਇਹ ਵੀ ਨਹੀਂ ਕਿ ਮਕਾਨ ਵਿਚ ਦੋ ਬੈਡ ਹੀ ਰੱਖ ਲਏ ਜਾਣ, ਭਾਈ ਲੱਖਾ ਦਾ ਭਰਾ ਹਰਦੇਵ ਸਿੰਘ ਬੇਰੁਜਗਾਰ ਹੈ ਜਿਸ ਨੇ ਕਿਹਾ ਕਿ ਸਾਡੇ ਭਰਾ ਨੇ ਤਾਂ ਜੋ ਕੀਤਾ ਸੋ ਕੀਤਾ ਪਰ ਅਸੀਂ ਬਿਨ੍ਹਾਂ ਕੁਝ ਕੀਤਿਆਂ ਹੀ ਸਜਾ ਕੱਟ ਰਹੇ ਹਾਂ, ਸਾਨੂੰ ਜਦੋਂ ਚਾਹੇ ਪੁਲਸ ਬੁਲਾ ਲੈਂਦੀ ਹੈ, ਸਾਨੂੰ ਦਸ ਨੰਬਰੀਆਂ ਵਾਂਗ ਪੁਲਸ ਕੋਲ ਹਾਜਰੀ ਭਰਨੀ ਪੈਂਦੀ ਹੈ, ਮੈਨੂੰ ਕੋਈ ਨੌਕਰੀ ਨਹੀਂ ਦਿੰਦਾ, ਉਸ ਨੇ ਕਿਹਾ ਕਿ ਬੇਸ਼ਕ ਸਿੱਖ ਧਰਮ ਵਿਚ ਜਾਤ ਪਾਤ ਨਹੀਂ ਹੈ ਪਰ ਸਾਡੇ ਲਈ ਹੋਵੇਗੀ ਕਿਉਂਕਿ ਅਸੀਂ ਗਰੀਬ ਜਾਤੀ ਰੰਗਰੇਟਾ ਬਰਾਦਰੀ ਨਾਲ ਸਬੰਧ ਰੱਖਦੇ ਹਾਂ, ਸਾਡੇ ਲਈ ਸਾਰਾ ਪੰਥ ਸੁੱਤਾ ਪਿਆ ਹੈ ਕਦੇ ਵੀ ਕਿਸੇ ਨੇ ਸਾਡੀ ਸਾਰ ਨਹੀਂ ਲਈ। ਪਰ ਜੋ ਉਚੀਆਂ ਜਾਤਾਂ ਦੇ ਖਾੜਕੂ ਸਿੰਘ ਹਨ ਉਨ੍ਹਾਂ ਦੇ ਵਿਦੇਸੀ ਸਿੱਖਾਂ ਨੇ ਕੀ, ਇਥੇ ਦੀਆਂ ਸਰਕਾਰਾਂ ਨੇ ਕੀ ਘਰ ਭਰ ਦਿਤੇ ਹਨ, ਉਹ ਮੌਜਾਂ ਕਰਦੇ ਹਨ ਪਰ ਅਸੀਂ ਹਰ ਦਿਨ ਮਰ ਮਰ ਕੇ ਕੱਟਦੇ ਹਾਂ, ਮੇਰੀ ਭੈਣ ਅੱਜ 33 ਸਾਲ ਦੀ ਉਮਰ ਵਿਚ ਵਿਆਹੀ ਹੈ।
ਮਨੁੱਖੀ ਬੰਬ ਬਣੇ ਸ਼ਹੀਦ ਭਾਈ ਦਿਲਾਬਰ ਸਿੰਘ ਦਾ ਪਰਵਾਰ ਵੀ ਸ਼ਾਮਲ ਹੋਇਆ ਵਿਆਹ ਵਿਚ
ਜੋ ਮੇਰੇ ਪੁੱਤਰ ਨੇ ਕੀਤਾ ਸਾਨੂੰ ਫ਼ਖਰ ਹੈ : ਸ਼ਹੀਦ ਭਾਈ ਦਿਲਾਵਰ ਦੇ ਪਿਤਾ
ਪ੍ਰੋ. ਭੁੱਲਰ ਨੂੰ ਫਾਸੀਂ ਦੀ ਸਜਾ ਤੋਂ ਬਚਾਉਣ ਲਈ ਪਹਿਰੇਦਾਰ ਦੀ ਮੁਹਿੰਮ ਸਹੀ : ਸ. ਹਰਨੇਕ ਸਿੰਘ
ਪਟਿਆਲਾ (ਗੁਰਨਾਮ ਸਿੰਘ ਅਕੀਦਾ) : ਬੇਅੰਤ ਸਿੰਘ ਬੰਬ ਕਾਂਡ ਵਿਚ ਭਾਈ ਲਖਵਿੰਦਰ ਸਿੰਘ ਦੇ ਸਾਥੀ ਅਤੇ ਮਨੁੱਖੀ ਬੰਬ ਬਣੇ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਪਰਵਾਰ ਵੀ ਅੱਜ ਲਖਵਿੰਦਰ ਸਿੰਘ ਲੱਖਾ ਦੀ ਭੈਣ ਪਰਮਜੀਤ ਕੌਰ ਦੇ ਵਿਆਹ ਵਿਚ ਸ਼ਾਮਲ ਹੋਇਆ, ਜਿਸ ਵਿਚ ਸ਼ਹੀਦ ਦਿਲਵਾਰ ਸਿੰਘ ਦੇ ਪਿਤਾ ਸ. ਹਰਨੇਕ ਸਿੰਘ, ਉਸ ਦੀ ਮਾਂ ਸੁਰਜੀਤ ਕੌਰ, ਭਰਾ ਚਮਕੌਰ ਸਿੰਘ ਅਤੇ ਭਰਜਾਈ ਸ਼ਰਨਜੀਤ ਕੌਰ ਸ਼ਾਮਲ ਸਨ। ਸ਼ਹੀਦ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਤੇ ਉਸ ਦੀ ਮਾਂ ਸੁਰਜੀਤ ਕੌਰ ਉਨ੍ਹਾਂ ਦੇ ਛੋਟੇ ਪੁੱਤਰ ਕੋਲ ਕਨੈਡਾ ਕੈਲਗਿਰੀ ਵਿਚ ਰਹਿੰਦੇ ਹਨ ਜਿਥੋਂ ਕਿ ਉਹ ਅੱਜ ਵਿਸ਼ੇਸ਼ ਕਰਕੇ ਵਿਚ ਵਿਆਹ ਵਿਚ ਸ਼ਾਮਲ ਹੋਣ ਲਈ ਆਏ, ਸ਼ਹੀਦ ਭਾਈ ਦਿਲਾਵਰ ਸਿੰਘ ਦੇ ਪਿਤਾ ਸ. ਹਰਨੇਕ ਸਿੰਘ ਨੂੰ ਪੁਛਣ ਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੇ ਲਾਡਲੇ ਸਪੁੱਤਰ ਦਿਲਾਵਰ ਸਿੰਘ ਵਲੋਂ ਕੌਮ ਦੇ ਨਾਮ ਤੇ ਦਿਤੀ ਸ਼ਹੀਦੀ ਤੇ ਫਖਰ ਹੈ, ਉਸ ਨੇ ਜੋ ਕੀਤਾ ਸਹੀ ਕੀਤਾ ਸਾਨੂੰ ਇਸ ਦਾ ਕੋਈ ਗਮ ਨਹੀਂ ਹੈ। ਜਦੋਂ ਕੋਮ ਤੇ ਭੀੜ ਪੈਂਦੀ ਹੈ ਤਾਂ ਇਸ ਤਰ੍ਹਾਂ ਹੋ ਹੀ ਜਾਂਦਾ ਹੈ।
ਪਹਿਰੇਦਾਰ ਵਲੋਂ ਪ੍ਰੋ. ਭੁੱਲਰ ਨੂੰ ਫਾਸੀਂ ਤੋਂ ਬਚਾਉਣ ਦੀ ਮੁਹਿੰਮ ਦਾ ਸਭ ਸਾਥ ਦੇਣ : ਭਾਈ ਲੱਖਾ
ਪਟਿਆਲਾ (ਗੁਰਨਾਮ ਸਿੰਘ ਅਕੀਦਾ) : ਭਾਈ ਲਖਵਿੰਦਰ ਸਿੰਘ ਉਰਫ ਲੱਖਾ ਨੇ ਕਿਹਾ ਕਿ ਜੋ ਪਹਿਰੇਦਾਰ ਅਖਬਾਰ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਨੂੰ ਫਾਸੀਂ ਤੋ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ ਉਹ ਬਹੁਤ ਹੀ ਸਹੀ ਹੈ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ, ਉਸ ਨੇ ਸਾਰੀਆਂ ਸਿੱਖ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ, ਯੂਥ ਕਲੱਬਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਹਿਰੇਦਾਰ ਦੀ ਇਸ ਮੁਹਿੰਮ ਦਾ ਵੱਧ ਤੋਂ ਵੱਧ ਸਾਥ ਦਿਤਾ ਜਾਵੇ, ਕਿਉਂਕਿ ਇਹ ਲੜਾਈ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਇਕ ਜਿੰਦਗੀ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇਸ ਮੁਹਿੰਮ ਨਾਲ ਇਕ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਜਿੰਦਗੀਆਂ ਬਚ ਜਾਣਗੀਆਂ।